ਗ਼ਜ਼ਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗ਼ਜ਼ਲ: ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਕਈ ਅਰਥ ਹਨ, ਜਿਵੇਂ ਔਰਤਾਂ ਨਾਲ ਗੱਲਾਂ ਕਰਨਾ, ਔਰਤਾਂ ਬਾਰੇ ਗੱਲਾਂ ਕਰਨਾ, ਔਰਤਾਂ ਦੀ ਸੁੰਦਰਤਾ ਦੀ ਵਡਿਆਈ ਕਰਨਾ ਆਦਿ। ਗ਼ਜ਼ਲ ਦਾ ਅਰਥ ਰੱਸੀ, ਸੂਤ ਜਾਂ ਡੋਰਾ ਵੀ ਹੈ ਪਰ ਉੱਥੇ ਇਸ ਸ਼ਬਦ ਦਾ ਉਚਾਰਨ ਗ+ਜ਼ਲ ਦੀ ਥਾਂ ਗ਼ਜ਼+ਲ ਹੈ। ਗ਼ਜ਼ਲ ਦੇ ਅਰਥ ਸੰਬੰਧੀ ਇੱਕ ਕਹਾਣੀ ਵੀ ਪ੍ਰਚਲਿਤ ਹੈ। ਕਹਿੰਦੇ ਹਨ ਕਿ ਅਰਬ ਦੇਸ਼ ਵਿੱਚ ਸ਼ਿਕਾਰੀ ਕੁੱਤੇ ਜਦ ਹਿਰਨ ਦਾ ਪਿੱਛਾ ਕਰਦੇ ਸਨ ਅਤੇ ਹਿਰਨ ਥੱਕ ਤੇ ਘਬਰਾ ਜਾਂਦਾ ਸੀ, ਉਸ ਦੀ ਚੀਕ ਨਿਕਲ ਜਾਂਦੀ ਤਾਂ ਉਸ ਚੀਕ ਨੂੰ ਗ਼ਜ਼ਲ ਕਹਿੰਦੇ ਸਨ। ਪਰ ਗ਼ਜ਼ਲ ਦੇ ਕਵਿਤਾ ਦੀ ਇੱਕ ਵੰਨਗੀ ਵਜੋਂ ਅਰੰਭ ਸੰਬੰਧੀ ਦੋ ਮੱਤ ਮਿਲਦੇ ਹਨ। ਇੱਕ ਮੱਤ ਅਨੁਸਾਰ ਗ਼ਜ਼ਲ ਕਸੀਦੇ ਦਾ ਸੋਧਿਆ ਰੂਪ ਹੈ। ਕਸੀਦਾ ਵੀ ਕਵਿਤਾ ਦੀ ਇੱਕ ਕਿਸਮ ਹੈ। ਇਸ ਕਿਸਮ ਦੀ ਕਵਿਤਾ ਵਿੱਚ ਕਵੀ ਰਾਜੇ, ਮਹਾਰਾਜੇ ਤੋਂ ਇਨਾਮ ਲੈਣ ਲਈ ਉਹਨਾਂ ਦੀ ਵਡਿਆਈ ਵਿੱਚ ਕਵਿਤਾ ਲਿਖਦੇ ਸਨ ਜਿਸ ਨੂੰ ਕਸੀਦਾ ਕਹਿੰਦੇ ਹਨ। ਕਸੀਦੇ ਦੇ ਪਹਿਲੇ ਭਾਗ ਨੂੰ ਤਸ਼ਬੀਬ ਜਾਂ ਨਸੀਬ ਕਹਿੰਦੇ ਹਨ ਜਿਸ ਵਿੱਚ ਕਵੀ ਆਪਣੇ ਮਾਲਕ, ਰਾਜੇ, ਮਹਾਰਾਜੇ ਦੀ ਵਡਿਆਈ ਤੋਂ ਪਹਿਲਾਂ ਵਾਤਾਵਰਨ ਦੀ ਸੁੰਦਰਤਾ ਬਾਰੇ ਕੁਝ ਸ਼ਿਅਰ ਲਿਖਿਆ ਕਰਦਾ ਸੀ, ਪਰ ਤਸ਼ਬੀਬ ਪ੍ਰੇਮਿਕਾ ਦੀ ਸੁੰਦਰਤਾ ਅਤੇ ਪ੍ਰੇਮ ਦੇ ਵਰਣਨ ਨੂੰ ਕਹਿੰਦੇ ਹਨ। ਸੰਭਵ ਹੈ ਕਿ ਇਸ ਕਾਰਨ ਹੀ ਤਸ਼ਬੀਬ ਦਾ ਨਾਮ ਗ਼ਜ਼ਲ ਪੈ ਗਿਆ। ਇੱਕ ਹੋਰ ਮੱਤ ਅਨੁਸਾਰ ਗ਼ਜ਼ਲ ਦਾ ਅਰੰਭ ਈਰਾਨ ਵਿੱਚ ਦਸਵੀਂ ਸਦੀ ਵਿੱਚ ਕਸੀਦੇ ਦੇ ਪਹਿਲੇ ਭਾਗ ਤਸ਼ਬੀਬ ਅਤੇ ਫ਼ਾਰਸੀ ਦੇ ਇੱਕ ਗੀਤ ਜਿਸ ਨੂੰ ਚਾਮਾ ਕਹਿੰਦੇ ਸਨ, ਦੇ ਮੇਲ ਤੋਂ ਹੋਇਆ। ਦਸਵੀਂ ਸਦੀ ਵਿੱਚ ਈਰਾਨ ਵਿੱਚ ਹੋਇਆ ਰੂਦਕੀ ਫ਼ਾਰਸੀ ਦਾ ਪਹਿਲਾ ਪ੍ਰਸਿੱਧ ਗ਼ਜ਼ਲਕਾਰ ਹੈ। ਪਰ ਖੋਜੀ ਇਸ ਸਿੱਟੇ `ਤੇ ਪੁੱਜੇ ਹਨ ਕਿ ਗ਼ਜ਼ਲ ਦਾ ਅਰੰਭ ਅਰਬ ਵਿੱਚ ਹੀ ਸੱਤਵੀਂ ਸਦੀ ਵਿੱਚ ਹੋ ਗਿਆ ਸੀ ਜਿਸ ਦੇ ਦੋ ਰੂਪ ਸਨ। ਮੱਕੇ ਵਿੱਚ ਰਚੀ ਜਾਣ ਵਾਲੀ ਗ਼ਜ਼ਲ ਨੂੰ ਸਿਖਰ `ਤੇ ਲਿਜਾਣ ਵਾਲਾ ਕਵੀ ਉਮਰ ਬਿਨ ਉਬਈ ਰਬੀਅ ਸੀ ਅਤੇ ਮਦੀਨੇ ਵਿੱਚ ਰਚੀ ਜਾਣ ਵਾਲੀ ਗ਼ਜ਼ਲ ਦਾ ਪਹਿਲਾ ਪ੍ਰਸਿੱਧ ਕਵੀ ਜਮੀਲ ਸੀ। ਮੱਕੇ ਦੀ ਗ਼ਜ਼ਲ ਧਾਰਮਿਕ ਸਥਾਨਾਂ ਉੱਤੇ ਆ ਕੇ ਖ਼ੁਸ਼ੀ ਤੇ ਅਨੰਦ ਦੇ ਪ੍ਰਗਟਾਵੇ ਲਈ ਗਾਈ ਜਾਂਦੀ ਸੀ ਜਦ ਕਿ ਮਦੀਨੇ ਦੀ ਗ਼ਜ਼ਲ ਵਿੱਚ ਪਿਆਰ, ਮੁਹੱਬਤ, ਨਿਰਾਸ਼ਾ ਅਤੇ ਆਸ਼ਾ ਦਾ ਪ੍ਰਗਟਾਵਾ ਹੁੰਦਾ ਸੀ।

 

     ਅਰਬੀ, ਫ਼ਾਰਸੀ ਤੋਂ ਹੁੰਦੀ ਹੋਈ ਗ਼ਜ਼ਲ ਉਰਦੂ, ਪੰਜਾਬੀ, ਹਿੰਦੀ, ਸਿੰਧੀ ਆਦਿ ਵਿੱਚ ਤਾਂ ਸਤਾਰਵੀਂ ਸਦੀ ਵਿੱਚ ਹੀ ਪ੍ਰਚਲਿਤ ਹੋ ਗਈ ਸੀ। ਹੁਣ ਗ਼ਜ਼ਲ ਯੂਰਪ ਦੀਆਂ ਕਈ ਭਾਸ਼ਾਵਾਂ ਵਿੱਚ ਵੀ ਲਿਖੀ ਜਾਂਦੀ ਹੈ।

     ਭਾਸ਼ਾ ਤੇ ਛੰਦ ਪੱਖੋਂ ਗ਼ਜ਼ਲ ਦੀ ਇੱਕ ਖ਼ਾਸ ਪਛਾਣ ਹੈ। ਗ਼ਜ਼ਲ ਕਵਿਤਾ ਦੀ ਉਹ ਵੰਨਗੀ (ਸਿਨਫ਼ ਜਾਂ ਰੂਪਾਕਾਰ) ਹੈ ਜਿਸ ਵਿੱਚ ਇੱਕੋ ਬਹਿਰ-ਵਜ਼ਨ (ਤੋਲ) ਅਤੇ ਇੱਕੋ ਕਾਫ਼ੀਆ-ਰਦੀਫ਼ (ਤੁਕਾਂਤ) ਵਿੱਚ ਪਹਿਲੇ ਸ਼ਿਅਰ ਤੋਂ ਲੈ ਕੇ ਅੰਤਿਮ ਸ਼ੇਅਰ ਤੱਕ ਕਾਵਿ-ਰਚਨਾ ਹੁੰਦੀ ਹੈ। ਤੋਲ, ਕਾਫ਼ੀਆ ਤੇ ਰਦੀਫ਼ ਦੇ ਸੁਮੇਲ ਨੂੰ ਗ਼ਜ਼ਲ ਦੀ ‘ਜ਼ਮੀਨ’ ਵੀ ਕਿਹਾ ਜਾਂਦਾ ਹੈ। ਸ਼ਿਅਰ ਦੋ ਤੁਕਾਂ `ਤੇ ਆਧਾਰਿਤ ਇੱਕ ਕਾਵਿ ਟੁਕੜੀ ਹੁੰਦੀ ਹੈ। ਗ਼ਜ਼ਲ ਦੀ ਇਹ ਕਾਵਿ ਟੁਕੜੀ ਅਰਥਾਤ ਕਾਵਿਕ ਇਕਾਈ ਅਰਥ ਪੱਖੋਂ ਇੱਕ ਮੁਕੰਮਲ ਕਵਿਤਾ ਹੁੰਦੀ ਹੈ। ਸ਼ਿਅਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ-ਸਿਰ ਦੇ ਵਾਲ। ਜਿਸ ਤਰ੍ਹਾਂ ਵਾਲ ਵਾਹੁਣ, ਸੰਵਾਰਨ ਅਤੇ ਗੁੰਦਣ ਨਾਲ ਸਿਰ ਤੇ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ, ਉਸੇ ਤਰ੍ਹਾਂ ਸ਼ਬਦ ਰੂਪੀ ਵਾਲਾਂ ਨੂੰ ਕਿਸੇ ਖ਼ਾਸ ਤਰਤੀਬ, ਤੋਲ ਤੇ ਬਹਿਰ/ਵਜ਼ਨ ਵਿੱਚ ਰੱਖਣ ਨਾਲ ਸ਼ਬਦਾਂ ਦੀ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ ਜੋ ਸ਼ਿਅਰ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ। ਗ਼ਜ਼ਲ ਦਾ ਅਰੰਭ ਜਿਸ ਸ਼ਿਅਰ ਤੋਂ ਹੁੰਦਾ ਹੈ, ਉਸ ਨੂੰ ਮਤਲਾ ਕਹਿੰਦੇ ਹਨ। ਮਤਲਾ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ-ਸੂਰਜ ਦਾ ਚੜ੍ਹਨਾ। ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਦਿਨ ਸ਼ੁਰੂ ਹੁੰਦਾ ਹੈ, ਉਸੇ ਤਰ੍ਹਾਂ ਗ਼ਜ਼ਲ ਦੀ ਸ਼ੁਰੂਆਤ ਮਤਲੇ ਨਾਲ ਹੁੰਦੀ ਹੈ। ਮਤਲੇ ਨੂੰ ਪੰਜਾਬੀ ਦੇ ਕੁਝ ਸ਼ਾਇਰ ਮੁਖੜਾ ਵੀ ਕਹਿ ਦਿੰਦੇ ਹਨ।

     ਮਤਲੇ ਵਿੱਚ ਦੋ ਤੁਕਾਂ ਹੁੰਦੀਆਂ ਹਨ ਜਿਨ੍ਹਾਂ ਦੀ ਬਹਿਰ (ਤੋਲ), ਕਾਫ਼ੀਆਂ ਤੇ ਰਦੀਫ਼ ਸਮਾਨ ਹੁੰਦਾ ਹੈ। ਅਰਬੀ, ਫ਼ਾਰਸੀ ਤੇ ਉਰਦੂ ਵਿੱਚ ਤੁਕ ਨੂੰ ਮਿਸਰਾ ਕਿਹਾ ਜਾਂਦਾ ਹੈ। ਮਤਲੇ ਦੀ ਪਹਿਲੀ ਤੁਕ ਵਿੱਚ ਬਹਿਰ (ਤੋਲ), ਕਾਫ਼ੀਆ ਤੇ ਰਦੀਫ਼ ਨਿਸ਼ਚਿਤ ਕਰ ਲਏ ਜਾਂਦੇ ਹਨ। ਮਤਲਾ (ਮੁਖੜਾ) ਦਾ ਨਮੂਨਾ ਪੇਸ਼ ਹੈ :

