ਹੀਰ ਰਾਂਝਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਹੀਰ ਰਾਂਝਾ : ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਲੋਕ ਸਾਹਿਤ ਦੇ ਖੇਤਰ ਵਿੱਚ ਹੀਰ ਅਤੇ ਰਾਂਝੇ ਦੀ ਸੱਚੀ- ਸੁੱਚੀ ਪ੍ਰੀਤ ਤੇ ਆਧਾਰਿਤ ਇਹ ਇੱਕ ਪ੍ਰਤਿਨਿਧ ਲੋਕ ਕਹਾਣੀ ਹੈ, ਜਿਸ ਨਾਲ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਪ੍ਰੀਤ ਜੋੜੀ ਦੀ ਕਹਾਣੀ ਨੂੰ ਪੰਜਾਬੀ ਲੋਕ ਮਨ ਨੇ ਪੀੜ੍ਹੀ ਦਰ ਪੀੜ੍ਹੀ ਆਪਣੀਆਂ ਸੰਭਾਵਨਾਵਾਂ ਤੇ ਆਦਰਸ਼ਾਂ ਦੇ ਅਨੁਕੂਲ ਨਵੀਂ ਨੁਹਾਰ ਵਿੱਚ ਢਾਲ ਕੇ ਅਮਰ ਬਣਾ ਦਿੱਤਾ ਹੈ। ਹੀਰ ਅਤੇ ਰਾਂਝੇ ਦੀ ਪ੍ਰੀਤ ਸੱਚੀ ਹੈ ਜਾਂ ਕਵੀਆਂ ਦੀ ਕਲਪਨਾ ਹੈ ਜਾਂ ਦੰਤ-ਕਥਾ ਹੈ, ਇਸ ਬਾਰੇ ਸਾਡੇ ਵਿਦਵਾਨ, ਸਾਹਿਤਕਾਰ, ਆਲੋਚਕ ਅਜੇ ਕਿਸੇ ਇੱਕ ਸਿੱਟੇ ਤੇ ਨਹੀਂ ਪਹੁੰਚੇ। ਪੰਜਾਬੀ ਸਾਹਿਤ ਖੇਤਰ ਵਿੱਚ ਮੱਧ-ਕਾਲੀਨ ਪੰਜਾਬੀ ਕਿੱਸਾਕਾਰਾਂ ਨੇ ਇਸ ਜੋੜੀ ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸੇ ਲਿਖੇ ਤੇ ਇਸ ਲੋਕ ਕਹਾਣੀ ਨੂੰ ਅਮਰ ਬਣਾ ਦਿੱਤਾ। ਪੰਜਾਬੀਆਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ :

     ਤਖ਼ਤ ਹਜ਼ਾਰੇ ਦਾ ਵਸਨੀਕ ਚੌਧਰੀ ਮੌਜੂ ਸੀ। ਉਸ ਦੇ ਪੰਜ ਪੁੱਤਰ ਸਨ। ਰਾਂਝਾ ਸਭ ਤੋਂ ਛੋਟਾ, ਲਾਡਲਾ ਤੇ ਬਹੁਤ ਸੁੰਦਰ ਸੀ। ਜਦੋਂ ਚੌਧਰੀ ਮੌਜੂ ਸਵਰਗਵਾਸ ਹੋ ਗਿਆ ਤਾਂ ਭਰਾਵਾਂ ਨੇ ਵਧੀਆ ਜ਼ਮੀਨ ਆਪ ਲੈ ਕੇ ਕੰਵਾਰੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ। ਭਰਜਾਈਆਂ ਨੇ ਵੀ ਮੇਹਣੇ ਮਾਰਨੇ, ‘ਜਾਹ ਹੀਰ ਸਿਆਲ ਵਿਆਹ ਲਿਆ ਵੱਡਾ ਸੋਹਣਾ!’ ਅਵਾਜ਼ਾਰ ਰਾਂਝਾ ਭਰਾ ਭਰਜਾਈਆਂ ਦਾ ਸਤਾਇਆ ਘਰੋਂ ਨਿਕਲ ਤੁਰਿਆ, ਥੱਕਿਆ-ਟੁੱਟਿਆ ਉਹ ਝਨਾਂ ਦਰਿਆ ਵਿੱਚ ਇੱਕ ਬੇੜੇ ਵਿੱਚ ਪਏ ਹੀਰ ਦੇ ਪਲੰਘ ਤੇ ਸੌਂ ਗਿਆ, ਜਿਸ ਕਰ ਕੇ ਝੰਗ ਸਿਆਲਾਂ ਦੇ ਹਾਕਮ ਚੂਚਕ ਦੀ ਜਾਈ ਹੀਰ ਨੂੰ ਬਹੁਤ ਗੁੱਸਾ ਆਇਆ। ਉਹ ਛਮਕਾਂ ਲੈ ਕੇ ਉਸ ਉੱਤੇ ਟੁੱਟ ਪਈ, ਪਰ ਜਦੋਂ ਉਸ ਨੇ ਉਸ ਦੀ ਖ਼ੂਬਸੂਰਤੀ ਵੇਖੀ ਤੇ ਸਾਹ ਸਤਹੀਨ ਹੋ ਗਈ। ਪਹਿਲੀ ਮੁਲਾਕਾਤ ਸਮੇਂ ਹੀ ਰਾਂਝੇ ਤੇ ਮੋਹਿਤ ਹੋ ਗਈ। ਹੀਰ ਰਾਂਝੇ ਨੂੰ ਆਪਣੇ ਪਿਤਾ ਚੂਚਕ ਕੋਲ ਲੈ ਗਈ ਅਤੇ ਉਸ ਨੂੰ ਮੱਝਾਂ ਚਰਾਉਣ ਵਾਸਤੇ ਨੌਕਰ ਰੱਖ ਲਿਆ।

