ਹਜ਼ਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਜ਼ਾਰਾ : ਸ਼ਕਲ ਸੂਰਤ ਵਿਚ ਪਠਾਣਾਂ ਨਾਲ ਮਿਲਦੀ–ਜੁਲਦੀ ਇਕ ਨਸਲ ਹੈ ਪਰ ਪਠਾਣ ਨਹੀਂ। ਇਸ ਨਸਲ ਦੇ ਲੋਕ ਅਸਲ ਵਿਚ ਮੰਗੋਲ ਤਾਤਾਰ ਹਨ ਅਤੇ ਹਜ਼ਾਰਾ ਸ਼ਬਦ, ਜਿਸ ਤੋਂ ਇਸ ਨਸਲ ਦਾ ਨਾਂ ਪਿਆ ਹੈ, ਤੁਰਕੀ ਸ਼ਬਦ ਮਿੰਗ ਦਾ ਫਾਰਸੀ ਸਮਾਨਾਰਥਕ ਹੈ ਜਿਸ ਦਾ ਭਾਵ ਬਹੁ–ਗਿਣਤੀ ਜਾਂ ਵੱਡੀ ਸੈਨਾ ਤੋਂ ਹੈ। ਮੌਜੂਦਾ ਸਥਾਨਾਂ ਉਪਰ ਇਨ੍ਹਾਂ ਲੋਕਾਂ ਨੂੰ ਚੰਗੇਜ਼ ਖ਼ਾਂ ਨੇ ਵਸਾਇਆ ਸੀ ਅਤੇ ਕਾਬਲ ਤੇ ਗਜ਼ਨੀ ਤੋਂ ਲੈ ਕੇ ਹਿਰਾਤ ਤਕ ਅਤੇ ਕੰਧਾਰ ਤੋਂ ਬਲਖ ਤਕ ਫੈਲੀ ਹੋਈ ਪਰਬਤ–ਲੜੀ ਪੈਰੋਪਾਮਾਈਸਸ ਇਨ੍ਹਾਂ ਦੇ ਕਬਜ਼ੇ ਹੇਠਾਂ ਸੀ। ਆਪਣੇ ਕਬੀਲੇ ਦੇ ਅੰਦਰ–ਅੰਦਰ ਹੀ ਵਿਆਹ ਕਰਵਾਉਣ ਦੀ ਪਾਬੰਦੀ ਹੋਣ ਕਰਕੇ ਇਨ੍ਹਾਂ ਦੀ ਸਰੀਰਕ ਬਣਤਰ ਅਤੇ ਨੈਣ–ਨਕਸ਼ ਵਿਚ ਕੋਈ ਤਬਦੀਲੀ ਨਹੀਂ ਆਈ ਅਤੇ ਨਾ ਹੀ ਇਨ੍ਹਾਂ ਦੇ ਰਹਿਣ–ਸਹਿਣ ਵਿਚ ਕੋਈ ਫਰਕ ਪਿਆ ਹੈ। 600 ਸਾਲ ਪਹਿਲਾਂ ਜਿਹੜੇ ਸਾਜ਼ੋ–ਸਾਮਾਨ, ਭੇਡਾਂ–ਬਕਰੀਆਂ ਦੇ ਇੱਜੜਾਂ ਅਤੇ ਆਪਣੇ ਪਰਿਵਾਰਾਂ ਸਮੇਤ ਜਿਸ ਰੂਪ ਵਿਚ ਇਹ ਇਥੇ ਆ ਕੇ ਵੱਸੇ ਸਨ, ਉਸੇ ਖਾਲਸ ਮੰਗੋਲਾਂ ਦੇ ਰੂਪ ਵਿਚ ਅੱਜ ਤਕ ਕਾਇਮ ਹਨ। ਇਹ ਲੋਕ ਪੰਜਾਬ (ਪ੍ਰਾਚੀਨ) ਵਿਚ ਵੱਸੇ ਨਹੀਂ ਪਰ ਮਜ਼ਦੂਰੀ ਕਰਨ ਲਈ ਆਇਆ ਕਰਦੇ ਸਨ ਅਤੇ ਇਨ੍ਹਾਂ ਨੂੰ ਸਫਰਮੈਨਾਂ ਦੀਆਂ ਰਜਮੰਟਾਂ ਵਿਚ ਵੀ ਭਰਤੀ ਕੀਤਾ ਗਿਆ ਸੀ। ਇਹ ਸਾਰੇ ਸ਼ੀਆ ਮੁਸਲਮਾਨ ਹਨ ਅਤੇ ਸੁੰਨੀ ਅਫ਼ਗਾਨ ਇਨ੍ਹਾਂ ਨੂੰ ਕਾਫ਼ਰ ਕਹਿੰਦੇ ਹਨ। ਡਾ. ਬੇਲੀਊ ਨੇ ਆਪਣੀ ਪੁਸਤਕ ‘ਰੇਸਿਸ ਆਫ਼ ਅਫ਼ਗ਼ਾਨਿਸਤਾਨ’ ਵਿਚ ਇਸ ਨਸਲ ਬਾਰੇ ਨਿਮਨ ਅਨੁਸਾਰ ਜ਼ਿਕਰ ਕੀਤਾ ਹੈ :

