ਜ਼ੌਕ ਸ਼ੇਖ ਮੁਹੰਮਦ ਇਬਰਾਹੀਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜ਼ੌਕ, ਸ਼ੇਖ ਮੁਹੰਮਦ ਇਬਰਾਹੀਮ : ਇਸ ਪ੍ਰਸਿੱਧ ਉਰਦੂ ਕਵੀ ਦਾ ਜਨਮ 1790 ਵਿਚ ਦਿੱਲੀ ਵਿਖੇ ਹੋਇਆ। ਇਸ ਨੇ ਆਪਣੀ ਵਿਦਿਆ ਹਾਫ਼ਿਜ਼ ਗੁਲਾਮ ਰਸੂਲ ‘ਸ਼ੌਕ’ ਤੋਂ ਪ੍ਰਾਪਤ ਕੀਤੀ। ਇਸ ਤੋਂ ਪ੍ਰਭਾਵਿਤ ਹੋ ਕੇ ਜ਼ੌਕ ਨੇ ਕਵਿਤਾ ਲਿਖਣੀ ਆਰੰਭ ਕੀਤੀ। ਇਸ ਨੇ ਆਪਣੇ ਉਸਤਾਦ ਦੇ ਉਪਨਾਮ ਦੇ ਵਜ਼ਨ ਤੇ ਆਪਣਾ ਨਾਂ ’ਜ਼ੌਕ’ ਰੱਖਿਆ। ਇਹ ਆਪਣੀਆਂ ਕਵਿਤਾਵਾਂ ਦੀ ਸੋਧ ਸ਼ਾਹ ਨਸੀਰ ਤੋਂ ਕਰਵਾਉਣ ਲੱਗੇ ਪਰ ਆਪਣੇ ਸ਼ਾਗਿਰਦ ਦੀ ਹੀ ਪ੍ਰਤਿਭਾ, ਵਿਚਾਰਾਂ ਦੀ ਗਹਿਰਾਈ ਅਤੇ ਸ਼ਬਦ ਯੋਜਨਾ ਤੋਂ ਹੀ ਸ਼ਾਹ ਨਸੀਰ ਨੂੰ ਉਸ ਨਾਲ ਈਰਖਾ ਹੋਣ ਲੱਗੀ ਜਿਸ ਕਾਰਨ ਇਹ ਉਸ ਤੋਂ ਦੂਰ ਹੋ ਗਿਆ। ਹੌਲੀ ਹੌਲੀ ਇਸ ਦਾ ਆਪਣਾ ਅਭਿਆਸ ਇੰਨਾ ਵਧ ਗਿਆ ਕਿ ਇਹ ‘ਅਬੂ ਜ਼ਫ਼ਰ’ ਦੀ ਕਵਿਤਾ ਸੋਧਣ ਲਗ ਪਿਆ। ਕੁਝ ਦਿਨਾਂ ਮਗਰੋਂ ਇਸ ਨੂੰ ‘ਖ਼ਾਕਾਨਿਏ ਹਿੰਦ’ ਦੀ ਪਦਵੀ ਮਿਲੀ। ਜਦੋਂ ਜ਼ਫ਼ਰ ਬਾਦਸ਼ਾਹ ਬਣਿਆ ਤਾਂ ਇਸ ਦੀ ਤਨਖਾਹ ਕਾਫ਼ੀ ਵੱਧ ਗਈ। ਇਸ ਦਾ ਸੁਖੀ ਜੀਵਨ ਬਤੀਤ ਕਰਦੇ 1855 ਵਿਚ ਸੁਰਗਵਾਸ ਹੋ ਗਿਆ।
ਇਹ ਬੜਾ ਨੇਕ ਆਦਮੀ ਸੀ। ਇਸ ਨੂੰ ਜੋਤਿਸ਼, ਹਿਕਮਤ ਤੇ ਰਾਗ ਵਿਦਿਆ ਦਾ ਵੀ ਚੰਗਾ ਗਿਆਨ ਸੀ। ਇਸ ਦੀ ਪ੍ਰਸਿੱਧੀ ਦਾ ਮੁੱਖ ਕਾਰਨ ਇਸ ਦੇ ਕਸੀਦੇ ਹਨ। ਕਸੀਦਾਕਾਰੀ ਵਿਚ ਦੋ ਹੀ ਕਵੀ ਪ੍ਰਸਿੱਧ ਹੋਏ ਹਨ––ਸੌਦਾ ਤੇ ਜ਼ੌਕ। ਗ਼ਜ਼ਲਾਂ ਵਿਚ ਵੀ ਇਸ ਦਾ ਨਾਂ ਮੌਮਿਨ ਤੇ ਗ਼ਾਲਿਬ ਨਾਲ ਲਿਆ ਜਾਂਦਾ ਹੈ ਪਰ ਉਸ ਦੀਆਂ ਗ਼ਜ਼ਲਾਂ ਵਿਚ ਉਹ ਦਰਦ ਤੇ ਵੇਦਨਾ ਨਹੀਂ ਹੈ, ਜਿਸ ਨੂੰ ਗ਼ਜ਼ਲ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਉਸ ਦਾ ਸੁਭਾਓ ਹੈ ਜੋ ਵਧੇਰੇ ਕਰਕੇ ਧਾਰਮਿਕ ਸੀ। ਇਸ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਰੁਮਾਂਟਿਕ ਮਸਤੀ ਨਹੀਂ ਹੈ ਜਿਸ ਬਿਨਾਂ ਗ਼ਜ਼ਲ ਦਿਲ ਨੂੰ ਟੁੰਬ ਨਹੀਂ ਸਕਦੀ।
ਹ. ਪੁ.––ਹਿੰ. ਵਿ. ਕੋ. 5 : 66
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First