ਫ਼ਰੀਦਕੋਟ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਫ਼ਰੀਦਕੋਟ (ਨਗਰ): ਪੰਜਾਬ ਦਾ ਇਕ ਜ਼ਿਲ੍ਹਾ-ਨਗਰ ਜਿਸ ਨੂੰ ਬਾਰ੍ਹਵੀਂ ਸਦੀ ਦੇ ਅੰਤ ਵਿਚ ਰਾਜਾ ਮੋਕਲਦੇਵ ਨੇ ਵਸਾਇਆ ਸੀ ਅਤੇ ਇਸ ਦਾ ਨਾਂ ‘ਮੋਕਲ ਨਗਰ’ ਜਾਂ ‘ਮੋਕਲਹਰ’ ਰਖਿਆ ਸੀ। ਪਰ ਸੰਨ 1215 ਈ. ਦੇ ਸਤੰਬਰ ਮਹੀਨੇ ਦੇ ਪਿਛਲੇ ਅੱਧ ਵਿਚ ਇਸ ਨਗਰ ਵਿਚ ਬਾਬਾ ਫ਼ਰੀਦ ਦਾ ਆਗਮਨ ਹੋਇਆ ਅਤੇ ਰਾਜੇ ਨੇ ਬਾਬਾ ਜੀ ਦੇ ਸਤਿਕਾਰ ਵਜੋਂ ਆਪਣੇ ਨਗਰ ਦਾ ਨਾਂ ‘ਫ਼ਰੀਦਕੋਟ’ ਰਖ ਦਿੱਤਾ। ਉਸ ਤੋਂ ਬਾਦ ਇਥੇ ਕਈਆਂ ਦੀ ਹਕੂਮਤ ਰਹੀ ਪਰ ਅੰਤ ਵਿਚ ਸੋਲ੍ਹਵੀਂ ਸਦੀ ਤੋਂ ਇਸ ਨਗਰ ਉਤੇ ਬਰਾੜਾਂ ਦਾ ਅਧਿਕਾਰ ਹੋ ਗਿਆ, ਜੋ ਪੈਪਸੂ ਬਣਨ ਤਕ ਜਾਰੀ ਰਿਹਾ।
ਇਸ ਨਗਰ ਵਿਚ ਬਾਬਾ ਫ਼ਰੀਦ ਨਾਲ ਸੰਬੰਧਿਤ ਦੋ ਗੁਰਦੁਆਰੇ ਹਨ—ਟਿੱਲਾ ਬਾਬਾ ਫ਼ਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ। ਇਨ੍ਹਾਂ ਤੋਂ ਇਲਾਵਾ ਬਾਬਾ ਫ਼ਰੀਦ ਦੇ ਨਾਂ ਨਾਲ ਸੰਬੰਧਿਤ ਕਈ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਵੀ ਹਨ। ਇਸ ਨਗਰ ਵਿਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਨ ਦਾ ਉਦਮ ਕੀਤਾ ਗਿਆ। ਉਹ ਟੀਕਾ ‘ਫ਼ਰੀਕੋਟੀ ਟੀਕਾ’ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਫ਼ਰੀਦਕੋਟ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਫ਼ਰੀਦਕੋਟ : ਰਿਆਸਤ – ਪਟਿਆਲਾ ਦੇ ਸ਼ਾਹੀ ਖ਼ਾਨਦਾਨ ਦੀ ਬੰਸਾਵਲੀ ਵੇਖਣ ਤੋਂ ਪਤਾ ਲਗਦਾ ਹੈ ਕਿ ਰਾਜਾ ਜੈਸਲ ਦੀ ਔਲਾਦ ਵਿਚੋਂ ਸੱਤਵੀਂ ਪੀੜ੍ਹੀ ਵਿਚ ਸਿੱਧੂ ਹੋਇਆ ਹੈ ਤੇ ਉਸ ਦੀ ਔਲਾਦ ਪੰਜਾਬ ਵਿਚ ਸਿੱਧੂ ਜੱਟ ਅਖਵਾਉਂਦੀ ਹੈ। ਰਾਜਾ ਜੈਸਲ ਭੱਟੀ ਰਾਜਪੂਤ ਸੀ। ਸਿੱਧੂ ਦੀ ਔਲਾਦ ਵਿਚੋਂ ਨੌਵੀਂ ਪੀੜੀ ਵਿਚ ਬਰਾੜ ਹੋਇਆ ਜਿਸ ਤੋਂ ਸਿੱਧੂ ਬਰਾੜ ਘਰਾਣੇ ਦਾ ਮੁੱਢ ਬੱਝਾ। ਬਰਾੜ ਦੇ ਦੋ ਪੁੱਤਰ ਸਨ ਪੌੜ ਤੇ ਦੁੱਲ। ਵੱਡੇ ਪੌੜ ਦੀ ਔਲਾਦ ਵਿਚੋਂ ਫੂਲ ਹੋਇਆ ਜਿਸ ਦੇ ਪੁੱਤਰ ਨਾਭਾ, ਪਟਿਆਲਾ ਅਤੇ ਜੀਂਦ ਰਿਆਸਤਾਂ ਦੇ ਸ਼ਾਸਕ ਬਣੇ ਤੇ ਛੋਟੇ ਦੁੱਲ ਦੀ ਔਲਾਦ ਫ਼ਰੀਦਕੋਟ ਦੇ ਰਾਜੇ ਬਣੇ।
ਫ਼ਰੀਦਕੋਟ ਦੇ ਇਲਾਕੇ ਤੇ ਪੁਰਾਣੇ ਸਮਿਆਂ ਵਿਚ ਪਨਵਾਰ ਰਾਜਪੂਤ ਰਾਜ ਕਰਦੇ ਸਨ। ਸੰਨ 1180 ਦੇ ਨੇੜੇ ਤੇੜੇ ਭੱਟੀ ਰਾਜਪੂਤ ਜੈਸਲ ਜੋ ਜੈਸਲਮੇਰ ਸ਼ਹਿਰ ਅਤੇ ਰਿਆਸਤ ਦਾ ਬਾਨੀ ਸੀ ਕਿਸੇ ਜਰਵਾਣੇ ਹੱਥੋਂ ਹਾਰ ਖਾ ਕੇ ਸ਼ਹਿਰ ਤੇ ਰਿਆਸਤ ਛੱਡ ਕੇ ਹਿਸਾਰ ਦੇ ਇਲਾਕੇ ਵਿਚ ਆ ਟਿਕਿਆ। ਉਸ ਦੇ ਤੀਜੇ ਲੜਕੇ ਹਿੱਮ ਹੇਲ ਨੇ ਨਾਲ ਲਗਦਾ ਬਹੁਤ ਸਾਰਾ ਇਲਾਕਾ ਜਿਸ ਵਿਚ ਮੁਕਤਸਰ ਤੇ ਪੱਛਮ ਦਾ ਇਲਾਕਾ ਵੀ ਸ਼ਾਮਲ ਸੀ, ਪਨਵਾਰਾਂ ਤੋਂ ਜਿੱਤ ਕੇ ਆਪਣੇ ਕਬਜ਼ੇ ਵਿਚ ਕਰ ਲਿਆ।
ਹਿੱਮ ਹੇਲ ਤੋਂ ਪਿਛੋਂ ਜੂੰਧਰ (ਜਿਸ ਦੇ 21 ਲੜਕੇ ਸਨ) ਗੱਦੀ ਤੇ ਬੈਠਾ। ਇਸ ਸਮੇਂ ਇਥੇ ਰਾਜਾ ਮੰਝ ਰਾਜ ਕਰਦਾ ਰਿਹਾ ਜੋ ਅਚਲ ਦੇ ਰਾਹੀਂ ਜੂੰਧਰ ਦਾ ਵਾਰਸ ਸੀ ਤੇ ਇਸੇ ਰਾਜਾ ਮੰਝ ਦੇ ਪੋਤਰੇ ਮੋਕਲਸੀ ਨੇ ਇਸ ਸ਼ਹਿਰ (ਫ਼ਰੀਦਕੋਟ) ਦੀ ਨੀਂਹ ਰੱਖੀ ਤੇ ਨਾਂ ਮੋਕਲਨਗਰ ਰੱਖਿਆ। ਮਹਾਨ ਕੋਸ਼ (ਪੰਨਾ 811) ਮੁਤਾਬਕ ਰਾਜੇ ਦਾ ਨਾਂ ਮੋਕਲ ਦੇਵ ਸੀ ਤੇ ਸ਼ਹਿਰ ਦਾ ਨਾਂ ਮੋਕਲਨਗਰ ਸੀ। ਇਥੋਂ ਦੇ ਕਿਲੇ ਬਾਰੇ ਦੋ ਤਰ੍ਹਾਂ ਦੇ ਵਿਚਾਰ ਪ੍ਰਚੱਲਿਤ ਹਨ। ਪਹਿਲਾ ਇਹ ਹੈ ਕਿ ਕਿਲਾ ਹਿੱਮ ਹੇਲ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ, ਮੋਕਲਸੀ ਨੇ ਸਿਰਫ਼ ਇਸ ਦੀ ਮੁਰੰਮਤ ਕਰਵਾਈ ਸੀ। ਕਿਲਾ ਬਣਾਉਣ ਸਮੇਂ (ਜਾਂ ਮੁਰੰਮਤ ਕਰਾਉਣ ਸਮੇਂ) ਵਗਾਰ ਵਿਚ ਫੜ ਕੇ ਲਿਆਏ ਲੋਕਾਂ ਵਿਚ ਪ੍ਰਸਿੱਧ ਸੂਫ਼ੀ ਦਰਵੇਸ਼ ਤੇ ਸ਼ਾਇਰ ਹਜ਼ਰਤ ਸ਼ੇਖ ਫ਼ਰੀਦ-ਉਦ-ਦੀਨ ਵੀ ਸ਼ਾਮਲ ਸੀ, ਜੋ ਦਿੱਲੀ ਤੋਂ ਪਾਕਪਟਨ ਨੂੰ ਜਾਂਦਾ ਹੋਇਆ ਇਸ ਨਗਰ ਕੋਲੋਂ ਦੀ ਲੰਘਦਾ ਫੜ ਕੇ ਵਗਾਰ ਵਿਚ ਲਾ ਲਿਆ ਪਰ ਜਦ ਰਾਜੇ ਨੂੰ ਉਨ੍ਹਾਂ ਦੀ ਰੱਬੀ ਤਾਕਤ ਦਾ ਪਤਾ ਲੱਗਾ ਤਾਂ ਪੈਰੀਂ ਡਿੱਗ ਕੇ ਮੁਆਫ਼ੀ ਮੰਗੀ ਤੇ ਸ਼ਹਿਰ ਦਾ ਨਾਂ ਬਾਬਾ ਫ਼ਰੀਦ ਰੱਖ ਦਿੱਤਾ। ਮੋਕਲਸੀ ਦੇ ਪੁੱਤਰਾਂ ਜੈਰਸੀ ਤੇ ਵੈਰਸੀ ਦੇ ਸਮੇਂ ਵੀ ਫ਼ਰੀਦਕੋਟ ਹੀ ਰਾਜਧਾਨੀ ਰਿਹਾ।
ਜੂੰਧਰ ਦੇ ਅਨੇਕਾਂ ਪੁੱਤਰਾਂ ਵਿਚੋਂ ਇਕ ਬਿਟੇ ਰਾਓ ਸੀ ਜਿਸ ਦਾ ਵਾਰਸ ਖੀਵਾ ਸੀ ਖੀਵੇ ਦੇ ਲੜਕੇ ਸਿੱਧੂ ਤੋਂ ਸਿੱਧੂ ਗੋਤ ਚੱਲਿਆ। ਕੈਥਲ ਦੇ ਅਰਨੋਵਲੀ ਪਰਿਵਾਰ ਸਿੱਧੇ ਸਿੱਧੂ ਦੇ ਪੁੱਤਰ ਦਾਹੜ ਦੇ ਵਾਰਸ ਹਨ। ਸਿੱਧੂ ਦੇ ਵਾਰਸਾਂ ਵਿਚ ਉਸ ਦਾ ਦੂਜਾ ਲੜਕਾ ਭੂਹਰ ਬੜਾ ਪ੍ਰਤਾਪੀ ਹੋਇਆ ਹੈ। ਭੂਹਰ ਤੋਂ ਅੱਠਵੀਂ ਪੀੜ੍ਹੀ ਬਰਾੜ ਹੋਇਆ ਹੈ ਜਿਸ ਨੇ ਸਰਸੇ ਦੇ ਮੁਸਲਮਾਨ ਭੱਟੀਆਂ ਨਾਲ ਅਨੇਕਾਂ ਲੜਾਈਆਂ ਲੜੀਆਂ।