ਜ਼ਿੰਦਗੀ ਫ਼ੇਰ ਹੈ ਕਿਸ ਖੁਸ਼ੀ ਵਾਸਤੇ

          ਆਦਮੀ ਜੇ ਨਹੀਂ ਆਦਮੀ ਵਾਸਤੇ।

     ਪਹਿਲੀ ਤੁਕ ਵਿੱਚ ‘ਖ਼ੁਸ਼ੀ’ ਤੇ ਦੂਜੀ ਤੁਕ ਵਿੱਚ ‘ਆਦਮੀ’ ਦਾ ਕਾਫ਼ੀਆ ਹੈ ਅਤੇ ਦੋਹਾਂ ਤੁਕਾਂ ਦੇ ਅੰਤ ਉੱਤੇ ਆਇਆ ਸ਼ਬਦ ‘ਵਾਸਤੇ’ ਰਦੀਫ਼ ਹੈ। ਕਾਫ਼ੀਏ ਦੇ ਨਿਯਮਾਂ ਅਨੁਸਾਰ ਪਹਿਲੀ ਤੁਕ ਵਿੱਚ ਆਏ ਸ਼ਬਦ ਖ਼ੁਸ਼ੀ ਵਿੱਚ ਖ਼ੁਸ਼+ਈ ਦੂਜੀ ਤੁਕ ਵਿੱਚ ‘ਆਦਮੀ’ ਦੇ ਆਦਮ+ਈ ਦਾ ਕਾਫ਼ੀਆ ਮੇਲ ਹੋਇਆ ਹੈ। ਇਸ ਤਰ੍ਹਾਂ ਇੱਥੇ ‘ਈ’ ਕਾਫ਼ੀਏ ਦਾ ਮੂਲ ਅੱਖਰ ਜਾਂ ਬੁਨਿਆਦ ਹੈ। ਜੇ ਇਸੇ ਤਰ੍ਹਾਂ ਮਤਲੇ ਪਿੱਛੋਂ ਕਿਸੇ ਹੋਰ ਸ਼ਿਅਰ ਦੀਆਂ ਦੋਹਾਂ ਤੁਕਾਂ ਦਾ ਕਾਫ਼ੀਆ ਤੇ ਰਦੀਫ਼ ਮਿਲਦਾ ਹੋਵੇ ਤਾਂ ਉਸ ਨੂੰ ਮਤਲਾ ਸਾਨੀ ਜਾਂ ਹੁਸਨ-ਏ-ਮਤਲਾ (ਦੂਜਾ ਮੁਖੜਾ) ਕਹਿੰਦੇ ਹਨ ਪਰ ਮਤਲਾ ਸਾਨੀ ਗ਼ਜ਼ਲ ਦਾ ਜ਼ਰੂਰੀ ਅੰਗ ਨਹੀਂ। ਇਹ ਮਤਲੇ ਨੇ ਹੀ ਨਿਸ਼ਚਿਤ ਕਰਨਾ ਹੁੰਦਾ ਹੈ ਕਿ ਕਾਫ਼ੀਏ ਦਾ ਮੂਲ ਅੱਖਰ ਜਾਂ ਮਾਤਰਾ ਕਿਹੜੀ ਹੈ। (ਇੱਥੇ ਅੱਖਰ ਦਾ ਅਰਥ ਗੁਰਮੁਖੀ ਦੇ ਸਾਰੇ ਅੱਖਰ ਅਤੇ ਲਗਾਂ-ਮਾਤਰਾਂ ਹਨ ਕਿਉਂਕਿ ਅਸੀਂ ਬਹਿਰ, ਕਾਫ਼ੀਏ ਤੇ ਰਦੀਫ਼ ਦੇ ਨਿਯਮ ਅਰਬੀ, ਫ਼ਾਰਸੀ ਛੰਦ ਤੋਂ ਲਏ ਹਨ ਜਿਸ ਨੂੰ ਅਰੂਜ਼ ਕਹਿੰਦੇ ਹਨ। ਅਰਬੀ, ਫ਼ਾਰਸੀ ਵਿੱਚ ਸਭ ਅੱਖਰ ਹੀ ਹੁੰਦੇ ਹਨ ਜਿਸ ਕਾਰਨ ਉੱਥੋਂ ਦੇ ਅਰੂਜ਼ ਅਰਥਾਤ ਛੰਦ-ਸ਼ਾਸਤਰ ਵਿੱਚ ਤੋਲ, ਤੁਕਾਂਤ ਦੇ ਨਿਯਮਾਂ ਸੰਬੰਧੀ ਜਾਣਕਾਰੀ ਅੱਖਰ ਸ਼ਬਦ ਲਿਖ ਕੇ ਹੀ ਦਿੱਤੀ ਜਾਂਦੀ ਹੈ, ਲਗਾਂ-ਮਾਤਰਾਂ ਨਾਲ ਨਹੀਂ।) ਮਤਲੇ ਵਿੱਚ ਨਿਸ਼ਚਿਤ ਕਾਫ਼ੀਏ ਦੇ ਅੱਖਰਾਂ/ ਮਾਤਰਾਂ ਦੇ ਨਿਯਮ ਅਗਲੇ ਸ਼ਿਅਰਾਂ ਵਿੱਚ ਬਦਲੇ ਨਹੀਂ ਜਾ ਸਕਦੇ। ਮਤਲੇ ਪਿੱਛੋਂ ਆਉਣ ਵਾਲੀ ਹਰ ਕਾਵਿ ਟੁਕੜੀ ਨੂੰ ਸ਼ਿਅਰ ਕਿਹਾ ਜਾਂਦਾ ਹੈ। ਉਪਰੋਕਤ ਮਤਲੇ ਨਾਲ ਸੰਬੰਧਿਤ ਗ਼ਜ਼ਲ ਦੇ ਹੇਠ ਲਿਖੇ ਸ਼ਿਅਰ ਗ਼ਜ਼ਲ ਦੀ ਬਣਤਰ ਸਮਝਣ ਵਿੱਚ ਸਹਾਈ ਹੋਣਗੇ :

ਇਹ ਰਵੀ, ਚੰਦ, ਤਾਰੇ ਗਗਨ ਵਿੱਚ ਸਜੇ

ਆਦਮੀ ਦੀ ਧੁਰੋਂ ਆਰਤੀ ਵਾਸਤੇ।

ਕੰਚ ਸੰਗ ਜੇ ਮੁਹੱਬਤ ਹੈ ਕਰਨੀ ਤੁਸੀਂ

ਕੋਈ ਤਰਲਾ ਕਰੋਂ ਆਰਸੀ ਵਾਸਤੇ।

ਦਿਲ ਦਾ ਮੰਦਿਰ ਨਹੀਂ ਹੈ ਬ੍ਰਾਹਮਣ ਲਈ

ਦਿਲ ਦੀ ਮਸਜਿਦ ਨਹੀਂ ਮੌਲਵੀ ਵਾਸਤੇ।

ਰਾਤ ਭਰ ਵੀ ਤੁਰੋ, ਤੁਰਨਾ ਜੇਕਰ ਪਵੇ

ਧੁੱਪ ਦੀ ਦੁੱਧ-ਚਿੱਟੀ ਨਦੀ ਵਾਸਤੇ।

ਪੈਰਾਂ ਵਿੱਚ ਆਦਮੀ ਦੇ ਰਵੀ ਆ ਵਿਛੇ

          ਆਦਮੀ ਜੇ ਤੁਰੇ ਰੌਸ਼ਨੀ ਵਾਸਤੇ।

     ਉਪਰੋਕਤ ਸ਼ਿਅਰਾਂ ਤੋਂ ਸਪਸ਼ਟ ਹੈ ਕਿ ਹਰ ਸ਼ਿਅਰ ਦੀ ਪਹਿਲੀ ਤੁਕ ਦਾ ਬਹਿਰ, ਵਜ਼ਨ ਜਾਂ ਤੋਲ ਉਹੀ ਹੈ ਜੋ ਮਤਲੇ ਦੀਆਂ ਦੋਵਾਂ ਤੁਕਾਂ ਵਿੱਚ ਨਿਸ਼ਚਿਤ ਹੈ ਪਰ ਦੂਜੀ ਤੁਕ ਵਿੱਚ ਬਹਿਰ, ਵਜ਼ਨ ਦੇ ਨਾਲ-ਨਾਲ ਮਤਲੇ ਅਨੁਸਾਰ ਕਾਫ਼ੀਆਂ ਤੇ ਰਦੀਫ਼ ਦੇ ਨਿਯਮ ਦੀ ਪਾਲਣਾ ਕੀਤੀ ਗਈ ਹੈ ਅਰਥਾਤ ਖ਼ੁਸ਼ੀ ਤੇ ਆਦਮੀ ਨਾਲ ਆਰਤੀ, ਆਰਸੀ, ਮੌਲਵੀ, ਨਦੀ, ਰੌਸ਼ਨੀ ਦੇ ਕਾਫ਼ੀਏ ਨਿਭਾਏ ਗਏ ਹਨ ਤੇ ਕਾਫ਼ੀਏ ਪਿੱਛੋਂ ਹਰ ਸ਼ਿਅਰ ਦੀ ਦੂਜੀ ਤੁਕ ਵਿੱਚ ‘ਵਾਸਤੇ’ ਰਦੀਫ਼ ਆਉਂਦਾ ਹੈ।

     ਗ਼ਜ਼ਲ ਦੇ ਅੰਤਲੇ ਸ਼ਿਅਰ ਵਿੱਚ ਕਵੀ ਆਪਣਾ ਉਪ- ਨਾਮ, ਕਲਮੀ ਨਾਮ ਜਾਂ ਤਖ਼ੱਲਸ ਵਰਤਦਾ ਹੈ। ਇਸ ਸ਼ੇਅਰ ਨੂੰ ਮਕਤਾ ਕਹਿੰਦੇ ਹਨ। ਮਕਤਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ-ਕੱਟਿਆ ਹੋਇਆ, ਪਰ ਗ਼ਜ਼ਲ ਵਿੱਚ ਮਕਤੇ ਤੋਂ ਭਾਵ ਉਹ ਸ਼ਿਅਰ ਹੈ ਜੋ ਗ਼ਜ਼ਲ ਦੀ ਸਮਾਪਤੀ ਵਜੋਂ ਰਚਿਆ ਜਾਂਦਾ ਹੈ ਤੇ ਜਿਸ ਵਿੱਚ ਸ਼ਾਇਰ ਦਾ ਤਖ਼ੱਲਸ, ਉਪ-ਨਾਮ ਜਾਂ ਕਲਮੀ ਨਾਂ ਵੀ ਆ ਜਾਂਦਾ ਹੈ। ਗ਼ਜ਼ਲ ਦੇ ਕੁਝ ਸ਼ਾਇਰ ਤੇ ਆਲੋਚਕ ਮਕਤੇ ਨੂੰ ਗ਼ਜ਼ਲ ਦਾ ਲਾਜ਼ਮੀ ਅੰਗ ਮੰਨਦੇ ਹਨ ਪਰ ਕੁਝ ਵਰਤਮਾਨ ਸ਼ਾਇਰ ਪਾਬੰਦੀ ਤੋਂ ਮੁਕਤ ਹੋ ਚੁੱਕੇ ਹਨ। ਉਪਰੋਕਤ ਗ਼ਜ਼ਲ ਨਾਲ ਸੰਬੰਧਿਤ ਮਕਤਾ ਵੇਖੋ :