          ‘ਬਹੁਤ ਸਾਦਾ–ਦਿਲ ਲੋਕ ਅਤੇ ਪੂਰੀ ਤਰ੍ਹਾਂ ਆਪਣੇ ਮੁੱਲਾਂ ਦੇ ਹੱਥਾਂ ਵਿਚ ਹਨ। ਇਹ ਲੋਕ ਬਿਲਕੁਲ ਅਨਪੜ੍ਹ ਹਨ, ਕਬੀਲਿਆਂ ਦੇ ਮੁੱਖੀਏ ਇਨ੍ਹਾਂ ਉਪੱਰ ਰਾਜ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਦਬ–ਦਬਾ ਹੁੰਦਾ ਹੈ। ਇਹ ਆਮ ਕਰਕੇ ਬਹੁਤ ਗ਼ਰੀਬ ਅਤੇ ਸਰੀਰਕ ਤੌਰ ਤੇ ਨਰੋਏ ਹਨ। ਇਨ੍ਹਾਂ ਵਿਚੋਂ ਹਜ਼ਾਰਾਂ ਲੋਕ ਹਰ ਸਰਦੀ ਦੀ ਰੁੱਤੇ ਸੜਕਾਂ ਉਪਰ ਮਜ਼ਦੂਰੀ ਕਰਨ ਜਾਂ ਖੂਹ ਲਾਹੁਣ (ਉਤਾਰਨ) ਮਕਾਨ ਬਣਾਉਣ ਆਦਿ ਕੰਮਾਂ ਦੀ ਭਾਲ ਵਿਚ ਪੰਜਾਬ ਆ ਜਾਂਦੇ ਹਨ। ਆਪਦੇ ਦੇਸ਼ ਵਿਚ ਇਸ ਨਸਲ ਨੂੰ ਸੂਰਬੀਰ ਅਤੇ ਨਰੋਈ ਨਸਲ ਗਿਣਿਆ ਜਾਂਦਾ ਹੈ ਅਤੇ ਅਫ਼ਗਾਨਾ ਵਿਚ ਇਨ੍ਹਾਂ ਲੋਕਾਂ ਨੂੰ ਵਫ਼ਾਦਾਰ ਮਿਹਨਤੀ ਅਤੇ ਸਿਆਣੇ ਨੌਕਰ ਮੰਨਿਆ ਜਾਂਦਾ ਹੈ। ਸਰਦੀਆਂ ਵਿਚ ਇਨ੍ਹਾਂ ਵਿਚੋਂ ਹਜ਼ਾਰਾਂ ਲੋਕ ਕਾਬਲ, ਗਜ਼ਨੀ ਅਤੇ ਕੰਧਾਰ ਵਿਚ ਗਲੀਆਂ ਅਤੇ ਮਕਾਨਾਂ ਦੀਆਂ ਛੱਤਾਂ ਤੋਂ ਬਰਫ਼ ਹਟਾਉਣ ਦੀ ਸ਼ਕਲ ਵਿਚ ਮਜ਼ਦੂਰੀ ਕਰਦੇ ਹਨ। ਸੁੰਨੀ ਅਫ਼ਗਾਨ ਇਨ੍ਹਾਂ ਨੂੰ ਕਾਫ਼ਰ ਮੰਨਦੇ ਹਨ ਅਤੇ ਇਨ੍ਹਾਂ ਨੂੰ ਗ਼ਲਾਮ ਬਣਾਕੇ ਰੱਖਦੇ ਹਨ ਅਤੇ ਵੱਡੇ ਵੱਡੇ ਸ਼ਹਿਰਾਂ ਵਿਚ ਇਨ੍ਹਾਂ ਲੋਕਾਂ ਵਿਚੋਂ ਗੁਲਾਮ ਖਰੀਦੇ ਜਾਂਦੇ ਹਨ।