ਦੁੱਲ ਤੋਂ ਨੌਵੀਂ ਪੀੜ੍ਹੀ ਤੇ ਰਾਓ ਸੰਘਰ ਹੋਇਆ ਹੈ। ਉਹ ਪਾਣੀਪਤ ਦੀ ਲੜਾਈ ਵਿਚ ਬਾਬਰ ਦੀ ਮਦਦ ਕਰਦਾ ਹੋਇਆ ਮਾਰਿਆ ਗਿਆ। ਬਾਬਰ ਨੇ ਉਸ ਦੇ ਵੱਡੇ ਪੁੱਤਰ ਭੱਲਣ ਨੂੰ ਬਰਾੜਾਂ ਦੇ ਇਲਾਕੇ ਦੀ ਚੌਧਰ ਦਿੱਤੀ। ਬਾਦਸ਼ਾਹ ਅਕਬਰ ਦੇ ਸਮੇਂ ਸਰਸੇ ਦੇ ਭੱਟੀ ਮੁਸਲਮਾਨ ਅਤੇ ਬਰਾੜ ਆਪਣੀਆਂ ਹੱਦਾਂ ਪਿੱਛੇ ਆਏ ਦਿਨ ਲੜਦੇ ਰਹਿੰਦੇ ਸਨ। ਬਾਦਸ਼ਾਹ ਅਕਬਰ ਨੇ ਫ਼ੈਸਲਾ ਕਰਨ ਲਈ ਦੋਹਾਂ ਧਿਰਾਂ ਨੂੰ ਦਿੱਲੀ ਬੁਲਾਇਆ। ਬਰਾੜਾਂ ਵੱਲੋਂ ਭੱਲਣ ਅਤੇ ਭੱਟੀਆਂ ਵੱਲੋਂ ਮਨਸੂਰ ਖ਼ਾਂ ਗਿਆ। ਅਕਬਰ ਨੇ ਮਨਸੂਰ ਖ਼ਾਂ ਨੂੰ ਸਿਰੋਪਾ ਦਿੱਤਾ ਅਤੇ ਉਹ ਦਰਬਾਰ ਵਿਚ ਹੀ ਸਿਰੋਪਾ ਆਪਣੇ ਸਿਰ ਤੇ ਬੰਨ੍ਹਣ ਲੱਗ ਪਿਆ। ਭੱਲਣ ਨੇ ਆਪਣੇ ਸਿਰੋਪੇ ਦੀ ਉਡੀਕ ਕੀਤੇ ਬਿਨਾਂ ਹੀ ਮਨਸੂਰ ਖ਼ਾਂ ਦੇ ਸਿਰੋਪੇ ਨੂੰ ਤਲਵਾਰ ਨਾਲ ਵਿਚਾਲਿਓਂ ਚੀਰ ਕੇ ਆਪਣੇ ਸਿਰ ਤੇ ਬੰਨ੍ਹ ਲਿਆ। ਅਕਬਰ ਨੇ ਹੱਸਦਿਆਂ ਹੱਸਦਿਆਂ ਇਲਾਕਾ ਦੋਹਾਂ ਚੌਧਰੀਆਂ ਵਿਚ ਬਰਾਬਰ ਵੰਡ ਦਿਤਾ। ਇਸ ਬਾਰੇ ਇਕ ਕਾਵਿ ਟੂਕ ਮਸ਼ਹੂਰ ਹੈ–
'ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ'
ਭੱਲਣ ਦੇ ਅਧੀਨ ਫ਼ਰੀਦਕੋਟ, ਮਾੜੀ, ਮੁਦਕੀ ਤੇ ਮੁਕਤਸਰ ਆਦਿ ਦੇ ਪਰਗਣੇ ਸਨ। ਸੰਨ 1630 ਵਿਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਇਲਾਕੇ ਵਿਚ ਬਿਰਾਜੇ ਤਾਂ ਭੱਲਣ ਨੇ ਸਿੱਖੀ ਧਾਰਨ ਕੀਤੀ ਅਤੇ ਬਰਾਦਰੀ ਸਮੇਤ ਤਨੋ ਮਨੋ ਸਤਿਗੁਰਾਂ ਦੀ ਸੇਵਾ ਕੀਤੀ। ਭੱਲਣ ਦੀ ਕੋਈ ਔਲਾਦ ਨਾ ਹੋਣ ਕਾਰਨ ਉਸ ਦੀ ਮੌਤ ਉਪਰੰਤ 1643 ਈ. ਵਿਚ ਉਸ ਦੇ ਛੋਟੇ ਭਰਾ ਲਾਲੇ ਦਾ ਪੁੱਤਰ ਕਪੂਰਾ ਇਲਾਕੇ ਦਾ ਚੌਧਰੀ ਬਣਿਆ ਜਿਸ ਦਾ ਜਨਮ 1628 ਈ. ਵਿਚ ਹੋਇਆ ਸੀ। ਭਾਈ ਭਗਤੂ ਦੇ ਸੁਝਾਅ ਤੇ ਉਸ ਨੇ ਨਵਾਂ ਸ਼ਹਿਰ ਕੋਟਕਪੂਰਾ ਵਸਾਇਆ। ਇਥੇ ਉਸ ਨੇ ਇਕ ਕਿਲਾ ਵੀ ਬਣਵਾਇਆ। ਕਪੂਰੇ ਦੀ ਇਨਸਾਫ਼ ਪਸੰਦੀ ਦੀ ਚਰਚਾ ਸੁਣ ਕੇ ਕੋਟ ਈਸੇ ਖ਼ਾਂ ਤੋਂ ਆ ਕੇ ਕਾਫ਼ੀ ਲੋਕ ਏਥੇ ਵਸ ਗਏ ਅਤੇ ਥੋੜ੍ਹੇ ਸਮੇਂ ਵਿਚ ਹੀ ਇਹ ਇਕ ਮਸ਼ਹੂਰ ਸ਼ਹਿਰ ਬਣ ਗਿਆ। ਉਸ ਨੇ ਆਸ ਪਾਸ ਦੇ ਗੁਆਂਢੀ ਚੌਧਰੀਆਂ ਨਾਲ ਲੜਾਈਆਂ ਲੜ ਕੇ ਉਨ੍ਹਾਂ ਦਾ ਇਲਾਕਾ ਜਿੱਤ ਕੇ ਆਪਣੇ ਰਾਜ ਦੀਆਂ ਹੱਦਾਂ ਵਧਾਈਆਂ।
ਸੰਨ 1703-04 ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵੱਲ ਆਏ ਤਾਂ ਚੌਧਰੀ ਕਪੂਰੇ ਨੇ ਸਰੀਏ ਵਾਲ ਪਿੰਡ ਵਿਖੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਅਤੇ ਕਪੂਰੇ ਤੋਂ ਕਪੂਰ ਸਿੰਘ ਹੋ ਗਿਆ। ਦਸਮੇਸ਼ ਪਿਤਾ ਨੇ ਇਸ ਨੂੰ ਇਕ ਤਲਵਾਰ ਅਤੇ ਢਾਲ ਬਖ਼ਸ਼ੀ। (ਗੁਰੂ ਜੀ ਨੇ ਇਸ ਪਾਸੋਂ ਸਰਹਿੰਦ ਦੇ ਗਵਰਨਰ ਨਾਲ ਜੰਗ ਲੜਨ ਲਈ ਕੋਟਕਪੂਰੇ ਦਾ ਕਿਲਾ ਮੰਗਿਆ ਸੀ ਪਰ ਕਪੂਰੇ ਨੇ ਤੁਰਕਾਂ ਦੇ ਡਰ ਕਾਰਨ ਇਨਕਾਰ ਕਰ ਦਿੱਤਾ ਸੀ।)
ਈਸਾ ਖਾਂ ਮੰਜ, ਚੌਧਰੀ ਕਪੂਰ ਸਿੰਘ ਦੀ ਵੱਧ ਰਹੀ ਤਾਕਤ ਤੇ ਈਰਖਾ ਕਰਦਾ ਸੀ ਅਤੇ ਦੋਹਾਂ ਧਿਰਾਂ ਵਿਚਕਾਰ ਕਈ ਲੜਾਈਆਂ ਵੀ ਹੋਈਆਂ ਸਨ। ਉਸ ਨੇ ਕੁਟਲ ਨੀਤੀ ਤੋਂ ਕੰਮ ਲੈਂਦਿਆਂ ਕਪੂਰ ਸਿੰਘ ਨਾਲ ਸਮਝੌਤਾ ਕਰ ਲਿਆ ਅਤੇ ਸੰਨ 1708 ਵਿਚ ਆਪਣੇ ਲੜਕੇ ਦੀ ਸ਼ਾਦੀ ਤੇ ਉਸ ਨੂੰ ਕੋਟ ਈਸੇ ਖ਼ਾਂ ਬੁਲਾ ਕੇ ਫ਼ਾਂਸੀ ਦੇ ਕੇ ਮਾਰ ਦਿੱਤਾ।
ਚੌਧਰੀ ਕਪੂਰ ਸਿੰਘ ਆਪਣੀ ਮੌਤ ਸਮੇਂ (80 ਸਾਲ ਦਾ ਸੀ ਅਤੇ ਉਸ ਦੇ ਤਿੰਨ ਪੁੱਤਰ ਸਨ ਸੁਖੀਆ (ਸੁੱਖਾ ਸਿੰਘ), ਸੇਮਾ ਤੇ ਮੁਖੀਆ। ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਕੋਟ ਈਸੇ ਖਾਂ ਉੱਪਰ ਹਮਲਾ ਕਰ ਦਿੱਤਾ। ਈਸੇ ਖਾਂ ਮਾਰਿਆ ਗਿਆ ਤੇ ਉਨ੍ਹਾਂ ਸ਼ਹਿਰ ਨੂੰ ਲੁੱਟ ਕੇ ਉਜਾੜ ਦਿੱਤਾ। ਕਪੂਰ ਸਿੰਘ ਪਿੱਛੋਂ ਸੇਮਾ ਚੌਧਰੀ ਬਣਿਆ ਅਤੇ 1710 ਈ. ਵਿਚ ਉਸ ਦੀ ਮੌਤ ਉਪਰੰਤ ਸੁਖੀਆ (ਸੁੱਖਾ ਸਿੰਘ) ਚੌਧਰੀ ਬਣਿਆ। ਉਸ ਨੇ ਕਈ ਹੋਰ ਪਿੰਡ ਜਿੱਤ ਕੇ ਆਪਣੇ ਇਲਾਕੇ ਵਿਚ ਮਿਲਾ ਲਏ। ਉਸ ਨੇ ਮੁਖੀਏ ਨੂੰ ਪਿੰਡ ਰੋੜੀ ਤੇ ਮੱਤਾ ਦੇ ਕੇ ਵੱਖਰਾ ਕਰ ਦਿੱਤਾ। ਸੁਖੀਏ ਨੇ ਆਪਣੇ ਨਾਂ ਉੱਪਰ ਪਿੰਡ ਕੋਟ ਸੁਖੀਆ ਵਸਾਇਆ।
ਸੁਖੀਆ 50 ਸਾਲ ਦੀ ਉਮਰ ਵਿਚ 1731 ਈ. ਵਿਚ ਮਰ ਗਿਆ। ਉਸ ਦੇ ਤਿੰਨ ਪੁੱਤਰ ਸਨ ਜੋਧ ਸਿੰਘ, ਹਮੀਰ ਸਿੰਘ ਤੇ ਵੀਰ ਸਿੰਘ, ਤਿੰਨੇ ਕੁਝ ਸਮੇਂ ਤਕ ਅਮਨ ਚੈਨ ਨਾਲ ਰਹੇ ਪਰ ਫ਼ਿਰ ਜਾਇਦਾਦ ਪਿਛੇ ਲੜਨ ਭਿੜਨ ਲੱਗੇ। ਛੋਟੇ ਦੋਹਾਂ ਨੇ ਰਾਜ ਨੂੰ ਵੰਡਣਾ ਚਾਹਿਆ। ਫ਼ਰੀਦਕੋਟ ਦੇ ਕਿਲੇ ਤੇ ਸਭ ਤੋਂ ਪਹਿਲਾਂ ਜੋਧ ਸਿੰਘ ਨੇ ਕਬਜ਼ਾ ਕੀਤਾ ਫ਼ਿਰ ਹਮੀਰ ਸਿੰਘ ਨੇ ਜੋਧ ਸਿੰਘ ਦੇ ਸਿਪਾਹੀਆਂ ਨੂੰ ਕੱਢ ਕੇ ਕਿਲੇ ਉੱਪਰ ਕਬਜ਼ਾ ਕਰ ਲਿਆ। ਜੋਧ ਸਿੰਘ ਨੇ ਹਮੀਰ ਸਿੰਘ ਤੇ ਕਈ ਵਾਰ ਹਮਲਾ ਕੀਤਾ ਪਰ ਕਿਲੇ ਨੂੰ ਜਿੱਤ ਨਾ ਸਕਿਆ। ਅੰਤ ਵਿਚ ਸਾਰੇ ਭਰਾਵਾਂ ਨੇ ਰਲ ਕੇ ਸਿੰਘਾਂ ਦੇ ਸਰਦਾਰਾਂ ਨੂੰ ਆਪਸੀ ਝਗੜਾ ਨਿਬੇੜਨ ਦੀ ਬੇਨਤੀ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਝੰਡਾ ਸਿੰਘ ਭੰਗੀ ਨੇ ਵਿਚ ਪੈ ਕੇ ਉਨ੍ਹਾਂ ਦਾ ਸਮਝੌਤਾ ਕਰਵਾ ਦਿੱਤਾ ਜਿਸ ਅਨੁਸਾਰ ਫ਼ਰੀਦਕੋਟ ਦਾ ਇਲਾਕਾ ਹਮੀਰ ਸਿੰਘ ਨੂੰ, ਮਾੜੀ ਮੁਸਤਫ਼ਾ ਵੀਰ ਸਿੰਘ ਨੂੰ ਅਤੇ ਕੋਟਕਪੂਰੇ ਦਾ ਇਲਾਕਾ ਜੋਧ ਸਿੰਘ ਨੂੰ ਦੇ ਦਿੱਤਾ ਗਿਆ। ਫ਼ੈਸਲਾ ਕਰਵਾਉਣ ਵਾਲੇ ਸਰਦਾਰਾਂ ਨੇ ਤਿੰਨੇ ਭਰਾਵਾਂ ਨੂੰ ਅੰਮ੍ਰਿਤ ਛਕਣ ਅਤੇ ਸਿੰਘ ਸਜਣ ਲਈ ਆਖਿਆ।
ਸੰਨ 1732 ਵਿਚ ਹਮੀਰ ਸਿੰਘ ਨੇ ਫ਼ਰੀਦਕੋਟ ਤੇ ਕਬਜ਼ਾ ਕਰ ਕੇ ਵੱਖਰਾ ਰਾਜ ਕਾਇਮ ਕਰ ਲਿਆ ਤੇ ਸ਼ਹਿਰ ਦੀ ਤਰੱਕੀ ਲਈ ਚੰਗੇ ਕੰਮ ਕੀਤੇ (ਹਮੀਰ ਸਿੰਘ ਤੋਂ ਹੀ ਫ਼ਰੀਦਕੋਟ ਦਾ ਘਰਾਣਾ ਚਲਦਾ ਹੈ) ਉਸ ਦੇ ਵੱਡੇ ਲੜਕੇ ਦਲ ਸਿੰਘ ਨੇ ਪਿਤਾ ਵਿਰੁੱਧ ਬਗ਼ਾਵਤ ਕਰ ਦਿੱਤੀ। ਹਮੀਰ ਸਿੰਘ ਨੇ ਢੁੱਡੀਕੇ, ਮਲੋਹ ਆਦਿ ਤਿੰਨ ਪਿੰਡ ਦੇ ਕੇ ਉਸ ਨੂੰ ਵੱਖਰਾ ਕਰ ਦਿੱਤਾ।
