ਹੁੱਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁੱਕਾ (ਨਾਂ,ਪੁ) ਪਾਣੀ ਪਾਏ ਮਿੱਟੀ ਜਾਂ ਧਾਤ ਦੇ ਭਾਂਡੇ ਵਿੱਚ ਦੋ ਨੜੀਆਂ ਜੋੜ ਕੇ ਇੱਕ ਉੱਤੇ ਅਗਨੀ ਅਤੇ ਤੰਬਾਕੂ ਨਾਲ ਸੁਲਗੀ ਚਿਲਮ ਟਿਕਾ ਕੇ ਅਤੇ ਦੂਜੀ ਨੜੀ ਨਾਲ ਪਾਣੀ ਨੂੰ ਛੋਹ ਕੇ ਆਏ ਧੂੰਏ ਨੂੰ ਸਾਹ ਨਾਲ ਅੰਦਰ ਖਿੱਚ ਕੇ ਤੰਬਾਕੂ ਪੀਣ ਲਈ ਬਣਾਇਆ ਯੰਤਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੁੱਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁੱਕਾ [ਨਾਂਪੁ] ਤੰਬਾਕੂ ਆਦਿ ਪੀਣ ਵਾਲ਼ਾ ਇੱਕ ਉਪਕਰਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੁੱਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁੱਕਾ. ਅ਼ .ਹੁੱਕ਼ਹ. ਸੰਗ੍ਯਾ—ਡੱਬਾ। ੨ ਮਰਤਬਾਨ । ੩ ਤਮਾਕੂ (ਤੰਬਾਕੂ) ਆਦਿਕ ਦਾ ਧੂੰਆਂ ਪੀਣ ਦਾ ਯੰਤ੍ਰ. “ਹੁੱਕੇ ਸੇ ਹੁਰਮਤ ਗਈ ਨੇਮ ਧਰਮ ਗ੍ਯੋ ਛੂਟ.” (ਗਿਰਿਧਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੁੱਕਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੁੱਕਾ : ਗ਼ਿਆਸ-ਉਲ-ਲੁਗ਼ਾਤ ਅਨੁਸਾਰ ਹੁੱਕਾ ਲੱਕੜੀ ਦਾ ਉਹ ਡੱਬਾ ਹੁੰਦਾ ਹੈ ਜਿਸ ਵਿਚ ਮੋਤੀ, ਜਵਾਹਰਾਤ, ਮਾਜ਼ੂਨ, ਅਤਰ ਆਦਿ ਰੱਖੇ ਜਾਂਦੇ ਹਨ।