     ਹੀਰ ਰਾਂਝੇ ਦਾ ਪ੍ਰੇਮ ਦਿਨੋ-ਦਿਨ ਵਧਦਾ ਗਿਆ। ਹੀਰ ਰਾਂਝੇ ਲਈ ਬੇਲੇ ਚੂਰੀ ਲੈ ਕੇ ਜਾਂਦੀ ਤੇ ਦੋਹੇਂ ਪਿਆਰ ਮਾਣਦੇ। ਗੱਲ ਜੱਗ ਜ਼ਾਹਰ ਹੋ ਗਈ। ਲੰਙੇ ਕੈਦੋ ਨੇ ਚੂਚਕ ਨੂੰ ਸਬੂਤ ਦਿਖਾਉਣ ਲਈ ਸਾਧੂ ਦਾ ਭੇਸ ਬਦਲ ਬੇਲਿਉਂ ਰਾਂਝੇ ਤੋਂ ਚੂਰੀ ਲਿਆ ਦਿੱਤੀ। ਮਾਂ ਮਹਿਰੀ ਨੇ ਹੀਰ ਨੂੰ ਬਹੁਤ ਸਮਝਾਇਆ ਪਰ ਹੀਰ ਦਾ ਇਸ਼ਕ ਪੱਕਾ ਤੇ ਸੱਚਾ ਸੀ। ਚੂਚਕ ਨੇ ਹੀਰ ਦਾ ਵਿਆਹ ਰੰਗਪੁਰ ਨਿਵਾਸੀ ਖੇੜੇ ਦੇ ਅਮੀਰ ਜਗੀਰਦਾਰ ਦੇ ਪੁੱਤਰ ਸੈਦੇ ਨਾਲ ਕਰ ਦਿੱਤਾ। ਬਾਲ ਨਾਥ ਤੋਂ ਰਾਂਝੇ ਨੇ ਜੋਗ ਧਾਰਨ ਕੀਤਾ। ਰਾਂਝਾ ਜੋਗੀ ਦਾ ਭੇਸ ਬਣਾ ਕੇ ਰੰਗਪੁਰ ਪਹੁੰਚ ਗਿਆ। ਹੀਰ ਦੀ ਨਨਾਣ ਸਹਿਤੀ ਨਾਲ ਪਹਿਲਾਂ ਤਕਰਾਰ, ਸਹਿਤੀ ਖ਼ੁਦ ਮੁਰਾਦ ਬਲੋਚ ਨੂੰ ਪਿਆਰ ਕਰਦੀ ਸੀ, ਸੋ ਸਾਂਝੀ ਸਾਜ਼ਸ਼ ਰਚੀ ਗਈ। ਹੀਰ ਨੂੰ ਸੱਪ ਲੜਨ ਦਾ ਨਾਟਕ ਰਚਿਆ ਗਿਆ। ਰਾਂਝਾ ਮਾਂਦਰੀ ਬਣ ਹੀਰ ਨਾਲ ਨਵੇਕਲੀ ਕੋਠੜੀ ਵਿੱਚ ਹਿਕਮਤ ਕਰਦਾ ਰਿਹਾ ਤੇ ਅੰਤ ਨੂੰ ਹੀਰ ਨੂੰ ਲੈ ਕੇ ਭੱਜ ਨਿਕਲਿਆ। ਖੇੜਿਆਂ ਦੀ ਵਾਹਰ ਨੇ ਪਿੱਛਾ ਕੀਤਾ ਅਤੇ ਹੀਰ ਰਾਂਝੇ ਨੂੰ ਰਾਹ ਵਿੱਚ ਆ ਘੇਰਿਆ। ਮਾਮਲਾ ਕੋਟਕਬੂਲੇ ਦੇ ਹਾਕਮ ਕੋਲ ਪਹੁੰਚਿਆ। ਉਸ ਨੇ ਹੀਰ ਖੇੜਿਆਂ ਨੂੰ ਦੇ ਦਿੱਤੀ। ਰਾਂਝੇ ਨੇ ਗ਼ਮ ਵਿੱਚ ਹਾਅ ਮਾਰੀ। ਕੋਟਕਬੂਲੇ ਨੂੰ ਅੱਗ ਲੱਗ ਗਈ। ਹਾਕਮ ਨੇ ਡਰਦਿਆਂ ਮੁੜ ਹੀਰ ਰਾਂਝੇ ਨੂੰ ਦੇ ਦਿੱਤੀ। ਅੱਗੋਂ ਕਹਾਣੀ ਦੇ ਅੰਤ ਬਾਰੇ ਸੁਖਾਂਤ ਅਤੇ ਦੁਖਾਂਤ ਦੋਵੇਂ ਜ਼ਿਕਰ ਮਿਲਦੇ ਹਨ।

     ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦਾ ਅੰਤ ਵੱਖੋ-ਵੱਖ ਕਵੀਆਂ ਨੇ ਵੱਖੋ-ਵੱਖ ਢੰਗ ਨਾਲ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ। ਦਮੋਦਰ ਅਤੇ ਅਹਿਮਦਯਾਰ ਅਨੁਸਾਰ ਇਹ ਦੋਵੇਂ ਪ੍ਰੇਮੀ ਮੱਕੇ ਵੱਲ ਚੱਲੇ ਗਏ। ਪਰ ਪ੍ਰਸਿੱਧ ਕਿੱਸਾਕਾਰ ਵਾਰਿਸ ਜਿਸ ਦਾ ਲਿਖਿਆ ਕਿੱਸਾ ਬਹੁਤ ਮਕਬੂਲ ਹੋਇਆ, ਨੇ ਇਸ ਨੂੰ ਦੁਖਾਂਤਿਕ ਰੰਗਣ ਦੇ ਦਿੱਤੀ। ਵਾਰਿਸ ਨੇ ਇਸ ਪ੍ਰੀਤ ਕਹਾਣੀ ਦਾ ਅੰਤ ਇਉਂ ਕੀਤਾ ਹੈ ਕਿ ਜਦ ਰਾਂਝਾ ਹੀਰ ਨੂੰ ਲੈ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਰਾਹ ਵਿੱਚ ਝੰਗ ਨੇੜੇ ਹੀਰ ਨੇ ਘਰ ਜਾਣ ਦੀ ਇੱਛਾ ਪ੍ਰਗਟ ਕੀਤੀ। ਹੀਰ ਦੇ ਭਰਾ ਦੋਹਾਂ ਨੂੰ ਘਰ ਲੈ ਗਏ ਅਤੇ ਰਾਂਝੇ ਨੂੰ ਤਖ਼ਤ ਹਜ਼ਾਰੇ ਜਾ ਕੇ ਜੰਞ ਜੋੜ ਕੇ ਲਿਆਉਣ ਅਤੇ ਹੀਰ ਵਿਆਹ ਕੇ ਲੈ ਜਾਣ ਲਈ ਕਿਹਾ। ਰਾਂਝਾ ਹੀਰ ਦੇ ਭਰਾਵਾਂ ਦੇ ਜਾਲ ਵਿੱਚ ਫਸ ਗਿਆ ਅਤੇ ਪਿੰਡ ਜਾ ਕੇ ਜੰਞ ਜੋੜਨ ਲੱਗਾ। ਪਿੱਛੋਂ ਹੀਰ ਦੇ ਮਾਪਿਆਂ ਨੇ ਹੀਰ ਨੂੰ ਜ਼ਹਿਰ ਦੇ ਦਿੱਤੀ ਤੇ ਉਧਰ ਨਾਈ ਨੂੰ ਤਖ਼ਤ ਹਜ਼ਾਰੇ ਹੀਰ ਦੀ ਮੌਤ ਦੀ ਖ਼ਬਰ ਦੇਣ ਲਈ ਭੇਜ ਦਿੱਤਾ। ਰਾਂਝਾ ਦੌੜਦਾ ਹੋਇਆ ਆਇਆ ਅਤੇ ਹੀਰ ਦੀ ਕਬਰ ਤੇ ਆ ਕੇ ਢਹਿ-ਢੇਰੀ ਹੋ ਗਿਆ।

