ਖ਼ਾਲਸਾ ਦੀਵਾਨ ਲਾਹੌਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਦੀਵਾਨ ਲਾਹੌਰ: ਇਸ ਸਿੱਖ ਸੰਸਥਾ ਦੀ ਸਥਾਪਨਾ 11 ਅਪ੍ਰੈਲ 1886 ਨੂੰ ਸਿੱਖਾਂ ਦੇ ਉਸ ਗਰੁੱਪ ਦੁਆਰਾ ਕੀਤੀ ਗਈ ਜਿਹਨਾਂ ਦੇ ਖ਼ਾਲਸਾ ਦੀਵਾਨ ਅੰਮ੍ਰਿਤਸਰ ਨਾਲ ਦੁਫੇੜ ਪੈਣ ਕਾਰਨ , ਆਪਣੇ ਸੰਬੰਧ ਤੋੜ ਲਏ ਸਨ। ਭਦੌੜ ਦੇ ਰਈਸ ਭਾਈ ਅਤਰ ਸਿੰਘ ਨੂੰ ਇਸ ਦਾ ਪ੍ਰਧਾਨ ਅਤੇ ਭਾਈ ਗੁਰਮੁਖ ਸਿੰਘ ਨੂੰ ਮੁੱਖ ਸਕੱਤਰ ਥਾਪਿਆ ਗਿਆ। 19 ਫ਼ਰਵਰੀ 1892 ਨੂੰ ਰਸਮੀ ਤੌਰ ਤੇ ਇਸ ਦੀਵਾਨ ਨੂੰ ਸਰਕਾਰ ਕੋਲ ਰਜਿਸਟਰ ਕਰਵਾਇਆ ਗਿਆ। ਇਸ ਦੀਵਾਨ ਨਾਲ ਸੰਬੰਧਿਤ ਸਿੰਘ ਸਭਾਵਾਂ ਅਤੇ ਜਿਹਨਾਂ ਰਾਜਾਂ ਵਿਚ ਸਿੰਘ ਸਭਾਵਾਂ ਨਹੀਂ ਬਣੀਆਂ ਸਨ ਉਹਨਾਂ ਦੇ ਪ੍ਰਤਿਨਿਧੀ ਦੀਵਾਨ ਦੇ ਮੈਂਬਰ ਸਨ। ਸਿੱਖ ਧਰਮ ਦਾ ਪੁਨਰ- ਉੱਥਾਨ, ਵਿੱਦਿਆ ਦਾ ਪ੍ਰਸਾਰ - ਵਿਸ਼ੇਸ਼ ਕਰਕੇ ਇਸਤਰੀਆਂ ਵਿਚ, ਪੰਜਾਬੀ ਭਾਸ਼ਾ ਦਾ ਵਿਕਾਸ , ਅਤੇ ਸਿੱਖ ਇਤਿਹਾਸ ਅਤੇ ਧਰਮ ਨਾਲ ਸੰਬੰਧਿਤ ਪੁਸਤਕਾਂ ਦਾ ਪ੍ਰਕਾਸ਼ਨ ਦੀਵਾਨ ਦੇ ਉਦੇਸ਼ਾਂ ਵਿਚ ਸ਼ਾਮਲ ਸਨ। ਵਿਸ਼ੇਸ਼ ਤੌਰ ਤੇ ਭਾਈ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਜਵਾਹਰ ਸਿੰਘ ਵਰਗੇ ਨੇਤਾਵਾਂ ਦੁਆਰਾ ਅਰੰਭੀ ਨਿਰੰਤਰ ਮੁਹਿੰਮ ਕਾਰਨ ਦੀਵਾਨ ਸਿੱਖਾਂ ਵਿਚਕਾਰ ਛੇਤੀ ਹੀ ਹਰਮਨ ਪਿਆਰਾ ਹੋ ਗਿਆ ਸੀ। ਮੰਚ ਤੋਂ ਭਾਸ਼ਣਾਂ, ਅਖ਼ਬਾਰਾਂ ਅਤੇ ਟ੍ਰੈਕਟਾਂ/ ਪੁਸਤਕਾਂ ਦੁਆਰਾ ਉਹਨਾਂ ਨੇ ਸਿੰਘ ਸਭਾ ਦੇ ਸੁਧਾਰਵਾਦੀ ਸਿਧਾਂਤਾਂ ਦਾ ਪ੍ਰਚਾਰ ਕੀਤਾ ਅਤੇ ਅੰਮ੍ਰਿਤਸਰ ਦੀਵਾਨ ਦੀਆਂ ਨੀਤੀਆਂ ਤੇ ਰੂੜ੍ਹੀਵਾਦੀ ਹੋਣ ਕਾਰਨ ਵਿਅੰਗ ਕੀਤਾ। ਗੁਰਮੁਖ ਸਿੰਘ ਦੀ ਸਰਪ੍ਰਸਤੀ ਅਧੀਨ ਅਪ੍ਰੈਲ 1886 ਤੋਂ ਇਕ ਮਾਸਿਕ ਪੰਜਾਬੀ ਰਸਾਲਾ ਸੁਧਾਰਾਰਕ ਅਤੇ ਕੁਝ ਸਮੇਂ ਬਾਅਦ 13 ਜੂਨ 1886 ਤੋਂ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਿਆ। ਗਿਆਨੀ ਦਿੱਤ ਸਿੰਘ ਦੇ ਹੱਥਾਂ ਵਿਚ ਖ਼ਾਲਸਾ ਅਖ਼ਬਾਰ, ਲਾਹੌਰ ਦੀਵਾਨ ਅਤੇ ਇਸ ਦੀ ਵਿਚਾਰਧਾਰਾ ਦਾ ਸ਼ਕਤੀਸ਼ਾਲੀ ਬੁਲਾਰਾ ਬਣਿਆ। ਦੀਵਾਨ ਨਾਲ ਸੰਬੰਧਿਤ ਸਿੰਘ ਸਭਾਵਾਂ ਦੀ ਗਿਣਤੀ ਛੇਤੀ ਹੀ 125 ਤੋਂ ਉੱਤੇ ਪਹੁੰਚ ਗਈ ਸੀ। ਪਰ 1896 ਵਿਚ ਅਤਰ ਸਿੰਘ ਦੇ, 1898 ਵਿਚ ਗੁਰਮੁਖ ਸਿੰਘ ਦੇ ਅਤੇ 1901 ਵਿਚ ਦਿੱਤ ਸਿੰਘ ਦੇ ਅਕਾਲ ਚਲਾਣੇ ਨਾਲ ਦੀਵਾਨ ਦਾ ਜੋਸ਼ ਅਤੇ ਉਤਸ਼ਾਹ ਮੱਠਾ ਪੈ ਗਿਆ ਸੀ। 1902 ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਤੋਂ ਬਾਅਦ ਇਹ ਪੂਰਨ ਤੌਰ ਤੇ ਖ਼ਤਮ ਹੋ ਗਿਆ।

      ਦੇਖੋ , ਸਿੰਘ ਸਭਾ ਲਹਿਰ


ਲੇਖਕ : ਜ.ਜ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.