ਖ਼ਾਨਾਬਦੋਸ਼ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Khirghiz (ਖਿਰਗੀਜ਼) ਖ਼ਾਨਾਬਦੋਸ਼: ਸ਼ੀਤ ਕੱਟਬੰਧੀ ਏਸ਼ੀਆਈ ਘਾਹ ਮੈਦਾਨਾਂ ਵਿੱਚ ਰਹਿਣ ਵਾਲੇ ਖ਼ਾਨਾਬਦੋਸ਼ ਲੋਕ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਖ਼ਾਨਾਬਦੋਸ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖ਼ਾਨਾਬਦੋਸ਼ : ਇਨ੍ਹਾਂ ਲੋਕਾਂ ਨੂੰ ਟੱਪਰੀਵਾਸ ਵੀ ਕਹਿੰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੀ ਰਿਹਾਇਸ਼ ਦਾ ਕੋਈ ਨਿਸ਼ਚਿਤ ਥਾਂ-ਟਿਕਾਣਾ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਲੋਕਾਂ ਦੀ ਕੋਈ ਰਾਸ਼ਟਰੀਅਤਾ ਹੁੰਦੀ ਹੈ। ਆਮ ਤੌਰ ਤੇ ਇਹ ਲੋਕ ਖ਼ੁਰਾਕ ਦੀ ਭਾਲ ਵਿਚ ਮੌਸਮ ਅਨੁਸਾਰ ਜਾਂ ਕਿੱਤੇ ਅਨੁਸਾਰ, ਇਕ ਖਾਸ ਨਿਸ਼ਚਿਤ ਖੇਤਰ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ-ਫਿਰਦੇ ਰਹਿੰਦੇ ਹਨ। ਭੋਜਨ-ਪ੍ਰਾਪਤੀ ਲਈ ਇਹ ਲੋਕ ਜਾਨਵਰਾਂ ਦੇ ਸ਼ਿਕਾਰ ਜਾਂ ਪੌਦਿਆਂ ਤੇ ਨਿਰਭਰ ਕਰਦੇ ਹਨ। ਇਸ ਲਈ ਜਿਥੇ ਕਿਤੇ ਵੀ ਜਲਦੀ ਹੋਣ ਵਾਲੀਆਂ ਫ਼ਸਲਾਂ ਲਈ ਅਤੇ ਪਸ਼ੂ ਚਰਾਉਣ ਲਈ ਉਚਿਤ ਥਾਂ ਅਤੇ ਪਾਣੀ ਆਦਿ ਮਿਲਦਾ ਹੋਵੇ ਉਥੇ ਹੀ ਇਹ ਲੋਕ ਆਰਜ਼ੀ ਤੌਰ ਤੇ ਆਪਣਾ ਡੇਰਾ ਜਮਾ ਲੈਂਦੇ ਹਨ।