     ਹੀਰ ਰਾਂਝੇ ਦੀ ਇਹ ਪ੍ਰੀਤ ਕਹਾਣੀ ਪੰਜਾਬੀ ਕਿੱਸਿਆਂ ਵਿੱਚ ਸਭ ਤੋਂ ਵੱਧ ਲੋਕ-ਪ੍ਰਿਆ ਅਤੇ ਪ੍ਰਚਲਿਤ ਹੋਈ। ਪੰਜਾਬੀ ਕਿੱਸਾਕਾਰੀ ਦਾ ਆਗਾਜ਼ ਇਸ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸਾਕਾਰ ਦਮੋਦਰ ਵੱਲੋਂ ਲਿਖੇ ਕਿੱਸੇ ‘ਹੀਰ’ ਨਾਲ ਹੁੰਦਾ ਹੈ ਅਤੇ ਵਾਰਿਸ ਦੇ ਕਿੱਸੇ ਨਾਲ ਇਹ ਕਹਾਣੀ ਸਿਖਰ ਤੇ ਪੁੱਜਦੀ ਹੈ। ਦੋ ਸੌ ਤੋਂ ਵੱਧ ਕਿੱਸਾਕਾਰਾਂ/ਕਵੀਆਂ ਨੇ ਰਾਂਝੇ ਦੇ ਕਿੱਸੇ ਨੂੰ ਵੱਖ-ਵੱਖ ਛੰਦਾਂ ਤੇ ਕਾਵਿ-ਰੂਪਾਂ ਵਿੱਚ ਕਾਵਿਬੱਧ ਕੀਤਾ ਹੈ, ਜਿਨ੍ਹਾਂ ਵਿੱਚੋਂ ਦਮੋਦਰ, ਅਹਿਮਦ ਗੁੱਜਰ, ਮੁਕਬਲ, ਵਾਰਿਸ, ਹਾਮਦ, ਮੀਆਂ ਅਵਾਨ, ਸਦੀਕ ਲਾਲੀ, ਅਹਿਮਦ ਯਾਰ, ਕਿਸ਼ਨ ਸਿੰਘ, ਲਾਹੌਰ ਸਿੰਘ, ਭਗਵਾਨ ਸਿੰਘ, ਰਣ ਸਿੰਘ, ਜੋਗ ਸਿੰਘ, ਮੌਲਾ ਬਖ਼ਸ਼ ਕੁਸ਼ਤਾ, ਵੀਰ ਸਿੰਘ ਅਤੇ ਕਿਸ਼ਨ ਸਿੰਘ ਆਰਿਫ਼ ਦੇ ਨਾਂ ਵਰਣਨਯੋਗ ਹਨ। ਸੂਫ਼ੀ ਕਵੀਆਂ ਨੇ ਥਾਂ ਪੁਰ ਥਾਂ ਇਸ ਸੱਚੀ ਪ੍ਰੀਤ ਦੇ ਸੰਕੇਤ ਆਪਣੀਆਂ ਰਚਨਾਵਾਂ ਵਿੱਚ ਕੀਤੇ ਹਨ।

     ਬੁੱਲ੍ਹੇਸ਼ਾਹ ਲਿਖਦਾ ਹੈ :

     ਰਾਂਝਾ ਰਾਂਝਾ ਕਰਦੀ ਨੀ ਮੈਂ

                        ਆਪੇ ਰਾਂਝਾ ਹੋਈ।

     ਦਸਮ ਗ੍ਰੰਥ ਵਿੱਚ ਇਸ ਪ੍ਰੀਤ ਕਹਾਣੀ ਨੂੰ ਮਿਥਿਹਾਸਿਕ ਰੰਗ ਵਿੱਚ ਪੇਸ਼ ਕੀਤਾ ਗਿਆ ਹੈ। ਚਰਿਤ੍ਰੋਪਾਖਿਆਨ ਵਿੱਚ ਹੀਰ ਨੂੰ ਮੇਨਕਾ ਅਤੇ ਰਾਂਝੇ ਨੂੰ ਇੰਦਰ ਦੇਵਤਾ ਦੇ ਤੌਰ ਤੇ ਪ੍ਰਗਟ ਕੀਤਾ ਗਿਆ ਹੈ :

     ਰਾਂਝਾ ਭਧੋ ਸੁਰੇਸ ਤਹਿ ਭਈ ਮੇਨਕਾ ਹੀਰ

                        ਯਾ ਜਗ ਮੇ ਗਾਤਵਤ ਸਦਾ ਸਭ ਕਵਿ ਕਲ ਜਸ ਧੀਰ।

ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇਸ ਪ੍ਰੀਤ ਕਹਾਣੀ ਦਾ ਜ਼ਿਕਰ ਇਉਂ ਆਇਆ ਹੈ :

            ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤਾ।

     ਸਮੁੱਚੇ ਰੂਪ ਵਿੱਚ ਵਿਭਿੰਨ ਕਿੱਸਾਕਾਰਾਂ/ਕਵੀਆਂ ਦੁਆਰਾ ਪੇਸ਼ ਕੀਤੀ ਇਹ ਪ੍ਰੀਤ ਕਹਾਣੀ ਮੱਧ-ਕਾਲੀਨ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਸਮੇਂ ਦੇ ਸੱਚ ਨੂੰ ਬਿਆਨ ਕਰਦੀ ਹੈ। ਇਸੇ ਕਰ ਕੇ ਇਹ ਕਹਾਣੀ ਹਮੇਸ਼ਾਂ ਯਥਾਰਥਿਕ ਕਹਾਣੀ ਹੋਣ ਦਾ ਪ੍ਰਭਾਵ ਪਾਉਂਦੀ ਹੈ ਤੇ ਪਾਉਂਦੀ ਰਹੇਗੀ। ਪੰਜਾਬੀ ਦੇ ਸਿਰਮੋਰ ਕਵੀ ਅਤੇ ਪੰਜਾਬੀਅਤ ਦੇ ਮੁਦਈ ਪ੍ਰੋ. ਪੂਰਨ ਸਿੰਘ ਨੇ ਬਹੁਤ ਸੋਹਣਾ ਲਿਖਿਆ ਹੈ :

     ਆ ਵੀਰਾ ਰਾਂਝਿਆ! ਆ ਭੈਣੇ ਹੀਰੇ!

