ਫ਼ਿਰਦੌਸੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਫ਼ਿਰਦੌਸੀ: ਫ਼ਿਰਦੌਸੀ ਦੇ ਸ਼ਾਹਨਾਮਾ ਨੂੰ ਵਿਸ਼ਵ ਸਾਹਿਤਵਿੱਚ ਅਹਿਮ ਸਥਾਨ ਪ੍ਰਾਪਤ ਹੈ। ਫ਼ਿਰਦੌਸੀ ਦਾ ਨਾਂ ਹਸਨ ਬਿਨ ਮਨਸੂਰ (ਕੁਝ ਇਤਿਹਾਸਿਕ ਪੁਸਤਕਾਂ ਵਿੱਚ ਹਸਨ ਬਿਨ ਇਸਹਾਕ ਬਿਨ ਸ਼ਰਫ ਸ਼ਾਹ ਜਾਂ ਹਸਨ ਬਿਨ ਅਲੀ ਵੀ ਲਿਖਿਆ ਮਿਲਦਾ ਹੈ) ਕੁੰਨਿਯਤ ਅਬੁਲਕਾਸਿਮ ਅਤੇ ਤਖ਼ੱਲਸ ਫ਼ਿਰਦੌਸੀ ਸੀ। ਉਸ ਦਾ ਜਨਮ 329 ਜਾਂ 330 ਹਿਜਰੀ/ 843-44 ਈਸਵੀ ਵਿੱਚ ਹੋਇਆ ਸਮਝਿਆ ਜਾਂਦਾ ਹੈ। ਜਨਮ-ਭੂਮੀ ਬਾਰੇ ਵੀ ਕਈ ਮਤ ਹਨ ਜਿਨ੍ਹਾਂ ਅਨੁਸਾਰ ਉਹ ਈਰਾਨ ਦੇ ਤੂਸ ਇਲਾਕੇ ਦੇ ਪਿੰਡ ਬਾਜ਼ ਜਾਂ ਪਾਜ਼ ਜਿਹੜਾ ਤਾਬਰਾਨ ਜਾਂ ਤਬਰਾਨ ਪ੍ਰਾਂਤ ਵਿੱਚ ਹੈ ਜਾਂ ਰਜ਼ਾਨ ਜਾਂ ਸ਼ਾਦਾਬ ਵਿੱਚ ਪੈਦਾ ਹੋਇਆ। ਪਰੰਤੂ ਇਹ ਸਭ ਸਥਾਨ ਤੂਸ ਦੇ ਇਲਾਕੇ ਵਿੱਚ ਹੀ ਸਥਿਤ ਹਨ। ਫ਼ਿਰਦੌਸੀ ਦਾ ਸੰਬੰਧ ਜਗੀਰਦਾਰ ਜ਼ਿਮੀਦਾਰ ਪਰਿਵਾਰ ਨਾਲ ਸੀ ਜਿਨ੍ਹਾਂ ਨੂੰ ਉਥੇ ਦੀ ਭਾਸ਼ਾ ਵਿੱਚ ‘ਦਹਕਾਨ` ਆਖਿਆ ਜਾਂਦਾ ਹੈ ਅਤੇ ਪਤਵੰਤਾ ਵਰਗ ਗਿਣਿਆ ਜਾਂਦਾ ਹੈ। ਪ੍ਰਾਚੀਨ ਈਰਾਨੀ ਸਮਾਜ ਵਿੱਚ ਇਹ ਉਹ ਵਰਗ ਸੀ ਜਿਹੜਾ ਵੱਡੀਆਂ ਜ਼ਮੀਨਾਂ ਦਾ ਮਾਲਕ ਹੁੰਦਾ ਸੀ ਅਤੇ ਖੇਤੀ ਕਰਨ ਲਈ ਦੂਜਿਆਂ ਨੂੰ ਦਿੰਦਾ ਸੀ।