ਸੰਨ 1782 ਵਿਚ ਹਮੀਰ ਸਿੰਘ ਦੀ ਮੌਤ ਉਪਰੰਤ ਉਸ ਦਾ ਛੋਟਾ ਲੜਕਾ ਮੋਹਰ ਸਿੰਘ ਸਰਦਾਰ ਬਣਿਆ। ਉਹ ਗੱਦੀ ਤੇ ਬੈਠਣ ਤੋਂ ਕੁਝ ਸਮੇਂ ਪਿੱਛੋਂ ਐਸ਼ਪ੍ਰਸਤੀ ਵਿਚ ਪੈ ਗਿਆ। ਉਸ ਨੇ ਆਪਣੀ ਪਹਿਲੀ ਪਤਨੀ (ਰਾਣੀ) ਨੂੰ ਅਣਗੌਲਿਆਂ ਕਰ ਕੇ ਤੇਜੀ ਨਾਮ ਦੀ ਇਕ ਮੁਸਲਮਾਨ ਔਰਤ ਨੂੰ ਆਪਣੀ ਰਖੇਲ ਬਣਾ ਲਿਆ। ਤੇਜੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਭੂਪ ਸਿੰਘ ਰਖਿਆ ਗਿਆ। ਮੋਹਰ ਸਿੰਘ ਆਪਣੀ ਸਮਾਜਕ ਰਸਮਾਂ ਨਾਲ ਵਿਆਹੀ ਰਾਣੀ ਦੇ ਉਦਰ ਤੋਂ ਪੈਦਾ ਹੋਏ ਆਪਣੇ ਵੱਡੇ ਪੁੱਤਰ ਚੜ੍ਹਤ ਸਿੰਘ ਨਾਲੋਂ ਭੂਪੇ ਨੂੰ ਜ਼ਿਆਦਾ ਚੰਗਾ ਸਮਝਦਾ ਸੀ ਤਾਂ ਚੜ੍ਹਤ ਸਿੰਘ ਨੇ ਆਪਣੇ ਹਮਾਇਤੀਆਂ ਦੀ ਮਦਦ ਨਾਲ ਕਿਲੇ ਉੱਪਰ ਕਬਜ਼ਾ ਕਰ ਕੇ ਤੇਜੀ ਅਤੇ ਭੂਪੇ (ਭੂਪ ਸਿੰਘ) ਨੂੰ ਕਤਲ ਕਰ ਦਿੱਤਾ। ਮੋਹਰ ਸਿੰਘ ਇਹ ਖ਼ਬਰ ਸੁਣਕੇ ਕਿਲਾ ਆਜ਼ਾਦ ਕਰਵਾਉਣ ਲਈ ਪਹੁੰਚਿਆ ਪਰ ਹਾਰ ਖਾ ਕੇ ਪੱਕੇ ਪਿੰਡ ਚਲਾ ਗਿਆ। ਚੜ੍ਹਤ ਸਿੰਘ ਨੇ ਮੋਹਰ ਸਿੰਘ ਨੂੰ ਉਥੋਂ ਗ੍ਰਿਫ਼ਤਾਰ ਕਰ ਕੇ ਸ਼ੇਰ ਸਿੰਘ ਵਾਲੇ ਪਿੰਡ ਵਿਚ ਨਜ਼ਰਬੰਦ ਕਰ ਦਿੱਤਾ। ਕੁਝ ਸਮੇਂ ਪਿੱਛੋਂ ਸ. ਤਾਰਾ ਸਿੰਘ ਘੇਬਾ ਨੇ ਵਿਚ ਪੈ ਕੇ ਮੋਹਰ ਸਿੰਘ ਨੂੰ ਆਜ਼ਾਦ ਕਰਵਾਇਆ। ਮੋਹਰ ਸਿੰਘ ਨੇ ਆਪਣਾ ਰਾਜ ਵਾਪਸ ਲੈਣ ਲਈ ਕਈ ਯਤਨ ਕੀਤੇ ਪਰ ਨਾਕਾਮਯਾਬ ਰਿਹਾ। ਇਸ ਗੜਬੜ ਦੇ ਸਮੇਂ ਵਿਚ ਰਿਆਸਤ ਦੇ ਕਈ ਇਲਾਕੇ ਆਂਢ-ਗੁਆਂਢ ਦੇ ਸਰਦਾਰਾਂ ਦੇ ਕਬਜ਼ੇ ਵਿਚ ਚਲੇ ਗਏ। ਸੰਨ 1798 ਵਿਚ ਮੋਹਰ ਸਿੰਘ ਮੌਤ ਹੋ ਗਈ।
ਚੜ੍ਹਤ ਸਿੰਘ ਦੇ ਰਾਜ ਦੀ ਡਾਵਾਂਡੋਲ ਹਾਲਤ ਦਾ ਫ਼ਾਇਦਾ ਉਠਾ ਕੇ 1804 ਈ. ਵਿਚ ਇਕ ਰਾਤ ਨੂੰ ਉਸ ਦੇ ਚਾਚੇ ਦਲ ਸਿੰਘ ਨੇ ਕਿਲੇ ਉੱਪਰ ਹਮਲਾ ਕਰ ਦਿੱਤਾ ਤੇ ਚੜ੍ਹਤ ਸਿੰਘ ਨੂੰ ਮਾਰ ਕੇ ਕਿਲੇ ਉੱਪਰ ਕਬਜ਼ਾ ਕਰ ਲਿਆ। ਉਸ ਦੀ ਪਤਨੀ ਆਪਣੇ ਚਾਰੇ ਪੁੱਤਰਾਂ ਗੁਲਾਬ ਸਿੰਘ, ਪਹਾੜ ਸਿੰਘ, ਸਾਹਿਬ ਸਿੰਘ ਤੇ ਮਹਿਤਾਬ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਸ਼ੇਰ ਸਿੰਘ ਵਾਲੇ ਚਲੀ ਗਈ। (ਕਈ ਇਤਿਹਾਸਕਾਰ ਪਿੰਡ ਦਾ ਨਾਂ ਕੰਮੇਆਣਾ ਲਿਖਦੇ ਹਨ)
ਚੜ੍ਹਤ ਸਿੰਘ ਦੇ ਸਾਲੇ ਫ਼ੌਜਾ ਸਿੰਘ ਨੇ ਚੜ੍ਹਤ ਸਿੰਘ ਦੀ ਮੌਤ ਦੇ ਇਕ ਮਹੀਨੇ ਬਾਅਦ ਦਲ ਸਿੰਘ ਨੂੰ ਮਾਰ ਦਿੱਤਾ ਅਤੇ ਆਪਣੇ ਨਾਬਾਲਗ ਭਾਣਜੇ ਗੁਲਾਬ ਸਿੰਘ ਨੂੰ ਗੱਦੀ ਉੱਤੇ ਬਿਠਾ ਕੇ ਖੁਦ ਉਸ ਦਾ ਵਜ਼ੀਰ ਬਣ ਗਿਆ।
ਸੰਨ 1806-07 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਮੋਹਕਮ ਚੰਦ ਨੇ ਜ਼ੀਰਾ, ਮਾੜੀ, ਕੋਟਕਪੂਰਾ ਤੇ ਮੁਕਤਸਰ ਆਦਿ ਉੱਪਰ ਕਬਜ਼ਾ ਕਰ ਕੇ ਫ਼ਰੀਦਕੋਟ ਨੂੰ ਆ ਘੇਰਿਆ ਅਤੇ ਸੱਤ ਹਜ਼ਾਰ ਰੁਪਏ ਖਿਰਾਜ ਵਸੂਲ ਕੀਤਾ। 26 ਸਤੰਬਰ, 1808 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫ਼ਰੀਦਕੋਟ ਉੱਤੇ ਕਬਜ਼ਾ ਕਰ ਲਿਆ ਤੇ ਗੁਲਾਬ ਸਿੰਘ ਨੂੰ ਗੁਜ਼ਾਰੇ ਲਈ ਸਿਰਫ਼ ਪੰਜ ਪਿੰਡ ਦਿੱਤੇ।
ਸੰਨ 1809 ਵਿਚ ਜਦੋਂ ਲਾਹੌਰ ਦਰਬਾਰ ਅਤੇ ਅੰਗਰੇਜ਼ ਸਰਕਾਰ ਦਰਮਿਆਨ ਅਹਿਦਨਾਮਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਖੇਤਰ ਸਤਲੁਜ ਤੋਂ ਪਰੇ ਪਰੇ ਮੰਨਿਆ ਗਿਆ ਤੇ ਇਸ ਤਰ੍ਹਾਂ ਉਸ ਨੂੰ ਫ਼ਰੀਦਕੋਟ ਖਾਲੀ ਕਰਨਾ ਪਿਆ। ਦੀਵਾਨ ਮੋਹਕਮ ਚੰਦ ਜਿਸ ਨੂੰ ਇਹ ਇਲਾਕਾ ਜਾਗੀਰ ਵਿਚ ਮਿਲਿਆ ਹੋਇਆ ਸੀ, ਨਹੀਂ ਸੀ ਚਾਹੁੰਦਾ ਕਿ ਇਹ ਇਲਾਕਾ ਛੱਡਿਆ ਜਾਵੇ ਪਰ ਸਮਝੌਤੇ ਤੇ ਅਮਲ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਨੇ 1809 ਈ. ਵਿਚ ਫ਼ਰੀਦਕੋਟ ਗੁਲਾਬ ਸਿੰਘ ਨੂੰ ਵਾਪਸ ਕਰ ਦਿੱਤਾ ਤੇ ਅੰਗਰੇਜ਼ ਸਰਕਾਰ ਨੇ ਉਸ ਦੀ ਰਿਆਸਤ ਨੂੰ ਆਪਣੀ ਰੱਖਿਆ ਵਿਚ ਲੈ ਲਿਆ। 5 ਨਵੰਬਰ, 1826 ਨੂੰ ਸ਼ਿਕਾਰ ਖੇਡ ਰਹੇ ਗੁਲਾਬ ਸਿੰਘ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ।
ਗੁਲਾਬ ਸਿੰਘ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਅਤਰ ਸਿੰਘ ਜੋ ਉਸ ਸਮੇਂ ਚਾਰ ਸਾਲ ਦਾ ਸੀ, ਗੱਦੀ ਤੇ ਬੈਠਾ। ਰਿਆਸਤ ਦਾ ਪ੍ਰਬੰਧ ਅਤਰ ਸਿੰਘ ਦੀ ਮਾਤਾ ਅਤੇ ਫ਼ੌਜਾ ਸਿੰਘ ਦੇ ਹੱਥ ਵਿਚ ਰਿਹਾ। ਸੰਨ 1827 ਵਿਚ ਅਤਰ ਸਿੰਘ ਨੂੰ ਵੀ ਕਿਸੇ ਨੇ ਕਤਲ ਕਰ ਦਿੱਤਾ।
ਅਤਰ ਸਿੰਘ ਦੀ ਮੌਤ ਉਪਰੰਤ ਉਸ ਦਾ ਚਾਚਾ ਪਹਾੜ ਸਿੰਘ ਰਈਸ ਬਣਿਆ। ਇਹ ਬੜਾ ਹੁਸ਼ਿਆਰ ਤੇ ਉਦਮੀ ਸੀ। ਇਸ ਨੇ ਰਾਜ ਦੀ ਵਾਗਡੋਰ ਸੰਭਾਲਦੇ ਹੀ ਆਪਣੇ ਇਲਾਕੇ ਵਿਚੋਂ ਜੰਗਲ ਕਟਵਾ ਕੇ ਨਵੇਂ ਪਿੰਡ ਆਬਾਦ ਕੀਤੇ ਅਤੇ ਰਿਆਸਤ ਦੀ ਆਮਦਨ ਵਿਚ ਵਾਧਾ ਕੀਤਾ। ਪਹਾੜ ਸਿੰਘ ਦੀ ਚੜ੍ਹਤ ਵੇਖ ਕੇ ਇਸ ਦਾ ਛੋਟਾ ਭਰਾ ਸਾਹਿਬ ਸਿੰਘ ਲੜਾਈ ਝਗੜੇ ਛੇੜ ਕੇ ਇਸ ਨੂੰ ਪ੍ਰੇਸ਼ਾਨ ਕਰਨ ਲੱਗਾ। ਪਹਾੜ ਸਿੰਘ ਨੇ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ ਪਰ ਅੰਗਰੇਜ਼ ਸਰਕਾਰ ਨੇ ਇਨਕਾਰ ਕਰ ਦਿੱਤਾ। ਅਖ਼ੀਰ ਪਹਾੜ ਸਿੰਘ ਦਾ ਇਹ ਮਸਲਾ ਆਪਣੇ ਆਪ ਹੀ ਹੱਲ ਹੋ ਗਿਆ ਜਦੋਂ ਸਾਹਿਬ ਸਿੰਘ ਨੂੰ ਉਸ ਦੀ ਪਤਨੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਤੇ 15 ਦਿਨਾਂ ਪਿੱਛੋਂ ਪਹਾੜ ਸਿੰਘ ਨਾਲ ਵਿਆਹ ਕਰਵਾ ਲਿਆ। ਸਾਹਿਬ ਸਿੰਘ ਦੀ ਮੌਤ ਪਿਛੋਂ ਪਹਾੜ ਸਿੰਘ ਨੂੰ ਰਾਜ-ਪ੍ਰਬੰਧ ਦੇ ਮਾਮਲੇ ਵਿਚ ਕੋਈ ਖਾਸ ਔਕੜ ਪੇਸ਼ ਨਹੀਂ ਆਈ।