ਰੋਜ਼ ‘ਤਰਸੇਮ’ ਤਾਂ ਸਾਰੇ ਬ੍ਰਹਿਮੰਡ ’ਚੋਂ

          ਭਾਲਦਾ ਮਹਿਕ ਨਿੱਤ ਦੋਸਤੀ ਵਾਸਤੇ।

ਇੱਥੇ ‘ਤਰਸੇਮ’ ਕਵੀ ਦਾ ਨਾਂ ਹੈ ਜਿਸ ਦੀ ਹਾਜ਼ਰੀ ਨਾਲ ਇਹ ਸ਼ਿਅਰ ਮਕਤਾ ਬਣ ਗਿਆ ਹੈ।

     ਜੇਕਰ ਇੱਕ ਗ਼ਜ਼ਲ ਦੇ ਸਾਰੇ ਸ਼ਿਅਰ ਇੱਕੋ ਵਿਸ਼ੇ ਨਾਲ ਸੰਬੰਧਿਤ ਹੋਣ ਅਤੇ ਹਰ ਸ਼ੇਅਰ ਭਾਵ ਤੇ ਵਿਚਾਰ ਪੱਖੋਂ ਇੱਕ-ਦੂਜੇ ਨਾਲ ਇੱਕ ਲੜੀ ਵਿੱਚ ਪਰੋਏ ਹੋਏ ਹੋਣ ਤਾਂ ਉਸ ਨੂੰ ਮੁਸੱਲਸਲ ਗ਼ਜ਼ਲ ਕਹਿੰਦੇ ਹਨ। ਮੁਸੱਲਸਲ ਗ਼ਜ਼ਲ ਇੱਕ ਪ੍ਰਕਾਰ ਦੀ ਨਜ਼ਮ ਜਾਂ ਕਵਿਤਾ ਹੀ ਹੁੰਦੀ ਹੈ। ਜੇਕਰ ਅਜਿਹੀ ਕਾਵਿ-ਰਚਨਾ ਨੂੰ ਗ਼ਜ਼ਲ ਸਿਰਲੇਖ ਦੀ ਥਾਂ ਕੋਈ ਵਿਸ਼ਾ-ਵਸਤੂ ਅਨੁਕੂਲ ਸਿਰਲੇਖ ਦੇ ਦਿੱਤਾ ਜਾਵੇ ਤਾਂ ਉਹ ਕਵਿਤਾ ਦੀ ਸ਼੍ਰੇਣੀ ਵਿੱਚ ਹੀ ਗਿਣੀ ਜਾ ਸਕਦੀ ਹੈ ਪਰ ਜਿਸ ਗ਼ਜ਼ਲ ਦੇ ਸ਼ਿਅਰ ਸੰਪੂਰਨ ਕਾਵਿਕ ਇਕਾਈ ਤਾਂ ਹੋਣ ਪਰ ਹਰ ਸ਼ਿਅਰ ਦਾ ਵਿਸ਼ਾ ਦੂਜੇ ਸ਼ਿਅਰ ਨਾਲੋਂ ਭਿੰਨ ਹੋਵੇ ਤਾਂ ਉਸ ਨੂੰ ਗ਼ੈਰ-ਮੁਸੱਲਸਲ ਗ਼ਜ਼ਲ ਮੰਨਿਆ ਜਾਂਦਾ ਹੈ। ਅਸਲ ਵਿੱਚ ਗ਼ੈਰ-ਮੁਸੱਲਸਲ ਗ਼ਜ਼ਲ ਹੀ ਗ਼ਜ਼ਲ ਦੀ ਹੋਂਦ ਦੀ ਪਛਾਣ ਹੈ। ਮੁਢਲੀ ਗ਼ਜ਼ਲ ਤੋਂ ਲੈ ਕੇ ਉਨ੍ਹੀਵੀਂ ਸਦੀ ਤੱਕ ਦੀ ਗ਼ਜ਼ਲ ਦਾ ਵਿਸ਼ਾ ਇਸਤਰੀ-ਮਰਦ ਸੰਬੰਧ, ਪਿਆਰ-ਮੁਹੱਬਤ, ਸ਼ਰਾਬ ਜਾਂ ਜਾਮ-ਸੁਰਾਹੀ ਅਤੇ ਰੂਹਾਨੀਅਤ ਨਾਲ ਸੰਬੰਧਿਤ ਸੀ ਪਰ ਵੀਹਵੀਂ ਸਦੀ ਤੋਂ ਕੁਝ ਪਹਿਲਾਂ ਹੀ ਸਮਾਜਿਕ ਜੀਵਨ ਵਿੱਚ ਵੱਡੇ ਪਰਿਵਰਤਨ ਨਾਲ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਿਕ ਆਦਿ ਮਸਲੇ ਵੀ ਗ਼ਜ਼ਲ ਦਾ ਵਿਸ਼ਾ ਬਣ ਗਏ ਹਨ ਅਤੇ ਇਸ ਤਰ੍ਹਾਂ ਦੀ ਗ਼ਜ਼ਲ ਨੂੰ ਆਧੁਨਿਕ ਗ਼ਜ਼ਲ ਕਹਿੰਦੇ ਹਨ। ਆਧੁਨਿਕ ਗ਼ਜ਼ਲ ਵਿੱਚ ਹੀ ਤਗੱਜ਼ੁਲ ਦੇ ਗੁਣ ਨੂੰ ਹੀ ਗ਼ਜ਼ਲ ਦਾ ਪ੍ਰਮੁਖ ਗੁਣ ਮੰਨਿਆ ਜਾਂਦਾ ਹੈ।

          ਸਤਾਰ੍ਹਵੀਂ ਸਦੀ ਵਿੱਚ ਹੋਇਆ ਸ਼ਾਹ ਮੁਰਾਦ ਪੰਜਾਬੀ ਦਾ ਪਹਿਲਾ ਗ਼ਜ਼ਲਕਾਰ ਹੈ ਪਰ ਉਸ ਪਿੱਛੋਂ ਉਨ੍ਹੀਵੀਂ ਸਦੀ ਦਾ ਮੁੱਖ ਪੰਜਾਬੀ ਗ਼ਜ਼ਲਗੋ ਮੌਲਾ ਬਖ਼ਸ਼ ਕੁਸ਼ਤਾ ਹੈ ਜਿਸ ਦਾ ਦਿਵਾਨ 1902 ਵਿੱਚ ਛਪਿਆ ਪਰ ਵੀਹਵੀਂ ਸਦੀ ਦੇ ਅੱਧ ਤੱਕ ਪੰਜਾਬੀ ਗ਼ਜ਼ਲ ਉਰਦੂ ਗ਼ਜ਼ਲ ਜਿੰਨੀ ਤਰੱਕੀ ਨਹੀਂ ਕਰ ਸਕੀ। ਕੁਸ਼ਤਾ ਤੋਂ ਬਾਅਦ ਧਨੀ ਰਾਮ ਚਾਤ੍ਰਿਕ, ਫ਼ਿਰੋਜ਼ਦੀਨ ਸ਼ਰਫ਼, ਬਰਕਤ ਰਾਮ ਯੁਮਨ, ਦਰਸ਼ਨ ਸਿੰਘ ਅਵਾਰਾ, ਮੋਹਨ ਸਿੰਘ ਤੇ ਬਾਵਾ ਬਲਵੰਤ ਪੰਜਾਬੀ ਗ਼ਜ਼ਲ ਦੀ ਪਛਾਣ ਗੂੜ੍ਹੀ ਕਰਨ ਵਾਲੇ ਮੋਢੀ ਕਵੀ ਹਨ। ਇਹਨਾਂ ਦੀਆਂ ਗ਼ਜ਼ਲਾਂ ਦਾ ਵਿਸ਼ਾ ਇਸਤਰੀ ਮਰਦ ਪਿਆਰ ਵੀ ਹੈ ਤੇ ਲੋਕ ਪਿਆਰ ਵੀ। ਪੰਜਾਬੀ ਗ਼ਜ਼ਲ ਨੂੰ ਪੂਰੀ ਤਰ੍ਹਾਂ ਸਥਾਪਿਤ ਕਰਨ ਵਿੱਚ ਸਾਧੂ ਸਿੰਘ ਹਮਦਰਦ, ਤਖ਼ਤ ਸਿੰਘ, ਦੀਪਕ ਜੈਤੋਈ, ਅਜਾਇਬ ਚਿੱਤਰਕਾਰ, ਚਾਨਣ ਗੋਬਿੰਦਪੁਰੀ, ਮਹਿੰਦਰ ਮਾਨਵ ਅਤੇ ਮਹਿੰਦਰਦੀਪ ਗਰੇਵਾਲ ਦਾ ਵੱਡਮੁੱਲਾ ਯੋਗਦਾਨ ਹੈ। ਆਧੁਨਿਕ ਪੰਜਾਬੀ ਗ਼ਜ਼ਲ ਨੂੰ ਉਰਦੂ ਗ਼ਜ਼ਲ ਦੇ ਪੱਧਰ ਤੱਕ ਪਹੁੰਚਾਉਣ ਵਾਲੇ ਸ਼ਾਇਰਾਂ ਵਿੱਚ ਜਗਤਾਰ, ਕੰਵਰ ਚੌਹਾਨ, ਰਣਧੀਰ ਸਿੰਘ ਚੰਦ, ਐਸ. ਤਰਸੇਮ, ਸੁਰਜੀਤ ਪਾਤਰ, ਗੁਰਦੇਵ ਨਿਰਧਨ, ਤਰਲੋਕ ਸਿੰਘ ਆਨੰਦ, ਸੁਰਜੀਤ ਸਖ਼ੀ, ਅਸਲਮ ਹਬੀਬ ਅਤੇ ਰਾਮ ਲਾਲ ਪ੍ਰੇਮੀ ਵੱਲੋਂ ਗ਼ਜ਼ਲ ਦੇ ਸਿਧਾਂਤ ਅਤੇ ਸਿਰਜਣਾ ਵਿੱਚ ਨਿਭਾਈ ਭੂਮਿਕਾ ਬੜੀ ਮਹੱਤਵਪੂਰਨ ਹੈ। ਵੀਹਵੀਂ ਸਦੀ ਦੇ ਆਖ਼ਰੀ ਦੋ ਦਹਾਕਿਆਂ ਵਿੱਚ ਹਰਦਿਆਲ ਸਾਗਰ, ਸੁਰਜੀਤ ਜੱਜ, ਵਿਜੇ ਵਿਵੇਕ, ਬਰਜਿੰਦਰ ਚੌਹਾਨ, ਸੁਖਵਿੰਦਰ ਅੰਮ੍ਰਿਤ, ਸੁਸ਼ੀਲ ਰਹੇਜਾ ਅਤੇ ਕਵਿੰਦਰ ਚਾਂਦ ਨੇ ਪੰਜਾਬੀ ਗ਼ਜ਼ਲ ਨੂੰ ਆਧੁਨਿਕ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ।


ਲੇਖਕ : ਐਸ. ਤਰਸੇਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 36320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗ਼ਜ਼ਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗ਼ਜ਼ਲ. ਅ਼ ਚਾਰ, ਅੱਠ ਅਤੇ ਬਾਰਾਂ ਘੰਟੇ ਪੁਰ ਯਥਾਕ੍ਰਮ ਉਤਨੀ ਸੰਖ੍ਯਾ ਦੀ ਕੀਤੀ ਹੋਈ ਘੰਟਾਧੁਨਿ. “ਗਜਲ ਬਜਾਈ ਨਹੀ ਅਜਲ ਬਜਾਈ ਹੈ.” (ਦਾਸ ਕਵਿ) ੨ ਅ਼ਰਬੀ ਭਾ੄੠ ਵਿੱਚ “ਗ਼ਜ਼ਲ” ਦਾ ਅਰਥ ਹੈ ਇਸਤ੍ਰੀਆਂ ਨਾਲ ਵਾਰਤਾਲਾਪ.

 

ਭਾਵ—ਪ੍ਰੇਮਪੂਰਿਤ ਕਾਵ੍ਯ. ਪਰੰਤੂ ਖ਼ਾਸ ਇੱਕ ਛੰਦ ਦੀ ਜਾਤਿ ਲਈ ਭੀ ਇਹ ਸ਼ਬਦ ਵਰਤੀਦਾ ਹੈ.

ਇਸ ਛੰਦ ਦੇ ਅਨੰਤ ਭੇਦ ਹਨ. ਜੈਸੇ ਸਵੈਯਾ ਅਨੇਕ ਰੂਪ ਦਾ ਦੇਖੀਦਾ ਹੈ, ਤੈਸੇ ਹੀ ਗ਼ਜ਼ਲ ਦੇ ਬਹੁਤ ਰੂਪ ਹਨ. ਭਾਈ ਨੰਦਲਾਲ ਜੀ ਨੇ “ਦੀਵਾਨ ਗੋਯਾ” ਵਿੱਚ ੧੦ ਅਤੇ ੧੨ ਪਦ ਦੇ ਗ਼ਜ਼ਲ ਲਿਖੇ ਹਨ, ਜਿਨ੍ਹਾਂ ਦੇ ਕੁਝ ਕੁਝ ਮਾਤ੍ਰਾ ਦੇ ਭੀ ਭੇਦ ਹਨ. ਗ਼ਜ਼ਲ ਦੇ ਜਸਤ2 ਪਦਾਂ ਦਾ ਅਨੁਪ੍ਰਾਸ ਮਿਲਣਾ ਜ਼ਰੂਰੀ ਹੈ. ਦੇਖੋ, ਅੱਗੇ ਦਿੱਤੇ ਰੂਪ:—

ੳ. ਦਸ ਚਰਣ, ਪ੍ਰਤਿ ਚਰਣ ੨੭ ਅਥਵਾ ੨੮ ਮਾਤ੍ਰਾ. ਜਸਤ ਪਦ ਦਾ ਤੁਕਾਂਤ ਮਿਲਦਾ, ਅਤੇ ਗੁਰੁ ਅੱਖਰ ਪੁਰ ਸਮਾਪਤੀ.

 ਉਦਾਹਰਣ—

ਦੀਨ ਦੁਨਿਯਾ ਦਰ ਕਮੰਦੇ ਆਂ ਪਰੀ ਰੁਖ਼ਸਾਰੇ ਮਾ,

ਹਰ ਦੋ ਅ਼੠ਲਮ ਕ਼ੀਮਤੇ ਯਕ ਤਾਰ ਮੂਯੇ ਯਾਰੇ ਮਾ.

ਗਾਹੇ ਸੂਫ਼ੀ ਗਾਹੇ ਜ਼ਾਹਦ ਗਹ ਕ਼ਲੰਦਰ ਮੇਸ਼ਵਦ,

ਰੰਗਹਾਯੇ ਮੁਖ਼ਤਲਿਫ਼ ਦਾਰਦ ਬੁਤੇ ਅ਼ੱਯਾਰੇ ਮਾ.

(ਦੀਵਾਨ ਗੋਯਾ)

ਅ. ਬਾਰਾਂ ਚਰਣ, ਪ੍ਰਤਿ ਚਰਣ ੨੧ ਮਾਤ੍ਰਾ. ਜਸਤ ਪਦਾਂ ਦਾ ਅਨੁਪ੍ਰਾਸ ਮਿਲਦਾ ਅਤੇ ਗੁਰੁ ਅੱਖਰ ਪੁਰ ਪਦਾਂਤ.