ਭਾਈ ਕਾਨ੍ਹ ਸਿੰਘ ਤਮਾਕੂ ਆਦਿ ਦਾ ਧੂੰਆਂ ਪੀਣ ਲਈ ਵਰਤੇ ਜਾਣ ਵਾਲੇ ਯੰਤਰ ਨੂੰ ਹੁੱਕਾ ਦਸਦਾ ਹੈ। ਤਮਾਕੂ (ਸੁਗੰਧ ਵਾਲਾ ਪੌਦਾ) ਦੇ ਭਾਰਤ ਵਿਚ ਆਉਣ ਤੋਂ ਥੌੜ੍ਹਾ ਚਿਰ ਬਾਅਦ ਹੀ ਹੁੱਕਾ ਮੁਗ਼ਲ ਦੇ ਬਾਦਸ਼ਾਹ ਅਕਬਰ ਦੇ ਦਰਬਾਰ ਦੀ ਸ਼ਾਨ ਬਣ ਗਿਆ। ਬੇਸ਼ੱਕ ਅਕਬਰ ਹੁੱਕਾ ਨਹੀਂ ਪੀਦਾਂ ਸੀ, ਪਰੰਤੂ ਹੁੱਕਾ ਪੀਣਾ ਮਹਿਮਾਨ-ਨਿਵਾਜ਼ੀ ਦਾ ਖ਼ਾਸ ਚਿੰਨ੍ਹ ਸੀ। ਫਾਰਸੀਆਂ ਦੇ ਭਾਰਤ ਆਉਣ ਨਾਲ ਹੁੱਕਾ ਮਹਾਰਾਜਿਆਂ ਅਤੇ ਨਵਾਬਾਂ ਦੀ ਅੱਯਾਸ਼ੀ ਦਾ ਇਕ ਮਹੱਤਵਪੂਰਨ ਅੰਗ ਬਣ ਗਿਆ। ਚਾਂਦੀ ਦੇ ਦਰਬਾਰੀ ਹੁੱਕੇ ਦੀ ਉਚਾਈ ਲਗਭਗ 3 ਫੁੱਟ (0.914 ਮੀ.) ਹੁੰਦੀ ਸੀ, ਜਿਨ੍ਹਾਂ ਨਾਲ ਚਾਂਦੀ ਦੇ ਮੂੰਹ ਵਾਲੀ ਵਲਦਾਰ ਨਲੀ ਲੱਗੀ ਹੁੰਦੀ ਸੀ। ਕੁਝ ਕੁ ਹੁੱਕੇ ਕਾਪਰ ਗਿਲਟ ਦੇ ਬਣੇ ਹੋਏ ਗੂੜ੍ਹੇ ਨੀਲੇ ਰੰਗ ਅਤੇ ਮੁਲੰਮਾ ਕੀਤੇ ਹੋਏ ਹੁੱਨਰ ਦਾ ਆਪਣੇ ਆਪ ਵਿਚ ਇਕ ਨਮੂਨਾ ਹੁੰਦੇ ਸਨ। ਹੁੱਕੇ ਦਾ ਉਪਰਲਾ ਤਮਾਕੂ ਵਾਲਾ ਭਾਂਡਾ, ਜਿਸ ਨੂੰ ਚਿਲਮ ਕਿਹਾ ਜਾਂਦਾ ਹੈ, ਵੀ ਹੁੱਨਰ ਦਾ ਉੱਤਮ ਨਮੂਨਾ ਹੁੰਦਾ ਸੀ।
ਸਿੰਧ ਤੋਂ ਤਾਂਜੌਰ ਤਕ ਅਨੇਕਾਂ ਪ੍ਰਕਾਰ ਦੇ ਹੁੱਕੇ ਵਰਤੇ ਜਾਂਦੇ ਹਨ ਅਤੇ ਦੱਖਣ ਭਾਰਤ ਵਿਚ ਨਾਰਗਿਲ ਹੁੱਕਾ ਵਰਤਿਆ ਜਾਂਦਾ ਹੈ ਜਿਸ ਦਾ ਤਮਾਕੂ ਵਾਲਾ ਭਾਂਡਾ ਖੋਪੇ ਦੇ ਗੁਟ ਦੇ ਖੋਲ ਦਾ ਬਣਿਆ ਹੁੰਦਾ ਹੈ। ਇਸ ਦੇ ਦੁਆਲੇ ਚਾਂਦੀ ਲੱਗੀ ਹੁੰਦੀ ਹੈ।