     ਫ਼ਿਰਦੌਸੀ ਦੇ ਮੁਢਲੇ ਜੀਵਨ ਬਾਰੇ ਵਧੇਰੇ ਜਾਣਕਾਰੀ ਉਪਲਬਧ ਨਹੀਂ ਹੈ। ਜੋ ਕੁਝ ਉਪਲਬਧ ਹੈ ਉਸ ਅਨੁਸਾਰ ਉਸ ਦਾ ਬਚਪਨ ਬਹੁਤ ਸੌਖ ਵਿੱਚ ਬੀਤਿਆ। ਆਪਣੇ ਵਤਨ ਵਿੱਚ ਰਹਿੰਦਿਆਂ ਹੀ ਫ਼ਿਰਦੌਸੀ ਨੇ 365 ਹਿਜਰੀ ਵਿੱਚ ਆਪਣੇ ਸ਼ੌਕ ਵਜੋਂ ਸ਼ਾਹਨਾਮਾ ਦੀ ਰਚਨਾ ਦਾ ਕਾਰਜ ਸ਼ੁਰੂ ਕੀਤਾ ਅਤੇ ਕਈਆਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਇਸਦਾ ਇੱਕ ਭਾਗ ਮੁਕੰਮਲ ਕਰ ਲਿਆ। ਉਹ 65 ਸਾਲ ਦਾ ਸੀ ਜਦੋਂ ਪਹਿਲਾਂ ਉਸ ਦੀ ਪਤਨੀ ਦਾ ਦਿਹਾਂਤ ਹੋਇਆ ਫਿਰ ਉਸ ਦਾ 37 ਸਾਲਾ ਇਕਲੌਤਾ ਪੁਤਰ ਮਰ ਗਿਆ ਅਤੇ ਧੀ ਦੀ ਪੂਰੀ ਜ਼ੁੰਮੇਵਾਰੀ ਉਸ `ਤੇ ਆ ਗਈ। ਪੁੱਤਰ ਦੀ ਮੌਤ ਪਿਛੋਂ ਉਹ 388 ਹਿਜਰੀ ਵਿੱਚ ਗ਼ਜ਼ਨੀ ਪਹੁੰਚਿਆ ਅਤੇ ਕੋਸ਼ਿਸ਼ ਕੀਤੀ ਕਿ ਸ਼ਾਹਨਾਮਾ ਸੁਲਤਾਨ ਮਹਿਮੂਦ ਗਜ਼ਨਵੀ ਨੂੰ ਪੇਸ਼ ਕਰ ਕੇ ਜਿਹੜਾ ਇਨਾਮ ਪ੍ਰਾਪਤ ਹੋਵੇ ਉਸ ਨਾਲ ਆਪਣੀ ਧੀ ਦਾ ਦਾਜ ਤਿਆਰ ਕਰੇ। 394 ਹਿਜਰੀ ਤੀਕ ਉਹ ਗ਼ਜ਼ਨੀ ਵਿੱਚ ਰੁਕ ਕੇ ਸ਼ਾਹਨਾਮਾ ਨੂੰ ਮੁਕੰਮਲ ਕਰਨ ਦੇ ਕਾਰਜ ਵਿੱਚ ਜੁਟਿਆ ਰਿਹਾ ਅਤੇ ਨਾਲੋ-ਨਾਲ ਸੁਲਤਾਨ ਨੂੰ ਵਿਖਾਉਂਦਾ ਰਿਹਾ। 394 ਹਿਜਰੀ ਵਿੱਚ ਸ਼ਾਹਨਾਮਾ ਲਗਪਗ ਮੁਕੰਮਲ ਹੋ ਜਾਣ `ਤੇ ਉਸ ਨੇ ਸੁਲਤਾਨ ਸਾਮ੍ਹਣੇ ਪੇਸ਼ ਕੀਤਾ ਅਤੇ ਇਨਾਮ ਲਈ ਇੱਛਾ ਕੀਤੀ ਪਰ ਕੁਝ ਕਾਰਨਾਂ ਕਰ ਕੇ ਸੁਲਤਾਨ ਨੇ ਸ਼ਾਹਨਾਮਾ ਦੀ ਕਦਰ ਨਾ ਕੀਤੀ ਅਤੇ ਜਿਵੇਂ ਕਿ ਫ਼ਿਰਦੌਸੀ ਨੂੰ ਆਸ ਸੀ ਕਿ 60,000 ਸ਼ਿਅਰਾਂ ਵਾਲੇ ਸ਼ਾਹਨਾਮੇ ਦੇ ਹਰ ਸ਼ਿਅਰ ਵੱਟੇ ਉਸ ਨੂੰ ਸੋਨੇ ਦੀ ਅਸ਼ਰਫ਼ੀ ਇਨਾਮ ਵਿੱਚ ਮਿਲੇਗੀ ਪਰ ਇੱਕ ਕਥਨ ਅਨੁਸਾਰ ਉਸ ਨੂੰ ਅਸ਼ਰਫ਼ੀਆਂ ਦੀ ਥਾਂ 60,000 ਚਾਂਦੀ ਦੇ ਸਿੱਕੇ ਹੀ ਦਿੱਤੇ ਗਏ। ਇਸ ਤੇ ਫ਼ਿਰਦੌਸੀ ਬਹੁਤ ਨਿਰਾਸ਼ ਹੋਇਆ ਅਤੇ ਮਿਲੇ ਇਨਾਮ ਨੂੰ ਵੀ ਉਸ ਨੇ ਐਵੇਂ ਇਧਰ-ਉਧਰ ਲੁਟਾ ਦਿੱਤਾ ਅਤੇ ਸੁਲਤਾਨ ਦੀ ਨਿੰਦਾ ਲਈ 100 ਸ਼ਿਅਰਾਂ ਦੀ ਕਵਿਤਾ (ਹਜਵ) ਲਿਖੀ ਪਰੰਤੂ ਉਸ ਨੂੰ ਸੁਲਤਾਨ ਦੇ ਗੁੱਸੇ ਤੋਂ ਵੀ ਬੜਾ ਡਰ ਲਗਿਆ ਅਤੇ ਉਹ ਗ਼ਜ਼ਨੀ ਤੋਂ ਖਿਸਕ ਕੇ ਤਬਰਿਸਤਾਨ, ਮਾਜ਼ਿੰਦਰਾਨ, ਬਗ਼ਦਾਦ ਆਦਿ ਇਲਾਕਿਆਂ ਵਿੱਚ ਭੌਂਦਾ ਫਿਰਦਾ ਰਿਹਾ। ਇਸੇ ਦੌਰਾਨ ਉਸ ਨੇ ਜਤਨ ਕੀਤਾ ਕਿ ਸ਼ਾਹਨਾਮਾ ਤਬਰਿਸਤਾਨ ਦੇ ਸ਼ਾਸਕ ਸ਼ਹਰਯਾਰ ਦੇ ਨਾਂ ਸਮਰਪਿਤ ਕਰ ਕੇ ਉਸ ਤੋਂ ਇਨਾਮ ਪ੍ਰਾਪਤ ਕਰੇ। ਸੁਲਤਾਨ ਦੇ ਦਬਦਬੇ ਕਾਰਨ ਸ਼ਹਰਯਾਰ ਨੇ ਇਸ ਨੂੰ ਪ੍ਰਵਾਨ ਨਾ ਕੀਤਾ ਸਗੋਂ ਉਸ ਨੇ ਫ਼ਿਰਦੌਸੀ ਨੂੰ ਆਖਿਆ ਕਿ ਸ਼ਾਹਨਾਮਾ ਸੁਲਤਾਨ ਦੇ ਨਾਂ ਤੇ ਰਹਿਣ ਦੇਵੇ ਪਰ ਹਜਵ (ਨਿੰਦਾ ਕਵਿਤਾ) ਉਸ ਨੂੰ ਇੱਕ ਲੱਖ ਦਿਰਹਮ ਵਿੱਚ ਦੇ ਦੇਵੇ ਤਾਂ ਜੋ ਉਹ ਉਸ ਨੂੰ ਮੇਟ ਦੇਵੇ (ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਇਸ ਹਜਵ ਦੇ ਛੇ ਕੁ ਸ਼ਿਅਰ ਹੀ ਕਿਤਾਬਾਂ ਵਿੱਚ ਮਿਲਦੇ ਹਨ)। ਮਹਿਮੂਦ ਸ਼ੀਰਾਨੀ ਦੀ ਖੋਜ ਹੈ ਕਿ ਗ਼ਜ਼ਨੀ ਤੋਂ ਨਿਕਲਣ ਉਪਰੰਤ ਫ਼ਿਰਦੌਸੀ ਖ਼ੁਰਾਸਾਨ ਦੇ ਅਮੀਰ ਨਸਰ ਬਿਨ ਨਾਸਿਰ ਦੀ ਸੇਵਾ ਵਿੱਚ ਪੁੱਜਾ ਸੀ ਅਤੇ ਸੁਲਤਾਨ ਤੋਂ ਇੱਛਾ ਅਨੁਸਾਰ ਇਨਾਮ ਦਿਵਾਉਣ ਵਿੱਚ ਸਹਾਇਤਾ ਦੀ ਬੇਨਤੀ ਕੀਤੀ ਸੀ ਪਰ ਇਥੋਂ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲਗੀ। ਇਸ ਸਮੇਂ ਦੌਰਾਨ ਉਹ ਸ਼ਾਹਨਾਮੇ ਤੇ ਨਜ਼ਰਸਾਨੀ ਵੀ ਕਰਦਾ ਰਿਹਾ ਅਤੇ 400 ਹਿਜਰੀ ਵਿੱਚ ਉਸ ਨੇ ਇਸ ਨੂੰ ਅੰਤਿਮ ਛੂਹ ਦਿੱਤੀ ਤਾਂ ਉਸ ਦੀ ਉਮਰ 71 ਵਰ੍ਹਿਆਂ ਦੀ ਹੋ ਚੁਕੀ ਸੀ ਅਤੇ ਸ਼ਾਹਨਾਮਾ ਲਿਖਦਿਆਂ 35 ਸਾਲ ਬੀਤ ਚੁੱਕੇ ਸਨ ਜਿਵੇਂ ਕਿ ਉਸ ਨੇ ਬਿਆਨ ਕੀਤਾ ਸੀ :