          ਹ. ਪੁ. ––ਗ. ਟ੍ਰਾ. ਕਾ. 330


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਜ਼ਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਜ਼ਾਰਾ : ਪਾਕਿਸਤਾਨ ਦੇ ਪਿਸ਼ਾਵਰ ਮੰਡਲ ਦਾ ਇਕ ਜ਼ਿਲ੍ਹਾ ਹੈ, ਜਿਸਦਾ ਖੇਤਰਫਲ 8,783 ਵ. ਕਿ. ਮੀ. ਅਤੇ ਆਬਾਦੀ 2,025,000 (1972) ਹੈ। ਇਹ ਇਕ ਪਹਾੜੀ ਇਲਾਕਾ ਹੈ। ਇਸ ਵਿਚ ਹੈਰੋ ਘਾਟੀ, ਹਜ਼ਾਰਾ ਤੇ ਊਰਸ਼ ਦੇ ਮੈਦਾਨ ਅਤੇ ਕਾਗਾਨ ਘਾਟੀ ਸ਼ਾਮਲ ਹਨ।

          ਦੁਰਾਨੀਆਂ ਦੇ ਸਮੇਂ ਤੋਂ ਪਹਿਲਾਂ ਦੇ ਸਮੇਂ ਦਾ ਇਤਿਹਾਸ ਸਾਨੂੰ ਪ੍ਰਾਪਤ ਨਹੀਂ ਹੁੰਦਾ। ਇਸ ਨਾਂ ਦਾ ਜ਼ਿਕਰ ਆਈਨੇ–ਅਕਬਰੀ ਵਿਚ ਆਉਂਦਾ ਹੈ। ਇਤਿਹਾਸਕਾਰ ‘ਫਰਿਸ਼ਤਾ’ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਇਹ ਉਸ ਸਮੇਂ ਅਟਕ ਦੇ ਗਵਰਨਰ ਅਧੀਨ ਸੀ। ਇਨ੍ਹਾਂ ਦਾ ਕੁਝ ਭਾਗ ਗੱਖੜਾਂ ਦੇ ਕਬਜ਼ੇ ਅਧੀਨ ਸੀ। ਮੁਗ਼ਲ ਰਾਜ ਦੇ ਕਮਜ਼ੋਰ ਹੋ ਜਾਣ ਤੇ ਅਫ਼ਗਾਨਾਂ ਨੇ ਇਸ ਇਲਾਕੇ ਉੱਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ। 1852 ਈ. ਵਿਚ ਇਹ ਇਲਾਕਾ ਅਹਿਮਦ ਸ਼ਾਹ ਦੁਰਾਨੀ ਅਧੀਨ ਆ ਗਿਆ। ਇਸ ਦੀ ਫੌਜੀ ਮਹੱਤਤਾ ਬਹੁਤ ਜ਼ਿਆਦਾ ਸੀ। ਇਕ ਤਾ ਇਥੋਂ ਕਸ਼ਮੀਰ ਨੂੰ ਜਾਣਾ ਸੌਖਾ ਸੀ ਅਤੇ ਦੂਜਾ ਫੌਜੀ ਭਰਤੀ ਲਈ ਵੀ ਇਹ ਇਲਾਕਾ ਵਧੀਆ ਸੀ। 1918 ਈ. ਵਿਚ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਕੋਲ ਆ ਗਿਆ। ਉਸ ਨੂੰ ਇਥੋਂ ਦੇ ਲੋਕਾਂ ਨੂੰ ਦਬਾਉਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿੱਖ ਰਾਜ ਦੇ ਪ੍ਰਸਿੱਧ ਜਰਨੈਨ ਸਰਦਾਰ ਹਰੀ ਸਿੰਘ ਨਲਵਾ ਨੇ ਇਥੋਂ ਦੇ ਲੋਕਾਂ ਦੀਆਂ ਬਗ਼ਾਵਤਾਂ ਨੂੰ ਪੂਰੀ ਤਾਕਤ ਨਾਲ ਦਬਾਅ ਦਿੱਤਾ। ਕੁਝ ਸਮਾਂ ਪਾ ਕੇ ਇਹ ਇਲਾਕਾ ਅੰਗਰੇਜ਼ਾਂ ਅਧੀਨ ਆ ਗਿਆ। ਹਿੰਦੁਸਤਾਨ ਦੀ ਵੰਡ ਸਮੇਂ ਇਹ ਇਲਾਕਾ ਪਾਕਿਸਤਾਨ ਦੇ ਅਧੀਨ ਚਲਾ ਗਿਆ।