ਸੰਨ 1845 ਵਿਚ ਅੰਗਰੇਜ਼ ਸਰਕਾਰ ਅਤੇ ਲਾਹੌਰ ਦਰਬਾਰ ਦਰਮਿਆਨ ਹੋਈ ਜੰਗ ਵਿਚ ਪਹਾੜ ਸਿੰਘ ਨੇ ਅੰਗਰੇਜ਼ਾਂ ਦੀ ਬਹੁਪੱਖੀ ਮਦਦ ਕੀਤੀ। ਫੇਰੂ ਸ਼ਹਿਰ ਦੀ ਲੜਾਈ ਵਿਚ ਹਾਰ ਖਾ ਕੇ ਜਦ ਅੰਗਰੇਜ਼ੀ ਫ਼ੌਜਾਂ ਮੈਦਾਨ ਛੱਡ ਕੇ ਪਿੱਛੇ ਵੱਲ ਨੱਸੀਆਂ ਜਾ ਰਹੀਆਂ ਸਨ ਅਤੇ ਦੂਜੇ ਪਾਸੇ ਲਾਹੌਰ ਦਰਬਾਰ ਦੀ ਫ਼ੌਜ ਦੇ ਜਰਨੈਲ ਸਿੰਘ ਲਾਲ ਸਿੰਘ ਤੇ ਤੇਜ ਸਿੰਘ ਵੀ ਵਿਸਾਹਘਾਤ ਕਰ ਕੇ ਖਾਲਸਾ ਫ਼ੌਜ ਨੂੰ ਮੈਦਾਨ ਵਿਚੋਂ ਨਸਾ ਕੇ ਲੈ ਗਏ ਸਨ ਤਾਂ ਪਹਾੜ ਸਿੰਘ ਨੇ ਮੈਦਾਨ ਖਾਲੀ ਪਿਆ ਵੇਖ ਕੇ ਆਪਣਾ ਘੋੜਾ ਭਜਾਇਆ ਅਤੇ ਅੰਗਰੇਜ਼ੀ ਲਸ਼ਕਰ ਨੂੰ ਮੋੜ ਕੇ ਇਸ ਖਾਲੀ ਪਏ ਮੈਦਾਨ ਉੱਤੇ ਕਬਜ਼ਾ ਕਰਵਾ ਦਿੱਤਾ।
ਲੜਾਈ ਜਿੱਤਣ ਪਿੱਛੋਂ ਅੰਗਰੇਜ਼ ਸਰਕਾਰ ਨੇ ਪਹਾੜ ਸਿੰਘ ਦੀ ਇਸ ਜੰਗ ਵਿਚ ਦਿੱਤੀ ਸਹਾਇਤਾ ਨੂੰ ਮੁੱਖ ਰੱਖ ਕੇ ਉਸ ਨੂੰ ਸੰਨ 1846 ਵਿਚ 35,612 ਰੁਪਏ ਸਾਲਾਨਾ ਆਮਦਨ ਦਾ ਅੱਧਾ ਇਲਾਕਾ ਪਖੋਵਾਲ (ਜੋ ਰਿਆਸਤ ਨਾਭਾ ਦਾ ਜ਼ਬਤ ਕੀਤਾ ਗਿਆ ਸੀ) ਦਾ ਤੇ 5000 ਰੁਪਏ ਆਮਦਨੀ ਦਾ ਇਲਾਕਾ ਕੋਟਕਪੂਰਾ ਦੇ ਕੇ ਰਾਜੇ ਦਾ ਖ਼ਿਤਾਬ ਦਿੱਤਾ। ਇਸ ਤੋਂ ਇਲਾਵਾ ਇਸ ਨੂੰ 2000 ਰੁਪਏ ਸਾਲਾਨਾ ਅੰਗਰੇਜ਼ ਸਰਕਾਰ ਵੱਲੋਂ ਮਿਲਿਆ। ਇਸ ਦੇ ਸ਼ਾਸਨ ਵਿਚ ਰਿਆਸਤ ਨੇ ਕਾਫ਼ੀ ਤਰੱਕੀ ਕੀਤੀ। ਅਪਰੈਲ, 1849 ਵਿਚ ਇਹ ਚਲਾਣਾ ਕਰ ਗਿਆ।
ਰਾਜਾ ਪਹਾੜ ਸਿੰਘ ਦੀ ਮੌਤ ਉਪਰੰਤ ਉਸ ਦਾ ਇਕਲੌਤਾ ਲੜਕਾ ਵਜ਼ੀਰ ਸਿੰਘ (ਜਨਮ 1811) ਜੋ ਉਸ ਸਮੇਂ 21 ਸਾਲ ਦਾ ਸੀ, ਗੱਦੀ ਦਾ ਵਾਰਸ ਬਣਿਆ। ਪਹਾੜ ਸਿੰਘ ਨੇ ਆਪਣੇ ਸ਼ਾਸਨ ਕਾਲ ਸਮੇਂ ਹੀ 'ਕੰਵਰ' ਨੂੰ ਰਿਆਸਤ ਦੇ ਕੰਮ-ਕਾਜ ਤੋਂ ਜਾਣੂ ਕਰਾ ਦਿੱਤਾ ਸੀ। ਪੰਜਾਬੀ ਭਾਸ਼ਾ, ਗੁਰਬਾਣੀ ਤੇ ਗੁਰੂ ਵਿਦਿਆ ਵਿਚ ਪ੍ਰਪੱਕ ਹੋਣ ਕਰ ਕੇ ਇਸ ਨੂੰ ਰਾਜ-ਪ੍ਰਬੰਧ ਦੇ ਕੰਮਾਂ ਵਿਚ ਲਗਾਇਆ। ਕਈ ਵੱਡੇ ਵੱਡੇ ਰਾਜਸੀ ਕੰਮ ਇਸ ਦੇ ਸਪੁਰਦ ਕੀਤੇ ਗਏ। ਰਾਜ ਪ੍ਰਬੰਧ ਦੇ ਸਭ ਪਹਿਲੂਆਂ ਤੋਂ ਪਹਿਲਾਂ ਹੀ ਜਾਣੂ ਹੋਣ ਕਾਰਨ ਇਸ ਨੂੰ ਸ਼ਾਸਨ ਵਧੀਆ ਢੰਗ ਨਾਲ ਚਲਾਉਣ ਵਿਚ ਸਹਾਇਤਾ ਮਿਲੀ।
ਰਾਜਾ ਵਜ਼ੀਰ ਸਿੰਘ ਨੇ 1849 ਈ. ਦੀ ਐਂਗਲੋ-ਸਿੱਖ ਲੜਾਈ ਸਮੇਂ ਅੰਗਰੇਜ਼ ਸਰਕਾਰ ਦੀ ਤਨੋ ਮਨੋ ਮਦਦ ਕੀਤੀ ਜਿਸ ਦੇ ਇਵਜ਼ ਵਜੋਂ ਅੰਗਰੇਜ਼ਾਂ ਵੱਲੋਂ 'ਬੈਰਾੜ ਬੰਸ ਰਾਜਾ ਸਾਹਿਬ ਬਹਾਦਰ' ਦਾ ਖ਼ਿਤਾਬ ਮਿਲਿਆ ਅਤੇ ਗਿਆਰਾਂ ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਨੇ ਰਿਆਸਤ ਦੇ ਪਿੰਡਾਂ ਨੂੰ ਫ਼ਰੀਦਕੋਟ, ਦੀਪ ਸਿੰਘ ਵਾਲਾ, ਕੋਟਕਪੂਰਾ ਅਤੇ ਭਗਤਾ, ਚਾਰ ਪਰਗਣਿਆਂ ਵਿਚ ਵੰਡਿਆ ਅਤੇ ਫ਼ਰੀਦਕੋਟ ਅਤੇ ਕੋਟਕਪੂਰਾ ਤਹਿਸੀਲਾਂ ਕਾਇਮ ਕੀਤੀਆਂ। ਹਰ ਇਕ ਪਰਗਣੇ ਵਿਚ ਥਾਣਾ ਬਣਵਾਇਆ। ਰਿਆਸਤ ਦੀ ਜ਼ਮੀਨ ਦੀ ਪੈਮਾਇਸ਼ ਕਰਵਾਈ ਅਤੇ ਰਿਆਸਤ ਦਾ ਬੰਦੋਬਸਤ ਕਰਵਾਇਆ। ਇਸ ਤੋਂ ਪਹਿਲਾਂ ਪਹਾੜ ਸਿੰਘ ਦੇ ਸਮੇਂ ਇਕ ਪੈਮਾਇਸ਼ ਹੋਈ ਸੀ ਜਿਸ ਨੂੰ ਘੋੜੇ ਤੇ ਚੜ੍ਹ ਕੇ ਕੀਤੀ ਹੋਈ ਕਾਰਨ ਘੋੜੇ-ਕਸ਼ ਕਿਹਾ ਜਾਂਦਾ ਸੀ। ਰਾਜਾ ਵਜ਼ੀਰ ਸਿੰਘ ਨੇ ਰਿਆਸਤ ਵਿਚ ਪਹਿਲੀ ਵਾਰ ਡਾਕਖ਼ਾਨਾ ਖੋਲ੍ਹਿਆ। ਕਚਹਿਰੀ ਦੀ ਫੀਸ ਦਸ ਰੁਪਏ ਤੋਂ ਘਟਾ ਕੇ ਸਾਢੇ ਸੱਤ ਰੁਪਏ ਕੀਤੀ ਗਈ। ਉਸ ਨੇ ਖੁਦ ਕਚਹਿਰੀ ਲਾਉਣੀ ਸ਼ੁਰੂ ਕੀਤੀ। ਸੰਨ 1861 ਵਿਚ ਫ਼ਰੀਦਕੋਟ ਦੇ ਬਾਜ਼ਾਰ ਤਿਆਰ ਕਰਵਾਏ। ਫ਼ੌਜ ਦੀ ਸਿਖਲਾਈ ਅਤੇ ਕੰਪਨੀਆਂ ਦੀ ਵੰਡ ਸ਼ੁਰੂ ਕੀਤੀ। ਰਾਜ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆਂਦਾ। 11 ਮਾਰਚ, 1862 ਨੂੰ ਉਸ ਨੂੰ ਮੁਤਬੰਨਾ ਬਣਾਉਣ ਦੀ ਸਨਦ ਪ੍ਰਾਪਤ ਹੋਈ। ਇਸ ਨੇ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਅਤੇ ਪੂਰਨ ਗੁਰਸਿੱਖੀ ਧਾਰਨ ਕੀਤੀ। ਅਪ੍ਰੈਲ, 1874 ਵਿਚ ਇਸ ਦਾ ਦੇਹਾਂਤ ਹੋ ਗਿਆ।
ਰਾਜਾ ਵਜ਼ੀਰ ਸਿੰਘ ਦੀ ਮੌਤ ਉਪਰੰਤ 1841 ਈ. ਵਿਚ ਪੈਦਾ ਹੋਇਆ ਉਸ ਦਾ ਪੁੱਤਰ ਬਿਕਰਮ ਸਿੰਘ ਗੱਦੀ ਤੇ ਬੈਠਾ। ਗੱਦੀ ਤੇ ਬੈਠਣ ਸਮੇਂ ਉਸ ਦੀ ਉਮਰ 32 ਸਾਲ ਸੀ।
ਪਹਿਲਾਂ ਫ਼ਰੀਦਕੋਟ ਦੇ ਲੋਕ ਕਿਲੇ ਦੇ ਅੰਦਰ ਹੀ ਰਹਿੰਦੇ ਸਨ। ਸੰਨ 1837 ਵਿਚ ਕਿਲੇ ਦੇ ਬਾਹਰ ਸ਼ਹਿਰ ਵਸਾਉਣਾ ਸ਼ੁਰੂ ਹੋਇਆ ਸੀ। ਸੰਨ 1885 ਵਿਚ ਰਾਜਾ ਬਿਕਰਮ ਸਿੰਘ ਨੇ ਨਵੀਂ ਯੋਜਨਾ ਅਨੁਸਾਰ ਬਾਜ਼ਾਰ ਬਣਵਾਏ। ਸ਼ਹਿਰ ਵਿਚ ਕਈ ਖ਼ੂਬਸੂਰਤ ਇਮਾਰਤਾਂ ਦੀ ਉਸਾਰੀ ਕਰਵਾਈ ਗਈ। ਕਿਲੇ ਅੰਦਰਲੀਆਂ ਲਗਭਗ ਸਭ ਇਮਾਰਤਾਂ ਇਸੇ ਰਾਜੇ ਦੇ ਸਮੇਂ ਬਣਾਈਆਂ ਗਈਆਂ। ਪਹਿਲੇ ਸਾਰੇ ਰਾਜੇ ਕਿਲੇ ਦੇ ਅੰਦਰ ਹੀ ਰਿਹਾਇਸ਼ ਰਖਦੇ ਸਨ। ਰਾਜਾ ਬਿਕਰਮ ਸਿੰਘ ਨੇ ਆਪਣੇ ਵੱਡੇ ਲੜਕੇ ਬਲਬੀਰ ਸਿੰਘ ਲਈ ਕਿਲੇ ਤੋਂ ਬਾਹਰ ਇਕ ਸੁੰਦਰ ਮਹਿਲ ਬਣਵਾਇਆ ਜੋ ਰਾਜ ਮਹਿਲ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਰਾਜੇ ਨੇ ਸ਼ਹਿਰ ਨੂੰ ਦਿਲਕਸ਼ ਬਣਾਉਣ ਲਈ ਕਈ ਬਾਗ਼ ਲਗਵਾਏ। ਸੰਨ 1875 ਵਿਚ ਵਿਦਿਆ ਪ੍ਰਾਪਤੀ ਲਈ ਸਕੂਲ ਤੇ ਰੋਗੀਆਂ ਲਈ ਦਵਾਖ਼ਾਨੇ ਖੋਲ੍ਹੇ ਗਏ। ਧਰਮਸ਼ਾਲਾ ਤੇ ਮਹਿਮਾਨ ਘਰ (ਗੈਸਟ ਹਾਊਸ) ਤਿਆਰ ਕਰਵਾਏ ਅਤੇ ਸੜਕਾਂ ਕਢਵਾਈਆਂ। ਸੰਨ 1884 ਵਿਚ ਰੇਲਵੇ ਲਾਈਨ ਨਿਕਲੀ ਅਤੇ ਪਸ਼ੂ ਮੰਡੀ ਵੀ ਇਸੇ ਦੇ ਸਮੇਂ ਵਿਚ ਹੀ ਸ਼ੁਰੂ ਹੋਈ।