          ਇਸ ਕਿਸਮ ਦੇ ਲੋਕ ਲਗਭਗ ਹਰ ਇਕ ਮਹਾਂਦੀਪ ਵਿਚ ਹਨ ਪਰ ਬਹੁਤਾ ਕਰਕੇ ਇਹ ਯੂਰਪ ਵਿਚ ਹਨ। ਇਹ ਆਮ ਤੌਰ ਤੇ ਘੋੜੇ ਜਾਂ ਮੋਟਰ ਨਾਲ ਚੱਲਣ ਵਾਲੀਆਂ ਗੱਡੀਆਂ ਵਿਚ ਸਫ਼ਰ ਕਰਦੇ ਹਨ। ਖ਼ਾਨਾਬਦੋਸ਼ਾਂ ਦੇ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਨਾਂ ਹਨ ਜਿਵੇਂ ਅੰਗਰੇਜ਼ ਇਨ੍ਹਾਂ ਨੂੰ ਜਿਪਸੀ, ਫ਼ਰਾਂਸੀਸੀ ਬੋਹੀਮੀਅਨ, ਸਪੇਨੀ ਫ਼ਲੈਮਿਸ਼, ਸਵੀਡੀ ਤਾਰਤਾਰ ਅਤੇ ਡੱਚ ਤੇ ਜਰਮਨ ਇਨ੍ਹਾਂ ਨੂੰ ਹੀਦਨ ਕਹਿੰਦੇ ਹਨ। ਅਸਲ ਵਿਚ ਇਨ੍ਹਾਂ ਦੀ ਭਾਸ਼ਾ ਅਤੇ ਇਤਿਹਾਸ ਤੋਂ ਇਨ੍ਹਾਂ ਦਾ ਮੁੱਢ ਭਾਰਤ ਵਿਚੋਂ ਹੋਇਆ ਲਗਦਾ ਹੈ। ਕਦੋਂ ਅਤੇ ਕਿਉਂ ਉਨ੍ਹਾਂ ਨੇ ਭਾਰਤ ਛੱਡਿਆ, ਇਸ ਗੱਲ ਬਾਰੇ ਕੁਝ ਪਤਾ ਨਹੀਂ ਪਰ ਇਸ ਗੱਲ ਦੇ ਸਬੂਤ ਹਨ ਕਿ ਇਹ ਬਹੁਤਾ ਕਰਕੇ ਭਾਰਤ ਵਿਚੋਂ ਹੀ ਗਏ। ਇਹ ਆਮ ਤੌਰ ਤੇ ਮੰਨਿਆ ਗਿਆ ਹੈ ਕਿ 1000 ਤੱਕ ਇਹ ਲੋਕ ਈਰਾਨ ਵਿਚ ਸਨ ਤੇ ਇਥੋਂ ਇਹ ਫਿਰ ਦੋ ਹਿੱਸਿਆਂ ਵਿਚ ਵੰਡੇ ਗਏ। ਕੁਝ ਲੋਕ ਦੱਖਣ ਅਤੇ ਪੱਛਮ ਵੱਲ ਮਿਸਰ ਅਤੇ ਉੱਤਰੀ ਅਫ਼ਰੀਕਾ ਚਲੇ ਗਏ ਅਤੇ ਬਾਕੀ ਉੱਤਰ ਵੱਲ ਨੂੰ ਯੂਰਪ ਵਿਚ ਗਏ, ਉਹ 15 ਵੀਂ ਅਤੇ 16 ਵੀਂ ਸਦੀਆਂ ਤੱਕ ਉੱਤਰ-ਪੱਛਮੀ ਯੂਰਪ ਵਿਚ ਰਹੇ ਤੇ 20ਵੀਂ ਸਦੀ ਦੇ ਅੱਧ ਤੱਕ ਮੈਕਸੀਕੋ ਅਤੇ ਆਸਟਰੇਲੀਆ ਤੱਕ ਪਹੁੰਚ ਗਏ ਹਨ।

          ਸ਼ਿਕਾਰੀ ਖ਼ਾਨਾਬਦੋਸ਼ ਦਾ ਸਮਾਜਕ ਜੀਵਨ ਛੋਟੇ-ਛੋਟੇ ਪਰਿਵਾਰਿਕ ਸਮੂਹਾਂ ਵਿਚ ਸੰਗਠਤ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜੰਗਲਾਂ ਤੋਂ ਇਤਨਾ ਸ਼ਿਕਾਰ ਜਾਂ ਕੰਦ-ਮੂਲ ਫ਼ਲ ਨਹੀਂ ਮਿਲਦਾ, ਕਿ ਉਹ ਵੱਡੇ ਸਮੂਹਾਂ ਦਾ ਪੇਟ ਪਾਲ ਸਕਣ। ਸਰਗੂਜਾ (ਮੱਧ ਪ੍ਰਦੇਸ਼) ਦੇ ਪਹਾੜੀ ਕੋਰਵਾ, 25-30 ਆਦਮੀਆਂ ਦੇ ਛੋਟੇ-ਛੋਟੇ ਸਮੂਹਾਂ ਵਿਚ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੇ ਹਰ ਸਮੂਹ ਨੇ ਪੰਜ-ਛੇ ਵਰਗ ਮੀਲ ਤੇ ਅਧਿਕਾਰ ਕੀਤਾ ਹੋਇਆ ਹੈ। ਕੋਚੀਨ ਦੇ ਕਾਦਾਰ, ਉੱਤਰੀ ਧਰੁਵ ਦੇ ਐਸਕੀਮੋ, ਮੱਧ ਆਸਟਰੇਲੀਆ ਦੇ ਅਰੁੰਟਾ, ਅਫ਼ਰੀਕਾ ਦੇ ਬੁਸ਼ਮੈਨ ਅਤੇ ਬ੍ਰਾਜ਼ੀਲ ਦੇ ਜੰਗਲੀ ਆਦਿਵਾਸੀ ਸਾਰੇ ਛੋਟੇ ਛੋਟੇ ਦਲਾਂ ਵਿਚ ਸੰਗਠਤ ਹਨ।

          ਪਸ਼ੂਪਾਲਕ ਖ਼ਾਨਾਬਦੋਸ਼ ਦਲ ਦਾ ਆਕਾਰ ਕੁਝ ਵੱਡਾ ਹੁੰਦਾ ਹੈ। ਅਰਬ ਦੇ ਬੱਦੂ, ਮੱਧ ਏਸ਼ੀਆ ਦੇ ਕਿਰਗੀਜ਼ ਅਤੇ ਮੰਗੋਲ, ਉੱਤਰੀ ਅਮਰੀਕਾ ਦੇ ਐਲਗੋਫ਼ਿਨ, ਅਫ਼ਰੀਕਾ ਦੇ ਨੁਰਮ ਅਤੇ ਮਸ਼ਾਈ, ਇਹ ਸਾਰੇ ਖ਼ਾਨਾਬਦੋਸ਼ ਹਜ਼ਾਰਾਂ ਦੀ ਗਿਣਤੀ ਵਿਚ ਦਲ ਬਣਾ ਕੇ ਰਹਿੰਦੇ ਅਤੇ ਘੁੰਮਦੇ ਹਨ। ਇਹ ਆਪਣੇ ਪਾਲਤੂ ਪਸ਼ੂ-ਊਠ, ਘੋੜਾ, ਗਾਂ, ਬੈਲ ਆਦਿ ਲਈ ਚਰਾਗਾਹ ਅਤੇ ਪਾਣੀ ਦੀ ਤਲਾਸ਼ ਵਿਚ ਘੁੰਮਦੇ ਹਨ ਅਤੇ ਕਿਸੇ ਵੀ ਜਗ੍ਹਾ ਤੇ ਇਕ ਮੌਸਮ (ਚਾਰ ਮਹੀਨੇ) ਤੋਂ ਜ਼ਿਆਦਾ ਨਹੀਂ ਰਹਿੰਦੇ। ਇਨ੍ਹਾਂ ਦਾ ਮੁੱਖ ਧਨ, ਪਸ਼ੂ ਹੁੰਦੇ ਹਨ। ਪਸ਼ੂਆਂ ਦੀ ਦੇਖ ਭਾਲ ਆਦਮੀ ਕਰਦੇ ਹਨ, ਔਰਤਾਂ ਘਰ ਦਾ ਕੰਮ ਸੰਭਾਲਦੀਆਂ ਹਨ। ਇਸ ਤਰ੍ਹਾਂ ਦੇ ਸਮੂਹਾਂ ਵਿਚ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ। ਸ਼ਿਕਾਰੀ ਖ਼ਾਨਾਬਦੋਸ਼ਾਂ ਦੀ ਤਰ੍ਹਾਂ ਇਨ੍ਹਾਂ ਦਾ ਰਾਜਨੀਤਿਕ ਜੀਵਨ ਲੋਕਤੰਤਰੀ ਹੁੰਦਾ ਹੈ ਪਰ ਇਸ ਵਿਚ ਬਜ਼ੁਰਗਾਂ ਨੂੰ ਖ਼ਾਸ ਮਾਨਤਾ ਮਿਲਦੀ ਹੈ।