     ਸਾਨੂੰ ਛੋੜ ਨਾ ਜਾਓ

                        ਤੁਸਾਂ ਬਿਨਾਂ ਅਸੀਂ ਸਖਣੇ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 37885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਹੀਰ ਰਾਂਝਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੀਰ ਰਾਂਝਾ :       ਇਹ ਇਕ ਪ੍ਰੇਮੀ ਜੋੜੇ ਦਾ ਨਾਂ ਹੈ ਜਿਨ੍ਹਾਂ ਦੀ ਪ੍ਰੇਮ ਗਾਥਾ ਦੇ ਆਧਾਰ ਤੇ ਕਈ ਕਵੀਆਂ ਨੇ ਕਿੱਸੇ ਲਿਖੇ ਹਨ ਜਿਨ੍ਹਾਂ ਵਿਚੋਂ ਦਮੋਦਰ, ਮੁਕਬਲ, ਵਾਰਸ, ਭਗਵਾਨ ਸਿੰਘ, ਹਜ਼ੂਰਾ ਸਿੰਘ, ਸੂਬਾ ਸਿੰਘ ਦੀਆਂ ਰਚਨਾਵਾਂ ਪ੍ਰਸਿੱਧ ਹਨ ਪਰ ਵਾਰਸ ਸ਼ਾਹ ਦੀ ਰਚਨਾ ਨੂੰ ਹੀ ਸ਼ਾਹਕਾਰ ਮੰਨਿਆ ਜਾਂਦਾ ਹੈ।

          ਹੀਰ ਸਿਆਲ ਜ਼ਾਤ ਦੇ ਰਾਜਪੂਤ ਚੂਚਕ ਦੀ ਲੜਕੀ ਸੀ ਜੋ ਮਲਕੀ ਦੀ ਕੁੱਖੋਂ ਚਨਾਬ ਦਰਿਆ ਦੇ ਕੰਢੇ ਝੰਗ ਪਿੰਡ ਵਿਖੇ ਪੈਦਾ ਹੋਈ ਸੀ। ਇਸ ਦਾ ਪ੍ਰੇਮ ਤਖ਼ਤ ਹਜ਼ਾਰੇ ਦੇ ਇਕ ਖ਼ੂਬਸੂਰਤ ਨੌਜਵਾਨ ਧੀਦੋ ਰਾਂਝੇ ਨਾਲ ਹੋ ਗਿਆ।

 

        ਦਸਮ ਗ੍ਰੰਥ ਵਿਚ ਇਸ ਪ੍ਰੇਮ ਗਾਥਾ ਨੂੰ ਮਿਥਿਹਾਸਕ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਚਰਿਤਰੋਪਾਖਯਾਨ ਵਿਚ ਹੀਰ ਨੂੰ ਮੇਨਕਾ ਅਤੇ ਰਾਂਝੇ ਨੂੰ ਇੰਦਰ ਦੇਵਤਾ ਦੇ ਤੌਰ ਤੇ ਪ੍ਰਗਟ ਕੀਤਾ ਗਿਆ ਹੈ :–

        'ਰਾਂਝਾ ਭਯੋ ਸੁਰੇਸ਼ ਤਹਿੰਦ, ਭਈ ਮੇਨਕਾ ਹੀਰ'

         ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਇਸ ਗਾਥਾ ਦਾ ਜ਼ਿਕਰ ਆਉਂਦਾ ਹੈ।ਇਸ ਪ੍ਰੀਤ ਕਹਾਣੀ ਬਾਰੇ ਪ੍ਰਚਲਿਤ ਹੈ ਕਿ ਤਖ਼ਤ ਹਜ਼ਾਰੇ ਦੇ ਵਸਨੀਕ ਮੌਜੂ ਦਾ ਪੁਤਰ ਧੀਦੋ (ਜਿਸ ਨੂੰ ਉਸ ਦੇ ਰਾਂਝਾ ਗੋਤ ਕਰ ਕੇ ਰਾਂਝਾ ਕਿਹਾ ਜਾਂਦਾ ਹੈ।) ਆਪਣੇ ਭਰਾ ਭਰਜਾਈਆਂ ਤੋਂ ਤੰਗ ਆ ਕੇ ਝੰਗ ਵੱਲ ਜਾਂਦਾ, ਥੱਕਿਆ ਟੁੱਟਿਆ ਚਨਾਬ (ਝਨਾਂ) ਦੇ ਕਿਨਾਰੇ, ਦਰਿਆ ਪਈ ਬੇੜੀ ਵਿਚ ਹੀਰ ਦੇ ਪਲੰਘ ਤੇ ਸੌਂ ਗਿਆ।ਉਸ ਵੇਲੇ ਦੇ ਹਾਕਮ ਚੂਚਕ ਦੀ ਬੇਟੀ ਹੀਰ ਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਪਰ ਉਸ ਨੌਜਵਾਨ ਦੀ ਖ਼ੂਬਸੂਰਤੀ ਵੇਖਦੇ ਹੀ ਉਹ ਉਸ ਉੱਤੇ ਮੋਹਿਤ ਹੋ ਗਈ ਤੇ ਪਹਿਲੀ ਮੁਲਾਕਾਤ ਵਿਚ ਹੀ ਉਨ੍ਹਾਂ ਦਾ ਪ੍ਰੇਮ ਹੋ ਗਿਆ। ਹੀਰ ਰਾਂਝੇ ਨੂੰ ਆਪਣੇ ਪਿਤਾ ਕੋੋਲ ਲੈ ਗਈ ਤੇ ਉਸ ਨੂੰ ਮੱਝਾਂ ਚਰਾਉਣ ਲਈ ਨੌਕਰ ਰਖਵਾ ਦਿੱਤਾ। ਹੀਰ ਰਾਂਝੇ ਦਾ ਪ੍ਰੇਮ ਦਿਨੋ ਦਿਨ ਵਧਦਾ ਗਿਆ। ਜਿਸ ਵੇਲੇ ਇਸ ਗੱਲ ਦਾ ਪਤਾ ਚੂਚਕ ਨੂੰ ਲਗਿਆ ਤਾਂ ਉਸ ਨੇ ਹੀਰ ਦਾ ਵਿਆਹ ਰੰਗਪੁਰ ਨਿਵਾਸੀ, ਖੇੜਾ ਗੋਤ ਦੇ ਸੈਦੇ ਨਾਲ ਕਰ ਦਿੱਤਾ। ਰਾਂਝਾ ਜੋਗੀ ਦਾ ਭੇਸ ਧਾਰ ਕੇ ਰੰਗਪੁਰ ਪਹੁੰਚ ਗਿਆ ਅਤੇ ਹੀਰ ਦੀ ਨਨਾਣ ਸਹਿਤੀ ਦੀ ਸਹਾਇਤਾ ਨਾਲ ਹੀਰ ਨੂੰ ਉਥੋਂ ਭਜਾ ਕੇ ਲੈ ਗਿਆ। ਖੇੜਿਆਂ ਨੇ ਹੀਰ ਰਾਂਝੇ ਨੂੰ ਰਸਤੇ ਵਿਚ ਘੇਰ ਲਿਆ ਪਰ ਕੋਟ-ਕਬੂਲੇ ਦੇ ਕਾਜ਼ੀ ਨੇ ਫ਼ੈਸਲਾ ਰਾਂਝੇ ਦੇ ਹੱਕ ਵਿਚ ਕੀਤਾ। ਇਸ ਤੋਂ ਬਾਅਦ ਦਮੋਦਰ ਅਤੇ ਅਹਿਮਦਯਾਰ ਅਨੁਸਾਰ  ਇਹ ਦੋਵੇਂ ਪ੍ਰੇਮੀ ਮੱਕੇ ਵੱਲ ਚਲੇ ਗਏ ਪਰ ਵਾਰਸ ਸ਼ਾਹ ਅਨੁੁਸਾਰ ਹੀਰ  ਨੂੰ ਉਸ ਦੇ ਮਾਤਾ ਪਿਤਾ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਰਾਂਝੇ ਨੂੰ ਜਦੋਂ ਇਸ ਗੱਲ ਦਾ ਪਤਾ ਲਗਿਆ ਤਾਂ ਉਹ ਵੀ ਹੀਰ ਦੇ ਵਿਯੋਗ ਵਿਚ ਮਰ ਗਿਆ। ਹੀਰ ਦੀ ਕਬਰ ਝੰਗ ਵਿਚ ਮੌਜੂਦ ਹੈ ਪਰ ਸਿਆਲ ਜ਼ਾਤ ਦੇ ਕਈ ਲੋਕ ਇਸ ਕਹਾਣੀ ਨੂੰ ਮਨਘੜਤ ਮੰਨਦੇ ਹਨ।