ਇਸ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਵਾ ਕੇ ਇਕ ਵੱਡੀ ਸੇਵਾ ਕੀਤੀ। ਇਹ ਟੀਕਾ ਫ਼ਰੀਦਕੋਟੀ ਟੀਕੇ ਦੇ ਨਾਂ ਨਾਲ ਪ੍ਰਸਿੱਧ ਹੈ। ਭਾਈ ਬਦਨ ਸਿੰਘ ਸੇਖਵਾਂ ਵਾਲਿਆਂ ਨੇ 1877 ਈ. ਵਿਚ ਕੰਮ ਆਰੰਭ ਕਰ ਕੇ ਪੰਜ ਸਾਲ ਦੀ ਅਣਥੱਕ ਮਿਹਨਤ ਪਿੱਛੋਂ ਇਹ ਟੀਕਾ ਤਿਆਰ ਕੀਤਾ ਤੇ ਖਰੜੇ ਨੂੰ ਸੋਧਣ ਅਤੇ ਪਰਵਾਨਗੀ ਦੇਣ ਲਈ ਬਾਬਾ ਸੁਮੇਰ ਸਿੰਘ, ਮਹੰਤ ਤਖ਼ਤ ਪਟਨਾ ਸਾਹਿਬ ਦੀ ਪ੍ਰਧਾਨਗੀ ਵਿਚ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਗਈ। ਇਸ ਕਮੇਟੀ ਵੱਲੋਂ ਸੁਧਾਈ ਅਤੇ ਪਰਵਾਨਗੀ ਉਪਰੰਤ ਰਾਜਾ ਸਾਹਿਬ ਨੇ ਬੇਅੰਤ ਮਾਇਆ ਖ਼ਰਚ ਕੇ ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ ਤੋਂ ਇਹ ਟੀਕਾ ਛਪਵਾਇਆ।
ਉਸ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ 25,000 ਰੁਪਏ ਭੇਟਾ ਕਰ ਕੇ ਪਹਿਲੀ ਵਾਰੀ ਬਿਜਲੀ ਲਗਵਾਉਣ ਦੀ ਸੇਵਾ ਕੀਤੀ ਅਤੇ ਗੁਰੂ ਕੇ ਲੰਗਰ ਦੀ ਇਮਾਰਤ ਲਈ 75,000 ਰੁਪਏ ਚੜ੍ਹਾਵਾ ਚੜ੍ਹਾਇਆ।
ਅੰਗਰੇਜ਼ ਸਰਕਾਰ ਪ੍ਰਤੀ ਇਸ ਦੀ ਨੀਤੀ ਆਪਣੇ ਵੱਡੇ ਵਡੇਰਿਆਂ ਵਾਲੀ ਹੀ ਰਹੀ। ਇਸ ਨੇ ਦੂਜੀ ਅਫ਼ਗਾਨ ਜੰਗ ਵਿਚ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਅਤੇ 'ਫਰਜ਼ੰਦੇ ਸਆਦਤ ਨਿਸ਼ਾਨ ਹਜ਼ਰਤੇ ਕੇਸਰ-ਏ-ਹਿੰਦ' ਦਾ ਖ਼ਿਤਾਬ ਪ੍ਰਾਪਤ ਕੀਤਾ। 8 ਅਗਸਤ, 1898 ਨੂੰ ਇਸ ਦਾ ਦੇਹਾਂਤ ਹੋ ਗਿਆ।
16 ਦਸੰਬਰ, 1898 ਨੂੰ ਰਾਜਾ ਬਿਕਰਮ ਸਿੰਘ ਦਾ ਪੁੱਤਰ ਬਲਬੀਰ ਸਿੰਘ ਗੱਦੀ ਉੱਤੇ ਬੈਠਾ (ਜਨਮ 1869)। ਇਹ ਬਹੁਤ ਸੁੰਦਰ, ਕੱਦਾਵਾਰ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ।
ਇਸ ਨੇ ਛਾਉਣੀ, ਘੰਟਾ ਘਰ, ਦਰਬਾਰ ਗੰਜ, ਬੀੜ ਵਾਲੀ ਕੋਠੀ, ਫ਼ੇਅਰੀ ਕਾਟੇਜ, ਅਰਾਇਸ਼ ਗੰਜ ਅਤੇ ਸਟੇਸ਼ਨ ਦੇ ਸਾਹਮਣੇ ਵਾਲੀ ਕੋਠੀ ਦੀ ਉਸਾਰੀ ਕਰਵਾਈ। ਇਨ੍ਹਾਂ ਇਮਾਰਤਾਂ ਵਿਚੋਂ ਬਹੁਤੀਆਂ ਦੇ ਨਕਸ਼ੇ ਇਸ ਨੇ ਖ਼ੁਦ ਹੀ ਤਿਆਰ ਕੀਤੇ। ਇਸ ਨੇ ਮਿਡਲ ਸਕੂਲ ਦਾ ਦਰਜਾ ਵਧਾ ਕੇ ਅਪਰੈਲ, 1901 ਵਿਚ ਐਂਗਲੋ ਵਰਨੈਕੁਲਰ ਹਾਈ ਸਕੂਲ ਕੀਤਾ। ਇਸ ਨੇ ਰਿਆਸਤ ਦੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਜਾਣਨ ਅਤੇ ਦੂਰ ਕਰਨ ਦੇ ਆਸ਼ੇ ਨਾਲ ਰਿਆਸਤ ਦਾ ਦੌਰਾ ਕੀਤਾ। ਇਸ ਦੌਰੇ ਪਿੱਛੋਂ ਉਸ ਨੇ ਆਪਣੇ ਅਨੁਭਵ 'ਏਕ ਰਾਜਾ ਔਰ ਉਸ ਕਾ ਦੌਰਾ' (ਉਰਦੂ) ਨਾਮੀ ਪੁਸਤਕ ਵਿਚ ਦਰਜ ਕੀਤੇ। ਇਹ ਪੜ੍ਹਨ ਲਿਖਣ ਦਾ ਸ਼ੌਕੀਨ ਅਤੇ ਸਾਹਿਤਕ ਰੁਚੀਆਂ ਦਾ ਮਾਲਕ ਸੀ। ਇਸ ਨੇ ਰਿਆਸਤ ਵਿਚ (ਸਭ ਤੋਂ ਪਹਿਲਾਂ) ਇਕ ਵੱਡੀ ਲਾਇਬ੍ਰੇਰੀ ਬਣਵਾਈ ਜਿਸ ਦਾ ਨਾਂ ਬਲਬੀਰ ਲਾਇਬ੍ਰੇਰੀ ਰੱਖਿਆ ਗਿਆ। ਰਿਆਸਤ ਵਿਚ ਪਹਿਲਾ ਛਾਪਾਖ਼ਾਨਾ ਬਲਬੀਰ ਪ੍ਰੈਸ ਵੀ ਇਸੇ ਦੇ ਸਮੇਂ ਵਿਚ ਹੀ ਲਾਇਆ ਗਿਆ। ਰਿਆਸਤ ਦਾ ਪਹਿਲਾ ਇਤਿਹਾਸ 'ਆਇਨਾ-ਏ-ਬਰਾੜ ਬੰਸ' ਵੀ ਇਸੇ ਦੇ ਰਾਜਕਾਲ ਵਿਚ ਹੀ ਲਿਖਿਆ ਗਿਆ। ਇਸ ਨੇ ਕਈ ਪੁਸਤਕਾਂ ਸੰਪਾਦਤ ਕਰ ਕੇ ਛਪਵਾਈਆਂ। ਸੰਨ 1906 ਵਿਚ 37 ਸਾਲ ਦੀ ਭਰ ਜੋਬਨ ਦੀ ਉਮਰੇ ਇਸ ਦਾ ਦੇਹਾਂਤ ਹੋ ਗਿਆ।
ਰਾਜਾ ਬਲਬੀਰ ਸਿੰਘ ਬੇਔਲਾਦ ਸੀ। ਉਸ ਨੇ ਆਪਣੇ ਛੋਟੇ ਭਰਾ ਕੰਵਰ ਗਜਿੰਦਰ ਸਿੰਘ ਦੇ ਲੜਕੇ ਟਿੱਕਾ ਬ੍ਰਿਜਿੰਦਰ ਸਿੰਘ (ਜਨਮ 1896) ਨੂੰ ਮੁਤਬੰਨਾ ਬਣਾਇਆ ਹੋਇਆ ਸੀ। ਰਾਜਾ ਬਲਬੀਰ ਸਿੰਘ ਦੇ ਸਵਰਗ ਸਿਧਾਰ ਜਾਣ ਉਪਰੰਤ ਬ੍ਰਿਜਿੰਦਰ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ। ਉਸ ਸਮੇਂ ਬ੍ਰਿਜਿੰਦਰ ਸਿੰਘ ਦੀ ਉਮਰ ਦਸ ਸਾਲ ਸੀ। ਇਸ ਲਈ ਸ਼ਾਸਨ ਦਾ ਪ੍ਰਬੰਧ ਇਕ ਕੌਂਸਲ ਦੇ ਹਵਾਲੇ ਕੀਤਾ ਗਿਆ। ਕੌਂਸਲ ਦੇ ਸਮੇਂ ਵਿਚ ਅਸਤਬਲ, ਰਾਣੀ ਸੂਰਜ ਕੌਰ ਜ਼ਨਾਨਾ ਹਸਪਤਾਲ, ਬ੍ਰਿਜਿੰਦਰਾ ਹਾਈ ਸਕੂਲ ਅਤੇ ਬੋਰਡਿੰਗ ਹਾਊਸ(ਇਹ ਸਕੂਲ ਹੁਣ ਸਰਕਾਰੀ ਬ੍ਰਿਜਿੰਦਰਾ ਕਾਲਜ ਵਜੋਂ ਵਿਦਿਆ ਦੇ ਖੇਤਰ ਵਿਚ ਅਹਿਮ ਹਿੱਸਾ ਪਾ ਰਿਹਾ ਹੈ)ਨਵਾਂ ਗੈਸਟ ਹਾਊਸ(ਮਹਿਮਾਨ ਘਰ) ਡਿਸਟਿਲਰੀ ਕੋਟਕਪੂਰਾ, ਸਕੂਲ, ਥਾਣਾ ਤੇ ਡੇਨ ਗਰੇਨਰੀਜ਼ ਆਦਿ ਇਮਾਰਤਾਂ ਦੀ ਉਸਾਰੀ ਕਰਵਾਈ ਗਈ।
ਨਵੰਬਰ, 1916 ਵਿਚ ਬ੍ਰਿਜਿੰਦਰ ਸਿੰਘ ਨੂੰ ਸ਼ਾਸਨ ਪ੍ਰਬੰਧ ਦੇ ਪੂਰੇ ਅਧਿਕਾਰ ਪ੍ਰਾਪਤ ਹੋਏ। ਇਸ ਨੇ 1914 ਈ. ਦੇ ਪਹਿਲੇ ਵਿਸ਼ਵ ਯੁੱਧ ਵਿਚ ਧਨ, ਜਵਾਨ ਅਤੇ ਘੋੜੇ ਆਦਿ ਭੇਜ ਕੇ ਬ੍ਰਿਟਿਸ਼ ਹਕੂਮਤ ਦੀ ਸਹਾਇਤਾ ਕੀਤੀ ਅਤੇ ਇਸ ਤੋਂ ਖੁਸ਼ ਹੋ ਕੇ 1918 ਵਿਚ ਅੰਗਰੇਜ਼ਾਂ ਨੇ ਇਸ ਨੂੰ ਮੇਜਰ ਦਾ ਰੈਂਕ ਅਤੇ ਮਹਾਰਾਜੇ ਦਾ ਖਿਤਾਬ ਦਿੱਤਾ। ਇਹ ਸਿਰਫ਼ ਦੋ ਸਾਲਾਂ ਦਾ ਥੋੜ੍ਹਾ ਜਿਹਾ ਸਮਾਂ ਰਾਜ ਕਰਨ ਉਪਰੰਤ 22 ਦਸੰਬਰ, 1918 ਨੂੰ ਬਾਈ ਸਾਲਾਂ ਦੀ ਛੋਟੀ ਜਿਹੀ ਉਮਰੇ ਹੀ ਚਲਾਣਾ ਕਰ ਗਿਆ।
ਮਹਾਰਾਜਾ ਬ੍ਰਿਜਿੰਦਰ ਸਿੰਘ ਤੋਂ ਬਾਅਦ ਉਸ ਦਾ ਲੜਕਾ ਹਰਿੰਦਰ ਸਿੰਘ (ਜਨਮ 29 ਜਨਵਰੀ, 1915) ਕੇਵਲ 3 ਸਾਲ ਦੀ ਉਮਰ ਵਿਚ ਗੱਦੀ ਤੇ ਬੈਠਾ। ਨਾਬਾਲਗ ਹੋਣ ਕਾਰਨ ਰਾਜ-ਪ੍ਰਬੰਧ ਕੌਂਸਲ ਦੇ ਹੱਥ ਵਿਚ ਰਿਹਾ।