          ਭਾਰਤ ਵਿਚ ਅਨੇਕ ਖ਼ਾਨਾਬਦੋਸ਼ ਕਬੀਲੇ ਅਤੇ ਜਾਤੀਆਂ ਹਨ। ਇਨ੍ਹਾਂ ਵਿਚੋਂ ਕਈ ‘ਜਰਾਇਮਪੇਸ਼ਾ’ ਹਨ ਜਿਹੜੇ ਚੋਰੀ ਅਤੇ ਠੱਗੀ ਵਰਗੇ ਅਪਰਾਧਾਂ ਨਾਲ ਆਪਣਾ ਜੀਵਨ ਜਿਉਂਦੇ ਹਨ। ਪੁਲੀਸ ਦੇ ਡਰ ਨਾਲ ਇਹ ਲੋਕੀ ਖ਼ਾਨਾਬਦੋਸ਼ ਰਹੇ ਹਨ। ਭਾਰਤ ਵਿਚ ਹਬੂੜਾ, ਕੰਜਰ, ਭੱਟ, ਸਹਿੰਸੀ, ਨਟ, ਬਾਗੜੀ, ਕਾਲਬੇਲੀਆ ਆਦਿ ਅਜਿਹੀਆਂ ਮੁੱਖ ਜਾਤੀਆਂ ਹਨ। ਕੁਝ ਹੋਰ ਜਾਤੀਆਂ ਹਨ, ਜਿਹੜੀਆਂ ਪਸ਼ੂ-ਪਾਲਕ ਹਨ ਜਾਂ ਦਸਤਕਾਰੀ ਦਾ ਕੰਮ ਕਰਦੀਆਂ ਹਨ, ਜਿਵੇਂ ਉੱਤਰੀ-ਪੱਛਮੀ ਭਾਰਤ ਵਿਚ ਗੁੱਜਰ ਜਾਂ ਰਾਜਸਥਾਨ ਵਿਚ ਗੱਡੀਆਂ ਵਾਲੇ ਲੋਹਾਰ।

          ਅਨੇਕਾਂ ਪਸ਼ੂ-ਪਾਲਕ ਖ਼ਾਨਾਬਦੋਸ਼ਾਂ ਨੇ ਰੱਖਿਅਕ ਸੰਘ ਬਣਾਏ ਹੋਏ ਹਨ। ਇਤਿਹਾਸ ਪ੍ਰਸਿਧ ਮੰਗੋਲ, ‘ਗੋਲਡਨ ਹੋਰਡ’, ਮੰਚੂ ਅਤੇ ਤੁਰਕ ਖ਼ਾਨਾਬਦੋਸ਼ ਹੀ ਸਨ ਜਿਹੜੇ ਮੱਧ ਯੁੱਗ ਵਿਚ ਏਸ਼ੀਆ ਅਤੇ ਯੂਰਪ ਵਿਚ ਵਿਸ਼ਾਲ ਸਾਮਰਾਜ ਕਾਇਮ ਕੀਤੇ। ਅਫ਼ਰੀਕਾ ਦੇ ਜ਼ੂਲੂ ਅਤੇ ਮਸਾਈ ਵੀ ਅਜਿਹੀਆਂ ਹੀ ਮਿਸਾਲਾਂ ਹਨ।

          ਹ. ਪੁ.– ਐਨ. ਬ੍ਰਿ. 10 : 1076; ਹਿੰ. ਵਿ. ਕੋ. 3 : 340


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.