   ਦਮੋਦਰ (1572 ਈ.) ਤੋਂ ਪਿੱਛੋਂ ਪੰਜਾਬੀ ਸਾਹਿਤ ਵਿਚ ਹੀਰ ਜਾਂ ਹੀਰ ਰਾਂਝੇ ਦੇ ਲਗਭਗ 30 ਕਿੱਸੇ ਲਿਖੇ ਗਏ ਹਨ। ਦਮੋਦਰ ਤੇ ਵਾਰਸ ਨੇ ਆਪਣੇ ਕਿੱਸਿਆਂ ਵਿਚ ਸਿਰਫ ਇਨ੍ਹਾਂ ਦੀ ਪ੍ਰੇਮ ਕਹਾਣੀ ਹੀ ਨਹੀਂ ਲਿਖੀ ਸਗੋਂ ਪੰਜਾਬੀ ਸਭਿਆਚਾਰ ਦੀ ਪੂਰੀ ਤਸਵੀਰ ਖਿੱਚੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-02-12-50-53, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬੀ ਕਿੱਸਾ ਕਾਵਿ-ਇਕ ਆਲੋਚਨਾਤਮਕ ਅਧਿਐਨ; ਮ. ਕੋ.; ਪੰ. ਵਿ. ਕੋ.6:272

ਵਿਚਾਰ / ਸੁਝਾਅ

ਬੀਬੀ ਵੀਰਪਾਲ ਕੌਰ ਜੀ ਨੇ  ਹੀਰ ਰਾਂਝੇ ਬਾਰੇ ਥੋੜੇ ਜਿਹੇ ਸ਼ਬਦਾਂ 'ਚ ਬਹੁਤ ਹੀ ਭਾਵਪੂਰਕ ਜਾਣਕਾਰੀ ਦਿਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ | ਪੰਜਾਬੀ ਪੀਡੀਆ ਸ਼ੁਰੂ ਕਰਕੇ ਮੇਰੀ ਮਾਂ ਬੋਲੀ ਲਈ ਕੀਤੇ ਬਹੁਤ ਹੀ ਸ਼ਾਨਾਮੱਤੇ ਕਾਰਜ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਤੇ ਯੂਨੀਵਰਸਿਟੀ ਨਾਲ ਜੁੜੇ ਵਿਦਵਾਨਾ ਦਾ ਕਰੋੜ ਕਰੋੜ ਸ਼ੁਕਰੀਆ |

ਅੰਗਰੇਜ਼ ਸੇਖਾ


Angrez.Singh, ( 2014/03/15 12:00AM)

nice keep going yar wiki pedia hunda vv par tuha pidia vvvvv email me [email protected]

te you know me i make a project in java and you ask me to import the database in science city 


gopal, ( 2014/03/19 12:00AM)

yes i remem.....

thanks for appreciation


charanjiv, ( 2014/04/15 12:00AM)

info from wikipedia

ਹੀਰ ਰਾਂਝਾ

ਟਿੱਲਾ ਜੋਗੀਆਂ, ਜਿਥੇ ਰਾਂਝਾ ਆਇਆ ਸੀ

ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ, ਹੀਰ ਰਾਂਝਾ) ਪੰਜਾਬ ਦੀ ਚਾਰ ਪ੍ਰਸਿੱਧ ਪ੍ਰੀਤ - ਕਹਾਣੀਆਂ ਵਿੱਚੋਂ ਇੱਕ ਹੈ। ਇਸਦੇ ਇਲਾਵਾ ਮਿਰਜ਼ਾ ਸਾਹਿਬਾ , ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ - ਰਾਂਝਾ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ ਆਪਣੇ ਰੂਪ ਲਿਖੇ ਹਨ ।

ਵਿਸ਼ਾ ਸੂਚੀ

  • ੧ ਕਹਾਣੀ ਦਾ ਸਾਰ
  • ੨ ਕਹਾਣੀ ਦੇ ਭਿੰਨ ਰੂਪ
    • ੨.੧ ਗੁਰੂ ਗੋਬਿੰਦ ਸਿੰਘ ਵਾਲਾ ਭਿੰਨ ਰੂਪ
  • ੩ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁਨਰ ਬਿਰਤਾਂਤ
  • ੪ ਹਵਾਲੇ