ਇਸ ਦੌਰ ਵਿਚ ਰਿਆਸਤ ਨੇ ਕਾਫ਼ੀ ਤਰੱਕੀ ਕੀਤੀ। 25,000 ਰੁਪਏ ਖਰਚ ਕਰ ਕੇ ਸ਼ਹਿਰ ਵਿਚ ਪੱਕੀਆਂ ਨਾਲੀਆਂ ਬਣਵਾਈਆਂ ਗਈਆਂ। ਫ਼ਰੀਦਕੋਟ ਅਤੇ ਕੋਟਕਪੂਰਾ ਵਿਖੇ ਸਰਕਾਰੀ ਹਸਪਤਾਲ ਖੋਲ੍ਹੇ ਗਏ। ਫ਼ਰੀਦਕੋਟ ਵਿਚ ਹਰਿੰਦਰਾ ਹਸਪਤਾਲ ਦੋ ਲੱਖ ਰੁਪਏ ਖਰਚ ਕਰ ਕੇ ਤਿਆਰ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਟੀਕਾ ਰਾਜਾ ਬਿਕਰਮ ਸਿੰਘ ਨੇ ਤਿਆਰ ਕਰਵਾਇਆ ਸੀ, ਉਸ ਦੀ ਪਹਿਲੀ ਐਡੀਸ਼ਨ ਖਤਮ ਹੋ ਚੁੱਕੀ ਸੀ, ਕੌਂਸਲ ਨੇ 75,000 ਰੁਪਏ ਖਰਚ ਕਰ ਕੇ ਉਸ ਦੀ ਦੂਸਰੀ ਐਡੀਸ਼ਨ ਛਪਵਾਈ।
ਕੌਂਸਲ ਦੇ ਸਮੇਂ ਵਿਚ ਰਿਆਸਤ ਦਾ ਸਿੱਖਿਆ ਪ੍ਰਬੰਧ ਕਾਫ਼ੀ ਵਧਿਆ ਫੁਲਿਆ। ਇਸ ਸਮੇਂ ਮਿਡਲ ਸਕੂਲ (ਜਿਨ੍ਹਾਂ ਵਿਚ ਇਕ ਗਰਲਜ਼ ਸਕੂਲ ਵੀ ਸੀ), ਇਕ ਲੋਅਰ ਮਿਡਲ ਸਕੂਲ ਅਤੇ 47 ਪ੍ਰਾਇਮਰੀ ਸਕੂਲ ਸਨ। ਪ੍ਰਾਇਮਰੀ ਤਕ ਵਿਦਿਆ ਮੁਫ਼ਤ ਸੀ। ਸੰਨ 1922 ਵਿਚ ਰਿਆਸਤ ਨੂੰ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਦੇ ਪੂਰੇ ਅਖ਼ਤਿਆਰ ਮਿਲੇ।
ਮਹਾਰਾਜਾ ਹਰਿੰਦਰ ਸਿੰਘ ਨੇ 1934 ਈ. ਵਿਚ ਰਾਜ-ਗੱਦੀ ਦੇ ਪੂਰੇ ਅਧਿਕਾਰ ਪ੍ਰਾਪਤ ਕੀਤੇ। ਇਸ ਦੇ ਸਮੇਂ ਰਿਆਸਤ ਵਿਚ ਕਾਫ਼ੀ ਤਰੱਕੀ ਹੋਈ। ਇਸ ਨੇ ਸਕੱਤਰੇਤ, ਵਿਕਟਰੀ ਸਟੇਡੀਅਮ (ਹੁਣ ਨਹਿਰੂ ਸਟੇਡੀਅਮ), ਨਵੀਂ ਜੇਲ੍ਹ, ਸਰਕਾਰੀ ਧਰਮਸ਼ਾਲਾ ਆਦਿ ਸੁੰਦਰ ਇਮਾਰਤਾਂ ਬਣਵਾਈਆਂ। ਇਸ ਨੇ ਰਿਆਸਤ ਵਿਚ ਵਿਦਿਆ ਦੇ ਪਾਸਾਰ ਵੱਲ ਵਿਸ਼ੇਸ਼ ਧਿਆਨ ਦਿੱਤਾ। ਸੰਨ 1942 ਵਿਚ ਬ੍ਰਿਜਿੰਦਰਾ ਹਾਈ ਸਕੂਲ ਨੂੰ ਬ੍ਰਿਜਿੰਦਰਾ ਕਾਲਜ ਬਣਵਾਇਆ ਤੇ ਹਾਈ ਸਕੂਲ ਦਾ ਨਾਂ ਬਲਬੀਰ ਹਾਈ ਸਕੂਲ ਰੱਖਿਆ ਗਿਆ। ਸੰਨ 1945 ਵਿਚ ਰਿਆਸਤ ਵਿਚ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਥੁੜ੍ਹ ਨੂੰ ਮਹਿਸੂਸ ਕਰ ਕੇ ਬ੍ਰਿਜਿੰਦਰਾ ਕਾਲਜ ਵਿਚ ਹੀ ਬੀ.ਟੀ. ਦੀ ਕਲਾਸ ਚਾਲੂ ਕੀਤੀ ਗਈ। ਰਾਜਾ ਬਿਕਰਮ ਸਿੰਘ ਦੇ ਨਾਂ ਉੱਤੇ ਬਿਕਰਮ ਕਾਲਜ ਆਫ਼ ਕਾਮਰਸ ਚਾਲੂ ਕੀਤਾ ਗਿਆ। (ਇਹ ਕਾਲਜ ਪੈਪਸੂ ਦੇ ਸਮੇਂ ਪਟਿਆਲੇ ਚਲਾ ਗਿਆ) ਜੇ.ਬੀ.ਟੀ. ਅਧਿਆਪਕਾਂ ਦੀ ਸਿਖਲਾਈ ਲਈ ਲੜਕੀਆਂ ਅਤੇ ਲੜਕਿਆਂ ਲਈ ਦੋ ਵੱਖੋ ਵੱਖਰੇ ਸਕੂਲ ਖੋਲ੍ਹੇ ਗਏ।
ਆਪਣੇ ਵਡੇਰਿਆਂ ਦੇ ਰਾਹਾਂ ਤੇ ਚਲਦਿਆਂ ਇਹ ਵੀ ਅੰਗਰੇਜ਼ ਸਰਕਾਰ ਦਾ ਵਫ਼ਾਦਾਰ ਰਿਹਾ ਅਤੇ ਹਕੂਮਤ ਦੀ ਹਰ ਵੇਲੇ ਸਹਾਇਤਾ ਕਰਦਾ ਰਿਹਾ। ਇਸ ਨੂੰ ਬ੍ਰਿਟਿਸ਼ ਹਕੂਮਤ ਵੱਲੋਂ 'ਹਿਜ਼ ਹਾਈਨੈਸ ਫ਼ਰਜ਼ੰਦੇ ਸਆਦਤ ਨਿਸ਼ਾਨ ਹਜ਼ਰਤੇ ਕੇਸਰ-ਏ-ਹਿੰਦ ਬਰਾੜ ਬੰਸ ਰਾਜਾ ਹਰਿੰਦਰ ਸਿੰਘ ਸਾਹਿਬ ਬਹਾਦਰ ਰੂਲਰ ਫ਼ਰੀਦਕੋਟ' ਦਾ ਖ਼ਿਤਾਬ ਦਿੱਤਾ ਗਿਆ। ਇਸ ਨੂੰ ਕਰਨਲ ਦਾ ਰੈਂਕ ਵੀ ਪ੍ਰਦਾਨ ਕੀਤਾ ਗਿਆ।
ਭਾਰਤ ਭਰ ਵਿਚ ਸੁਤੰਤਰਤਾ ਅੰਦੋਲਨ ਚੱਲ ਰਿਹਾ ਸੀ। ਇਹ ਲਹਿਰ ਹੌਲੀ ਹੌਲੀ ਰਿਆਸਤਾਂ ਵਿਚ ਵੀ ਜ਼ੋਰ ਫੜ ਗਈ। ਰਿਆਸਤ ਫ਼ਰੀਦਕੋਟ ਵਿਚ ਪਹਿਲਾ ਅੰਦੋਲਨ 1938 ਈ. ਵਿਚ ਗੁਰਦੁਆਰਾ ਲਹਿਰ ਦੇ ਰੂਪ ਵਿਚ ਸ਼ੁਰੂ ਹੋਇਆ ਜਿਸ ਦਾ ਬਾਨੀ ਜਥੇਦਾਰ ਜੰਗ ਸਿੰਘ ਸੀ। ਕੁਝ ਸਮੇਂ ਉਪਰੰਤ ਅਕਾਲੀ ਦਲ ਨੂੰ ਭੰਗ ਕਰ ਕੇ 'ਪਰਜਾ ਮੰਡਲ' ਦੀ ਨੀਂਹ ਰੱਖੀ ਗਈ ਜਿਸ ਦੇ ਪਹਿਲੇ ਪ੍ਰਧਾਨ ਗਿਆਨੀ ਜ਼ੈਲ ਸਿੰਘ (ਸਾਬਕਾ ਰਾਸ਼ਟਰਪਤੀ ਭਾਰਤ) ਅਤੇ ਸਕੱਤਰ ਗੁਰਬਖ਼ਸ਼ ਸਿੰਘ ਚਾਹਲ ਸੀ।
ਪਰਜਾ ਮੰਡਲ ਦੀ ਅਗਵਾਈ ਵਿਚ ਰਿਆਸਤ ਦੇ ਕਾਸ਼ਤਕਾਰਾਂ ਨੂੰ ਜ਼ਮੀਨ ਦੇ ਆਲ੍ਹਾ ਹੱਕ ਦਿਵਾਉਣ ਲਈ ਅੰਦੋਲਨ ਸ਼ੁਰੂ ਕੀਤਾ ਗਿਆ। ਇਸ ਅੰਦੋਲਨ ਦੌਰਾਨ ਗਿਆਨੀ ਜ਼ੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ। ਇਨ੍ਹਾਂ ਪੰਜਾਂ ਸਾਲਾਂ ਵਿਚ ਹੀ ਲਹਿਰ ਮੱਠੀ ਪੈ ਗਈ। ਗਿਆਨੀ ਜੀ 1943 ਈ. ਵਿਚ ਕੈਦ ਕੱਟ ਕੇ ਬਾਹਰ ਆਏ ਅਤੇ ਅੰਦੋਲਨ ਫ਼ਿਰ ਭਖ ਪਿਆ। ਇਹ ਅੰਦੋਲਨ 1946 ਈ. ਵਿਚ ਉਦੋਂ ਸਿਖ਼ਰ ਤੇ ਪੁੱਜ ਗਿਆ ਜਦੋਂ ਰਿਆਸਤ ਦੇ ਸਾਰੇ ਦੱਬੇ ਕੁਚਲੇ ਲੋਕ ਪਰਜਾ ਮੰਡਲ ਅਤੇ ਗਿਆਨੀ ਜੀ ਦੇ ਨਾਲ ਆ ਖੜ੍ਹੇ ਹੋਏ। ਫ਼ਰੀਦਕੋਟ ਸ਼ਹਿਰ ਵਿਚ ਲਗਾਤਾਰ ਇਕ ਮਹੀਨਾ ਹੜਤਾਲ ਰਹੀ।
ਸੰਨ 1946 ਵਿਚ ਰਿਆਸਤੀ ਪਰਜਾ ਮੰਡਲ ਵੱਲੋਂ ਪੰਡਿਤ ਨਹਿਰੂ ਨੂੰ ਰਿਆਸਤ ਵਿਚ ਆਉਣ ਦਾ ਸੱਦਾ ਦਿੱਤਾ ਗਿਆ। ਮਹਾਰਾਜਾ ਫ਼ਰੀਦਕੋਟ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਫ਼ਰੀਦਕੋਟ ਦਾਖ਼ਲੇ ਉੱਪਰ ਪਾਬੰਦੀ ਲਾ ਦਿੱਤੀ। 27 ਮਈ, 1946 ਨੂੰ ਪੰਡਿਤ ਨਹਿਰੂ ਪਾਬੰਦੀਆਂ ਦੀ ਪਰਵਾਹ ਨਾ ਕਰਦੇ ਹੋਏ ਇਕ ਲੱਖ ਲੋਕਾਂ ਦੀ ਅਗਵਾਈ ਵਿਚ ਫ਼ਰੀਦਕੋਟ ਪਹੁੰਚੇ ਅਤੇ ਇਕ ਨਿੰਮ ਦੇ ਦਰਖ਼ਤ (ਇਹ ਦਰਖਤ ਅਜੇ ਵੀ ਪੁਰਾਣੀ ਅਨਾਜ ਮੰਡੀ ਫ਼ਰੀਦਕੋਟ ਵਿਚ ਸਥਿਤ ਹੈ) ਉੱਪਰ ਕਾਂਗਰਸ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ। ਫ਼ਿਰ ਮਹਾਰਾਜਾ ਫ਼ਰੀਦਕੋਟ ਨੇ ਨਹਿਰੂ ਜੀ ਪਿੱਛੇ ਸਾਰੀ ਰਿਆਸਤੀ ਜਨਤਾ ਨੂੰ ਵੇਖ ਕੇ ਸਮਝੌਤਾ ਕਰ ਲਿਆ ਜਿਸ ਨੂੰ 'ਨਹਿਰੂ ਹਰਿੰਦਰਾ ਪੈਕਟ' ਕਿਹਾ ਜਾਂਦਾ ਹੈ।