ਓ- ਪੰਜ ਸਾਲ ਅਜ਼ ਸਰਾਏ ਸਿਪੰਜ

          ਬਸੇ ਰੰਜ ਬਰਦਮਬਿ ਉਮੀਦ-ਏ-ਗੰਜ

     (ਮੈਂ ਆਪਣੇ ਜੀਵਨ ਦੇ 35 ਕੀਮਤੀ ਵਰ੍ਹੇ ਖ਼ਜ਼ਾਨੇ ਜਾਂ ਇਨਾਮ ਦੀ ਆਸ ਵਿੱਚ ਬਹੁਤ ਮਿਹਨਤ ਕੀਤੀ ਅਤੇ ਔਖੇ ਕੱਟੇ)

     80 ਸਾਲ ਦੀ ਉਮਰ ਤਕ ਉਹ ਇਨਾਮ ਦੀ ਆਸ ਲਈ ਇੰਜ ਹੀ ਭਟਕਦਾ ਫਿਰਦਾ ਰਿਹਾ। ਅਖ਼ੀਰ ਬਿਲਕੁਲ ਨਿਰਾਸ਼ ਹੋ ਕੇ ਆਪਣੇ ਵਤਨ ਤੂਸ ਪਰਤ ਆਇਆ ਅਤੇ ਇਥੇ ਕਿਸੇ ਸਮੇਂ (411 ਹਿਜਰੀ ਜਾਂ 416 ਹਿਜਰੀ ਵਿੱਚ) ਉਸ ਦੀ ਮੌਤ ਹੋ ਗਈ। ਪੁਸਤਕ ਚਹਾਰ ਮਕਾਲਾ (ਕ੍ਰਿਤ ਨਿਜ਼ਾਮੀ ਅਰੂਜ਼ੀ ਸਮਰਕੰਦੀ) ਵਿੱਚ ਲਿਖੇ ਅਨੁਸਾਰ ਇਸੇ ਦੌਰਾਨ ਫ਼ਿਰਦੌਸੀ ਦੇ ਕਿਸੇ ਸ਼ੁਭ ਚਿੰਤਕ ਦੇ ਧਿਆਨ ਦਿਵਾਉਣ `ਤੇ ਸੁਲਤਾਨ ਮਹਿਮੂਦ ਨੂੰ ਫ਼ਿਰਦੌਸੀ ਨਾਲ ਕੀਤੇ ਵਿਹਾਰ ਤੇ ਪਛਤਾਵਾ ਹੋਇਆ ਅਤੇ ਪਸ਼ਚਾਤਾਪ ਕਰਦੇ ਹੋਏ ਉਸ ਨੇ 60,000 ਦੀਨਾਰ (ਅਸ਼ਰਫ਼ੀਆਂ) ਫ਼ਿਰਦੌਸੀ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਪਰ ਫ਼ਿਰਦੌਸੀ ਦਾ ਕਿਤੇ ਪਤਾ ਨਹੀਂ ਲਗਾ। ਇਸ `ਤੇ ਇਨਾਮ ਦੀ ਇਹ ਰਕਮ ਊਠਾਂ ਤੇ ਲਦਵਾ ਕੇ ਤੂਸ ਵਿਖੇ ਉਸ ਦੇ ਘਰ ਭੇਜਣ ਦਾ ਹੁਕਮ ਦਿੱਤਾ ਗਿਆ ਪਰੰਤੂ ਵਾਪਰਿਆ ਇੰਜ ਕਿ ਜਿਸ ਸਮੇਂ ਸ਼ਹਿਰ ਦੇ ਰੂਦਬਾਰ ਗੇਟ ਰਾਹੀਂ ਇਨਾਮ ਦੀ ਰਕਮ ਵਾਲੇ ਇਹ ਊਠ ਸ਼ਹਿਰ ਤੂਸ ਦੇ ਅੰਦਰ ਜਾ ਰਹੇ ਸਨ ਦੂਜੇ ਪਾਸੇ ਰਜ਼ਾਨ ਵਿੱਚੋਂ ਫ਼ਿਰਦੌਸੀ ਦਾ ਜਨਾਜ਼ਾ ਦਫ਼ਨ ਕਰਨ ਲਈ ਬਾਹਰ ਲਿਆਂਦਾ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਫ਼ਿਰਦੌਸੀ ਦੀ ਬੇਟੀ ਨੇ ਵੀ ਇਹ ਰਕਮ ਲੈਣ ਤੋਂ ਨਾਂਹ ਕਰ ਦਿੱਤੀ ਤਾਂ ਇਸ ਨਾਲ ਨੈਸ਼ਾਪੁਰ ਅਤੇ ਮਰੌ ਦੇ ਰਸਤੇ `ਤੇ ਇੱਕ ਸਰਾਂ ਅਤੇ ਖੂਹ ਦੀ ਉਸਾਰੀ ਕਰਾ ਦਿੱਤੀ ਗਈ।

     ਫ਼ਿਰਦੌਸੀ ਦੀ ਪ੍ਰਸਿਧ ਰਚਨਾ ਸ਼ਾਹਨਾਮਾ ਹੈ। ਇਹ ਮਸਨਵੀ ਕਾਵਿ ਰੂਪ ਦੀ ਇੱਕ ਕਿਸਮ ਹੈ। ਮਸਨਵੀ ਵਿੱਚ ਕਾਫ਼ੀਆ/ਰਦੀਫ਼ ਪਖੋਂ ਹਰਕੇ ਸ਼ਿਅਰ ਵੱਖਰਾ ਹੁੰਦਾ ਹੈ ਅਤੇ ਹਰ ਸ਼ਿਅਰ ਦੇ ਦੋਵੇਂ ਮਿਸਰੇ (ਲਾਈਨਾਂ) ਦਾ ਕਾਫ਼ੀਆ ਮਿਲਦਾ ਹੁੰਦਾ ਹੈ।

     ਕੁਝ ਵਿਦਵਾਨਾਂ ਵਲੋਂ ਇੱਕ ਹੋਰ ਇਸ਼ਕੀਆ ਮਸਨਵੀ ‘ਯੂਸਫ਼-ਜ਼ੁਲੈਖ਼ਾ` ਜਿਹੜੀ ਸ਼ਾਹਨਾਮੇ ਦੀ ਬਹਿਰ ਵਿੱਚ ਹੀ ਹੈ, ਨੂੰ ਵੀ ਫ਼ਿਰਦੌਸੀ ਦੀ ਕ੍ਰਿਤ ਦੱਸਿਆ ਗਿਆ ਹੈ ਪਰੰਤੂ ਵਧੇਰੇ ਵਿਦਵਾਨ ਸਹਿਮਤ ਹਨ ਕਿ ਇਹ ਫ਼ਿਰਦੌਸੀ ਦੀ ਰਚਨਾ ਨਹੀਂ ਹੈ।

