ਹੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਰ (ਨਾਂ,ਇ) ਰਾਂਝੇ ਦੀ ਪ੍ਰੇਮਿਕਾ; ਝੰਗ ਮਘਿਆਣੇ ਦੇ ਬਾਸ਼ਿੰਦੇ ਸਿਆਲ ਗੋਤ ਦੇ ਚੂਚਕ ਚੌਧਰੀ ਦੀ ਸੁੰਦਰ ਧੀ ਅਤੇ ਵਾਰਸ, ਦਮੋਦਰ, ਮੁਕਬਲ ਲਿਖਤ ਹੀਰ ਦੇ ਕਿੱਸੇ ਦੀ ਨਾਇਕਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਰ [ਨਿਇ] ਪੰਜਾਬ ਦੀ ਇੱਕ ਲੋਕ-ਕਹਾਣੀ ਦੀ ਨਾਇਕਾ ਦਾ ਨਾਂ; ਹੀਰ-ਰਾਂਝੇ ਦਾ ਕਿੱਸਾ; ਖ਼ੂਬਸੂਰਤ ਇਸਤਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੀਰ. ਸਿਆਲ ਜਾਤਿ ਦੇ ਰਾਜਪੂਤ ਚੂਚਕ ਦੀ, ਮਲਕੀ ਦੇ ਉਦਰ ਤੋਂ ਪੈਦਾ ਹੋਈ ਇੱਕ ਕੰਨ੍ਯਾ, ਜੋ ਚਨਾਬ (ਝਨਾਂ) ਦੇ ਕਿਨਾਰੇ ਝੰਗ ਨਗਰ ਦੀ ਵਸਨੀਕ ਸੀ.1 ਚਾਹੋ ਇਸ ਦਾ ਵਿਆਹ ਰੰਗਪੁਰ (ਜਿਲਾ ਮੁਜੱਫਰਗੜ੍ਹ) ਨਿਵਾਸੀ ਖੇੜੇ ਜਾਤਿ ਦੇ ਸੈਦੇ ਨਾਮਕ ਜੱਟ ਨਾਲ ਮਾਪਿਆਂ ਨੇ ਕਰ ਦਿੱਤਾ ਸੀ, ਪਰ ਇਸ ਦਾ ਪ੍ਰੇਮਭਾਵ ਤਖਤ ਹਜਾਰੇ ਦੇ ਵਸਨੀਕ ਮੌਜੂ2 ਦੇ ਪੁਤ੍ਰ ਰਾਂਝੇ ਨਾਲ ਸੀ. ਇਸ ਦੀ ਕਥਾ ਅਨੇਕ ਪੰਜਾਬੀ ਕਵੀਆਂ ਨੇ ਉੱਤਮ ਰੀਤਿ ਨਾਲ ਲਿਖੀ ਹੈ, ਹੀਰ ਦਾ ਦੇਹਾਂਤ ਰਾਂਝੇ ਦਾ ਮਰਨਾ ਸੁਣਕੇ ਸੰਮਤ ੧੫੧੦ ਵਿੱਚ ਹੋਇਆ. ਇਸ ਦੀ ਕਬਰ ਝੰਗ ਤੋਂ ਅੱਧ ਕੋਹ ਤੇ ਹੈ, ਜਿਸ ਥਾਂ ਅਨੇਕ ਲੋਕ ਦੁੱਧ ਚੜ੍ਹਾਉਂਦੇ ਹਨ. “ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ.” (ਭਾਗੁ)
ਦਸਮਗ੍ਰੰਥ ਵਿੱਚ ਜਿਕਰ ਹੈ ਕਿ ਹੀਰ ਮੇਨਕਾ ਅਪਸਰਾ ਅਤੇ ਰਾਂਝਾ ਇੰਦ੍ਰ ਸੀ. “ਰਾਂਝਾ ਭਯੋ ਸੁਰੇਸ ਤਹਿਂ, ਭਈ ਮੇਨਕਾ ਹੀਰ। ਯਾ ਜਗ ਮੇ ਗਾਵਤ ਸਦਾ ਸਭ ਕਵਿਕੁਲ ਜਸ ਧੀਰ.” (ਚਰਿਤ੍ਰ ੯੮) ਦੇਖੋ, ਰਾਂਝਾ।
੨ ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਨੂੰ ਗੁਰੂ ਸਾਹਿਬ ਨੇ ਹੇਠ ਲਿਖਿਆ ਕਬਿੱਤ ਸੁਣਕੇ ਇਤਨਾ ਦਾਨ ਬਖਸ਼ਿਆ ਕਿ ਉਹ ਸਾਰੀ ਉਮਰ ਕਿਸੇ ਅੱਗੇ ਹੱਥ ਪਸਾਰਣ ਜੋਗਾ ਨਾ ਰਹਿਆ.