ਸੰਨ 1947 ਵਿਚ ਅੰਗਰੇਜ਼ੀ ਸ਼ਾਸਨ ਹੇਠਲੇ ਇਲਾਕੇ ਤਾਂ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਸੁਤੰਤਰ ਹੋ ਗਏ ਸਨ ਰਿਆਸਤਾਂ ਅਜੇ ਕਾਇਮ ਸਨ। ਸੰਨ 1948 ਵਿਚ ਜਦ ਫ਼ਰੀਦਕੋਟ ਦਾ ਮਹਾਰਾਜਾ ਕਿਧਰੇ ਬਾਹਰ ਗਿਆ ਹੋਇਆ ਸੀ ਤਾਂ ਪਰਜਾ ਮੰਡਲ ਦੇ ਕਾਰਕੁਨਾਂ ਨੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿਚ ਰਿਆਸਤ ਦੇ ਆਲ੍ਹਾ ਅਫ਼ਸਰਾਂ ਨੂੰ ਨਾਲ ਮਿਲਾ ਕੇ ਕਿਲੇ ਉੱਪਰ ਕਬਜ਼ਾ ਕਰ ਲਿਆ ਅਤੇ ਗਿਆਨੀ ਜੀ ਨੂੰ ਗਵਰਨਰ ਬਣਾ ਕੇ ਮੁਤਵਾਜ਼ੀ ਸਰਕਾਰ ਕਾਇਮ ਕਰ ਲਈ। ਹੋਰ ਅਹੁਦੇਦਾਰ ਇਸ ਤਰ੍ਹਾਂ ਸਨ- ਸ. ਗੁਰਬਖ਼ਸ਼ ਸਿੰਘ ਚਾਹਲ ਪ੍ਰਧਾਨ ਮੰਤਰੀ, ਸ. ਮੇਹਰ ਸਿੰਘ ਗ੍ਰਹਿ ਮੰਤਰੀ, ਪੰਡਿਤ ਚੇਤਨ ਦੇਵ ਮਾਲ ਮੰਤਰੀ, ਜਥੇਦਾਰ ਜੰਗਾ ਸਿੰਘ ਮਿਲਟਰੀ ਸੈਕਟਰੀ ਅਤੇ ਮਹਾਸ਼ਾ ਅਮਰਨਾਥ ਨੂੰ ਜੁਡੀਸ਼ਲ ਮਹਿਕਮਾ ਦਿੱਤਾ ਗਿਆ। ਜਦੋਂ ਮਹਾਰਾਜੇ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹ ਉਸੇ ਵਕਤ ਵਾਪਸ ਫ਼ਰੀਦਕੋਟ ਪਹੁੰਚਿਆ ਅਤੇ ਬਾਗ਼ੀ ਹੋਏ ਅਫ਼ਸਰਾਂ ਵਿਚੋਂ ਬਹੁਤਿਆਂ ਨੂੰ ਆਪਣੇ ਨਾਲ ਮਿਲਾ ਲਿਆ ਤੇ ਕੁਝ ਕੁ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਮੁਤਵਾਜ਼ੀ ਸਰਕਾਰ ਬਣਾਉਣ ਵਾਲੇ ਨੇਤਾਵਾਂ ਉੱਪਰ ਕਾਫ਼ੀ ਸਖ਼ਤੀ ਕੀਤੀ।
ਸੰਨ 1948 ਵਿਚ ਸਰਦਾਰ ਪਟੇਲ ਦੀ ਯੋਜਨਾ ਅਨੁਸਾਰ ਜਦੋਂ ਰਿਆਸਤਾਂ ਰਾਜਿਆਂ ਤੋਂ ਆਜ਼ਾਦ ਕਰਵਾਈਆਂ ਗਈਆਂ ਤਾਂ ਫ਼ਰੀਦਕੋਟ ਨੂੰ ਪੈਪਸੂ ਵਿਚ ਸ਼ਾਮਲ ਕਰ ਲਿਆ ਗਿਆ। ਮਹਾਰਾਜਾ ਫ਼ਰੀਦਕੋਟ ਦੇ ਖਰਚਿਆਂ ਵਾਸਤੇ 3,81,000 ਰੁਪਏ ਭੱਤਾ ਨੀਯਤ ਹੋਇਆ।
ਰਿਆਸਤ ਫ਼ਰੀਦਕੋਟ ਦਾ ਇਹ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ 1991 ਈ. ਵਿਚ ਫ਼ਰੀਦਕੋਟ ਵਿਖੇ ਹੀ ਸਵਰਗਵਾਸ ਹੋ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-11-32-39, ਹਵਾਲੇ/ਟਿੱਪਣੀਆਂ: ਹ. ਪੁ. -ਸਿ. ਮਿ. -ਸੀਤਲ : 211-220 : ਸਰਵੇ ਪੁਸਤਕ ਫ਼ਰੀਦਕੋਟ- ਭਾ. ਵਿ. ਪੰ. ਮ. ਕੋ
ਫ਼ਰੀਦਕੋਟ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਫ਼ਰੀਦਕੋਟ : (ਜ਼ਿਲ੍ਹਾ– ਇਹ ਜ਼ਿਲ੍ਹਾ ਪੰਜਾਬ ਦੀ ਦੱਖਣ-ਪੱਛਮ ਵਿਚ ਮਾਲਵਾ ਪੱਟੀ ਦਾ ਇਕ ਜ਼ਿਲ੍ਹਾ ਹੈ ਜਿਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੱਛਮ ਵੱਲ ਫ਼ਿਰੋਜ਼ਪੁਰ, ਪੂਰਬ ਵੱਲ ਮੋਗਾ ਅਤੇ ਬਠਿੰਡਾ, ਦੱਖਣ ਵੱਲ ਬਠਿੰਡਾ ਅਤੇ ਮੁਕਤਸਰ ਅਤੇ ਪੱਛਮ ਵੱਲ ਮੁਕਤਸਰ ਜ਼ਿਲ੍ਹਿਆਂ ਨਾਲ ਲਗਦੀਆਂ ਹਨ। ਇਹ ਜ਼ਿਲ੍ਹਾ 7 ਅਗਸਤ, 1972 ਨੂੰ ਬਠਿੰਡਾ ਜ਼ਿਲ੍ਹੇ ਦੀ ਫ਼ਰਦੀਕੋਟ ਤਹਿਸੀਲ ਅਤੇ ਫ਼ਿਰੋਜਪੁਰ ਜ਼ਿਲ੍ਹੇ ਦੀਆਂ ਮੋਗਾ ਅਤੇ ਮੁਕਤਸਰ ਤਹਿਸੀਲਾਂ ਨੂੰ ਮਿਲਾ ਕੇ ਬਣਾਇਆ ਗਿਆ । ਸੰਨ 1996 ਵਿਚ ਇਸ ਜ਼ਿਲ੍ਹੇ ਦੀਆਂ ਦੋ ਤਹਿਸੀਲਾਂ-ਮੋਗਾ ਅਤੇ ਮੁਕਤਸਰ ਨੂੰ ਵੱਖਰੇ ਜ਼ਿਲ੍ਹਿਆਂ ਦਾ ਦਰਜਾ ਦੇ ਕੇ ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਅਜੋਕਾ ਜ਼ਿਲ੍ਹਾ ਇਕੋ ਇਕ ਤਹਿਸੀਲ ਫ਼ਰੀਦਕੋਟ ਤੇ ਆਧਾਰਿਤ ਹੈ ਜਿਸ ਵਿਚ ਕੋਟਕਪੂਰਾ ਅਤੇ ਫ਼ਰੀਦਕੋਟ ਦੋ ਡਿਵੈਲਪਮੈਂਟ ਬਲਾਕ ਹਨ। ਇਸ ਵਿਚ ਤਿੰਨ ਸ਼ਹਿਰ ਅਤੇ 170 ਪਿੰਡ ਸ਼ਾਮਲ ਹਨ। ਇਹ ਜ਼ਿਲ੍ਹਾ 1,453 ਵ. ਕਿ. ਮੀ. ਵਿਚ ਫੈਲਿਆ ਹੋਇਆ ਅਤੇ ਇਥੇ ਦੀ ਆਬਾਦੀ 5,52,466 (2001) ਹੈ। ਇਸੇ ਹੀ ਨਾਂ ਦਾ ਸ਼ਹਿਰ ਇਥੋਂ ਦਾ ਸਦਰ ਮੁਕਾਮ ਹੈ।
ਧਰਾਤਲ ਪੱਖੋਂ ਇਹ ਜ਼ਿਲ੍ਹਾ ਜਲੋਢ ਮੈਦਾਨ ਦੇ ਖੁਸ਼ਕ ਜਿਹੇ ਖੇਤਰ ਵਿਚ ਹੈ। ਇਥੇ ਗਰਮੀਆਂ ਵਿਚ ਅੱਗ ਵਰ੍ਹਾਉਂਦੀਆਂ ਲੂਆਂ ਚਲਦੀਆਂ ਹਨ ਅਤੇ ਸਰਦੀਆਂ ਵਿਚ ਅਤਿ ਦੀ ਠੰਡ ਪੈਂਦੀ ਹੈ। ਇਥੇ ਵਰਖਾ ਬਹੁਤੀ ਨਹੀਂ ਹੁੰਦੀ। ਇਸ ਜ਼ਿਲ੍ਹੇ ਵਿਚੋਂ ਕੋਈ ਵੀ ਦਰਿਆ ਨਹੀਂ ਵਗਦਾ ਪਰ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਰਾਜਸਥਾਨ ਫੀਡਰ ਅਤੇ ਸਰਹਿੰਦ ਫ਼ੀਡਰ ਇਸ ਵਿਚੋਂ ਲੰਘਣ ਵਾਲੀਆਂ ਪ੍ਰਮੁੱਖ ਨਹਿਰਾਂ ਹਨ। ਗੰਦਾ ਨਾਲਾ ਅਤੇ ਛੋਟਾ ਨਾਲਾ ਇਥੋਂ ਦੇ ਦੋ ਪ੍ਰਸਿੱਧ ਬਰਸਾਤੀ ਨਾਲੇ ਹਨ। ਨੀਵੇਂ ਖੇਤਰਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਇਥੇ ਗੋਲੇਵਾਲਾ, ਮੁਦਕੀ, ਲਾਂਗਿਆਨਾ, ਮਾੜੀ ਸਮਾਧ ਭਾਈ ਆਦਿ ਡਰੇਨਾਂ ਹਨ।
ਇਥੋਂ ਦੀ ਆਰਥਿਕਤਾ ਖੇਤੀਬਾੜੀ ਉੱਤੇ ਆਧਾਰਿਤ ਹੈ। ਇੱਥੇ ਕਣਕ ,ਛੋਲੇ, ਸਰ੍ਹੋਂ, ਨਰਮਾ, ਕਪਾਹ, ਚੌਲ, ਮੱਕੀ, ਬਾਜਰਾ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਵਾਹੀਯੋਗ ਭੂਮੀ ਦਾ 3/4 ਹਿੱਸਾ ਨਹਿਰੀ ਪਾਣੀ ਤੇ ਬਾਕੀ ਟਿਊਬਵੈੱਲਾਂ ਰਾਹੀਂ ਸਿੰਜਿਆ ਜਾਂਦਾ ਹੈ। ਖੇਤੀਬਾੜੀ ਤੋਂ ਇਲਾਵਾ ਪਸ਼ੂ-ਪਾਲਣ, ਡੇਅਰੀ ਫ਼ਾਰਮ, ਮੱਛੀ ਪਾਲਣ, ਪਿੱਗ ਫ਼ਾਰਮ ਆਦਿ ਵੀ ਪ੍ਰਮੁੱਖ ਹੈ। ਇਥੋਂ ਦੇ ਉਦਯੋਗ, ਵਧੇਰੇ ਕਰ ਕੇ ਖੇਤੀਬਾੜੀ ਤੋਂ ਪ੍ਰਾਪਤ ਵਸਤਾਂ ਉੱਤੇ ਆਧਾਰਿਤ ਹਨ। ਰੂੰ-ਪਿੰਜਣ, ਕਪਾਹ ਨੂੰ ਨਪੀੜਨ, ਕੱਤਣ ਅਤੇ ਬੁਨਣ ਵਰਗੀਆਂ ਸੱਨਅਤਾਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਤੇਲ ਕੱਢਣ, ਸਾਈਕਲਾਂ ਦੇ ਪੁਰਜ਼ੇ ਬਣਾਉਣ, ਫ਼ਰਨੀਚਰ, ਜੁੱਤੀਆਂ ਬਣਾਉਣ, ਹੱਥ-ਖੱਡੀਆਂ ਆਦਿ ਵਰਗੇ ਲਘੂ-ਉਦਯੋਗ ਵੀ ਪ੍ਰਫੁੱਲਤ ਹਨ। ਕੋਟਕਪੂਰੇ ਦੀ ਢੋਡਾ ਮਠਿਆਈ ਸਾਰੇ ਉੱਤਰੀ ਭਾਰਤ ਵਿਚ ਪ੍ਰਸਿੱਧ ਹੈ।