     ਸ਼ਾਹਨਾਮੇ ਨੂੰ ਵਿਸ਼ਵ-ਕਲਾਸਿਕ ਦਾ ਦਰਜਾ ਪ੍ਰਾਪਤ ਹੈ। ਸ਼ਾਹਨਾਮਾ ਫ਼ਾਰਸੀ ਭਾਸ਼ਾ ਵਿੱਚ ਮਹਾਂਕਾਵਿ ਨੂੰ ਆਖਿਆ ਜਾਂਦਾ ਹੈ। ਫ਼ਿਰਦੌਸੀ ਦਾ ਸ਼ਾਹਨਾਮਾ ਈਰਾਨੀ ਕੌਮ ਦੇ ਸੁਨਹਿਰੇ ਪ੍ਰਾਚੀਨ ਇਤਿਹਾਸ ਨੂੰ ਪੁਨਰ-ਜੀਵਿਤ ਕਰਨ ਦਾ ਯਤਨ ਹੈ ਜਿਵੇਂ ਕਿ ਉਸ ਨੇ ਦਾਅਵਾ ਕੀਤਾ ਹੈ। ਉਹ ਆਖਦਾ ਹੈ :

ਬਸੇ ਰੰਜ ਬੁਰਦਮ ਦਰੀਂ ਸਾਲਿ ਸੀ

          ਅਜਮ ਜ਼ਿੰਦਾ ਕਰਦਮ ਬਦੀਂ ਪਾਰਸੀ

     (ਮੈਂ ਇਸ ਨੂੰ ਰਚਨ ਲਈ 30 ਸਾਲ ਕਰੜੀ ਘਾਲਨਾ ਘਾਲੀ ਹੈ ਤੇ ਇਸ ਨਾਲ ਈਰਾਨੀ ਇਤਿਹਾਸ ਤੇ ਸੱਭਿਅਤਾ ਨੂੰ ਸੁਰਜੀਤ ਕੀਤਾ ਹੈ) ਧਿਆਨ ਦੇਣਯੋਗ ਹੈ ਕਿ ਇਹਨਾਂ ਤੀਹਾਂ ਸਾਲਾਂ ਵਿੱਚ ਪੰਜ ਸਾਲ ਦਾ ਉਹ ਸਮਾਂ ਸ਼ਾਮਲ ਨਹੀਂ ਹੈ ਜਿਹੜਾ ਉਸ ਨੇ ਬੇਜ਼ਨ-ਮਨੀਜ਼ਾ ਦੀ ਦਾਸਤਾਨ ਨੂੰ ਕਵਿਤਾ-ਬੱਧ ਕਰਨ ਵਿੱਚ ਲਾਇਆ।