ਅਠਾਰ੍ਹਵੀਂ ਸਦੀ ਦੇ ਦੂਜੇ ਅੱਧ ਦੇ ਲਗਭਗ ਭਾਰਤ ਆਏ ਅੰਗ੍ਰੇਜ਼ਾਂ ਵਿਚ ਹੁੱਕਾ ਬਹੁਤ ਪ੍ਰਚਲਿਤ ਹੋ ਗਿਆ ਜਿਸ ਨੂੰ ‘ਹਬਲ-ਬਬਲ’ ਕਹਿੰਦੇ ਸਨ। ਇਸ ਸਮੇਂ ਅੰਗਰੇਜਾਂ ਨੇ ਭਾਰਤੀ ਸਭਿਆਚਾਰ ਨੂੰ ਕਾਫ਼ੀ ਹੱਦ ਤੱਕ ਅਪਣਾ ਲਿਆ, ਪਰ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਇਸ ਦੀ ਵਰਤੋਂ ਕਾਫ਼ੀ ਘੱਟ ਗਈ ਅਤੇ 1857 ਤੋਂ ਬਾਅਦ ਕੇਵਲ ਕੁਝ ਕੁ ਅੰਗਰੇਜ਼ ਹੀ ਹੁੱਕਾ ਪੀਂਦੇ ਸਨ। ਵਾਰਨ ਹੇਸਟਿੰਗ ਦੇ ਸਮੇਂ ਹੁੱਕਾ ਭਾਰਤੀ ਅਤੇ ਯੂਰਪੀਅਨ ਪਰਿਵਾਰ ਦੀ ਇਕ ਮਹੱਤਵਪੂਰਨ ਵਸਤੂ ਬਣ ਗਿਆ। ਜਦੋਂ ਸ਼੍ਰੀਮਤੀ ਹੇਸਟਿੰਗ ਕਿਸੇ ਸੰਗੀਤ ਪਾਰਟੀ ਆਦਿ ਲਈ ਸੱਦਾ ਭੇਜਦੀ ਸੀ ਤਾਂ ‘ਹੁੱਕਾ-ਬਰਦਾਰ’ ਤੋਂ ਇਲਾਵਾ ਹੋਰ ਕਿਸੇ ਨੌਕਰ ਨੂੰ ਵੀ ਨਾਲ ਲਿਆਉਣ ਉੱਤੇ ਪਾਬੰਦੀ ਲਗਾ ਦਿੰਦੀ ਸੀ। ਹੁੱਕਾ ਬਰਦਾਰ ਉਹ ਆਦਮੀ ਹੁੰਦੇ ਸਨ ਜਿਹੜੇ ਆਪਣੇ ਸਵਾਮੀ ਦੇ ਹੁੱਕੇ ਨੂੰ ਤਿਆਰ ਕਰਕੇ ਅਤੇ ਸੰਭਾਲਦੇ ਸਨ। ਗਰੈਂਡਪਰੇ ਨੇ 1789 ਵਿਚ ਲਿਖਿਆ ਹੈ ਕਿ ਖ਼ਾਸ ਕਰਕੇ ਬੰਗਾਲ ਵਿਚ ਜਦੋਂ ਖਾਣਾ-ਖਾਣ ਤੋਂ ਬਾਅਦ ਹੁੱਕਾ ਪੀਣ ਦਾ ਆਮ ਰਿਵਾਜ਼ ਸੀ ਤਾਂ ਹੁੱਕਾ-ਬਰਦਾਰ ਇਕ ਵੱਖਰੀ ਥਾਂ ਹੁੱਕਾ ਤਿਆਰ ਕਰਕੇ ਅੰਦਰ ਲੈ ਆਉਂਦੇ ਅਤੇ ਹੱਥ ਵਿਚ ਫੜ ਕੇ ਮੇਜ਼-ਦੁਆਲੇ ਖੜੇ ਰਹਿੰਦੇ। ਕਮਰੇ ਵਿਚ ਇਤਨਾ ਧੂੰਆ ਹੋ ਜਾਂਦਾ ਸੀ ਕਿ ਦੇਖਣਾ ਵੀ ਅਸੰਭਵ ਹੋ ਜਾਂਦਾ ਸੀ। ਹੁੱਕਾ ਜਨਾਨੀਆਂ ਨੂੰ ਪੇਸ਼ ਕੀਤਾ ਜਾਂਦਾ ਸੀ। ਕਿਸੇ ਆਦਮੀ ਦਾ ਹੁੱਕਾ ਪੀ ਕੇ ਉਹ ਉਸ ਦਾ ਸਭ ਤੋਂ ਵੱਧ ਸਨਮਾਨ ਕਰਨਾ ਸਮਝਦੀਆਂ ਸਨ। ਇਸ ਵੇਲੇ ਖ਼ਾਸ ਧਿਆਨ ਰਖਿਆ ਜਾਂਦਾ ਸੀ ਕਿ ਆਦਮੀ ਆਪਣੇ ਮੂੰਹ ਵਾਲੇ ਹੁੱਕੇ ਦਾ ਮੂੰਹ ਉਤਾਰ ਕੇ ਨਵਾਂ ਮੂੰਹ ਚੜ੍ਹਾ ਕੇ ਜਨਾਨੀ ਨੂੰ ਦਿੰਦਾ ਸੀ ਜਿਸ ਨੂੰ ਉਹ ਹੁੱਕਾ ਪੀਣ ਤੋਂ ਬਾਅਦ ਵਾਪਸ ਕਰ ਦਿੰਦੀ ਸੀ।
ਸੱਪ-ਨੁਮਾ ਹੁੱਕੇ ਦੀ ਨਲੀ ਜਿਸ ਦੀ ਲੰਬਾਈ 15 ਫੁੱਟ (4.5 ਮੀ.) ਦੇ ਲਗਭਗ ਹੁੰਦੀ, ਨੂੰ ਸਾਫ਼ ਵੀ ਸੁਥਰਾ ਰੱਖਣਾ ਹੁੱਕਾ-ਬਰਦਾਰ ਦਾ ਹੀ ਕੰਮ ਸੀ। ਤਮਾਕੂ ਵਿਚ ਕਸਤੂਰ, ਸੀਰਾ ਅਤੇ ਦਾਲਚੀਨੀ ਮਿਲਾਉਣਾ, ਚਿਲਮ ਤਕ ਪਾਣੀ ਭਰਨਾ ਆਦਿ ਕਾਫ਼ੀ ਵਕਤ ਲੈਣ ਵਾਲੇ ਕੰਮ ਸਨ। ਨਲੀ ਨੂੰ ਅੰਦਰੋਂ ਪਾਣੀ ਨਾਲ ਗਿੱਲਾ ਰੱਖਿਆ ਜਾਂਦਾ ਹੈ ਤਾਂ ਜੋ ਧੂੰਆਂ ਆਸਾਨੀ ਨਾਲ ਲੰਘ ਸਕੇ। ਹੁੱਕਾ ਪੀਣ ਵਾਲੇ ਦੇ ਕਪੜਿਆਂ ਨੂੰ ਗਿੱਲਾ ਹੋਣ ਤੋਂ ਬਚਾਉਣ ਲਈ ਨਲੀ ਦੇ ਮੂੰਹ ਤੋਂ ਲੈ ਕੇ ਥੋੜ੍ਹੀ ਜਿਹੀ ਲੰਬਾਈ ਉੱਤੇ ਕੱਪੜਾ ਲਪੇਟਿਆ ਜਾਂਦਾ ਹੈ।
ਕੁਝ ਕੁ ਹੁੱਕਾ ਪੀਣ ਵਾਲੇ ਹੁੱਕੇ ਲਈ ਲੋੜੀਂਦਾ ਸਾਮਾਨ ਖ੍ਰੀਦਣ ਦਾ ਕੰਮ ਵੀ ਹੁੱਕਾ-ਬਰਦਾਰ ਤੋਂ ਕਰਾਉਂਦੇ ਹਨ। ਸਭ ਤੋਂ ਵਧੀਆ ਤਮਾਕੂ ਬੰਬੀ ਦੇ ਇਲਾਕੇ ਬਿਲਸਾ ਦਾ ਸੀ। ਇਸ ਦੀ ਕੇਵਲ ਥੋੜ੍ਹੀ ਜਿਹੀ ਮਾਤਰਾ ਹੀ ਮਿਲਾਈ ਜਾਂਦੀ ਸੀ, ਕਿਉਂਕਿ ਮੋਜੂਦਾ ਪੈਦਾਵਾਰ ਇਸ ਦੀ ਮੰਗ ਪੂਰਾ ਨਹੀਂ ਕਰ ਸਕਦੀ ਸੀ।