          ਇਸ ਇਲਾਕੇ ਦੀ ਮਹੱਤਤਾ ਇਸ ਪੱਖ ਤੋਂ ਵੀ ਜ਼ਿਆਦਾ ਹੈ, ਕਿ ਤੀਜੀ ਸਦੀ ਈ. ਪੂ. ਦੇ ਅਸ਼ੋਕ ਦੇ ਸ਼ਾਹੀ ਫੁਰਮਾਨਾਂ ਦੇ ਸ਼ਿਲਾਲੇਖ ਇਸ ਇਲਾਕੇ ਵਿਚੋਂ ਮਿਲੇ ਹਨ ਅਤੇ ਪਹਿਲੀ ਸਦੀ ਈ. ਪੂ. ਦੇ ਸਿੱਕੇ ਵੀ ਇਸ ਇਲਾਕੇ ਵਿਚ ਮਿਲੇ ਹਨ।

          ਇਹ ਬਹੁਤ ਉਪਜਾਊ ਇਲਾਕਾ ਹੈ। ਇਥੇ ਸਿੰਧ ਅਤੇ ਕੁਨਹਾਰ ਦਰਿਆਵਾਂ ਦੇ ਪਾਣੀ ਨਾਲ ਭੂਮੀ ਦੀ ਸਿੰਜਾਈ ਕੀਤੀ ਜਾਂਦੀ ਹੈ ਅਤੇ ਮੱਕੀ, ਕਣਕ, ਆਲੂ, ਚਾਉਲ, ਬਾਜਰੇ ਆਦਿ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਦਿਓਦਾਰ ਦੇ ਦਰਖਤ ਆਮ ਮਿਲਦੇ ਹਨ। ਇਥੋਂ ਦੇ ਖਣਿਜਾਂ ਵਿਚ ਲੋਹਾ, ਕੋਲਾ, ਬਾਕਸਾਈਟ, ਚੂਨਾ–ਪੱਥਰ, ਸਿੱਕਾ ਆਦਿ ਵਰਣਨਯੋਗ ਹਨ। ਇਸ ਇਲਾਕੇ ਵਿਚ ਪਠਾਣ, ਗੁੱਜਰ, ਅਵਾਨ , ਖਰਲ ਅਤੇ ਸੱਯਦ ਵਸਦੇ ਹਨ ਪਰ ਵਧੇਰੇ ਗਿਣਤੀ ਗੁੱਜਰਾਂ ਦੀ ਹੈ।

          ਹ. ਪੁ. ––ਇੰਪ. ਗ. ਇੰਡ. 13 : 74 ; ਐਨ. ਬ੍ਰਿ. ਮਾ. 4 : 969


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-06-10, ਹਵਾਲੇ/ਟਿੱਪਣੀਆਂ: no

ਹਜ਼ਾਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਜ਼ਾਰਾ :   ਇਹ ਪਹਾੜੀ ਇਲਾਕਾ ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾ ਪ੍ਰਾਂਤ ਦੀ ਪਿਸ਼ਾਵਰ ਡਵੀਜ਼ਨ ਦਾ ਇਕ ਜ਼ਿਲ੍ਹਾ ਹੈ। ਇਸ ਦਾ ਖੇਤਰਫ਼ਲ 8783 ਵ. ਕਿ.ਮੀ. ਹੈ ਅਤੇ ਇਸ ਵਿਚ ਹੈਰੋ ਘਾਟੀ, ਹਜ਼ਾਰਾ ਤੇ ਊਰਸ਼ ਦੇ ਮੈਦਾਨ ਅਤੇ ਕਾਗਾਨ ਘਾਟੀ ਸ਼ਾਮਲ ਹੈ।