     ਸ਼ਾਹਨਾਮਾ ਦਾ ਮੁੱਖ ਵਿਸ਼ਾ ਈਰਾਨੀ ਕੌਮ ਦੀ ਸ੍ਰੇਸ਼ਟਤਾ ਦਾ ਗੁਣ-ਗਾਣ ਹੈ। ਫ਼ਿਰਦੌਸੀ ਨੇ ਇਸ ਨੂੰ ਮੁੱਢ-ਕਦੀਮ ਤੋਂ ਲੈ ਕੇ ਈਰਾਨ ਉਤੇ ਅਰਬ ਜਾਂ ਮੁਸਲਮਾਨੀ ਗ਼ਲਬੇ ਤਕ ਦੇ ਇਤਿਹਾਸ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜਿਸ ਵਿੱਚ 50 ਬਾਦਸ਼ਾਹਤਾਂ ਦਾ ਵਰਣਨ ਹੈ। ਇਸ ਨੂੰ ਤਿੰਨ ਮੁੱਖ ਯੁੱਗਾਂ ਵਿੱਚ ਵੰਡਿਆ ਗਿਆ ਹੈ-ਪਹਿਲਾ ਯੁੱਗ ਮਿਥਿਹਾਸਿਕ ਯੁੱਗ ਹੈ, ਇਸ ਵਿੱਚ ਕੈਯੂਮਰਸ, ਹੌਸ਼ੰਗ, ਤਹਿਮੂਰਸ, ਜਮਸ਼ੀਦ, ਜ਼ੱਹਾਕ ਆਦਿ ਦਾ ਦੌਰ ਸ਼ਾਮਲ ਹੈ। ਦੂਜਾ ਦੌਰ ਬੁਨਿਆਦੀ ਤੌਰ ਤੇ ਪਹਿਲਵਾਨਾਂ ਜਾਂ ਜੋਧਿਆਂ ਦਾ ਵਰਣਨ-ਪ੍ਰਧਾਨ ਯੁੱਗ ਹੈ। ਕਾਵਾ, ਫ਼ਰੀਦੂੰ, ਕਾਰਨ, ਗਰਸ਼ਾਸਪ, ਸਾਮ, ਜ਼ਾਲ, ਨਰੀਮਾਨ, ਰੁਸਤਮ, ਸੁਹਰਾਬ, ਗੋਦਰਜ਼, ਗੇਵ, ਬੇਜ਼ਨ ਆਦਿ ਪਹਿਲਵਾਨਾਂ ਦੇ ਬਲ ਅਤੇ ਵੀਰਤਾ ਦੀਆਂ ਗਾਥਾਵਾਂ ਇਸ ਦਾ ਆਧਾਰ ਹਨ। ਅਸਲ ਵਿੱਚ ਇਹ ਪਹਿਲਵਾਨ ਕੇਵਲ ਕੁਸ਼ਤੀਆਂ ਨਹੀਂ ਘੁਲਦੇ ਸਨ ਸਗੋਂ ਸਮਰਾਟਾਂ ਵਲੋਂ ਇਹਨਾਂ ਨੂੰ ਰਾਜ ਦੀ ਯੁਧ-ਮਸ਼ੀਨ ਵਜੋਂ ਵਰਤਣ ਲਈ ਪਾਲਿਆ ਜਾਂਦਾ ਸੀ। ਤੀਜਾ ਯੁੱਗ ਇਤਿਹਾਸਿਕ ਯੁੱਗ ਹੈ, ਇਹ ਇਸ਼ਕਾਨੀ, ਹਖ਼ਾਮਨਸ਼ੀ, ਸਾਸਾਨੀ ਆਦਿ ਰਾਜਕੁਲਾਂ ਦੇ ਸ਼ਹਿਨਸ਼ਾਹਾਂ ਦੇ ਵਰਣਨ ਤੇ ਆਧਾਰਿਤ ਹੈ। ਭਾਵੇਂ ਸ਼ਾਹਨਾਮਾ ਲਿਖਣ ਲਗਿਆਂ ਫ਼ਿਰਦੌਸੀ ਸਾਮ੍ਹਣੇ ਅਬੂ ਮਨਸੂਰ ਤੇ ਦਕੀਕੀ ਦੇ ਸ਼ਾਹਨਾਮੇ ਮੌਜੂਦ ਸਨ ਅਤੇ ਉਸ ਨੇ ਇਹਨਾਂ ਤੋਂ ਲਾਭ ਵੀ ਉਠਾਇਆ ਪਰ ਆਪਣੇ ਦੌਰ ਵਿੱਚ ਉਪਲਬਧ ਇਤਿਹਾਸਿਕ ਗ੍ਰੰਥਾਂ ਤੇ ਹੋਰ ਸਮਗਰੀ ਮੁਹੱਈਆ ਕਰਨ ਲਈ ਉਸ ਨੇ ਕੋਈ ਢਿੱਲ ਨਹੀਂ ਗੁਜ਼ਾਰੀ ਅਤੇ ਇਸ ਲਈ ਦੂਰ-ਦੁਰਾਡੇ ਦੇ ਸਫ਼ਰ ਕੀਤੇ ਅਤੇ ਵਿਦਵਾਨਾਂ ਤੇ ਮਜੂਸੀ ਮੋਬਿਦਾਂ ਨੂੰ ਨਿਜੀ ਤੌਰ ਤੇ ਮਿਲਕੇ ਜਾਣਕਾਰੀ ਇਕੱਤਰ ਕੀਤੀ। ਇਸੇ ਕਰ ਕੇ ਇੱਕ ਸਾਹਿਤਿਕ ਰਚਨਾ ਤੋਂ ਛੁੱਟ ਸ਼ਾਹਨਾਮਾ ਦੀ ਕਦਰ ਤੇ ਮਹੱਤਤਾ ਇਤਿਹਾਸਿਕ ਸੋਮੇ ਵਜੋਂ ਵੀ ਹੈ। ਸ਼ਾਹਨਾਮਾ ਜਿਥੇ ਈਰਾਨੀ ਰਾਸ਼ਟਰਵਾਦ ਦੀ ਸ੍ਰੇਸ਼ਠਤਾ ਦਾ ਪ੍ਰਤੀਕ ਹੈ ਉਥੇ ਸ਼ੁੱਧ ਈਰਾਨੀ ਭਾਸ਼ਾ ਅਰਥਾਤ ਅਜਿਹੀ ਫ਼ਾਰਸੀ ਜਿਹੜੀ ਅਰਬੀ ਸ਼ਬਦਾਵਲੀ ਤੋਂ ਪਾਕ ਹੋਵੇ ਨੂੰ ਪ੍ਰਫੁਲਿਤ ਕਰਨ ਦਾ ਵੀ ਦਾਅਵਾ ਕਰਦਾ ਹੈ। ਫ਼ਿਰਦੌਸੀ ਦਾ ਕਹਿਣਾ ਸੀ ਕਿ ਉਸ ਨੇ ਸ਼ਾਹਨਾਮਾ ਵਿੱਚ ਸ਼ੁੱਧ ਫ਼ਾਰਸੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਅਰਬੀ ਦਾ ਇੱਕ ਵੀ ਸ਼ਬਦ ਨਹੀਂ ਵਰਤਿਆ।