ਪਾਸ ਠਾਢੋ ਝਗਰਤ ਝੁਕਤ ਦਰੇਰੈ ਮੋਹਿ
ਬਾਤ ਨ ਕਰਨ ਪਾਊਂ ਮਹਾਂ ਬਲੀ ਬੀਰ ਸੋਂ,
ਐਸੋ ਅਰਿ ਬਿਕਟ ਨਿਕਟ ਬਸੈ ਨਿਸਦਿਨ
ਨਿਪਟ ਨਿਸ਼ੰਕ ਸਠ ਘੇਰੈ ਫੇਰ ਭੀਰ ਸੋਂ,
ਦਾਰਦਿ ਕੁਪੂਤ! ਤੇਰੋ ਮਰਨ ਬਨ੍ਯੋ ਹੈ ਆਜ
ਕਰਕੈ ਸਲਾਮ ਵਿਦਾ ਹੂਜੈ ਕਬਿ ਹੀਰ ਸੋਂ,
ਨਾਤਰੁ ਗੋਬਿੰਦ ਸਿੰਘ ਵਿਕਲ ਕਰੈਂਗੇ ਤੋਹਿ
ਟੂਕ ਟੂਕ ਹ੍ਵੈ ਹੈਂ ਗਾਢੇ ਦਾਨਨ ਕੇ ਤੀਰ ਸੋਂ.
੩ ਸੰ. ਹੀਰਾ. ਵਜ੍ਰ. “ਗੁਰਿ ਮਿਲੀਐ ਹੀਰ ਪਰਾਖਾ.” (ਜੈਤ ਮ: ੪) ੪ ਸ਼ਿਵ। ੫ ਸ਼ੇਰ। ੬ ਅਹੀਰ (ਅਭੀਰ) ਦਾ ਸੰਖੇਪ. “ਆਏ ਸਭ ਬ੍ਰਿਜ ਹੀਰ.” (ਕ੍ਰਿਸਨਾਵ) ੭ ਇੱਕ ਛੰਦ, ਜਿਸ ਦੀ ‘ਹੀਰਕ’ ਸੰਗ੍ਯਾ ਭੀ ਹੈ. ਲੱਛਣ—ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ਦੋ ਵਿਸ਼੍ਰਾਮ ਛੀ ਛੀ ਮਾਤ੍ਰਾ ਪੁਰ, ਤੀਜਾ ਗਿਆਰਾਂ ਪੁਰ, ਹਰੇਕ ਚਰਣ ਦੇ ਆਦਿ ਦਾ ਅੱਖਰ ਗੁਰੁ ਅੰਤ ਰਗਣ SIS.
ਉਦਾਹਰਣ—
ਸਤ੍ਯ ਰਹਿਤ , ਪਾਪ ਗ੍ਰਹਿਤ, ਕ੍ਰੁੱਧ ਚਹਿਤ ਜਾਨਿਯੇ,
ਧਮ ਹੀਨ, ਅੰਗ ਛੀਨ, ਕ੍ਰੋਧ ਪੀਨ ਮਾਨਿਯੇ. xxx
(ਕਲਕੀ)
(ਅ) ਗਣ ਛੰਦ ਹੀਰ ਦਾ ਲੱਛਣ ਹੈ—ਚਾਰ ਚਰਣ, ਪ੍ਰਤਿ ਚਰਣ ਭ ਸ ਨ ਜ ਨ ਰ SII, IIS, III, ISI, III, ISI.