ਇਸ ਦੇ ਸਦਰ ਮੁਕਾਮ ਤੋਂ ਇਲਾਵਾ ਕੋਟਕਪੂਰੇ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਮਿਉਂਸਪਲ ਡਿਗਰੀ ਕਾਲਜ ਅਤੇ ਜੈਤੋ ਵਿਖੇ ਆਰਟਸ ਕਾਲਜ ਉਚੇਰੀ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਦੇ ਹਨ। ਇਸ ਜ਼ਿਲ੍ਹੇ ਵਿਚ ਸੜਕਾਂ ਅਤੇ ਰੇਲ ਰਾਹੀਂ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਹਨ। ਫ਼ਿਰੋਜ਼ਪੁਰ-ਬਠਿੰਡਾ ਰੇਲ ਲਾਈਨ ਇਸ ਜ਼ਿਲ੍ਹੇ ਦੇ ਕੋਟਕਪੂਰਾ ਅਤੇ ਜੈਤੋ ਸ਼ਹਿਰਾਂ ਵਿਚੋਂ ਦੀ ਲੰਘਦੀ ਹੈ ਅਤੇ ਇਹ ਚੌੜੀ ਗੇਜ ਦੀ ਰੇਲ-ਲਾਈਨ ਹੈ। ਮੁਕਤਸਰ-ਫ਼ਰੀਦਕੋਟ-ਅੰਮ੍ਰਿਤਸਰ-ਪਠਾਨਕੋਟ ਵਾਲਾ ਨੈਸ਼ਨਲ ਹਾਈਵੇ ਇਸ ਜ਼ਿਲ੍ਹੇ ਵਿਚੋਂ ਦੀ ਲੰਘਦਾ ਹੈ।
ਇਥੋਂ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਵਿਚ ਫ਼ਰੀਦਕੋਟ ਸ਼ਹਿਰ ਦੇ ਕਿਲਾ ਮੁਬਾਰਕ ਤੋਂ ਇਲਾਵਾ ਗੁਰਦੁਆਰਾ ਚਿੱਲਾ ਬਾਬਾ ਫ਼ਰੀਦ ਅਤੇ ਨਹਿਰੂ ਸਟੇਡੀਅਮ ਦਾ ਨਾਂ ਵਿਸ਼ੇਸ਼ ਤੌਰ ਤੇ ਲਿਆ ਜਾ ਸਕਦਾ ਹੈ। ਜੈਤੋ ਦੇ ਪ੍ਰਸਿੱਧ ਇਤਿਹਾਸਕ ਮੋਰਚੇ ਨਾਲ ਸਬੰਧਤ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਅਤੇ ਗੁਰਦੁਆਰਾ ਗੁਰੂ ਕੀ ਢਾਬ ਵੀ ਪ੍ਰਮੁੱਖ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-11-34-27, ਹਵਾਲੇ/ਟਿੱਪਣੀਆਂ: ਹ. ਪੁ. –ਦੀ. ਐਨ. ਡਿਸ. ਇੰਡ. -ਐਸ. ਸੀ. ਭੱਟ 589; ਮ. ਕੋ. : ਸਰਵੇ ਪੁਸਤਕ, ਫ਼ਰੀਦਕੋਟ-ਭਾ. ਵਿ. ਪੰ.
ਫ਼ਰੀਦਕੋਟ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਫ਼ਰੀਦਕੋਟ: ਸ਼ਹਿਰ– ਇਹ ਇਸੇ ਨਾਂ ਦੀ ਡਿਵੀਜਨ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਜਿਹੜਾ ਫਰੀਦਕੋਟ, ਫ਼ਿਰੋਜ਼ਪੁਰ/ਬਠਿੰਡਾ ਰੇਲਵੇ ਲਾਈਨ ਉੱਪਰ ਸਥਿਤ ਹੈ। ਇਸ ਦਾ ਮੁਢਲਾ ਨਾਂ ਮੋਕਲਹਰ ਸੀ ਅਤੇ ਇਥੇ ਮੋਕਲਸੀ ਨਾਂ ਦਾ ਰਾਜਾ ਰਾਜ ਕਰਦਾ ਸੀ। ਅੱਜ ਤੋਂ ਲਗਭਗ 800 ਸਾਲ ਪਹਿਲਾਂ ਰਾਜਾ ਮੋਕਲਸੀ ਨੇ ਹੀ ਇਸ ਨਗਰ ਨੂੰ ਵਸਾਇਆ। ਸ਼ੁਰੂ ਸ਼ੁਰੂ ਵਿਚ ਇਥੇ ਇਕ ਕਿਲਾ ਹੀ ਸੀ ਤੇ ਆਸੇ ਪਾਸੇ ਦੂਰ ਦੂਰ ਤਕ ਜੰਗਲ ਸੀ ਸੀ। ਜਦੋਂ ਪ੍ਰਸਿੱਧ ਸੂਫ਼ੀ ਸੰਤ ਫ਼ਰੀਦ-ਉਦ-ਦੀਨ ਸ਼ਕਰਗੰਜ ਦਿੱਲੀ ਤੋਂ ਪਾਕਪਟਨ ਨੂੰ ਜਾਂਦੇ ਹੋਏ ਇਥੋਂ ਦੀ ਲੰਘੇ, ਉਦੋਂ ਕਿਲਾ ਉਸਾਰਿਆ ਜਾ ਰਿਹਾ ਸੀ। (ਕੁੱਝ ਇਤਿਹਾਸਕਾਰਾਂ ਮੁਤਾਬਕ ਕਿਲੇ ਦੀ ਮੁਰੰਮਤ ਕਰਵਾਈ ਜਾ ਰਹੀ ਸੀ) ਰਾਜਾ ਮੋਕਲਸੀ ਦਾ ਆਪਣੇ ਸਿਪਾਹੀਆਂ ਨੂੰ ਹੁਕਮ ਸੀ ਕਿ ਜੋ ਵੀ ਇਸ ਰਸਤਿਉਂ ਲੰਘੇ ਉਸ ਨੂੰ ਫੜ ਕੇ ਵਗਾਰ ਵਿਚ ਲਾ ਲਉ। ਬਾਬਾ ਫ਼ਰੀਦ ਜੀ ਨੂੰ ਵੀ ਫੜ ਕੇ ਕੰਮ ਤੇ ਲਾ ਲਿਆ ਗਿਆ ਪਰ ਜਦ ਰਾਜੇ ਨੂੰ ਉਨ੍ਹਾਂ ਬਾਰੇ ਪਤਾ ਚੱਲਿਆ ਤਾਂ ਉਸ ਨੇ ਨੰਗੇ ਪੈਰੀਂ ਜਾ ਕੇ ਮਾਫ਼ੀ ਮੰਗੀ ਅਤੇ ਕਿਹਾ, ''ਫ਼ਰੀਦ ਜੀ ਇਹ ਸ਼ਹਿਰ ਲੱਖ ਯਤਨ ਕਰਨ ਤੇ ਵੀ ਵਸ ਕਿਉਂ ਨਹੀਂ ਰਿਹਾ?'' ਫ਼ਰੀਦ ਜੀ ਨੇ ਕਿਹਾ, ''ਇਸ ਦਾ ਨਾਂ 'ਮੋਕਲਹਰ' ਬਦਸ਼ਗਨ ਹੈ ਇਸ ਨੂੰ ਬਦਲ ਦਿਉ।'' ਰਾਜੇ ਨੇ ਸ਼ਹਿਰ ਦਾ ਨਾਂ ਫ਼ਰੀਦ ਜੀ ਦੇ ਨਾਂ ਉੱਪਰ ਫ਼ਰੀਦਕੋਟ ਰੱਖ ਦਿੱਤਾ।
ਇਹ 1956 ਵਿਚ ਪੈਪਸੂ ਦੇ ਪੰਜਾਬ ਨਾਲ ਮਿਲਣ ਤੇ ਪੰਜਾਬ ਦਾ ਹਿੱਸਾ ਬਣਿਆ ਅਤੇ ਰਾਜ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਕੀਤਾ। ਪੰਜਾਬ ਵਿਚ ਗਿਆਨੀ ਜ਼ੈਲ ਸਿੰਘ ਦੀ ਵਜ਼ਾਰਤ ਸਮੇਂ ਇਸ ਖੇਤਰ ਨੇ ਚੋਖੀ ਤਰੱਕੀ ਕੀਤੀ। ਸੁਤੰਤਰਤਾ ਅੰਦੋਲਨ, ਆਜ਼ਾਦੀ ਉਪਰੰਤ ਭਾਰਤੀ ਰਾਜਨੀਤੀ, ਖੇਤੀਬਾੜੀ, ਸਾਹਿਤ, ਸੰਗੀਤ, ਸੈਨਿਕ ਅਤੇ ਹੋਰ ਅਨੇਕਾਂ ਸਰਕਾਰੀ ਸੇਵਾਵਾਂ ਦੇ ਖੇਤਰ ਵਿਚ ਇਸ ਖੇਤਰ ਦੀ ਦੇਣ ਦੇਸ਼ ਅਤੇ ਖਾਸ ਤੌਰ ਤੇ ਪੰਜਾਬ ਭਰ ਵਿਚ ਵਰਣਨਯੋਗ ਹੈ।
ਇਹ ਸ਼ਹਿਰ ਰਿਆਸਤ ਦੇ ਸਮੇਂ ਤੋਂ ਹੀ ਵਿਦਿਆ ਦਾ ਪ੍ਰਮੁੱਖ ਕੇਂਦਰ ਰਿਹਾ। ਇਥੋਂ ਦੇ ਰਾਜੇ ਵਿਦਿਆ ਪ੍ਰੇਮੀ ਸਨ। ਇਥੇ 4 ਪ੍ਰਾਇਮਰੀ, 2 ਮਿਡਲ, ਚਾਰ ਸੈਕੰਡਰੀ ਅਤੇ ਦੋ ਸੀਨੀਅਰ ਸਕੈਂਡਰੀ ਸਕੂਲ ਹਨ। ਇਥੇ ਬਾਬਾ ਫ਼ਰੀਦ ਮੈਡੀਕਲ ਤੇ ਸਾਇੰਸ ਯੂਨੀਵਰਸਿਟੀ ਸਥਾਪਤ ਹੋਣ ਨਾਲ ਇਸ ਸ਼ਹਿਰ ਦੇ ਮਾਣ ਵਿਚ ਕਾਫ਼ੀ ਵਾਧਾ ਹੋਇਆ ਹੈ। ਸਰਕਾਰੀ ਬ੍ਰਿਜਿੰਦਰਾ ਕਾਲਜ, ਸਰਕਾਰੀ ਐਜੂਕੇਸ਼ਨਲ ਕਾਲਜ ਤੋਂ ਇਲਾਵਾ ਦਸ਼ਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਜ਼ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪ੍ਰਮੁੱਖ ਵਿਦਿਅਕ ਅਦਾਰੇ ਹਨ।
ਪੰਜਾਬ ਸਰਕਾਰ ਨੇ ਇਥੇ ਸ਼ੂਗਰ ਮਿੱਲ (ਖੰਡ ਮਿੱਲ) ਲਾ ਕੇ ਫ਼ਰੀਦਕੋਟ ਨੂੰ ਉਦਯੋਗ ਦੇ ਨਕਸ਼ੇ ਉੱਤੇ ਲਿਆਉਣ ਦਾ ਉਪਰਾਲਾ ਕੀਤਾ ਹੈ। ਇਸ ਮਿੱਲ ਨੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਨਾਲ ਇਲਾਕੇ ਵਿਚ ਗੰਨੇ ਦੀ ਕਾਸ਼ਤ ਨੂੰ ਵੀ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਇਥੇ ਖੇਤੀਬਾੜੀ ਨਾਲ ਸਬੰਧਤ ਔਜ਼ਾਰ ਬਣਾਉਣ, ਤੇਲ ਕੱਢਣ ਅਤੇ ਜੁੱਤੀਆਂ ਬਣਾਉਣ ਦੇ ਉਦਯੋਗ ਵੀ ਪ੍ਰਫੁੱਲਤ ਹਨ।
ਆਬਾਦੀ – 73,042 (2001)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-11-36-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਡਿ. ਗ-ਫ਼ਰੀਦਕੋਟ. ਡਿ ਸੈਂ. ਹੈ. ਬੁ-ਫ਼ਰੀਦਕੋਟ (1981)
ਵਿਚਾਰ / ਸੁਝਾਅ
Please Login First