     ਸ਼ਾਹਨਾਮਾ ਰਚਨ ਲਈ ਫ਼ਿਰਦੌਸੀ ਦੇ ਪ੍ਰੇਰਿਤ ਹੋਣ ਦੀ ਘਟਨਾ ਵੀ ਬੜੀ ਰੋਚਕ ਹੈ। ਕਿਹਾ ਜਾਂਦਾ ਹੈ ਕਿ ਜਵਾਨੀ ਦੇ ਸਮੇਂ ਇੱਕ ਰਾਤ ਫ਼ਿਰਦੌਸੀ ਆਪਣੇ ਬਾਗ਼ ਵਿੱਚ ਲੇਟਿਆ ਹੋਇਆ ਸੀ ਪਰ ਨੀਂਦ ਨਹੀਂ ਆ ਰਹੀ ਸੀ। ਉਸ ਨੇ ਜੀ ਲਾਉਣ ਲਈ ਪਤਨੀ ਨੂੰ ਸੱਦਿਆ। ਉਸ ਦੀ ਪਤਨੀ ਨੇ ਕਿਹਾ ‘ਮੈਂ ਤੈਨੂੰ ਦਫ਼ਤਰ-ਏ-ਪਾਸਤਾਨ ਵਿੱਚੋਂ ਇੱਕ ਪ੍ਰਾਚੀਨ ਕਥਾ ਸੁਣਾਉਂਦੀ ਹਾਂ ਪਰੰਤੂ ਸ਼ਰਤ ਇਹ ਹੈ ਕਿ ਤੂੰ ਇਸ ਨੂੰ ਕਵਿਤਾਬੱਧ ਜ਼ਰੂਰ ਕਰੇਂਗਾ।` ਇਹ ਕਥਾ ‘ਬੇਜ਼ਨ-ਮਨੀਜ਼ਾ` ਦੀ ਇਸ਼ਕੀਆ ਦਾਸਤਾਨ ਸੀ। ਇਸ ਨੂੰ ਪੂਰਾ ਹੋਣ ਵਿੱਚ ਪੰਜ ਸਾਲ ਲਗੇ ਤੇ ਇਸ ਨੂੰ ਸ਼ਾਹਨਾਮੇ ਦਾ ਬਿਹਤਰੀਨ ਭਾਗ ਗਿਣਿਆ ਜਾਂਦਾ ਹੈ। ਇਸ ਨਾਲ ਫ਼ਿਰਦੌਸੀ ਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ ਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਸੰਪੂਰਨ ਸ਼ਾਹਨਾਮੇ ਦੀ ਰਚਨਾ ਲਈ ਤਿਆਰ ਕਰ ਲਿਆ।