ਉਨ੍ਹੀਂਵੀ ਸਦੀ ਵਿਚ ਯੂਰਪੀਅਨਾਂ ਨੇ ਹੁੱਕਾ ਪੀਣਾ ਬਿਲਕੁਲ ਛੱਡ ਦਿੱਤਾ। ਇਸਤਰੀਆਂ ਸਿਗਾਰ ਨਾਲੋਂ ਹੁੱਕਾ ਪੀਣਾ ਜ਼ਿਆਦਾ ਪਸੰਦ ਕਰਦੀਆਂ ਸਨ। ਇਕ ਦੂਜੇ ਦਾ ਸਿਗਾਰ ਪੀਣਾ ਇੰਨਾ ਜ਼ਿਆਦਾ ਸੋਭਾਂ ਵਾਲਾ ਨਹੀਂ ਸਮਝਿਆ ਜਾਂਦਾ ਸੀ। ਹੁੱਕਾ ਪੀਣਾ ਉਦੋਂ ਸਮਾਂ ਗੁਜ਼ਾਰਨ ਦਾ ਸਾਧਨ ਸੀ ਜਦੋਂ ਕੰਮ ਘੱਟ ਹੁੰਦਾ ਸੀ, ਕਿਤਾਬਾਂ ਅਤੇ ਅਖ਼ਬਾਰ ਨਹੀਂ ਸਨ ਹੁੰਦੇ, ਰੇਲਾਂ, ਕਾਰਾਂ, ਕਲੱਬ, ਰੇਡੀਓ ਅਤੇ ਸਿਨੇਮਾਂ ਆਦਿ ਮਨੋਰੰਜਨ ਦੇ ਸਾਧਨ ਘੱਟ ਹੁੰਦੇ ਸਨ। ਅੱਜ ਕੱਲ੍ਹ ਭਾਰਤ ਵਿਚ ਪੱਕੀ ਮਿੱਟੀ ਦਾ ਹੁੱਕਾ ਪਿੰਡਾਂ ਵਿਚ ਹੀ ਦੇਖਿਆ ਜਾ ਸਕਦਾ ਹੈ, ਪ੍ਰੰਤੂ ਸ਼ਹਿਰਾਂ ਵਿਚ ਇਸ ਦੀ ਵਰਤੋਂ ਘੱਟਦੀ ਜਾ ਰਹੀ ਹੈ। ਸ਼ਹਿਰਾਂ ਵਿਚ ਇਸ ਦਾ ਪ੍ਰਯੋਗ ਕੇਵਲ ਕੁਝ ਕੁ ਬਜ਼ੁਰਗ ਹੀ ਕਰਕੇ ਹਨ। ਕਿੰਨੀ ਤਰਸਯੋਗ ਗੱਲ ਹੈ ਕਿ ਹੁੱਕਾ ਤਮਾਕੂ ਪੀਣ ਦਾ ਸਭ ਤੋਂ ਸਾਫ਼ ਸੁਥਰਾ ਅਤੇ ਸਿਹਤਮੰਦ ਢੰਗ ਹੋਣ ਦੇ ਬਾਵਜੂਦ ਵੀ ਨੌਜਵਾਨ ਇਸ ਨੂੰ ਨਹੀਂ ਵਰਤਦੇ।
ਹ. ਪੁ.––ਗਿਆਸ-ਉਲ-ਲੁਗਾਤ ; ਮ. ਕੋ. ; ਇੰਪਰਿੰਟ ਸਤੰਬਰ, 1978 : 78
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no
ਹੁੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੁੱਕਾ, (ਅਰਬੀ, ਹੁੱਕਾ=ਡੱਬਾ) / ਪੁਲਿੰਗ : ਉਹ ਬਰਤਨ ਜਿਸ ਵਿੱਚ ਪਾਣੀ ਭਰ ਕੇ ਤੇ ਨੇਚੇ ਆਦਿ ਨਾ ਸਜਾ ਕੇ ਤਮਾਕੂ ਪੀਤਾ ਜਾਂਦਾ ਹੈ (ਲਾਗੂ ਕਿਰਿਆ : ਪੀਣਾ, ਭਰਨਾ)
–ਹੁੱਕਈ, ਪੁਲਿੰਗ : ਹੁੱਕਾ ਬਹੁਤ ਪੀਣ ਵਾਲਾ