ਕਹਾਣੀ ਦਾ ਸਾਰ

http://upload.wikimedia.org/wikipedia/commons/thumb/7/7a/Luddan_ferries_Ranjha_across_the_Chenab.jpg/220px-Luddan_ferries_Ranjha_across_the_Chenab.jpg

ਲੁੱਡਣ ਰਾਂਝੇ ਨੂੰ ਝਨ੍ਹਾਂ ਪਾਰ ਲਿਜਾ ਰਿਹਾ ਹੈ

ਹੀਰ ਪੰਜਾਬ ਦੇ ਝੰਗ ਸ਼ਹਿਰ ਵਿੱਚ ਜੱਟਾਂ ਦੀ ਸਿਆਲ ਜਾਤੀ ਦੇ ਇੱਕ ਅਮੀਰ ਪਰਵਾਰ ਵਿੱਚ ਪੈਦਾ ਹੋਈ ਇੱਕ ਬਹੁਤ ਸੁੰਦਰ ਕੁੜੀ ਸੀ। ਧੀਦੋ ਰਾਂਝਾ ਝਨਾ ਨਦੀ ਦੇ ਕੰਢੇ ਤਖ਼ਤ ਹਜਾਰਾ ਪਿੰਡ ਦੇ ਇੱਕ ਰਾਂਝਾ ਜਾਤੀ ਵਾਲੇ ਜੱਟ ਪਰਵਾਰ ਦੇ ਚਾਰ ਮੁੰਡਿਆਂ ਵਿੱਚ ਸਭ ਤੋਂ ਛੋਟਾ ਭਰਾ ਸੀ। ਉਹ ਆਪਣੇ ਪਿਤਾ ਦਾ ਲਾਡਲਾ ਸੀ ਇਸ ਲਈ ਜਿੱਥੇ ਉਸਦੇ ਭਰਾ ਖੇਤਾਂ ਵਿੱਚ ਮਿਹਨਤ ਕਰਦੇ ਸਨ, ਰਾਂਝਾ ਵੰਝਲੀ ਵਜਾਉਂਦਾ ਐਸ਼ ਕਰ ਰਿਹਾ ਸੀ। ਬਾਪ ਦੀ ਮੌਤ ਦੇ ਬਾਅਦ ਉਸਦੇ ਭਰਾਵਾਂ ਨੇ ਭ੍ਰਿਸ਼ਟ ਤਰੀਕੇ ਵਰਤ ਕੇ ਉਸਨੂੰ ਮਾੜੀ ਜ਼ਮੀਨ ਵੰਡ ਕੇ ਦੇ ਦਿੱਤੀ ਅਤੇ ਉਸਦੀਆਂ ਭਾਬੀਆਂ ਨੇ ਉਸਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਤਾਹਨੇ ਮਿਹਣੇ ਦੇ ਪ੍ਰੇਸ਼ਾਨ ਕਰਨ ਲਗੀਆਂ। ਉਹ ਘਰ ਛੱਡਕੇ ਨਿਕਲ ਪਿਆ ਅਤੇ ਹੀਰ ਦੇ ਪਿੰਡ ਪਹੁੰਚ ਗਿਆ। ਹੀਰ ਨੇ ਉਸਨੂੰ ਆਪਣੇ ਪਿਤਾ ਦਾ ਚੌਣਾ ਚਰਾਣ ਦੇ ਕੰਮ ਤੇ ਲੁਆ ਦਿੱਤਾ। ਰਾਂਝੇ ਦੀ ਵੰਝਲੀ ਸੁਣਕੇ ਉਹ ਰਾਂਝੇ ਤੇ ਮੋਹਿਤ ਹੋ ਗਈ। ਉਹ ਇੱਕ ਦੂਜੇ ਨੂੰ ਬੇਲੇ ਵਿੱਚ ਮਿਲਣ ਲੱਗੇ। ਹੀਰ ਦੇ ਈਰਖਾਲੂ ਚਾਚਾ, ਕੈਦੋਂ ਨੇ ਹੀਰ ਦੇ ਮਾਪਿਆਂ ਨੂੰ ਉਸ ਦੇ ਖਿਲਾਫ਼ ਭੜਕਾ ਦਿੱਤਾ ਅਤੇ ਉਸਦੇ ਮਾਪਿਆਂ ਨੇ ਹੀਰ ਨੂੰ ਇੱਕ ਖੇੜਿਆਂ ਦੇ ਸੈਦੇ ਨਾਲ ਵਿਆਹ ਦਿੱਤਾ।

ਰਾਂਝੇ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਹ ਜੋਗ ਲੈਣ ਲਈ ਗੋਰਖਨਾਥ ਦੇ ਡੇਰੇ, ਟਿੱਲਾ ਜੋਗੀਆਂ, ਚਲਾ ਗਿਆ ਅਤੇ ਕੰਨ ਵਿੰਨ੍ਹਵਾ ਕੇ ਜੋਗੀ ਬਣ ਹੀਰ ਨੂੰ ਖੇੜੇ ਜਾ ਮਿਲਦਾ ਹੈ। ਫਿਰ ਹੀਰ - ਰਾਂਝਾ ਦੋਨੋਂ ਝੰਗ ਆ ਜਾਂਦੇ ਹਨ। ਹੀਰ ਦੇ ਮਾਂ ਬਾਪ ਉਨ੍ਹਾਂ ਦਾ ਵਿਆਹ ਕਰਨ ਨੂੰ ਤਿਆਰ ਹੋ ਜਾਂਦੇ ਹਨ। ਲੇਕਿਨ ਕੈਦੋਂ ਜਲਦਾ ਹੈ ਅਤੇ ਵਿਆਹ ਦੇ ਦਿਨ ਹੀਰ ਦੇ ਖਾਣੇ ਵਿੱਚ ਜਹਿਰ ਪਾ ਦਿੰਦਾ ਹੈ। ਇਹ ਖ਼ਬਰ ਸੁਣਕੇ ਰਾਂਝਾ ਉਸਨੂੰ ਬਚਾਉਣ ਲਈ ਭੱਜਿਆ ਆਉਂਦਾ ਹੈ ਅਤੇ ਹੀਰ ਨੂੰ ਬੇਹੱਦ ਦੁੱਖੀ ਦੇਖ ਕੇ ਉਸੇ ਲੱਡੂ ਨੂੰ ਖਾ ਲੈਂਦਾ ਹੈ ਅਤੇ ਹੀਰ ਦੀ ਗੋਦ ਵਿੱਚ ਢੇਰੀ ਹੋ ਜਾਂਦਾ ਹੈ। ਉਨ੍ਹਾਂ ਨੂੰ ਝੰਗ ਵਿੱਚ ਹੀ ਦਫਨਾ ਦਿੱਤਾ ਜਾਂਦਾ ਹੈ ਅਤੇ ਅੱਜ ਵੀ ਦੂਰ ਦੂਰ ਤੋਂ ਲੋਕ ਉਸ ਦੇ ਮਜ਼ਾਰ ਉੱਤੇ ਆਉਂਦੇ ਹਨ।

http://upload.wikimedia.org/wikipedia/commons/thumb/a/a3/Heer_Ranjha%27s_tomb_in_Jhang.jpg/250px-Heer_Ranjha%27s_tomb_in_Jhang.jpg