              ਆਈਨੇ-ਅਕਬਰੀ ਵਿਚ ਇਸ ਥਾਂ ਦਾ ਜ਼ਿਕਰ ਆਉਂਦਾ ਹੈ। ਇਤਿਹਾਸਕਾਰ 'ਫ਼ਰਿਸ਼ਤਾ' ਨੇ ਲਿਖਿਆ ਹੈ ਕਿ ਉਸ ਸਮੇਂ ਇਹ ਅਟਕ ਦੇ ਗਵਰਨਰ ਦੇ ਅਧੀਨ ਸੀ। ਇਸ ਇਲਾਕੇ ਦਾ ਕੁਝ ਹਿੱਸਾ ਗੱਖੜਾਂ ਅਧੀਨ ਸੀ। ਮੁਗ਼ਲ ਰਾਜ ਕਮਜ਼ੋਰ ਹੋਣ ਨਾਲ ਅਫ਼ਗਾਨਾਂ ਨੇ ਹਮਲੇ ਸ਼ੁਰੂ ਕੀਤੇ ਤਾਂ 1752 ਈ. ਵਿਚ ਇਹ ਇਲਾਕਾ ਅਹਿਮਦ ਸ਼ਾਹ ਦੁਰਾਨੀ ਅਧੀਨ ਹੋ ਗਿਆ। ਇਸ ਇਲਾਕੇ ਦੀ ਫ਼ੌਜੀ ਮਹੱਤਤਾ ਵੀ ਬਹੁਤ ਹੈ ਕਿਉਂਕਿ ਇਥੋਂ ਕਸ਼ਮੀਰ ਜਾਣਾ ਸੌਖਾ ਸੀ ਅਤੇ ਫ਼ੌਜੀ ਭਰਤੀ ਲਈ ਵੀ ਇਹ ਜਗ੍ਹਾ ਵਧੀਆ ਸੀ। ਸੰਨ 1818 ਵਿਚ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਅਧੀਨ ਆ ਗਿਆ। ਸਿੱਖ ਰਾਜ ਦੇ ਪ੍ਰਸਿੱਧ ਜਰਨੈਲ ਹਰੀ ਸਿੰਘ ਨਲਵਾ ਨੇ ਇਥੋਂ ਦੀ ਬਾਗ਼ੀ ਜਨਤਾ ਨੂੰ ਪੂਰੀ ਤਾਕਤ ਨਾਲ ਦਬਾ ਦਿਤਾ। ਕੁਝ ਚਿਰ ਬਾਅਦ ਇਹ ਇਲਾਕਾ ਅੰਗਰੇਜ਼ਾਂ ਅਧੀਨ ਆ ਗਿਆ।

       ਤੀਜੀ ਸਦੀ ਈ. ਪੂ. ਦੇ ਅਸ਼ੋਕ ਦੇ ਸ਼ਾਹੀ ਫੁਰਮਾਨਾਂ ਦੇ ਸ਼ਿਲਾਲੇਖ ਵੀ ਇਸ ਇਲਾਕੇ ਵਿਚ ਮਿਲਦੇ ਹਨ। ਸਿੰਧ ਅਤੇ ਕੁਨਹਾਰ ਦਰਿਆ ਇਸ ਇਲਾਕੇ ਦੀ ਸਿੰਜਾਈ ਕਰਦੇ ਹਨ ਇਸ ਲਈ ਇਹ ਇਲਾਕਾ ਬਹੁਤ ਉਪਜਾਊ ਹੈ। ਇਥੇ ਮੱਕੀ, ਚਾਵਲ, ਆਲੂ ਅਤੇ ਬਾਜਰੇ ਦੀ ਕਾਸ਼ਤ ਬਹੁਤ ਕੀਤੀ ਜਾਂਦੀ ਹੈ। ਇਸ ਇਲਾਕੇ ਵਿਚ ਲੋਹਾ, ਸਿੱਕਾ, ਬੇਰਾਈਟ, ਬਾੱਕਸਾਈਟ ਅਤੇ ਚੂਨੇ ਦੀਆਂ ਖਾਣਾਂ ਤੇ ਵੀ ਕੰਮ ਹੁੰਦਾ ਹੈ। ਇਥੋਂ ਦੇ ਵਸਨੀਕ ਪਠਾਣ, ਗੁੱਜਰ, ਅਵਾਨ, ਖਰਲ ਅਤੇ ਸੱਯਦ ਆਦਿ ਹਨ। ਇਥੇ ਗੁੱਜਰਾਂ ਦੀ ਬਹੁਤਾਤ ਹੈ।

       ਸਥਿਤੀ –          330  44’   ਤੇ   350  10’   ਉ.  ਵਿਥ.;   720  33’  ਤੋਂ    740  6’   ਪੂ. ਲੰਬ.


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-46-38, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗਜ਼. ਇੰਡ. 13: 74; ਐਨ. ਬ੍ਰਿ. ਮਾ. 4:969

ਹਜ਼ਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਜ਼ਾਰਾ, ਪੁਲਿੰਗ : ੧. ਪਠਾਣਾਂ ਦੀ ਇੱਕ ਜਾਤ; ੨. ਇੱਕ ਫੁੱਲ ਦਾ ਨਾਂ; ੩. ਉੱਤਰ ਪਛਮੀ ਸਰਹੱਦ ਦਾ ਇੱਕ ਇਲਾਕਾ, ਸੂਬਾ ਸਰਹੱਦ ਦਾ ਇੱਕ ਜ਼ਿਲ੍ਹਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-01-10-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.