ਗ਼ਲਤ ਦਰਸਾਵਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Misrepresentation_ਗ਼ਲਤ ਦਰਸਾਵਾ: ਕਿਸੇ ਅਜਿਹੇ ਬਿਆਨ ਜਾਂ ਆਚਰਣ ਨੂੰ ਗ਼ਲਤ ਦਰਸਾਵਾ ਕਿਹਾ ਜਾਂਦਾ ਹੈ ਜੋ ਗ਼ਲਤ ਜਾਂ ਝੂਠਾ ਪ੍ਰਭਾਵ ਦਿੰਦਾ ਹੈ। ਝੂਠਾ ਜਾਂ ਕਪਟ-ਪੂਰਨ ਗ਼ਲਤ ਦਰਸਾਵਾ ਉਹ ਹੁੰਦਾ ਹੈ ਜੋ ਉਸ ਦੇ ਝੂਠ ਹੋਣ ਦੇ ਤੱਥ ਦੀ ਜਾਣਕਾਰੀ ਹੁੰਦੇ ਹੋਏ ਕੀਤਾ ਜਾਂਦਾ ਹੈ ਅਤੇ ਉਸ ਦੁਆਰਾ ਧੋਖਾ ਦੇਣਾ ਚਿਤਵਿਆ ਗਿਆ ਹੁੰਦਾ ਹੈ ਜਦ ਕਿ ਅਜਿਹਾ ਗ਼ਲਤ ਦਰਸਾਵਾ ਜੋ ਉਸ ਦੇ ਸੱਚ ਹੋਣ ਦੇ ਵਿਸ਼ਵਾਸ ਲਈ ਵਾਜਬ ਆਧਾਰ ਤੋਂ ਬਿਨਾਂ ਕੀਤਾ ਜਾਂਦਾ ਹੈ ਉਹ ਅਣਗਹਿਲੀ- ਪੂਰਨ ਗ਼ਲਤ ਦਰਸਾਵਾ ਹੁੰਦਾ ਹੈ।
ਭਾਰਤੀ ਮੁਆਇਦਾ ਐਕਟ ਦੀ ਧਾਰਾ 18 ਅਨੁਸਾਰ, ‘ਗ਼ਲਤ ਦਰਸਾਵਾ’ ਦਾ ਮਤਲਬ ਹੈ ਅਤੇ ਇਸ ਵਿਚ ਸ਼ਾਮਲ ਹੈ:-
(1) ਉਸ ਗੱਲ ਦਾ ਜੋ ਸੱਚ ਨਹੀਂ ਹੈ, ਅਜਿਹੇ ਤਰੀਕੇ ਨਾਲ ਨਿਸਚੇ ਆਤਮਕ ਜਤਾਵਾ , ਜਿਹੜਾ ਜਤਾਉਣ ਵਾਲੇ ਵਿਅਕਤੀ ਦੀ ਜਾਣਕਾਰੀ ਦੁਆਰਾ ਸਮਰਥਤ ਨਹੀਂ ਹੈ, ਭਾਵੇਂ ਉਹ ਉਸ ਗੱਲ ਦੇ ਸੱਚ ਹੋਣ ਦਾ ਵਿਸ਼ਵਾਸ ਕਰਦਾ ਹੋਵੇ;
(2) ਕੋਈ ਅਜਿਹਾ ਕਰਤੱਵ ਭੰਗ ਜੋ ਧੋਖਾ ਦੇਣ ਦੀ ਨੀਤ ਤੋਂ ਬਿਨਾਂ ਭੰਗ ਕਰਨ ਵਾਲੇ ਵਿਅਕਤੀ ਨੂੰ ਜਾਂ ਉਸ ਤੋਂ ਵਿਉਤਪੰਨ ਅਧਿਕਾਰ ਦੇ ਅਧੀਨ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਕੋਈ ਫ਼ਾਇਦਾ, ਕਿਸੇ ਹੋਰ ਨੂੰ ਇਸ ਤਰ੍ਹਾਂ ਕੁਰਾਹੇ ਪਾ ਕੇ ਪਹੁੰਚਾਵੇ ਜਿਸ ਨਾਲ ਹੋਰ ਵਿਅਕਤੀ ਤੇ ਜਾਂ ਉਸ ਤੋਂ ਵਿਉਤਪੰਨ ਅਧਿਕਾਰ ਦੇ ਅਧੀਨ ਦਾਅਵਾ ਕਰਨ ਵਾਲੇ ਵਿਅਕਤੀ ਤੇ ਪ੍ਰਤੀਕੂਲ ਪ੍ਰਭਾਵੇ ਪਾਵੇ;