 ਉਦਾਹਰਣ—

        ਖ਼ੁਸ਼ਸ੍ਤ . ਉਮ੍ਰ ਕਿ ਦਰ ਯਾਦ ਬਿਗੁਜ਼ਰਦ, ਵਰਨਹ

               ਚਿ ਹਾਸਲਸ੍ਤ ਅਜ਼ੀਂ ਗੁੰਬਦੇ ਕਬੂਦ ਮਰਾ. xxx

 (ਦੀਵਾਨ ਗੋਯਾ)

ੲ. ਦਸ ਚਰਣ, ਟੌਂਕ (ਤਾਕ) ਚਰਣ ਦੀਆਂ ਮਾਤ੍ਰਾ ੨੪ ਅਤੇ ਜਸਤ ਪਦਾਂ ਦੀਆਂ ੨੭. ਜਸਤ ਪਦਾਂ ਦਾ ਤੁਕਾਂਤ ਮਿਲਦਾ. ਲਘੁ ਅੱਖਰ ਪੁਰ ਪਦ ਦੀ ਸਮਾਪਤੀ.

 ਉਦਾਹਰਣ—

 ਗੋਯਾ ਨਿਗਾਹੇ ਯਾਰ ਕਿ ਮਖ਼ਮੂਰ ਗਸ਼੍ਤਹਏਮ

ਕੈ ਖ਼੍ਵਹਾਸ਼ੇ ਮਯ ਰੰਗੀਨ ਪੁਰ ਅਸਰਾਰ ਮੇਕੁਨੇਮੁ. xxx

        (ਦੀਵਾਨ ਗੋਯਾ)

       ਸ. ਪੰਜਾਬੀ ਕਵੀ ਭੀ ਅਨੇਕ ਵਜ਼ਨ ਦੀ ਗ਼ਜ਼ਲ ਲਿਖਦੇ ਹਨ, ਜਿਨ੍ਹਾਂ ਵਿੱਚੋਂ ਇੱਕ ਰੂਪ ਇਹ ਹੈ:—

ਅੱਠ ਚਰਣ, ਟੌਂਕ (ਤਾਕ) ਚਰਣਾਂ ਦੀਆਂ ਮਾਤ੍ਰਾ ੨੭, ਅਤੇ ਜਸਤ ਚਰਣਾਂ ਦੀਆਂ ੨੬. ਜਸਤ ਚਰਣਾਂ ਦੇ ਅਨੁਪ੍ਰਾਸ ਦਾ ਮੇਲ ਅਤੇ ਅੰਤ ਗੁਰੁ. ਤਾਕ ਪਦਾਂ ਦਾ ਯਮਕ ਅਣਮੇਲ ਅਤੇ ਅੰਤ ਲਘੁ.

ਉਦਾਹਰਣ—

ਮਿਟਗਈ ਮਨ ਕੀ ਬੁਰਾਈ ਸ਼ਾਂਤਿ ਨੇ ਕੀਨੋ ਨਿਵਾਸ,

ਸਤਿਗੁਰੂ ਕੀ ਕ੍ਰਿਪਾ ਪਾਈ ਜਨਮ ਮਰਣਾ ਕਟ ਗਿਆ.

ਸਭਿਨ ਸੇ ਕੀਨੀ ਮਿਤਾਈ ਦੂਰ ਕੀਨੋ ਦ੍ਵੈਤਭਾਵ,

ਹੈਂ ਦਿਖਾਤੇ ਸਗੇ ਭਾਈ ਪਟਲ ਭ੍ਰਮ ਕਾ ਫਟਗਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗ਼ਜ਼ਲ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗ਼ਜ਼ਲ: ‘ਫ਼ਰਹੰਗੇ ਨਫ਼ੀਸੀ’ ਤੇ ਹੋਰ ਫ਼ਾਰਸੀ ਕੋਸ਼ਾਂ ਅਨੁਸਾਰ ਗ਼ਜ਼ਲ ਦੇ ਅਰਥ ਹਨ––‘ਸ਼ਖਨੁ ਬ ਜ਼ਨਾਂ ਕਰਦਨ’, ਭਾਵ ਇਸਤ੍ਰੀਆਂ ਨਾਲ ਗੱਲਾਂ ਕਰਨਾ। ਪਰ ਸੱਯਦ ਆਬਿਦ ਅਲੀ ਅਨੁਸਾਰ ਸ਼ਿਕਾਰੀ ਕੁੱਤੇ ਜਦ ਹਰਨ ਦਾ ਪਿੱਛਾ ਕਰਦੇ ਹਨ ਅਤੇ ਹਰਨ ਜੀਵਨ ਤੋਂ ਨਿਰਾਸ਼ ਹੋ ਜਾਂਦਾ ਹੈ ਤਾਂ ਉਹ ਅਤਿ ਦਰਦਨਾਕ ਆਵਾਜ਼ ਪੈਦਾ ਕਰਨਾ ਹੈ। ਇਸ ਆਵਾਜ਼ ਨੂੰ ਗ਼ਜ਼ਲ ਕਹਿੰਦੇ ਹਨ ਅਤੇ ਇਸ ਦਰਦਨਾਕ ਆਵਾਜ਼ ਪੈਦਾ ਕਰਨ ਵਾਲੇ ਨੂੰ ‘ਗ਼ਜ਼ਲ’ ਅਥਵਾ ਹਰਨ (ਵੇਖੋ ‘ਤਲਮੀਹਾਤੇ ਇਕਬਾਲ’ ਭਾਗ–1)

          ਕਾਵਿ–ਖੇਤਰ ਵਿਚ ਗ਼ਜ਼ਲ ਤੋਂ ਭਾਵ ਅਜਿਹੀ ਰਚਨਾ ਹੈ ਜਿਸ ਵਿਚ ਪ੍ਰੇਮ ਪਿਆਰ ਦੀਆਂ ਕਸਕਾਂ  ਬਿਆਨ ਕੀਤੀਆਂ ਜਾਣ। ਪਿਆਰੇ ਦਾ ਹੁਸਨ, ਨਖਰਾ ਤੇ ਜੁਦਾਈ ਦੇ ਤੀਰ ਵੀ ਇਸ ਵਿਚ ਸ਼ਾਮਲ ਹਨ। ਇੱਥੋਂ ਹੀ ਗ਼ਜ਼ਲ ਤੋਂ ਭਾਵ ਪ੍ਰੇਮਿਕਾ ਨਾਲ ਗੱਲਾਂ ਕਰਨਾ ਵੀ ਲੈ ਲਿਆ ਗਿਆ।

          ਪਹਿਲੇ ਪਹਿਲ ਗ਼ਜ਼ਲ ਵਿਚ ਪ੍ਰੇਮ ਪਿਆਰ ਦੇ ਅਨੁਭਵ ਹੀ ਬਿਆਨ ਕੀਤੇ ਜਾਂਦੇ ਸਨ ਪਰ ਧੀਰੇ ਧੀਰੇ ਹੋਰ ਮਜ਼ਮੂਨ ਵੀ ਇਸ ਵਿਚ ਸ਼ਾਮਲ ਹੋ ਗਏ। ਤਸਵੁੱਫ਼ ਦੇ ਉੱਚ ਵਿਚਾਰਾਂ ਤੋਂ ਲੈ ਕੇ ਅਸ਼ਲੀਲਤਾ–ਭਰੇ ਜਾਂ ਅਤਿ–ਘ੍ਰਿਣਤ ਵਿਚਾਰ ਵੀ ਗ਼ਜ਼ਲ ਰਾਹੀਂ ਪ੍ਰਗਟ ਹੋਣ ਲੱਗੇ। ਫ਼ਲਸਫ਼ਾ ਤੇ ਹਿਕਮਤ ਵੀ ਜੇ ਉਸ ਵਿਚ ਸੋਜ਼ ਹੋਵੇ ਅਤੇ ਹਾਰਦਿਕ ਜਜਬਾ ਭਰਿਆ ਹੋਵੇ ਤਾਂ ਗ਼ਜ਼ਲ ਦਾ ਮਜ਼ਮੂਨ ਬਣ ਸਕਦਾ ਹੈ। ਗ਼ਜ਼ਲ ਫ਼ਾਰਸੀ ’ਚੋਂ ਉਰਦੂ ਵਿਚ ਆਈ ਤੇ ਉਰਦੂ ਤੋਂ ਪੰਜਾਬੀ ਵਿਚ ।

          ਗ਼ਜ਼ਲ ਦੀ ਤਕਨੀਕ ਬਿਆਨ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਸੰਬੰਧੀ ਜਾਣਨਾ ਜ਼ਰੂਰੀ ਹੈ।  

          ਮਿਸਰਾ : ਫ਼ਾਰਸੀ ਪਿੰਗਲ ਅਨੁਸਾਰ ਕੁਝ ਸ਼ਬਦਾਂ ਦਾ ਸੰਗ੍ਰਹਿ ਜੋ ਕਿਸੇ ਵਜ਼ਨ ਤੌਲ ’ਤੇ ਆਧਾਰਿਤ ਹੋਵੇ, ਮਿਸਰਾ ਹੈ। ਸਾਧਾਰਣ ਭਾਸ਼ਾ ਵਿਚ ਗ਼ਜ਼ਲ ਵਿਚ ਆਏ ਸ਼ਿਅਰ ਦੀ ਹਰ ਤੁਕ ਨੂੰ ਮਿਸਰਾ ਕਹਿੰਦੇ ਹਨ।

          ਮਤਲਾ:  ਇਸ ਦੇ ਕੋਸ਼ਗਤ ਅਰਥ ਹਨ ਉਦੈ ਹੋਣ ਦੀ ਥਾਂ। ਇਸ ਤਰ੍ਹਾਂ ਨਜ਼ਮ (ਜਿਸ ਵਿਚ ਗ਼ਜ਼ਲ ਵੀ ਸ਼ਾਮਲ ਹੈ) ਦੇ ਪਹਿਲੇ ਸ਼ਿਅਰ ਨੂੰ ਮਤਲਾ ਕਹਿੰਦੇ ਹਨ।

          ਮਕਤਾਅ : ਨਜ਼ਮ ਅਥਵਾ ਗ਼ਜ਼ਲ ਦਾ ਅੰਤਿਮ ਸ਼ਿਅਰ ਜਿੱਥੇ ਕਵਿਤਾ ਖ਼ਤਮ ਹੁੰਦੀ ਹੈ, ਮਕਤਾਅ ਅਖਵਾਉਂਦਾ ਹੈ।

          ਕਾਫ਼ੀਆ:  ਇਸ ਦੇ ਕੋਸ਼ਗਤ ਅਰਥ ਹਨ ਬਾਰ ਬਾਰ ਆਉਣ ਵਾਲਾ। ਸ਼ਿਅਰ ਦੇ ਅੰਤ ਤੇ ਬਾਰ ਬਾਰ ਆਉਣ ਵਾਲੇ ਹਮਵਜ਼ਨ ਸ਼ਬਦ ਜਿਵੇਂ ਬੁਸਤਾਨ, ਰੀਹਾਨ ਆਦਿ ।

          ਰਦੀਫ਼ :   ਉਹ ਸ਼ਬਦ ਜੋ ਕਾਫ਼ੀਆ ਤੋਂ ਬਾਅਦ ਹਰ ਸ਼ਿਅਰ ਵਿਚ ਆਉਣ , ਜਿਵੇਂ ਬੁਸਤਾਨ ਹਾ, ਰੀਹਾਨ ਹਾ, ਰਖ਼ਸਾਰਿ–ਮਾ, ਯਾਰਿ–ਮਾ ਵਿਚ ਰੁਖ਼ਸਾਰਿ–ਮਾ, ਯਾਰਿ–ਮਾ, ਕਾਫ਼ੀਆ, ਬੰਨ੍ਹਦੇ ਹਨ ਪਰ ‘ਹਾ’ ਜਾਂ ‘ਮਾ’ ਰਦੀਫ਼ ਨੂੰ ਕਾਇਮ ਕਰਦੇ ਹਨ। ਯਾਦ ਰਹੇ ਰਦੀਫ਼ ਲਈ ਕਾਫ਼ੀਆ ਜ਼ਰੂਰੀ ਹੈ ਪਰ ਕਾਫ਼ੀਏ ਲਈ ਰਦੀਫ਼ ਜ਼ਰੂਰੀ ਨਹੀਂ। ਰਦੀਫ਼ ਦੇ ਸ਼ਬਦ ਕਦੀ ਬਦਲਦੇ ਨਹੀਂ ਸਨ।

          ਗ਼ਜ਼ਲ ਉਰਦੂ ਫ਼ਾਰਸੀ ਦਾ ਅਤਿ ਜਜ਼ਬੇ ਰੱਤਾ ਸੰਗੀਤਮਈ ਕਾਵਿਰੂਪ ਹੈ। ਤਰੱਨਮ ਇਸ ਦੀ ਜਿੰਦ ਜਾਨ ਹੈ, ਪਰ ਕਾਫ਼ੀ ਵਾਂਗ ਇਸ ਦੇ ਗਾਉਣ ਲਈ ਵੀ ਕੋਈ ਖ਼ਾਸ ਰਾਗ ਅਥਵਾ ਰਾਗਣੀ ਨਿਯਤ ਨਹੀਂ। ਇਕ ਗ਼ਜ਼ਲ ਵਿਚ ਆਮ ਤੌਰ ਪੁਰ 7 ਤੋਂ 30 ਸ਼ਿਅਰ ਹੁੰਦੇ ਹਨ। ਸਾਧਾਰਣ ਰੂਪ ਵਿਚ ਗ਼ਜ਼ਲ ਦਸ ਤੋਂ ਬਾਰ੍ਹਾਂ ਸ਼ਿਅਰਾਂ ਤਕ ਹੀ ਵੇਖੀ ਗਈ ਹੈ। ਜੇ ਸ਼ਿਅਰਾਂ ਦੀ ਗਿਣਤੀ ਤਾਕ ਹੋਵੇ ਤਾਂ ਚੰਗੀ ਸਮਝੀ ਜਾਂਦੀ ਹੈ ਭਾਵੇਂ ਇਹ ਜ਼ਰੂਰੀ ਨਹੀਂ।

          ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾ ਕਹਿੰਦੇ ਹਨ। ਮਤਲਾ ਦੇ ਦੋਵੇਂ ਮਿਸਰੇ ਹਮ–ਕਾਫ਼ੀਆ ਤੇ ਹਮ–ਰਦੀਫ਼ ਹੁੰਦੇ ਹਨ।

          ਮਤਲਾ ਦੇ ਬਾਅਦ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲਾ ਨਾਲ ਹਮਕਾਫ਼ੀਆ ਤੇ ਹਮ–ਰਦੀਫ਼ ਹੁੰਦਾ ਹੈ। ਮਕਤਾਅ ਵਿਚ ਆਮ ਤੌਰ ਪੁਰ ਸ਼ਾਇਰ ਆਪਣਾ ਉਪਨਾਮ ਲੈ ਆਉਂਦਾ ਹੈ।

          ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਸੰਪੂਰਣ ਹੁੰਦਾ ਹੈ। ਇਸੇ ਤਰ੍ਹਾਂ ਗ਼ਜ਼ਲ ਦੇ ਸਾਰੇ ਸ਼ਿਅਰ ਰਲ ਕੇ ਇਕ ਪ੍ਰਭਾਵ ਬਦਾ ਦਿੰਦੇ ਹਨ। ਹਰ ਗ਼ਜ਼ਲ ਵਿਚ ਆਮ ਤੌਰ ਤੇ ਇਕ ਪ੍ਰਕਾਰ ਦਾ ਵਿਚਾਰ ਪੇਸ਼ ਹੁੰਦਾ ਹੈ, ਇਸ ਦਾ ਪ੍ਰਗਟਾਅ ਅਚੰਭੇ ਦੀ ਸੂਰਤ ਵਿਚ ਹੁੰਦਾ ਹੈ, ਵਿਚਾਰ ਦੀ ਸਿੱਖਰ ਵੀ ਆਉਂਦੀ ਹੈ ਅਤੇ ਸੰਪਰੂਣਤਾ ਵੀ।

          ਗ਼ਜ਼ਲ ਵਾਸਤਵ ਵਿਚ ਕਸੀਦੇ ਵਾਂਗ ਸ਼ਾਹੀ ਦਰਬਰਾਂ ਕੀ ਕਵਿਤਾ ਹੈ ਅਤੇ ਇਸ ਦਾ ਆਰੰਭ ਵੀ ਕਸੀਦੇ ਦੇ ਤਸ਼ਬੀਬ ਤੋਂ ਮੰਨਿਆ ਜਾਂਦਾ ਹੈ। ਸ਼ਾਹੀ ਦਰਬਰਾਂ ਵਾਲਾ ਨਾਜ਼ੋ–ਨਖ਼ਰਾ ਤੇ ਆਦਾਕਾਰੀ ਸਭ ਇਸ ਵਿਚ ਸਮਾ ਜਾਂਦੇ ਹਨ।

          ਫ਼ਾਰਸੀ ਦਾ ਪਹਿਲਾ ਗ਼ਜ਼ਲਗੋ ਰੂਦਕੀ ਸੀ ਤੇ ਗ਼ਜ਼ਨ ਦਾ ਉਸਤਾਦ ਕਵੀ ਸਾਅਦੀ ਮੰਨਿਆ ਜਾਂਦਾ ਹੈ ਅਤੇ ਇਸ ਦੀ ਸਿੱਖਰ ਹਾਫ਼ਿਜ਼ ਨਾਲ ਆਉਂਦੀ ਹੈ। ਨਵੀਨ ਯੁੱਗ ਵਿਚ ਬਿਹਾਰ, ਫ਼ਰਖ਼ੀਯਜ਼ਦੀ, ਕਜ਼ਵੀਨੀ ਆਦਿ ਫ਼ਾਰਸੀ ਦੇ ਚੰਗੇ ਗ਼ਜ਼ਲਗੋ ਹਨ।

          ਭਾਰਤ ਦੇ ਹਿੰਦੀ ਫ਼ਾਰਸੀ ਸ਼ਾਇਰਾਂ ਵਿਚ ਅਮੀਰ ਖ਼ੁਸਰੋ , ਨਜ਼ੀਰੀ ਤੇ ਉਰਫ਼ੀ ਦੇ ਨਾਂ ਬੜੇ ਮਾਣ ਨਾਲ ਲਏ ਜਾ ਸਕਦੇ ਹਨ।

          ਉਰਦੂ ਗ਼ਜ਼ਲ ਦਾ ਉਸਤਾਦ ਗ਼ਾਲਿਬ ਹੈ। ਸੌਦਾ, ਜ਼ੌਕ, ਮੀਰਤਕੀ ਮੀਰ, ਮੋਮਨ ਚੰਗੇ ਗ਼ਜ਼ਲਸਰਾ ਹੋਏ ਹਨ। ਆਖ਼ਰੀ ਮੁਗ਼ਲ ਸਮਰਾਟ ਬਹਾਦਰ ਸ਼ਾਹ ਜ਼ਫਰ ਵੀ ਗ਼ਜ਼ਲ ਕਹਿਣ ਵਿਚ ਖ਼ਾਸ ਸ਼ੌਕ ਰੱਖਦਾ ਸੀ। ਹਸਰਤ  ਮੋਹਾਨੀ, ਜਿਗਰ ਮੁਰਾਦਾਬਾਦੀ ,ਫ਼ੈਜ਼ ਅਹਿਮਦ ਫ਼ੈਜ਼ , ਫਿਰਾਕ ਗ਼ੋਰਖਪੁਰੀ, ਸਾਹਿਰ ਲੁਧਿਆਣਵੀ , ਲਭੂ ਰਾਮ ਜੋਸ਼ ਮਲਸਿਆਨੀ, ਜੋਸ਼ ਮਲੀਹਆਬਾਦੀ, ਜਗਨ ਨਾਥ ਆਜ਼ਾਦ ਆਦਿ ਉਰਦੂ ਦੇ ਵੀਹਵੀਂ ਸਦੀ ਈ. ਦੇ ਰੰਗੇ ਗ਼ਜ਼ਲਗੋ ਹਨ।

          ਉਰਦੂ ਗ਼ਜ਼ਲ ਦਾ ਮਜ਼ਮੂਲ ਪਹਿਲਾਂ ਰਵਾਇਤੀ ਹੀ ਸੀ ਅਤੇ ਜੋ ਕੁਝ ਲਿਆ ਗਿਆ ਸੀ ਫ਼ਾਰਸੀ ਤੋਂ ਆਇਆ ਸੀ ਪਰ ਇਸ ਦੇ ਨਿਭਾਉ ਵਿਚ ਕਮਾਲ ਦੀ ਪ੍ਰਾਪਤੀ ਹੋਈ ਸੀ। ਅੱਜ ਕੱਲ੍ਹ ਉਰਦੂ ਗ਼ਜ਼ਲ ਦੀ ਇਕ ਸੁੰਤਤਰ ਹੋਂਦ ਹੈ।

          ਪੰਜਾਬੀ ਗ਼ਜ਼ਲ ਦਾ ਮੋਢੀ ਮੁਹੰਮਦ ਬਖ਼ਸ਼ (1832–1906ਈ.) ਕਰਤਾ ‘ਸੈਫੁਲ ਮਲੂਕ’ ਨੂੰ ਮੰਨਿਆ ਜਾਂਦਾ ਹੈ । ਪਹਿਲਾਂ ਗ਼ਜ਼ਲਾਂ ਦਾ ਦੀਵਾਨ ਮੌਲਾ ਬਖ਼ਸ਼ ਕੁਸ਼ਤਾ ਦਾ ਛਪਿਆ ਸੀ। ਲਾਲਾ ਧਨੀ ਰਾਮ ਚਾਤ੍ਰਿਕ, ਦਰਸ਼ਨ ਸਿੰਘ ਅਵਾਰਾ, ਪ੍ਰੋ. ਮੋਹਨ ਸਿੰਘ, ਬਰਕਤ ਰਾਮ ਯੁਮਨ, ਬਾਵਾ ਬਲਵੰਤ, ਹਜ਼ਾਰਾ ਸਿੰਘ ਮੁਸ਼ਤਾਂਕ, ਡਾਕਟਰ ਫ਼ਕੀਰ ਮੁਹੰਮਦ ਫ਼ਕੀਰ, ਤਬੱਸਮ, ਪੀਰ ਫ਼ਜ਼ਲ ਹੁਸੈਨ, ਤਖ਼ਤ ਸਿੰਘ, ਦੀਵਾਨ ਸਿੰਘ ਅਤੇ ਸਾਧੂ ਸਿੰਘ ਹਮਦਰਦ ਆਦਿ ਹੋਰ ਪੰਜਾਬੀ ਦੇ ਗ਼ਜ਼ਲਗੋ ਹਨ।

                   [ਸਹਾ. ਗ੍ਰੰਥ––‘ਫ਼ਰਹੰਗੇ––ਨਫ਼ੀਸੀ’ (ਫਾ.); ਆਬਿਦ ਅਲੀ : ‘ਤਲਮੀਹਾ ਤੇ ਇਕਬਾਲ’; ਸਾਧੂ ਸਿੰਘ ਹਮਦਰਦ : ‘ਗ਼ਜ਼ਲ’]


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 29415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗ਼ਜ਼ਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗ਼ਜ਼ਲ  : ਅਰਬੀ ਭਾਸ਼ਾ ਵਿਚ ਗਜ਼ਲ ਦਾ ਅਰਥ ਇਸਤਰੀਆਂ ਨਾਲ ਗੱਲਾਂ ਕਰਨਾ ਹੈ ਪਰ ਸੱਯਦ ਆਬਿਦ ਅਲੀ ਅਨੁਸਾਰ ਜਦੋਂ ਸ਼ਿਕਾਰੀ ਕੁੱਤੇ ਹਿਰਨ ਦਾ ਪਿੱਛਾ ਕਰਦੇ ਹਨ ਤੇ ਹਿਰਨ ਜੀਵਨ ਤੋਂ ਨਿਰਾਸ਼ ਹੋ ਕੇ ਜੋ ਦਰਦੀਲੀ ਆਵਾਜ਼ ਪੈਦਾ ਕਰਦਾ ਹੈ, ਇਸ ਆਵਾਜ਼ ਨੂੰ ਗ਼ਜ਼ਲ ਆਖਦੇ ਹਨ। ਇਸ ਦਾ ਭਾਵ ਹੈ ਕਿ ਗਜ਼ਲ ਵਿਚ ਪਿਆਰ ਦੀ ਪੀੜ ਦਾ ਬਿਆਨ ਹੁੰਦਾ ਹੈ। ਪਿਆਰੇ ਦੇ ਹੁਸਨ, ਜੁਦਾਈ, ਨਖਰੇ ਤੇ ਹੋਰ ਰੁੱਸਣ-ਮੰਨਣ ਦੀਆਂ ਗੱਲਾਂ ਗ਼ਜ਼ਲਦਾ ਮੁੱਖ ਵਿਸ਼ਾ ਹੁੰਦੀਆਂ ਹਨ।

ਪਹਿਲਾਂ ਪਹਿਲ ਗ਼ਜ਼ਲ ਦਾ ਮੁੱਖ ਵਿਸ਼ਾ ਇਸ਼ਕ ਹੀ ਸੀ ਪਰ ਹੁਣ ਤਾਂ ਹਰ ਮਾਮਲੇ ਨੂੰ ਲੈ ਕੇ ਗ਼ਜ਼ਲ ਲਿਖੀ ਜਾਂਦੀ ਹੈ। ਅਧਿਆਤਮਕ ਗਿਆਨ ਤੋਂ ਲੈ ਕੇ ਅਸ਼ਲੀਲ ਤੇ ਘਿਰਣਿਤ ਵਿਚਾਰ ਵੀ ਗਜ਼ਲ ਵਿਚ ਪਰਗਟ ਹੋਣ ਲੱਗ ਪਏ ਹਨ। ਫ਼ਾਰਸੀ ਤੋਂ ਗਜ਼ਲ ਉਰਦੂ ਵਿਚ ਤੇ ਅੱਗੇ ਫਿਰ ਪੰਜਾਬੀ ਵਿਚ ਆਈ।

ਗਜ਼ਲ ਦੇ ਮੁੱਖ ਅੰਗ ਨਿਮਨ ਅਨੁਸਾਰ ਹਨ :–

ਮਿਸਰਾ : ਗ਼ਜ਼ਲ ਵਿਚ ਆਏ ਹਰ ਸ਼ਿਅਰ ਦੀ ਹਰ ਤੁਕ ਨੂੰ ਮਿਸਰਾ ਆਖਦੇ ਹਨ।

ਮਤਲਾ : ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾ ਆਖਦੇ ਹਨ।

ਮਕਤਾ : ਗ਼ਜ਼ਲ ਦੇ ਅੰਤਮ ਸ਼ਿਅਰ ਨੂੰ ਮਕਤਾ ਆਖਿਆ ਜਾਂਦਾ ਹੈ।

ਕਾਫ਼ੀਆ : ਪੰਜਾਬੀ ਵਿਚ ਇਸ ਨੂੰ ਤੁਕਾਂਤ ਆਖਿਆ ਜਾਂਦਾ ਹੈ। ਇਹ ਸ਼ਿਅਰ ਦੇ ਅੰਤ ਤੇ ਵਾਰ ਵਾਰ ਆਉਣ ਵਾਲੇ ਹਮਵਜ਼ਨ ਸ਼ਬਦ ਹੁੰਦੇ ਹਨ।

