ਹੇਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੇਰਾ. ਵਿ—ਹੇਰਨ ਕੀਤਾ. ਦੇਖਿਆ। ੨ ਸੰਗ੍ਯਾ—ਅਹੇਰੀ (ਸ਼ਿਕਾਰੀ) ਦਾ ਕਰਮ. ਮ੍ਰਿਗਯਾ। ੩ ਭਾਵ—ਮਾਂਸ. “ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ?” (ਸ. ਕਬੀਰ) ੪ ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ. ਇਹ ਖਾਸ ਕਰਕੇ ਵਿਆਹ ਸਮੇ ਗਾਈਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੇਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਹੇਰਾ (ਸੰ.। ਹਿੰਦੀ ਹੇਰਨਾਂ*=ਪਿਛਾ ਕਰਨਾ) ਸ਼ਿਕਾਰ , ਮਾਸ। ਯਥਾ-‘ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ’।
੨. (ਕ੍ਰਿ.। ਹਿੰਦੀ ਹੇਰਨਾ) ਦੇਖਿਆ। ਯਥਾ-‘ਨੈਨਹੁ ਹਰਿ ਪ੍ਰਭ ਹੇਰਾ’।
----------
* ਇਤਿ ਤਾਮਸਨ ਹਿੰਦੀ ਕੋਸ਼ੇ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਹੇਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੇਰਾ : ਇਹ ਯੂਨਾਨੀ ਦੇਵ ਮਾਲਾ ਦਾ ਓਲਿੰਪਸ ਦੇ ਦੇਵਤਿਆਂ ਦੀ ਮਲਕਾ ਅਤੇ ਕਰੋਨਸ ਤੇ ਰੀਆ ਦੀ ਪੁੱਤਰੀ ਹੈ। ਆਪਣੇ ਮਾਤਾ ਪਿਤਾ ਨੂੰ ਦੱਸੇ ਬਿਨਾਂ ਇਸ ਨੇ ਆਪਣੇ ਭਾਈ ਦੇਵਤਿਆਂ ਦੇ ਦੇਵਤਾ ਜਿਊਸ ਨਾਲ ਸ਼ਾਦੀ ਕਰ ਲਈ। ਜ਼ਿਊਸ ਦੀ ਇਹੀ ਇਕ ਕਾਨੂੰਨੀ ਪਤਨੀ ਹੈ। ਇਸ ਲਈ ਮੰਦਰਾਂ ਵਿਚ ਅਕਸਰ ਇਨ੍ਹਾਂ ਦੋਹਾਂ ਦੀਆਂ ਮੂਰਤੀਆਂ ਇਕੱਠੀਆਂ ਹੁੰਦੀਆਂ ਹਨ। ਰੂਮੀ ਦੇਵ ਮਾਲਾ ਵਿਚ ਇਸ ਨੂੰ ਜੂਨੋ ਕਹਿੰਦੇ ਹਨ।
ਰਵਾਇਤਾਂ ਵਿਚ ਇਹ ਬਹਤ ਈਰਖਾਲੁ ਦੱਸੀ ਗਈ ਹੈ, ਜੋ ਜ਼fਊਸ ਦੀਆਂ ਅਣ-ਗਿਣਤ ਪ੍ਰੇਮਕਾਵਾਂ ਨਾਲ ਦੁਸ਼ਮਣੀ ਰਖਦੀ ਸੀ ਅਤੇ ਉਨ੍ਹਾਂ ਦੇ ਬੱਚਿਆਂ ਤੋਂ ਬਦਲਾ ਲੈਂਦੀ ਸੀ। ਇਕ ਵਾਰ ਜ਼ੀਊਸ ਨਾਲ ਨਾਰਾਜ਼ ਹੋ ਕੇ ਇਹ ਉਸਨੂੰ ਛੱਡ ਗਈ। ਜ਼ਿਊਸ ਉਸਦੇ ਸੁਭਾ ਤੋਂ ਪੂਰੀ ਤਰ੍ਹਾਂ ਵਾਕਿਫ਼ ਸੀ। ਉਸਨੇ ਆਪਣੇ ਵਿਆਹ ਦੀ ਘੋਸ਼ਣਾ ਕਰ ਦਿੱਤੀ ਅਤੇ ਇਕ ਬੁੱਤ ਨੂੰ ਵਿਆਹ ਦੀ ਪੁਸ਼ਾਕ ਪੁਆ ਦਿਤੀ। ਈਰਖਾ ਹੇਰਾ ਨੂੰ ਉੱਥੇ ਖਿੱਚ ਲਿਆਈ। ਇਸਨੇ ਗੁੱਸੇ ਵਿਚ ਬੁੱਤ ਦੀ ਪੁਸ਼ਾਕ ਫਾੜ ਦਿਤੀ। ਭੇਤ ਖੁਲ੍ਹ ਗਿਆ ਅਤੇ ਉਨ੍ਹਾਂ ਦਾ ਆਪੋ ਵਿਚ ਸਮਝੌਤਾ ਹੋ ਗਿਆ।