(3) ਭਾਵੇਂ ਕਿਤਨੀ ਵੀ ਮਾਸੂਮੀਅਤ ਨਾਲ ਕਿਉਂ ਨਾ ਹੋਵੇ, ਕਿਸੇ ਕਰਾਰ ਦੀ ਕਿਸੇ ਧਿਰ ਤੋਂ ਉਸ ਗੱਲ ਦੇ ਵਿਸ਼ੇ ਬਾਰੇ ਜੋ ਕਰਾਰ ਦਾ ਵਿਸ਼ਾ ਹੋਵੇ, ਕੋਈ ਭੁੱਲ ਕਰਾਉਣਾ।’’
ਜਦੋਂ ਕਿਸੇ ਕਰਾਰ ਲਈ ਸੰਮਤੀ ਜਬਰ , ਕਪਟ ਜਾਂ ਗ਼ਲਤ ਦਰਸਾਵੇ ਦੁਆਰਾ ਕਾਰਤ ਕੀਤੀ ਜਾਂਦੀ ਹੈ ਤਾਂ ਉਹ ਕਰਾਰ ਉਸ ਧਿਰ ਦੀ ਮਰਜ਼ੀ ਤੇ ਜਿਸ ਦੀ ਸੰਮਤੀ ਇਸ ਤਰ੍ਹਾਂ ਕਾਰਤ ਕੀਤੀ ਗਈ ਸੀ , ਸੁੰਨ ਕਰਨਯੋਗ ਹੁੰਦਾ ਹੈ। ਲੇਕਿਨ ਮੁਆਇਦੇ ਦੀ ਉਹ ਧਿਰ ਜਿਸ ਦੀ ਸੰਮਤੀ ਕਪਟ, ਜਬਰ ਜਾਂ ਗ਼ਲਤ ਦਰਸਾਵੇ ਦੁਆਰਾ ਕਾਰਤ ਕੀਤੀ ਗਈ ਸੀ, ਜੇ ਠੀਕ ਸਮਝੇ ਤਾਂ ਇਸ ਗੱਲ ਤੇ ਅੜ ਸਕਦੀ ਹੈ ਕਿ ਮੁਆਇਦੇ ਦੀ ਪਾਲਣਾ ਕੀਤੀ ਜਾਵੇ ਅਤੇ ਉਸ ਨੂੰ ਉਸ ਪੋਜ਼ੀਸ਼ਨ ਵਿਚ ਲਿਆਂਦਾ ਜਾਵੇ ਜਿਸ ਵਿਚ ਉਹ ਤਦ ਹੁੰਦੀ ਹੈ ਜੇ ਕੀਤਾ ਗਿਆ ਦਰਸਾਵਾ ਸੱਚ ਹੁੰਦਾ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਅਜਿਹਾ ਮੁਆਇਦਾ, ਜੋ ਗ਼ਲਤ ਦਰਸਾਵੇ ਦੁਆਰਾ ਕਾਰਤ ਹੋਇਆ ਹੈ, ਰੱਦ ਕਰਾਉਣ ਲਈ ਲਿਆਂਦੇ ਦਾਵੇ ਵਿਚ ਮੁਦਈ ਜਿਤ ਸਕਦਾ ਹੈ ਭਾਵੇਂ ਉਹ ਗ਼ਲਤ ਦਰਸਾਵਾ ਮਾਸੂਮੀਅਤ ਨਾਲ ਕੀਤਾ ਗਿਆ ਸੀ, ਲੇਕਿਨ ਧੋਖੇ ਦੇ ਆਧਾਰ ਤੇ ਮੁਆਇਦਾ ਰਦ ਕਰਾਉਣ ਲਈ ਇਹ ਜ਼ਰੂਰੀ ਹੈ ਕਿ ਗ਼ਲਤ ਦਰਸਾਵਾ ਇਹ ਜਾਣਦੇ ਹੋਏ ਕੀਤਾ ਗਿਆ ਹੋਵੇ ਕਿ ਉਹ ਝੂਠ ਹੈ ਜਾਂ ਗ਼ਲਤ ਦਰਸਾਵਾ ਅੰਨ੍ਹੇਵਾਹ ਕੀਤਾ ਗਿਆ ਹੋਵੇ ਅਤੇ ਉਸ ਦੇ ਸੱਚ ਜਾਂ ਝੂਠ ਹੋਣ ਬਾਰੇ ਸੋਚਿਆ ਤਕ ਵੀ ਨਾ ਗਿਆ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First