     ਸ਼ਾਹਨਾਮੇ ਦੇ ਕਿਰਤਫਲ ਵਜੋਂ ਸੁਲਤਾਨ ਮਹਿਮੂਦ ਵਲੋਂ ਹਰੇਕ ਸ਼ਿਅਰ ਵੱਟੇ ਇੱਕ ਦੀਨਾਰ (ਸੋਨੇ ਦਾ ਸਿੱਕਾ ਜਾਂ ਅਸ਼ਰਫ਼ੀ) ਦਾ ਵਾਅਦਾ ਕਰਨ ਤੇ ਪਿਛੋਂ ਇਸ ਤੋਂ ਮੁਨਕਰ ਹੋਣ ਦੀ ਕਹਾਣੀ ਬਹੁਤ ਪ੍ਰਚਲਿਤ ਰਹੀ ਹੈ ਪਰ ਵਧੇਰੇ ਵਿਦਵਾਨਾਂ ਨੂੰ ਇਸ ਵਿੱਚ ਕੋਈ ਤੱਥ ਨਜ਼ਰ ਨਹੀਂ ਆਉਂਦਾ। ਪਹਿਲੀ ਗੱਲ ਤਾਂ ਇਹ ਕਿ ਫ਼ਿਰਦੌਸੀ ਨੇ ਸ਼ਾਹਨਾਮੇ ਨੂੰ ਮਹਿਮੂਦ ਦੇ ਕਹਿਣ ਤੇ ਸ਼ੁਰੂ ਨਹੀਂ ਕੀਤਾ ਸੀ ਸਗੋਂ ਉਹ ਇਸ ਨੂੰ ਉਸ ਦੇ ਸੁਲਤਾਨ ਬਨਣ ਤੋਂ 18/20 ਸਾਲ ਪਹਿਲਾਂ ਹੀ ਸ਼ੁਰੂ ਕਰ ਚੁਕਿਆ ਸੀ ਤੇ ਸੁਲਤਾਨ ਨੂੰ ਮਿਲਣ ਤੋਂ ਪਹਿਲਾਂ ਦੋ-ਤਿਹਾਈ ਦੇ ਕਰੀਬ ਮੁਕੰਮਲ ਵੀ ਕਰ ਚੁਕਿਆ ਸੀ, ਫਿਰ ਵਾਅਦੇ ਦੀ ਗੱਲ ਕਿਥੋਂ ਆ ਗਈ? ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਫ਼ਿਰਦੌਸੀ ਦਾ ਰਾਫ਼ਿਜ਼ੀ/ਅਸ਼ਅਰੀ/ਮੁਅਤਜ਼ਿਲੀ ਹੋਣਾ ਅਤੇ ਸੁਲਤਾਨ ਦਾ ਸੁੰਨੀ ਕੱਟੜਵਾਦ ਉਸ ਦੇ ਇਨਾਮ ਤੋਂ ਵੰਚਿਤ ਰਹਿਣ ਦਾ ਕਾਰਨ ਬਣਿਆ (ਨਿਜ਼ਾਮੀ ਅਰੂਜ਼ੀ, ਨੂਰੁੱਲਾਹ ਸ਼ਵਸਤਰੀ ਆਦਿ) ਪਰੰਤੂ ਸ਼ਾਹਨਾਮੇ ਦੇ ਸ਼ਿਅਰਾਂ ਤੋਂ ਫ਼ਿਰਦੌਸੀ ਦੇ ਉਪਰੋਕਤ ਫ਼ਿਰਕਿਆਂ ਵਿੱਚੋਂ ਕਿਸੇ ਨਾਲ ਵੀ ਸੰਬੰਧਿਤ ਹੋਣ ਦਾ ਖੰਡਨ ਹੁੰਦਾ ਹੈ। ਨਾਲ ਹੀ ਸ਼ੀਰਾਨੀ ਵਲੋਂ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਇਹ ਸਾਬਤ ਕੀਤਾ ਗਿਆ ਹੈ ਕਿ ਸੁੰਨੀ ਹੋਣ ਦੇ ਬਾਵਜੂਦ ਸੁਲਤਾਨ ਮਹਿਮੂਦ ਦੇ ਆਪਣੇ ਸ਼ੀਆ ਸਮਕਾਲੀਆਂ ਨਾਲ ਬਹੁਤ ਚੰਗੇ ਸੰਬੰਧ ਸਨ, ਇਥੋਂ ਤਕ ਕਿ ਉਸ ਦੀ ਧੀ ਵੀ ਇੱਕ ਸ਼ੀਆ ਨਾਲ ਵਿਆਹੀ ਹੋਈ ਸੀ। ਸ਼ੀਰਾਨੀ ਦਾ ਇਹ ਵੀ ਕਿਆਸ ਹੈ ਕਿ ਮਹਿਮੂਦ ਦੇ ਮੰਤਰੀ ਅਬੁਲ- ਅੱਬਾਸ ਫ਼ਜ਼ਲ ਬਿਨ ਅਹਿਮਦ ਜਾਂ ਅਮੀਰ ਅਲਮੁਜ਼ੱਫ਼ਰ ਨਸਰ ਬਿਨ ਸੁਬਕਤਗੀਨ (ਜਿਨ੍ਹਾਂ ਵਿੱਚੋਂ ਕੋਈ ਇੱਕ ਫ਼ਿਰਦੌਸੀ ਦਾ ਸਰਪ੍ਰਸਤ ਅਤੇ ਉਸ ਦੀ ਸੁਲਤਾਨ ਤੀਕ ਪਹੁੰਚ ਵਿੱਚ ਸਹਾਈ ਹੋਇਆ ਹੋਵੇਗਾ) ਦਾ ਦਰਬਾਰੀ ਸਿਆਸਤ ਵਿੱਚ ਪਤਨ ਅਤੇ ਸੁਲਤਾਨ ਦੇ ਗੁੱਸੇ ਦਾ ਪਾਤਰ ਬਨਣਾ, ਫ਼ਿਰਦੌਸੀ ਪ੍ਰਤਿ ਮਹਿਮੂਦ ਦੇ ਉਪਰੋਕਤ ਦੁਰ- ਵਿਹਾਰ ਦਾ ਕਾਰਨ ਬਣਿਆ ਹੋਵੇਗਾ।

     ਪਰ ਜਿਵੇਂ ਵੀ ਹੋਵੇ ਫ਼ਿਰਦੌਸੀ ਦਾ ਨਾਂ ਸ਼ਾਹਨਾਮੇ ਕਰ ਕੇ ਅੱਜ ਵੀ ਜ਼ਿੰਦਾ ਹੈ ਅਤੇ ਉਪਰੋਕਤ ਮਿਥਿਆ ਸਦਕਾ ਸੁਲਤਾਨ ਮਹਿਮੂਦ ਦੇ ਨਾਂ ਨਾਲ ਸਦਾ ਲਈ ਬਦਨਾਮੀ ਦਾ ਦਾਗ਼ ਚੰਬੜ ਗਿਆ ਹੈ।

     ਫ਼ਾਰਸੀ ਸਾਹਿਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵੀਰ-ਰਸੀ ਤੇ ਮਹਾਂਕਾਵਿ ਸਾਹਿਤ ਵਿੱਚ ਸ਼ਾਹਨਾਮੇ ਨੂੰ ਉੱਚ-ਕੋਟੀ ਦੀ ਉੱਤਮ ਰਚਨਾ ਮੰਨਿਆ ਜਾਂਦਾ ਹੈ ਅਤੇ ਇਸੇ ਸਦਕਾ ਫ਼ਿਰਦੌਸੀ ਦਾ ਨਾਂ ਵੀ ਅਮਰ ਹੋ ਚੁੱਕਾ ਹੈ।


ਲੇਖਕ : ਤਾਰਿਕ ਕਿਫ਼ਾਇਤ ਉੱਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.