ਰਦੀਫ਼  : ਉਹ ਸ਼ਬਦ ਜੋ ਕਾਫ਼ੀਏ ਤੋਂ ਬਾਦ ਹਰ ਸ਼ਿਅਰ ਵਿਚ ਆਵੇ ਨੂੰ ਰਦੀਫ਼ ਕਹਿੰਦੇ ਹਨ। ਰਦੀਫ਼ ਲਈ ਕਾਫ਼ੀਆ ਜ਼ਰੂਰੀ ਹੈ, ਪਰ ਕਾਫ਼ੀਏ ਲਈ ਰਦੀਫ਼ ਜ਼ਰੂਰੀ ਨਹੀਂ।

ਗ਼ਜ਼ਲ ਉਰਦੂ ਫ਼ਾਰਸੀ ਦਾ ਜਜ਼ਬਾਤੀ ਸੰਗੀਤਮਈ ਕਾਵਿ-ਰੂਪ ਹੈ। ਤਰੱਨਮ ਇਸ ਦੀ ਜਿੰਦ-ਜਾਨ ਹੈ ਪਰ ਇਸ ਲਈ ਕੋਈ ਰਾਗ ਨਿਸ਼ਚਿਤ ਨਹੀਂ ਹੈ। ਇਕ ਗ਼ਜ਼ਲ ਵਿਚ 7 ਤੋਂ 30 ਤੱਕ ਸ਼ਿਅਰ ਹੁੰਦੇ ਹਨ।

ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ਮਤਲਾ ਆਖਦੇ ਹਨ, ਜਿਸ ਵਿਚ ਦੋਵੇਂ ਮਿਸਰੇ ਹਮਕਾਫ਼ੀਆ ਅਤੇ ਹਮਰਦੀਫ਼ ਹੁੰਦੇ ਹਨ। ਮਤਲਾ ਦੇ ਬਾਦ ਦੇ ਹਰ ਸ਼ਿਅਰ ਦਾ ਦੂਜਾ ਮਿਸਰਾ ਮਤਲਾ ਨਾਲ ਹਮ-ਕਾਫ਼ੀਆ ਅਤੇ ਹਮਰਦੀਫ਼ ਹੁੰਦਾ ਹੈ। ਮਕਤਾ ਵਿਚ ਆਮ ਤੌਰ  ਤੇ ਸ਼ਾਇਰ ਆਪਣਾ ਉਪਨਾਮ ਦਿੰਦਾ ਹੈ।      

ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਸੰਪੂਰਨ ਹੁੰਦਾ ਹੈ ਜਦ ਕਿ ਗ਼ਜ਼ਲ ਸਾਰੇ ਸ਼ਿਅਰ ਰਲ ਕੇ ਇਕ ਪ੍ਰਭਾਵ ਪੈਦਾ ਕਰਦੇ ਹਨ। ਹਰ ਗ਼ਜ਼ਲ ਵਿਚ ਇਕ ਵਿਚਾਰ ਪੇਸ਼ ਹੁੰਦਾ ਹੈ ਜਿਸ ਨੂੰ ਕਾਵਿਕ ਢੰਗ ਨਾਲ ਵਿਅਕਤ ਕੀਤਾ ਜਾਂਦਾ ਹੈ :

                   'ਕਿਸਮਤ ਹੀ ਸੇ ਲਾਚਾਰ ਹੂੰ ਅ 'ਜ਼ੌਕ' ਵਰਨਾ,

                   ਸਭ ਫ਼ਨ ਮੇਂ ਹੂੰ ਮੈਂ  ਤਾਕ ਮੁਝੇ ਕਿਆ ਨਹੀਂ ਆਤਾ।'

ਗ਼ਜ਼ਲ ਅਸਲ ਵਿਚ ਕਸੀਦੇ ਵਾਂਗ ਸ਼ਾਹੀ ਦਰਬਾਰਾਂ ਦੀ ਕਵਿਤਾ ਹੈ, ਕਿਉਂਕਿ ਸ਼ਾਹੀ ਦਰਬਾਰਾਂ ਵਿਚ ਇਸ਼ਕ ਦੀਆਂ ਗੱਲਾਂ ਮਾਸ਼ੂਕ ਦੇ ਨਾਜ਼-ਨਖਰੇ ਸਭ ਸਮਾ ਜਾਂਦੇ ਹਨ। ਫ਼ਾਰਸੀ ਦਾ ਪਹਿਲਾ ਗ਼ਜ਼ਲਗੋ ਰੂਦਕੀ ਸੀ ਤੇ ਇਸ ਦਾ ਉਸਤਾਦ ਸਆਦੀ ਨੂੰ ਮੰਨਿਆ ਜਾਂਦ ਹੈ। ਹਾਫ਼ਿਜ ਨਾਲ ਗ਼ਜ਼ਲ ਆਪਣੇ ਸਿਖ਼ਰਾਂ ਨੂੰ ਛੂੰਹਦੀ ਹੈ।

ਉਰਦੂ ਗ਼ਜ਼ਲ ਦਾ ਉਸਤਾਦ ਮਿਰਜ਼ਾ ਗ਼ਾਲਿਬ ਹੈ। ਮੀਰ, ਜ਼ੌਕ,ਹਾਲੀ, ਸੌਦਾ, ਮੋਮਨ ਆਦਿ ਚੰਗੇ ਗ਼ਜ਼ਲਗੋ ਹੋ ਗੁਜ਼ਰੇ ਹਨ। ਫ਼ੈਜ਼ ਅਹਿਮਦ ਫ਼ੈਜ਼, ਫ਼ਿਰਾਕ ਗੋਰਖਾਪੁਰੀ, ਸਾਹਿਰ ਲੁਧਿਆਵਣੀ, ਲਭੂ ਰਾਮ, ਜੋਸ਼ ਮਲਸਿਆਨੀ, ਜੋਸ਼ ਮਲੀਹਾਬਾਦੀ, ਮਹਿਂਰੂਮ, ਜਗਨ ਨਾਥ ਆਜ਼ਦ ਆਦਿ ਵੀਹਵੀਂ ਸਦੀ ਦੇ ਚੰਗੇ ਗ਼ਜ਼ਲਗੋ ਹਨ। ਉਰਦੂ ਗ਼ਜ਼ਲ ਵਿਚ ਵੀ ਫ਼ਾਰਸੀ ਗ਼ਜਲ ਦੇ ਸਿੱਧੇ ਪ੍ਰਭਾਵ ਕਾਰਨ ਉਹੀ ਚੋਹਲ-ਮੋਹਲ ਤੇ ਰਵਾਇਤੀ ਰੰਗ ਪ੍ਰਧਾਨ ਹੈ।

 'ਮੀਰ' ਦੀ ਇਕ ਗਜ਼ਲ ਦੇ ਦੋ ਸ਼ਿਅਰ ਹਨ –

  'ਸੁਖ਼ਨ ਮੁਸ਼ਤਾਕ ਹੈ ਆਲਮ ਹਮਾਰਾ

   ਬਹੁਤ ਆਲਮ ਕਰੇਗਾ ਗ਼ਮ ਹਮਾਰਾ।

   ਪੜ੍ਹੇਂਗੇ ਸ਼ਿਅਰ ਰੋਰੋ ਲੋਗ ਬੈਠੇ

    ਰਹੇਗਾ ਦੇਰ ਤੱਕ ਮਾਤਮ ਹਮਾਰਾ । .......

ਪੰਜਾਬੀ ਗਜ਼ਨ ਦਾ ਆਰੰਭ ਮੁਹੰਮਦ ਬਖ਼ਸ਼ ਕਰਤਾ 'ਸੈਫ਼ੁਲ ਮਲੂਕ' ਤੋਂ ਮੰਨਿਆ ਜਾਂਦਾ ਹੈ। ਪੰਜਾਬੀ ਦਾ ਪਹਿਲਾਂ ਗਜ਼ਲ ਸੰਗ੍ਰਹਿ 'ਦੀਵਾਨਿ ਕੁਸ਼ਤਾ' ਛਪਿਆ ਸੀ। ਲਾਲਾ ਧਨੀ ਰਾਮ ਚਾਤ੍ਰਿਕ, ਦਰਸ਼ਨ ਸਿੰਘ ਆਵਾਰਾ, ਪ੍ਰੋ. ਮੋਹਨ ਸਿੰਘ, ਬਰਕਤ ਰਾਮ ਯੁਮਨ, ਡਾਕਟਰ ਫ਼ਕੀਰ ਮੁਹੰਮਦ ਫ਼ਕੀਰ, ਬਾਵਾ ਬਲਵੰਤ, ਹਜ਼ਾਰਾ ਸਿੰਘ ਮੁਸ਼ਤਾਕ, ਪੀਰ ਫ਼ਜ਼ਲ ਹੁਸੈਨ, ਤਖ਼ਤ ਸਿੰਘ, ਦੀਵਾਨ ਸਿੰਘ, ਸਾਧੂ ਸਿੰਘ ਹਮਦਰਦ, ਸ਼ਿਵ ਕੁਮਾਰ, ਡਾ. ਕੇਸਰ, ਡਾ. ਗੁਰਦਰਸ਼ਨ ਆਦਿ ਚੰਗੇ ਗ਼ਜ਼ਲਗੋ ਹਨ।

ਹ. ਪੁ. – ਪੰ. ਸਾ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 29217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਗ਼ਜ਼ਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗ਼ਜ਼ਲ : ਗ਼ਜ਼ਲ ਅਰਬੀ ਸ਼ਬਦ ਹੈ। ਫ਼ਰਹੰਗੇ ਨਫ਼ੀਸੀ ਫ਼ਰਹੰਗੇ ਆਮਿਰਾ ਅਤੇ ਫ਼ਿਰੋਜ਼ੁਲ ਲੁਗ਼ਾਤ ਅਨੁਸਾਰ ਗ਼ਜ਼ਲ ਦੇ ਅਰਥ ਹਨ-ਔਰਤਾਂ ਨਾਲ ਗੱਲਾਂ ਕਰਨਾ, ਔਰਤਾਂ ਬਾਰੇ ਗੱਲਾਂ ਕਰਨਾ, ਔਰਤਾਂ ਦੇ ਹੁਸਨੋ-ਜਮਾਲ ਦੀ ਤਾਰੀਫ਼ ਕਰਨਾ ਆਦਿ। ਫਰਹੰਗੇ ਆਮਿਰਾ ਵਿਚ ਗ਼ਜ਼ਲ ਦੇ ਇਹ ਅਰਥ ਵੀ ਦਿੱਤੇ ਹਨ–ਡੋਰਾ, ਸੂਤ, ਰੱਸੀ ਆਦਿ ਪਰੰਤੂ ਉਥੇ ਇਸ ਸ਼ਬਦ ਦਾ ਉਚਾਰਣ ਗ਼ਜ਼+ਲ ਹੈ ਗ਼+ਜ਼ਲ ਨਹੀਂ। ਗ਼ਜ਼ਲ ਦਾ ਅਸਲੀ ਉਚਾਰਣ ਗ਼+ਜ਼ਲ ਹੈ।

13ਵੀਂ ਸਦੀ ਦੇ ਇਕ ਫ਼ਾਰਸੀ ਵਿਦਵਾਨ ਸ਼ਮਸ਼ ਕੇਸ ਰਾਜ਼ੀ ਦੀ ਪੁਸਤਕ ‘ਅਲਮੁਅਜ਼ਮ’ ਮੁਤਾਬਕ ਜਦੋਂ ਸ਼ਿਕਾਰੀ ਕੁੱਤਾ ਹਿਰਨ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਉਹ ਡਰ ਦਾ ਮਾਰਾ ਜੋ ਦਰਦ ਭਰੀ ਚੀਕ ਮਾਰਦਾ ਹੈ, ਉਹ ਗ਼ਜ਼ਲ ਹੈ। ਗ਼ਜ਼ਲ ਦਾ ਅਰਥ ਹਿਰਨ ਹੋਣ ਕਾਰਨ ਗ਼ਜ਼ਾਲ ਦੀਆਂ ਦਿਲਕਸ਼ ਅੱਖਾਂ ਅਤੇ ਗ਼ਜ਼ਾਲ ਦੀਆਂ ਚੌਕੜੀਆਂ ਦੀ ਸਮਾਨ ਵਿੱਥ ਬਾਰੇ ਗੱਲਾਂ ਕਰਨਾ ਹੀ ਗ਼ਜ਼ਲ ਦੇ ਢੁਕਵੇਂ ਅਰਥਾਂ ਦੇ ਰੂਪ ਵਿਚ ਗ੍ਰਹਿਣ ਕੀਤਾ ਗਿਆ ਹੈ ਅਤੇ ਇਹ ਅਰਥ ਕੋਸ਼ਗਤ ਅਰਥਾਂ ਅਤੇ ਮੁਢਲੀ ਗ਼ਜ਼ਲ ਰਚਨਾ ਦੇ ਵਿਸ਼ਾ-ਵਸਤੂ ਨਾਲ ਬਿਲਕੁਲ ਮੇਲ ਵੀ ਖਾਂਦੇ ਹਨ।