ਝੰਗ ਵਿੱਚ ਹੀਰ ਰਾਂਝੇ ਦੀ ਕਬਰ

http://upload.wikimedia.org/wikipedia/commons/thumb/b/b5/Heer_Ranjha%27s_tombstone.jpg/250px-Heer_Ranjha%27s_tombstone.jpg

ਝੰਗ ਵਿੱਚ ਹੀਰ ਰਾਂਝੇ ਦਾ ਕਬਰ ਦਾ ਪਥਰ

ਕਹਾਣੀ ਦੇ ਭਿੰਨ ਰੂਪ

ਦਾਮੋਦਰ ਕਵੀ, ਅਕਬਰ ਦੇ ਰਾਜਕਾਲ ਵਿੱਚ ਜੀਵਿਆ ਅਤੇ ਆਪਣੇ ਆਪ ਨੂੰ ਹੀਰ ਦੇ ਪਿਤਾ ਚੂਚਕ ਦਾ ਮਿੱਤਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਇਹ ਸਭ ਮੇਰੀ ਅੱਖੀਂ ਵੇਖੀ ਘਟਨਾ ਹੈ। ਦਾਮੋਦਰ (1572) ਦੇ ਬਾਅਦ ਪੰਜਾਬੀ ਸਾਹਿਤ ਵਿੱਚ ਲੱਗਭੱਗ 30 ਕਿੱਸੇ ਹੀਰ ਜਾਂ ਹੀਰ ਰਾਂਝਾ ਨਾਮ ਦੇ ਮਿਲਦੇ ਹਨ ਜਿਨ੍ਹਾਂ ਵਿੱਚ ਗੁਰਦਾਸ (1607), ਅਹਮਦ ਗੁੱਜਰ (1792), ਮੀਆਂ ਚਿਰਾਗ ਅਵਾਨ (1710), ਮੁਕਬਲ (1755), ਵਾਰਿਸ ਸ਼ਾਹ (1775), ਹਾਮਿਦਸ਼ਾਹ (1805), ਹਾਸ਼ਿਮ, ਅਹਮਦਯਾਰ, ਪੀਰ ਮੁਹੰਮਦ ਬਖਸ਼, ਫਜਲਸ਼ਾਹ, ਮੌਲਾਸ਼ਾਹ, ਮੌਲਾਬਖਸ਼, ਭਗਵਾਨ ਸਿੰਘ, ਕਿਸ਼ਨ ਸਿੰਘ ਆਰਿਫ (1889), ਸੰਤ ਹਜਾਰਾ ਸਿੰਘ (1894), ਅਤੇ ਗੋਕੁਲਚੰਦ ਸ਼ਰਮਾ ਦੇ ਕਿੱਸੇ ਮਸ਼ਹੂਰ ਹਨ। ਪਰ ਜੋ ਪ੍ਰਸਿੱਧੀ ਵਾਰਿਸਸ਼ਾਹ ਦੀ ਕਿਰਤ ਨੂੰ ਪ੍ਰਾਪਤ ਹੋਈ ਉਹ ਕਿਸੇ ਹੋਰ ਕਿੱਸਾਕਾਰ ਨੂੰ ਨਹੀਂ ਮਿਲ ਸਕੀ। ਨਾਟਕੀ ਭਾਸ਼ਾ, ਅਲੰਕਾਰਾਂ ਅਤੇ ਵਕ੍ਰੋਕਤੀਆਂ ਦੀ ਨਵੀਨਤਾ, ਅਨੁਭਵ ਦੀ ਵਿਸਾਲਤਾ, ਅਚਾਰ ਵਿਹਾਰ ਦੀ ਆਦਰਸ਼ਵਾਦਤਾ, ਇਸ਼ਕ ਮਜਾਜੀ ਰਾਹੀਂ ਇਸ਼ਕ ਹਕੀਕੀ ਦੀ ਵਿਆਖਿਆ, ਵਰਣਨ ਅਤੇ ਭਾਵਾਂ ਦਾ ਓਜ ਆਦਿ ਉਸ ਦੇ ਕਿੱਸੇ ਦੀਆਂ ਅਨੇਕ ਵਿਸ਼ੇਸ਼ਤਾਈਆਂ ਹਨ। ਇਸ ਵਿੱਚ ਬੈਂਤ ਛੰਦ ਦਾ ਪ੍ਰਯੋਗ ਅਤਿਅੰਤ ਸਫਲਤਾਪੂਰਵਕ ਹੋਇਆ ਹੈ। ਪੇਂਡੂ ਜੀਵਨ ਦੇ ਚਿਤਰਣ, ਕਲਪਨਾ ਅਤੇ ਸਾਹਿਤਕਤਾ ਪਖੋਂ ਮੁਕਬਲ ਦਾ ਹੀਰ ਰਾਂਝਾ, ਵਾਰਿਸ ਦੀ ਹੀਰ ਡਾ ਮੁਕਾਬਲਾ ਕਰਦਾ ਹੈ।