–ਹੁੱਕਾ ਛਿੱਕਣਾ, (ਲਹਿੰਦੀ) / ਮੁਹਾਵਰਾ : ਹੁੱਕੇ ਦੀ ਨੜੀ ਮੂੰਹ ਵਿੱਚ ਲੈ ਕੇ ਤਮਾਕੂ ਦਾ ਧੂੰਆਂ ਖਿੱਚਣਾ
–ਹੁੱਕਾ ਤਾਜ਼ਾ ਕਰਨਾ, ਮੁਹਾਵਰਾ : ਹੁੱਕੇ ਦਾ ਪਾਣੀ ਬਦਲਣਾ ਤੇ ਨਵੇਂ ਸਿਰੇ ਟੋਪੀ (ਚਿਲਮ) ਵਿੱਚ ਚਿਲਮ (ਪੱਤ) ਪਾਉਣਾ ਜਾਂ ਅੱਗ ਧਰਨਾ
–ਹੁੱਕਾ ਪਾਣੀ, ਪੁਲਿੰਗ : ਭਾਈਚਾਰੇ ਦਾ ਮੇਲ ਗੇਲ, ਖਾਣ ਪੀਣ ਦੀ ਸਾਂਝ
–ਹੁੱਕਾ ਪਾਣੀ ਛੇਕਣਾ, ਮੁਹਾਵਰਾ : ਬਰਾਦਰੀ ਵਿਚੋਂ ਕੱਢ ਦੇਣਾ, ਨਾਲ ਖਾਣਾ ਪੀਣਾ ਬੰਦ ਕਰ ਦੇਣਾ
–ਹੁੱਕਾ ਪਾਣੀ ਬੰਦ ਹੋਣਾ, ਮੁਹਾਵਰਾ : ਬਰਾਦਰੀ ਵਿਚੋਂ ਛੇਕੇ ਜਾਣਾ
–ਹੁੱਕਾ ਪਾਣੀ ਬੰਦ ਕਰਨਾ, ਮੁਹਾਵਰਾ : ਬਰਾਦਰੀ ਵਿਚੋਂ ਛੇਕਣਾ
–ਹੁੱਕਾ ਪੀਣਾ, ਕਿਰਿਆ ਸਕਰਮਕ : ਹੁੱਕਾ ਛਿੱਕਣਾ
–ਹੁੱਕੇਬਾਜ਼, ਪੁਲਿੰਗ : ੧. ਬਹੁਤਾ ਹੁੱਕਾ ਪੀਣ ਵਾਲਾ; ੨. ਬਾਜ਼ੀਗਰ, ਚਾਲਾਕ
–ਹੁੱਕਾ ਭਰਨਾ, ਮੁਹਾਵਰਾ : ਹੁੱਕੇ ਵਿੱਚ ਪਾਣੀ ਪਾਉਣਾ ਅਤੇ ਚਿਲਮ ਵਿੱਚ ਤਮਾਕੂ ਪਾ ਕੇ ਅੱਗ ਧਰਨਾ, ਚਾਕਰੀ ਕਰਨਾ
–ਹੁੱਕੇ ਦਾ ਪਾਣੀ ਸਿਰ ਪਾਉਣਾ, ਹੁੱਕੇ ਦੇ ਪਾਣੀ ਨਾਲ ਦਾੜ੍ਹੀ ਮੁੰਨਣਾ, ਮੁਹਾਵਰਾ : ਸਜ਼ਾ ਵਜੋਂ ਨਿਰਾਦਰੀ ਕਰਨਾ
–ਹੁੱਕੇ ਪਾਣੀ ਦੀ ਸੁਲ੍ਹਾ ਮਾਰਨਾ, ਮੁਹਾਵਰਾ : ਘਰ ਆਏ ਨੂੰ ਆਦਰ ਵਜੋਂ ਹੁੱਕਾ ਪੀਣ ਲਈ ਕਹਿਣਾ, ਰੋਟੀ ਪਾਣੀ ਲਈ ਕਹਿਣਾ, ਭਾ ਭਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-11-34-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First