ਗ਼ਜ਼ਲ ਦੀ ਬੁਨਿਆਦ ਕਸੀਦਾ ਹੈ। ਕਸੀਦਾ ਅਰਬੀ ਸਿਨਫ਼ੇ-ਸੁਖ਼ਨ/ਕਾਵਿ-ਰੂਪਾਕਾਰ ਹੈ। ਇਸ ਸਿਨਫ਼ੇ-ਸੁਖ਼ਨ ਰਾਹੀਂ ਕਵੀ ਆਪਣੇ ਹਾਕਮ ਦੀ ਵਡਿਆਈ ਕਰ ਕੇ ਇਨਾਮ ਹਾਸਲ ਕਰਦੇ ਸਨ।  23 ਹਿਜਰੀ ਵਿਚ ਅਰਬ ਦਾ ਈਰਾਨ ਉੱਤੇ ਕਬਜ਼ਾ ਹੋ ਗਿਆ ਅਤੇ 2-5 ਹਿਜਰੀ ਤਕ ਈਰਾਨ ਅਰਬਾਂ ਦੇ ਅਧੀਨ ਰਿਹਾ। ਅਰਬਾਂ ਨਾਲ ਕਸੀਦਾ ਵੀ ਈਰਾਨ ਵਿਚ ਪਹੁੰਚ ਗਿਆ ਜਿਸ ਨੂੰ ਫ਼ਾਰਸੀ ਸ਼ਾਇਰਾਂ ਨੇ ਆਪਣੇ ਮਾਹੌਲ ਅਨੁਸਾਰ ਢਾਲ ਲਿਆ। ਗ਼ਜ਼ਲ ਵੀ ਕਸੀਦੇ ਦਾ ਹੀ ਬਦਲਿਆ ਤੇ ਸੋਧਿਆ ਰੂਪ ਹੈ। ਗ਼ਜ਼ਲ ਕਸੀਦਾ ਕਾਵਿ-ਰੂਪਾਕਾਰ ਦੇ ਪਹਿਲੇ ਭਾਗ ‘ਤਸ਼ਬੀਬ’ (ਵਾਤਾਵਰਣ ਤੇ ਖ਼ੂਬਸੂਰਤੀ ਦੀਆਂ ਗੱਲਾਂ ਕਰਨਾ) ਅਤੇ ਫ਼ਾਰਸੀ ਕਾਵਿ-ਰੂਪਾਕਾਰ ‘ਚਾਮਾ’ ਦੇ ਸੰਯੋਗ ਨਾਲ ਹੋਂਦ ਵਿਚ ਆਉਣ ਵਾਲਾ ਅਜਿਹਾ ਕਾਵਿ-ਰੂਪਾਕਾਰ ਹੈ ਜਿਸ ਨੇ ਹੌਲੀ-ਹੌਲੀ ਆਪਣੀ ਸੁਤੰਤਰ ਹੋਂਦ ਵਿਧੀ ਨਿਸ਼ਚਿਤ ਕਰ ਕੇ ‘ਤਸ਼ਬੀਬ’ ਤੇ ‘ਚਾਮਾ’ ਨਾਲੋਂ ਆਪਣਾ ਵੱਖਰਾ ਸਰੂਪ ਤੇ ਸੁਭਾਅ ਨਿਸ਼ਚਿਤ ਕੀਤਾ। 

ਮੁਢਲੀ ਗ਼ਜ਼ਲ ਇਕ ਵਿਸ਼ਾ-ਮੂਲਕ ਰੂਪਾਕਾਰ ਵੀ ਸੀ ਤੇ ਰੂਪ-ਮੂਲਕ ਵੀ। ਹੁਸਨੋ-ਇਸ਼ਕ ਦੀਆਂ ਗੱਲਾਂ ਮੁੱਢਲੀ ਗ਼ਜ਼ਲ ਦਾ ਵਿਸ਼ਾ ਸੀ ਅਤੇ ਇਸ ਦਾ ਇਕ ਨਿਸ਼ਚਿਤ ਰੂਪ ਵੀ ਸੀ ਜੋ ਹੁਣ ਵੀ ਹੈ। ਜਾਗੀਰਦਾਰੀ ਦੌਰ ਤੋਂ ਲੈ ਕੇ ਸਰਮਾਏਦਾਰੀ ਦੌਰ ਤਕ ਪੁਜਦੇ-ਪੁਜਦੇ ਗ਼ਜ਼ਲ ਦੇ ਵਿਸ਼ਾ-ਵਸਤੂ ਵਿਚ ਵੰਨ-ਸੁਵੰਨਤਾ ਆ ਜਾਣ ਕਾਰਨ ਗ਼ਜ਼ਲ ਵਿਸ਼ਾ-ਮੂਲਕ ਰੂਪਾਕਾਰ ਨਹੀਂ ਰਿਹਾ। ਗ਼ਜ਼ਲ ਹੁਣ ਇਕ ਰੂਪ-ਮੂਲਕ ਕਾਵਿ-ਰੂਪਾਕਾਰ ਹੈ। ਗ਼ਜ਼ਲ ਇਕੋ ਬਹਿਰ-ਵਜ਼ਨ ਵਿਚ ਰਚੇ ਸ਼ਿਅਰਾਂ ਦਾ ਸਮੂਹ ਹੈ। ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਮੁਕੰਮਲ ਕਾਵਿਕ-ਇਕਾਈ ਹੁੰਦਾ ਹੈ। ਇਕ ਗ਼ਜ਼ਲ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸ਼ਿਅਰ ਹੋ ਸਕਦੇ ਹਨ। ਇਸੇ ਲਈ ਗ਼ਜ਼ਲ ਨੂੰ ਗ਼ਜ਼ਲ ਸਿਰਲੇਖ ਅਧੀਨ ਹੀ ਰੱਖਿਆ ਜਾਂਦਾ ਹੈ। ਨਜ਼ਮ ਵਾਂਗ ਗ਼ਜ਼ਲ ਦਾ ਕੋਈ ਸਿਰਲੇਖ ਨਹੀਂ ਹੁੰਦਾ। ਜੇ ਕਿਸੇ ਗ਼ਜ਼ਲ ਦੇ ਸ਼ਿਅਰਾਂ ਦਾ ਵਿਸ਼ਾ ਇਕੋ ਹੈ ਤਾਂ ਉਸ ਨੂੰ ਮੁਸੱਲਸਲ ਗ਼ਜ਼ਲ ਕਹਿੰਦੇ ਹਨ।

ਗ਼ਜ਼ਲ ਦਾ ਮੁੱਢ ਮਤਲਾ ਨਾਲ ਬੱਝਦਾ ਹੈ ਜਿਸ ਦਾ ਅਰਥ ਹੈ–ਸੂਰਜ ਦਾ ਉਦੈ ਹੋਣਾ। ਪੰਜਾਬੀ ਵਿਚ ਅਸੀਂ ਇਸ ਨੂੰ ਮੁਖੜਾ ਕਹਿੰਦੇ ਹਾਂ। ਮਤਲਾ ਕਿਸੇ ਗ਼ਜ਼ਲ ਦਾ ਬਹਿਰ-ਵਜ਼ਨ ਤੇ ਕਾਫ਼ੀਆ ਰਦੀਫ਼ ਨਿਸ਼ਚਿਤ ਕਰਦਾ ਹੈ। ਮਤਲੇ ਵਿਚ ਦੋ ਤੁਕਾਂ/ ਦੋ ਮਿਸਰੇ ਹੁੰਦੇ ਹਨ। ਇਹ ਦੋਵੇਂ ਤੁਕਾਂ ਹਮ-ਵਜ਼ਨ, ਹਮ-ਕਾਫ਼ੀਆ ਅਤੇ ਹਮ-ਰਦੀਫ਼ ਹੁੰਦੀਆਂ ਹਨ। ਗ਼ਜ਼ਲ ਵਿਚ ਦੋ ਜਾਂ ਤਿੰਨ ਮਤਲੇ ਵੀ ਹੋ ਸਕਦੇ ਹਨ। ਬਾਅਦ ਵਾਲੇ ਮਤਲੇ ਹੁਸਨ-ਏ-ਮਤਲਾ ਜਾਂ ਮਤਲਾ ਸਾਨੀ ਅਖਵਾਉਂਦੇ ਹਨ। ਮਤਲਾ ਇਹ ਵੀ ਨਿਸ਼ਚਿਤ ਕਰਦਾ ਹੈ ਕਿ ਕਾਫ਼ੀਏ ਦਾ ਮੂਲ ਅੱਖਰ ਕਿਹੜਾ ਹੈ ਅਤੇ ਮੂਲ ਤੁਕੀ ਕਾਵਿ-ਟੁਕੜੀਆਂ ਨੂੰ ਸ਼ਿਅਰ ਕਹਿੰਦੇ ਹਨ। ਹਰ ਸ਼ਿਅਰ ਦੀ ਦੂਜੀ ਤੁਕ ਦਾ ਕਾਫ਼ੀਆ ਤੇ ਰਦੀਫ਼ ਮਤਲੇ ਅਨੁਸਾਰ ਨਿਭਣਾ ਜ਼ਰੂਰੀ ਹੈ। ਤੋਲ ਕਾਫ਼ੀਆਂ ਤੇ ਰਦੀਫ਼ ਦੇ ਸੁਮੇਲ ਨੂੰ  ਗ਼ਜ਼ਲ ਦੀ ਜ਼ਮੀਨ ਵੀ ਕਿਹਾ ਜਾਂਦਾ ਹੈ।

ਗ਼ਜ਼ਲ ਦੇ ਸ਼ਿਅਰਾਂ ਦੀ ਗਿਣਤੀ ਤਾਕ (odd) ਅਰਥਾਤ 3,5,7 ਆਦਿ ਹੋਵੇ ਅਤੇ ਇਕ ਗ਼ਜ਼ਲ ਦੇ ਘੱਟ ਤੋਂ ਘੱਟ ਪੰਜ ਤੋਂ ਵੱਧ ਤੋਂ ਵੱਧ ਸਤਾਰਾਂ ਸ਼ਿਅਰ ਹੋਣ, ਇਹ ਕੁਝ ਉਸਤਾਦ ਸ਼ਾਇਰਾਂ ਦੀ ਧਾਰਨਾ ਹੈ ਪਰੰਤੂ ਹੁਣ ਗ਼ਜ਼ਲ ਦੇ ਸ਼ਿਅਰਾਂ ਦੀ ਗਿਣਤੀ ਦਾ ਬੰਧਨ ਪ੍ਰਵਾਨ ਨਹੀਂ ਕੀਤਾ ਜਾਂਦਾ।

ਮਕਤਾ ਗ਼ਜ਼ਲ ਦੇ ਅੰਤ ਉੱਤੇ ਆਉਣ ਵਾਲਾ ਉਹ ਸ਼ਿਅਰ ਹੈ ਜਿਸ ਵਿਚ ਸ਼ਾਇਰ ਦਾ ਤਖ਼ੱਲੁਸ ਜਾਂ ਉਪਨਾਮ ਆਉਂਦਾ ਹੈ। ਦਰਅਸਲ ਮਕਤਾ ਅਰਬੀ ਸ਼ਬਦ ਹੈ ਜਿਸ ਦੇ ਅਰਥ ਹਨ–ਕੱਟਿਆ ਹੋਇਆ। ਰਵਾਇਤੀ ਸ਼ਾਇਰ ਮਕਤੇ ਨੂੰ ਗ਼ਜ਼ਲ ਦਾ ਲਾਜ਼ਮੀ ਅੰਗ ਮੰਨਦੇ ਹਨ ਪਰੰਤੂ ਬਹੁਤੇ ਆਧੁਨਿਕ ਸ਼ਾਇਰ ਇਸ ਪਾਬੰਦੀ ਤੋਂ ਮੁਕਤ ਹੋ ਚੁੱਕੇ ਹਨ।

ਸਰਲਤਾ, ਸਪਸ਼ਟਤਾ, ਕੋਮਲਤਾ, ਮਧੁਰਤਾ ਅਤੇ ਸੰਗੀਤਾਤਮਕਤਾ ਆਦਿ ਗ਼ਜ਼ਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ। ਤਗ਼ੱਜ਼ਲ ਗ਼ਜ਼ਲ ਦੀ ਜਿੰਦ-ਜਾਨ ਹੈ। ਪਹਿਲਾਂ ਗ਼ਜ਼ਲ ਦੇ ਆਸ਼ਿਕਾਨਾ ਕਿਸਮ ਦੇ ਸ਼ਿਅਰਾਂ ਨੂੰ ਹੀ ਤਗ਼ੱਜ਼ਲ ਦੇ ਸ਼ਿਅਰ ਪ੍ਰਵਾਨ ਕੀਤਾ ਜਾਂਦਾ ਸੀ ਪਰੰਤੂ ਹੁਣ ਗ਼ਜ਼ਲ ਦੀ ਸ਼ੈਲੀ ਅਤੇ ਸੁਭਾਅ ਨੂੰ ਸ਼ਿਅਰ ਵਿਚ ਪੂਰੀ ਤਰ੍ਹਾਂ ਰੂਪਮਾਨ ਕਰਨ ਨੁੂੰ ਤਗ਼ੱਜ਼ਲ ਕਹਿੰਦੇ ਹਨ। ਤਗ਼ੱਜ਼ਲ ਦਾ ਰੰਗ ਸ਼ਿਅਰ ਵਿਚ ਭਰਨ ਲਈ ਰਮਜ਼ਾਂ, ਇਸ਼ਾਰਿਆਂ ਤੇ ਸੰਕੇਤਾਂ ਰਾਹੀਂ ਵਿਚਾਰਾਂ ਤੇ ਭਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਇਹ ਪ੍ਰਗਟਾਵਾ ਕਿਸੇ ਇਕ ਵਿਸ਼ੇ, ਸਥਿਤੀ, ਘਟਨਾ, ਵਿਅਕਤੀ ਜਾਂ ਫ਼ਿਰਕੇ ਤਕ ਸੀਮਤ ਨਹੀਂ ਰਹਿੰਦਾ, ਸਗੋਂ ਵੱਖ -ਵੱਖ ਸਮਿਆਂ ਅਤੇ ਸਥਿਤੀਆਂ ਵਿਚ ਵੀ ਆਪਣਾ ਪ੍ਰਭਾਵ ਕਾਇਮ ਰੱਖਦਾ ਹੈ। ਆਧੁਨਿਕ ਗ਼ਜ਼ਲ ਵਿਚ ਤਗ਼ੱਜ਼ਲ ਨੂੰ ਇਨ੍ਹਾਂ ਅਰਥਾਂ ਵਿਚ ਹੀ ਸਮਝਿਆ ਜਾ ਸਕਦਾ ਹੈ। ਤਗ਼ੱਜ਼ਲ ਦੀ ਇਹ ਵਿਸੇਸ਼ਤਾ ਗ਼ਜ਼ਲ ਦੇ ਸ਼ਿਅਰ ਦੀ ਪਛਾਣ ਵੀ ਹੈ ਤੇ ਸੀਮਾ ਵੀ ਪਰ ਸਮਕਾਲੀਨ, ਰਾਜਨੀਤਕ, ਸਮਾਜਕ, ਆਰਥਕ, ਸਭਿਆਚਾਰਕ ਸਰੋਕਾਰ ਰੱਖਣ ਵਾਲੇ ਸ਼ਿਅਰਾਂ ਵਿਚ ਤਗ਼ੱਜ਼ਲ ਦੇ ਨਾਲ ਨਾਲ ਨਜ਼ਮੀਅਤ ਦਾ ਰੰਗ ਆਉਣਾ ਸੁਭਾਵਕ ਹੈ।