ਗੁਰੂ ਗੋਬਿੰਦ ਸਿੰਘ ਵਾਲਾ ਭਿੰਨ ਰੂਪ

ਗੁਰਬਚਨ ਸਿੰਘ ਭੁੱਲਰ ਦੇ ਸ਼ਬਦਾਂ ਵਿੱਚ: “ਜਿਥੇ ਹੀਰ ਦੇ ਬਹੁਤੇ ਕਿੱਸੇ ਮੁੱਢਲੇ ਮੁਸਲਮਾਨ ਕਿੱਸਾਕਾਰਾਂ ਦੀ ਪਾਈ ਪਿਰਤ ਅਨੁਸਾਰ ਇਸਲਾਮੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਹੋਏ ਮਿਲਦੇ ਹਨ, ਗੁਰੂ ਜੀ ਨੇ ਇਸ ਨੂੰ ਭਾਰਤੀ ਮਿਥਿਹਾਸ ਦਾ ਰੰਗ ਦਿੱਤਾ। ਇੰਦਰਪੁਰੀ ਦੀ ਅਪਸਰਾ ਮੈਨਕਲਾ ਨੂੰ ਕਪਿਲ ਰਿਸ਼ੀ ਕਰੋਪ ਹੋ ਕੇ ਤੁਰਕਾਂ ਦੇ ਘਰ ਜੰਮਣ ਦਾ ਸਰਾਪ ਦੇ ਦਿੰਦਾ ਹੈ। ਪਰ ਨਾਲ ਹੀ ਉਹ ਇਹ ਵੀ ਆਖ ਦਿੰਦਾ ਹੈ ਕਿ ਇੰਦਰ ਵੱਲੋਂ ਰਾਂਝੇ ਦੇ ਰੂਪ ਵਿੱਚ ਉਸ ਦਾ ਉਦਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਪ੍ਰਸਿੱਧ ਰਚਨਾ 'ਮਿੱਤਰ ਪਿਆਰੇ ਨੂੰ' ਵਿੱਚ ਵੀ ਬਿਰਹਾ ਦਾ ਤੀਬਰ ਪ੍ਰਭਾਵ ਹੀਰ ਦੇ ਹਵਾਲੇ ਨਾਲ ਹੀ ਸਿਰਜਿਆ ਹੈ: ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।

"ਬਚਪਨ ਤੋਂ ਮੈਂ ਸਾਡੇ ਇਲਾਕੇ ਵਿੱਚ ਪ੍ਰਚਲਿਤ ਇੱਕ ਦਿਲਚਸਪ ਵਾਰਤਾ ਸੁਣਦਾ ਆਇਆ ਹਾਂ। ਕਹਿੰਦੇ ਹਨ, ਗੁਰੂ ਗੋਬਿੰਦ ਸਿੰਘ ਬਠਿੰਡੇ ਦੇ ਕਿਲੇ ਦੀ ਫ਼ਸੀਲ ਉੱਤੇ, ਜਿਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ, ਟਿਕੇ ਹੋਏ ਸਨ। ਰਾਤ ਨੂੰ ਹੇਠ ਕਿਲੇ ਦੀ ਦੀਵਾਰ ਨਾਲ ਊਠਾਂ ਵਾਲਿਆਂ ਨੇ ਉਤਾਰਾ ਕੀਤਾ। ਰੋਟੀ-ਟੁੱਕ ਤੋਂ ਵਿਹਲੇ ਹੋ ਕੇ ਉਹ ਹੀਰ ਗਾਉਣ ਲੱਗੇ। ਸਵੇਰੇ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤੇ ਰਾਤ ਵਾਲਾ ਪ੍ਰਸੰਗ ਗਾਉਣ ਦੀ ਫ਼ਰਮਾਇਸ਼ ਕੀਤੀ। ਉਹਨਾਂ ਬਿਚਾਰਿਆਂ ਨੇ ਕੱਚੇ ਜਿਹੇ ਹੋ ਕੇ ਹੱਥ ਜੋੜੇ, ਮਹਾਰਾਜ, ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀ-ਪੀਰ ਲਗਦੇ ਹੋ। ਉਹ ਤਾਂ ਸੰਸਾਰਕ ਇਸ਼ਕ-ਮੁਸ਼ਕ ਦੀਆਂ ਗੱਲਾਂ ਸਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ!" ਗੁਰੂ ਜੀ ਨੇ ਸਮਝਾ ਕੇ, ਪ੍ਰੇਰ ਕੇ ਉਹਨਾਂ ਦੀ ਝਿਜਕ ਲਾਹੀ ਤੇ ਉਹਨਾਂ ਤੋਂ ਹੀਰ ਸੁਣੀ। ਕਹਿੰਦੇ ਹਨ, ਇਹੋ ਘਟਨਾ ਉਹਨਾਂ ਲਈ ਆਪ ਹੀਰ ਲਿਖਣ ਵਾਸਤੇ ਪ੍ਰੇਰਨਾ ਬਣੀ।”[੧] ਇਸੇ ਪ੍ਰਸੰਗ ਵਿੱਚ ਪ੍ਰਸਿਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਲਿਖਦੇ ਹਨ, “ ਹੀਰ ਰਾਂਝੇ ਦੀ ਪ੍ਰੇਮ ਕਥਾ ਦਾ ਮਾਣ ਓਦੋਂ ਅਦੁੱਤੀ ਉਚਾਈ ਨੂੰ ਛੁਹ ਲੈਦਾ ਹੈ ਜਦੋਂ ਇਸ ਦਾ ਸੂਖ਼ਮ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸ਼ਬਦ ਵਿਚ ਸਥਾਨ ਪ੍ਰਾਪਤ ਕਰ ਲੈਦਾ ਹੈ ਜੋ ,ਜਿਹੜਾ ਸ਼ਬਦ ਉਨ੍ਹਾਂ ਨੇ ਓਦੋਂ ਉਚਾਰਿਆ ਜਦੋਂ ਉਹ ਆਪਣਾ ਸਰਬੰਸ ਵਾਰ ਕੇ ਇਕੱਲੇ ਮਾਛੀਵਾੜੇ ਦੇ ਜੰਗਲ ਵਿਚ ਬੈਠੇ ਸਨ :[੨]

ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ
ਸੂਲ ਸੁਰਾਹੀ ਖ਼ੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁਨਰ ਬਿਰਤਾਂਤ

'ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ' ਨਾਂ ਦੀ ਆਪਣੀ ਪੁਸਤਕ ਵਿੱਚ ਗੁਰਬਖਸ਼ ਸਿੰਘ ਨੇ ਆਪਣੀ ਸੁਹਣੀ ਵਾਰਤਕ ਸ਼ੈਲੀ ਵਿੱਚ ਪੰਜਾਬ ਦੀਆਂ ਪ੍ਰੀਤ ਕਹਾਣੀਆਂ ਨੂੰ ਬਿਆਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਹੀਰ ਰਾਂਝੇ ਦੀ ਵੀ ਹੈ।

ਹਵਾਲੇ

  1. ਕਿੱਸਿਆਂ ਦਾ ਸਰਦਾਰ, ਕਿੱਸਾ ਹੀਰ ਦਾ - ਗੁਰਬਚਨ ਸਿੰਘ ਭੁੱਲਰ
  2. ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ- ਸੁਰਜੀਤ ਪਾਤਰ

 


gurpreet, ( 2014/09/26 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.