ਬਹਿਸ਼ਤ ਦੀ ਮਲਕਾ ਹੋਣ ਤੋਂ ਇਲਾਵਾ ਇਹ ਸ਼ਾਦੀ ਅਤੇ ਪੈਦਾਇਸ਼ ਦੀ ਦੇਵੀ ਵੀ ਸੀ ਜਿਸ ਦੀ ਪੂਜਾ ਦੁਲਹਨ ਦੀ ਸ਼ਕਲ ਵਿਚ ਯੂਨਾਨੀ ਇਸਤਰੀਆਂ ਕਰਦੀਆਂ ਸਨ। ਇਸ ਨੂੰ ਇਸਤਰੀਆਂ ਦੀਆਂ ਸਾਰੀਆਂ ਖੂਬੀਆਂ ਦਾ ਮਿਆਰ ਮੰਨਿਆ ਜਾਂਦਾ ਸੀ। ਗਊ ਇਸ ਲਈ ਪਵਿੱਤਰ ਜਾਨਵਰ ਸੀ। ਇਸਨੂੰ ਗਊ ਮੁਖੀ ਵੀ ਕਿਹਾ ਜਾਂਦਾ ਸੀ ਅਤੇ ਗਊਆਂ ਦੀ ਕੁਰਬਾਨੀ ਦਿਤੀ ਜਾਂਦੀ ਸੀ। ਜਲੂਸ ਵਿਚ ਬਲਦ ਇਸਦਾ ਰਥ ਖਿਚਦੇ ਸਨ। ਇਸਦਾ ਪਵਿੱਤਰ ਪਰਿੰਦਾ ਪਹਿਲਾਂ ਕੋਇਲ ਤੇ ਫਿਰ ਮੋਰ ਬਣਿਆ।
ਯੂਨਾਨੀ ਸਾਹਿਤ ਵਿਚ ਇਸਦਾ ਜ਼ਿਕਰ ਆਮ ਕਰਕੇ ਆਉਂਦਾ ਹੈ। ਹੋਮਰ ਨੇ ਇਲੀਅਨ ਵਿਚ ਇਸ ਨੂੰ ਬਹੁਤ ਉੱਚਾ ਸਥਾਨ ਦਿੱਤਾ ਹੈ। ਟਰਾਏ ਦੀ ਲੜਾਈ ਵਿਚ ਇਸਨੇ ਯੂਨਾਨੀਆਂ ਦਾ ਸਾਥ ਦਿੱਤਾ ਕਿਉਂਕਿ ਇਹ ਟਰਾਏ ਦਾ ਸ਼ਹਿਜ਼ਾਦਾ ਪੈਰਿਸ ਨਾਲ ਨਾਰਾਜ਼ ਸੀ। ਇਕ ਵਾਰ ਹੇਰਾ, ਐਫਰੋਡਾਇਟੀ ਅਤੇ ਐਥੀਨਾ ਵਿਚਕਾਰ ਝਗੜਾ ਹੋ ਗਿਆ ਕਿ ਉਨ੍ਹਾਂ ਵਿਚੋਂ ਕੌਣ ਸਭ ਤੋਂ ਜ਼ਿਆਦਾ ਖ਼ੂਬਸੂਰਤ ਹੈ। ਫ਼ੈਸਲਾ ਪੈਰਿਸ ਤੇ ਛੱਡ ਦਿੱਤਾ ਗਿਆ। ਹੇਰਾ ਨੇ ਉਸਨੂੰ ਸਾਰੇ ਏਸ਼ੀਆ ਦੀ ਹਕੂਮਤ ਦੇਣ ਦਾ, ਐਥੀਨਾ ਨੇ ਲੜਾਈਆਂ ਵਿਚ ਫ਼ਤਹਿ ਦਾ ਅਤੇ ਐਫਰੋਡਾਇਟੀ ਨੇ ਸੰਸਾਰ ਦੀ ਸਭ ਤੋਂ ਖ਼ੂਬਸੂਰਤ ਇਸਤਰੀ ਨਾਲ ਸ਼ਾਦੀ ਦਾ ਵਾਅਦਾ ਕੀਤਾ। ਪੈਰਿਸ ਨੇ ਐਫਰੋਡਾਇਟੀ ਦੇ ਹੱਕ ਵਿਚ ਫ਼ੈਸਲਾ ਦੇ ਦਿਤਾ।
ਲੇਖਕ : ਈਸ਼ ਕੁਮਾਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no
ਹੇਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੇਰਾ, ਪੁਲਿੰਗ : ੧. ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਇੱਕ ਗੀਤ ਜੋ ਖਾਸ ਕਰ ਕੇ ਵਿਆਹ ਸਮੇਂ ਗਾਈਦਾ ਹੈ; ੨. ਲੰਮੀ ਸੁਰ ਦਾ ਗੀਤ ਜੋ ਅਯਾਲੀ ਗਾਉਂਦੇ ਹਨ (ਲਾਗੂ ਕਿਰਿਆ : ਕੱਢਣਾ, ਲਾਉਣਾ ਦੇਣਾ)
–ਹੇਰੇ ਲਾਉਂਦੇ ਫਿਰਨਾ, ਮੁਹਾਵਰਾ : ਮੌਜਾਂ ਮਾਣਦੇ ਫਿਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-18-11-13-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First