ਗ਼ਜ਼ਲ ਦਾ ਜਨਮ ਈਰਾਨ ਵਿਚ ਹੋਇਆ। ਦਸਵੀਂ ਸਦੀ ਵਿਚ ਫ਼ਾਰਸੀ ਸ਼ਾਇਰ ਰੂਦਕੀ ਨੂੰ ਗ਼ਜ਼ਲ ਦਾ ਮੋਢੀ ਮੰਨਿਆ ਜਾਂਦਾ ਹੈ। ਮੁਢਲੀ ਫ਼ਾਰਸੀ ਗ਼ਜ਼ਲ ਦੇ ਕੁਝ ਹੋਰ ਸ਼ਾਇਰਾਂ ਵਿਚ ਦਕੀਕੀ, ਉਨਸਰੀ, ਫ਼ਰੁੱਖੀ ਤੇ ਮਸਊਦ ਸਅਦ ਸਲਮਾਨ ਆਦਿ ਦੇ ਨਾਂ ਵਰਣਨਯੋਗ ਹਨ। ਇਨ੍ਹਾਂ ਸ਼ਾਇਰਾਂ ਦੇ ਆਸ਼ਿਕਾਨਾ ਤੇ ਰਿੰਦਾਨਾ ਸ਼ਿਆਰਾਂ ਪਿੱਛੋਂ ਫ਼ਾਰਸੀ ਗ਼ਜ਼ਲ ਵਿਚ ਸੂਫ਼ੀਆਨਾ ਰੰਗ ਭਰਨ ਵਾਲੇ ਸ਼ਾਇਰਾਂ ਵਿਚ ਸਨਾਈ, ਨਿਜ਼ਾਮੀ ਗੰਜਵੀ, ਮੌਲਾਨਾ ਜਲਾਲ-ਉਲ-ਦੀਨ ਰੂਮੀ, ਇਰਾਕੀ ਆਦਿ ਦੇ ਨਾਂ ਵਰਣਨਯੋਗ ਹਨ। ਰਵਾਇਤੀ ਫ਼ਾਰਸੀ ਗ਼ਜ਼ਲ ਨੂੰ ਸਿਖਰ ਪ੍ਰਦਾਨ ਕਰਨ ਵਾਲਾ ਸ਼ਾਇਰ ਸ਼ੇਖ਼ ਸਾਅਦੀ ਸੀ। ਭਾਰਤ ਵਿਚ ਗ਼ਜ਼ਲ ਰਚਨਾ ਦਾ ਮੋਢੀ ਅਮੀਰ ਖੁਸਰੋ ਨੂੰ ਮੰਨਿਆ ਜਾਂਦਾ ਹੈ ਪਰੰਤੂ ਹਿੰਦਵੀ ਦੇ ਉਰਦੂ ਗ਼ਜ਼ਲ ਨੂੰ ਸਥਾਪਤ ਕਰਨ ਵਿਚ ਸੌਦਾ, ਮੀਰ ਤਕੀ ਮੀਰ, ਮੋਮਿਨ, ਜ਼ੌਕ, ਗ਼ਾਲਿਬ, ਦਾਗ਼ ਆਦਿ ਸ਼ਾਇਰਾਂ ਦਾ ਬੜਾ ਹੀ ਮਹੱਤਵਪੂਰਨ ਯੋਗਦਾਨ ਹੈ। ਉਰਦੂ ਦੇ ਜਦੀਦ ਗ਼ਜ਼ਲਕਾਰਾਂ ਵਿਚ ਹਾਲੀ, ਫ਼ਿਰਾਕ ਗੋਰਖਪੁਰੀ, ਅਲੀ ਸਰਦਾਰ ਜਾਫ਼ਰੀ, ਸਾਹਿਰ ਲੁਧਿਆਣਵੀ, ਨਿਦਾ ਫ਼ਾਜ਼ਲੀ, ਬਸ਼ੀਰ ਬਦਰ ਆਦਿ ਦਾ ਜ਼ਿਕਰਯੋਗ ਮੁਕਾਮ ਹੈ।

ਪੰਜਾਬੀ ਗ਼ਜ਼ਲ ਦਾ ਮੁੱਢ 17ਵੀਂ ਸਦੀ ਵਿਚ ਹੋਏ ਸ਼ਾਇਰ ਸ਼ਾਹ ਮੁਰਾਦ ਨਾਲ ਬੱਝਦਾ ਹੈ। ਮੌਲਾ ਬਖ਼ਸ਼ ਕੁਸ਼ਤਾ ਪੰਜਾਬੀ ਦਾ ਪਹਿਲਾ ਗ਼ਜ਼ਲਗੋ ਹੈ ਜਿਸ ਦਾ ਦੀਵਾਨ 1903 ਈ. ਵਿਚ ਪ੍ਰਕਾਸ਼ਿਤ ਹੋਇਆ ਪਰੰਤੂ ਸ਼ਾਹ ਮੁਰਾਦ ਤੋਂ ਕੁਸ਼ਤਾ ਤਕ ਦੀ ਪੰਜਾਬੀ ਗ਼ਜ਼ਲ ਰਚਨਾ 18ਵੀਂ  19ਵੀਂ ਸਦੀ ਦੀ ਉਰਦੂ ਗਜ਼ਲਗੋਈ ਨਾਲੋਂ ਬਹੁਤ ਪਿੱਛੇ ਹੈ। ਕਾਰਨ ਇਹ ਹੈ ਕਿ ਜਿਸ ਸਮੇਂ ਉਰਦੂ ਸ਼ਾਇਰਾਂ ਨੇ ਗ਼ਜ਼ਲ ਨੂੰ ਮੁੱਖ ਸਿਨਫ਼ੇ-ਸੁਖ਼ਨ ਦੇ ਰੂਪ ਵਿਚ ਅਪਣਾਇਆ, ਉਦੋਂ ਪੰਜਾਬੀ ਗ਼ਜਲਗੋ ਵਧੇਰੇ ਕਿੱਸਾ ਤੇ ਕਾਫ਼ੀ ਰਚਨਾ ਵੱਲ ਰੁਚਿਤ ਸਨ। ਭਾਵੇਂ ਦੇਸ਼ ਵੰਡ ਤੋਂ ਪਹਿਲਾਂ ਪੰਜਾਬੀ ਦੇ ਕੁਝ ਸ਼ਾਇਰਾਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕੁਝ ਗ਼ਜ਼ਲ ਦੇ ਸ਼ਿਅਰ ਵੀ ਕਹੇ ਪਰੰਤੂ ਆਜ਼ਾਦੀ ਪਿੱਛੋਂ ਗ਼ਜ਼ਲ ਨੂੰ ਵਿਕਸਤ ਕਰਨ ਵਿਚ ਡਾ. ਸਾਧੂ ਸਿੰਘ ਹਮਦਰਦ, ਦੀਪਕ ਜੈਤੋਈ, ਪ੍ਰਿੰ. ਤਖ਼ਤ ਸਿੰਘ, ਚਾਨਣ ਗੋਬਿੰਦਪੁਰੀ ਆਦਿ ਉਸਤਾਦ ਸ਼ਾਇਰਾਂ ਦੀ ਪ੍ਰਮੁੱਖ ਭੂਮਿਕਾ ਹੈ। ਗ਼ਜ਼ਲ ਨੂੰ ਮਾਣਯੋਗ ਸਥਾਨ ਅਤੇ ਸਿਖਰ ਪ੍ਰਦਾਨ ਕਰਨ ਵਿਚ ਆਧੁਨਿਕ ਪੰਜਾਬੀ ਸ਼ਾਇਰਾਂ ਵਿਚੋਂ ਅਜਾਇਬ ਚਿੱਤਰਕਾਰ, ਡਾ. ਜਗਤਾਰ, ਗੁਰਦੇਵ ਨਿਰਧਨ, ਕੰਵਰ ਚੌਹਾਨ, ਸੁਰਜੀਤ ਪਾਤਰ, ਡਾ. ਰਣਧੀਰ ਸਿੰਘ ਚੰਦ, ਡਾ. ਐੱਸ. ਤਰਸੇਮ, ਡਾ. ਤਰਲੋਕ ਸਿੰਘ ਆਨੰਦ ਆਦਿ ਸ਼ਾਇਰਾਂ ਦਾ ਵਡਮੁੱਲਾ ਯੋਗਦਾਨ ਹੈ। ਇਨ੍ਹਾਂ ਸ਼ਾਇਰਾਂ ਨੇ 20ਵੀਂ ਸਦੀ ਦੇ 7ਵੇਂ ਦਹਾਕੇ ਤੋਂ ਗ਼ਜ਼ਲ ਨੂੰ ਆਪਣੇ ਭਾਵਾਂ ਤੇ ਵਿਚਾਰਾਂ ਦੀ ਅਭਿਵਿਅਕਤੀ ਦੀ ਪ੍ਰਮੁੱਖ ਸਿਨਫ਼ ਮੰਨ ਕੇ ਗ਼ਜ਼ਲ ਰਚਨਾ ਕੀਤੀ। ਸੁਚੇਤ ਹੋ ਕੇ ਫ਼ਾਰਸੀ/ਉਰਦੂ ਗ਼ਜ਼ਲਾਂ ਦੇ ਆਸ਼ਿਕਾਨਾ, ਰਿੰਦਾਨਾ ਅਤੇ ਸੂਫ਼ੀਆਨਾ ਚਿੰਨ੍ਹਾਂ, ਪ੍ਰਤੀਕਾਂ ਤੇ ਰੂਪਕਾਂ ਦਾ ਤਿਆਗ ਕੀਤਾ ਅਤੇ ਆਧੁਨਿਕ ਬੋਧ ਨੂੰ ਮੌਲਿਕ ਪੰਜਾਬੀ ਰੰਗ ਪ੍ਰਧਾਨ ਕਰਨ ਦਾ ਯਤਨ ਕੀਤਾ। ਅਰੂਜ਼ ਦੇ ਨਾਲ-ਨਾਲ ਇਨ੍ਹਾਂ ਸ਼ਾਇਰਾਂ ਨੇ ਭਾਰਤੀ ਛੰਦਾਂ ਵਿਚ ਵੀ ਗ਼ਜ਼ਲ ਦੇ ਸ਼ਿਅਰ ਸਫ਼ਲਤਾ ਨਾਲ ਕਹੇ।

ਪਾਕਿਸਤਾਨ ਵਿਚ ਵੀ ਨਾ ਸਿਰਫ ਉਰਦੂ ਵਿਚ ਸਗੋਂ ਪੰਜਾਬੀ ਵਿਚ ਗ਼ਜ਼ਲ ਕਹਿਣ ਦਾ ਰੁਝਾਨ ਵਧਿਆ ਹੈ। ਯੂਰਪ ਤੇ ਦੱਖਣੀ ਏਸ਼ੀਆ ਦੀਆਂ ਕੁਝ ਹੋਰ ਭਾਸ਼ਾਵਾਂ ਦੇ ਸ਼ਾਇਰਾਂ ਨੇ ਵੀ 20 ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿਚ ਗ਼ਜ਼ਲ ਰਚਨਾ ਨੂੰ ਆਪਣੇ ਭਾਵਾਂ ਤੇ ਵਿਚਾਰਾਂ ਦਾ ਮਾਧਿਅਮ ਬਣਾਇਆ ਹੈ। ਪੰਜਾਬੀ ਸ਼ਾਇਰਾਂ ਦੀ ਨਵੀਂ ਪੀੜ੍ਹੀ ਵਿਚੋਂ ਵੀ ਕਈ ਪ੍ਰਤਿਭਾਸ਼ਾਲੀ ਗ਼ਜ਼ਲਗੋ ਉਭਰ ਕੇ ਸਾਹਮਣੇ ਆ ਰਹੇ ਹਨ।


ਲੇਖਕ : -ਡਾ. ਐੱਸ ਤਰਸ਼ੇਮ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-40-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Rajinder


Rajinder singh, ( 2018/09/17 06:0050)

Assignment


Rajinder singh, ( 2018/09/17 06:0113)

ਇਸ site ਦੀ ਇੱਕ ਮੋਬਾਇਲ app ਵੀ ਹੋਣੀ ਚਾਹੀਦੀ ਹੈ


Jaswinder singh, ( 2018/10/14 05:2009)

ਇਸ site ਦੀ ਇੱਕ ਮੋਬਾਇਲ app ਵੀ ਹੋਣੀ ਚਾਹੀਦੀ ਹੈ


Jaswinder singh, ( 2018/10/14 05:2013)

Yes mobile app


Harmesh singh, ( 2021/08/16 07:1112)

Haigi a


Harwinder Singh, ( 2022/05/03 05:4005)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.