ਉਦਾਹਰਣ—
ਸ਼੍ਰੀ ਗੁਰੁ ਧਰ ਹੀ ਚਰਨ ਰਿਦੇ ਨਰ ਦੁਖ ਕੇ ਹਰੀ,
ਹੋਤ ਨ ਭਵ ਮੇ ਭ੍ਰਮਣ ਸਦਾ ਰਹਿ ਮੁਦ ਕੋ ਧਰੀ. xxx
੮.ਫ਼ਾ ਗਨੀ. ਆਤਿਸ਼.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੀਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹੀਰ : ਹੀਰ ਸਿਆਲ ਜਾਤ ਦੇ ਰਾਜਪੂਤ ਚੂਚਕ ਦੀ ਇਸਤਰੀ ਮਲਕੀ ਦੀ ਕੁਖੋਂ ਦਰਿਆ ਚਨਾਬ (ਝਨਾਂ) ਦੇ ਕੰਢੇ ਝੰਗ ਪਿੰਡ ਵਿਚ ਪੈਦਾ ਹੋਈ ਸੀ। ਇਸਦਾ ਪ੍ਰੇਮ ਤਖ਼ਤ ਹਜ਼ਾਰੇ ਦੇ ਇਕ ਖ਼ੂਬਸੂਰਤ ਨੌਜੁਆਨ ਧੀਦੋ ਰਾਂਝੇ ਨਾਲ ਹੋ ਗਿਆ। ਇਸਦੀ ਪ੍ਰੇਮ ਕਥਾ ਅਨੇਕ ਪੰਜਾਬੀ ਕਵੀਆਂ ਨੇ ਆਪਣੇ ਢੰਗ ਨਾਲ ਬਿਆਨੀ ਹੈ ਜਿਨ੍ਹਾਂ ਵਿਚ ਦਮੋਦਰ, ਮੁਕਬਲ ਤੇ ਵਾਰਸ ਦੀਆਂ ਰਚਨਾਵਾਂ ਬਹੁਤ ਪ੍ਰਚਲਿਤ ਹੋਈਆਂ। ਪਰ ਸ਼ਾਹਕਾਰ ਵਾਰਸ ਦੀ ਰਚਨਾ ਨੂੰ ਹੀ ਮੰਨਿਆ ਜਾਂਦਾ ਹੈ।
ਦਸਮ ਗ੍ਰੰਥ ਵਿਚ ਇਸਨੂੰ ਮਿਥਿਹਾਸਕ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਚਰਿਤ੍ਰੋਪਾਖਯਾਨ ਵਿਚ ਹੀਰ ਨੂੰ ਮੇਨਕਾ ਅਤੇ ਰਾਂਝੇ ਨੂੰ ਇੰਦਰ ਦੇਵਤਾ ਦੇ ਤੌਰ ਤੇ ਪ੍ਰਗਟ ਕੀਤਾ ਗਿਆ ਹੈ ਜਿਵੇਂ :
“ਰਾਂਝਾ ਭਯੋ ਸੁਰੇਸ਼ ਤਹਿੰਦ, ਭਈ ਮੇਨਕਾ ਹੀਰ।”
ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਇਸ ਪ੍ਰੀਤ ਦਾ ਜ਼ਿਕਰ ਆਉਂਦਾ ਹੈ “ਰਾਂਝਾ ਹੀਰ ਬਖਾਣੀਐ ਓਹ ਪਿਰਮ ਪਿਰਾਤੀ।”
ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ ਕਿ ਤਖ਼ਤ ਹਜ਼ਾਰੇ ਦੇ ਵਸਨੀਕ ਮੌਜੂ ਦਾ ਪੁੱਤਰ ਰਾਂਝਾ ਭਰਜਾਈਆਂ ਅਤੇ ਭਰਾਵਾਂ ਦਾ ਤੰਗ ਕੀਤਾ ਹੋਇਆ ਝੰਗ ਵਲ ਜਾ ਰਿਹਾ ਸੀ ਕਿ ਥਕਿਆ ਟੁੱਟਿਆ ਉਹ ਦਰਿਆ ਵਿਚ ਇਕ ਬੇੜੀ ਵਿਚ ਪਏ ਹੀਰ ਦੇ ਪਲੰਘ ਤੇ ਸੌਂ ਗਿਆ। ਇਸ ਕਾਰਨ ਵੇਲੇ ਦੇ ਹਾਕਮ ਚੂਚਕ ਦੀ ਜਾਈ ਹੀਰ ਨੂੰ ਸਖ਼ਤ ਗੁੱਸਾ ਆ ਗਿਆ ਤੇ ਜਦੋਂ ਉਹ ਝਮਕਾਂ ਲੈ ਕੇ ਉਸ ਉੱਤੇ ਟੁੱਟ ਪਈ ਤਾਂ ਉਸਦੀ ਖੂਬਸੂਰਤੀ ਵੇਖ ਕੇ ਸਾਹ-ਸਤਹੀਨ ਹੋ ਗਈ। ਪਹਿਲੀ ਮੁਲਾਕਾਤ ਸਮੇਂ ਈ ਇਨ੍ਹਾਂ ਦਾ ਪ੍ਰੇਮ ਹੋ ਗਿਆ। ਹੀਰ ਰਾਂਝੇ ਨੂੰ ਆਪਣੇ ਪਿਤਾ ਚੂਚਕ ਕੋਲ ਲੈ ਗਈ ਅਤੇ ਉਸਨੂੰ ਮੱਝਾਂ ਚਰਾਉਣ ਵਾਸਤੇ ਨੌਕਰ ਰੱਖ ਲਿਆ। ਹੀਰ ਰਾਂਝੇ ਦਾ ਪ੍ਰੇਮ ਦਿਨੋਂ ਦਿਨ ਵਧਦਾ ਗਿਆ। ਜਦੋਂ ਇਸਦਾ ਪਤਾ ਚੂਚਕ ਨੂੰ ਲਗਾ ਤਾਂ ਉਸਨੇ ਹੀਰ ਦਾ ਵਿਆਹ ਰੰਗਪੁਰ ਨਿਵਾਸੀ ਖੇਡੇ ਜਾਤ ਦੇ ਸੈਦੇ ਨਾਲ ਕਰ ਦਿੱਤਾ। ਰਾਂਝਾ ਜੋਗੀ ਦਾ ਭੇਸ ਬਣਾਕੇ ਰੰਗਪੁਰ ਪਹੁੰਚ ਗਿਆ ਅਤੇ ਹੀਰ ਦੀ ਨਨਾਣ ਸਹਿਤੀ ਦੀ ਸਹਾਇਤਾ ਨਾਲ ਹੀਰ ਨੂੰ ਨਾਲ ਲੈ ਕੇ ਭੱਜ ਨਿਕਲਿਆ। ਖੇੜਿਆਂ ਨੇ ਹੀਰ ਰਾਂਝੇ ਨੂੰ ਰਾਹ ਵਿਚ ਆ ਘੇਰਿਆ। ਪਰ ਕੋਟ-ਕਬੂਲੇ ਦੇ ਕਾਜ਼ੀ ਨੇ ਫ਼ੈਸਲਾ ਰਾਂਝੇ ਦੇ ਹੱਕ ਵਿਚ ਦੇ ਦਿੱਤਾ। ਦਮੋਦਰ, ਅਹਿਮਦ ਤੇ ਅਹਿਮਦਯਾਰ ਅਨੁਸਾਰ ਇਹ ਦੋਵੇਂ ਪ੍ਰੇਮੀ ਮੱਕੇ ਵੱਲ ਚਲੇ ਗਏ। ਪਰ ਪ੍ਰਸਿੱਧ ਕਿੱਸਾਕਾਰ ਵਾਰਸ ਸ਼ਾਹ ਨੇ ਇਸਨੂੰ ਦੁਖਾਂਤਕ ਰੰਗਣ ਦੇ ਦਿੱਤੀ। ਉਸਦਾ ਕਥਨ ਹੈ ਕਿ ਹੀਰ ਨੂੰ ਉਸਦੇ ਮਾਤਾ ਪਿਤਾ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਰਾਂਝੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਹੀਰ ਦੇ ਵਿਯੋਗ ਵਿਚ ਮਰ ਗਿਆ। ਹੀਰ ਦਾ ਕਬਰ ਝੰਗ ਵਿਚ ਮੌਜੂਦ ਹੈ, ਪਰ ਸਿਆਲ ਜਾਤ ਦੇ ਲੋਕ ਇਸ ਕਹਾਣੀ ਨੂੰ ਮਨਘੜਤ ਮੰਨਦੇ ਹਨ। ਦਮੋਦਰ (1572 ਈ.) ਤੋਂ ਪਿਛੋਂ ਪੰਜਾਬੀ ਸਾਹਿਤ ਵਿਚ ‘ਹੀਰ’ ਜਾਂ ‘ਹੀਰ ਰਾਂਝਾ’ ਦੇ ਲਗਭਗ 30 ਕਿੱਸੇ ਲਿਖੇ ਗਏ ਜਿਨ੍ਹਾਂ ਵਿਚੋਂ ਅਹਿਮਦ ਗੁੱਜਰ (1692 ਈ.), ਮੀਆਂ ਚਰਾਗ ਆਵਾਨ (1710), ਮੁਕਬਲ (1755), ਵਾਰਸ ਸ਼ਾਹ (1775), ਹਾਮਿਦ ਸ਼ਾਹ (1805), ਹਾਸ਼ਮ, ਅਹਿਮਦਾਰ, ਵੀਰ ਸਿੰਘ, ਜੋਗ ਸਿੰਘ, ਪੀਰ ਮੁੰਹਮਦ ਬਖਸ਼, ਫ਼ਜ਼ਲਸ਼ਾਹ, ਮੌਲਾ ਸ਼ਾਹ, ਮੌਲਾ ਬਖ਼ਸ਼ ਕੁਸ਼ਤਾ, ਭਗਵਾਨ ਸਿੰਘ, ਕਿਸ਼ਨ ਸਿੰਘ ਆਰਫ਼ (1885) ਆਦਿ ਇਸ ਵਿਸ਼ੇ ਉੱਤੇ ਕਿੱਸੇ ਲਿਖ ਕੇ ਕਾਫ਼ੀ ਨਾਮਣਾ ਖੱਟ ਚੁੱਕੇ ਹਨ। ਦਮੋਦਰ ਤੇ ਵਾਰਸ ਨੇ ਆਪਣੇ ਕਿੱਸਿਆਂ ਵਿਚ ਇਨ੍ਹਾਂ ਦੇ ਪ੍ਰੇਮ ਦੀ ਕਹਾਣੀ ਹੀ ਨਹੀਂ ਲਿਖੀ ਸਗੋਂ ਆਪਣੇ ਸਮੇਂ ਦੇ ਪੰਜਾਬੀ ਜੀਵਨ ਤੇ ਸਭਿਆਚਾਰ ਦੀ ਭਰਪੂਰ ਤਸਵੀਰ ਚਿਤਰੀ ਹੈ। ਦਮੋਦਰ ਦੀ ਰਚਨਾ ਦਵੱਯੇ ਛੰਦ ਵਿਚ ਤੇ ਭਾਸ਼ਾ ਲਹਿੰਦੀ ਪੰਜਾਬੀ ਹੈ ਜਦ ਕਿ ਵਾਰਸ ਨੇ ਇਸ ਨੂੰ ਬੈਂਤਾਂ ਵਿਚ ਲਿਖਿਆ ਤੇ ਭਾਸ਼ਾ ਕੇਂਦਰੀ ਪੰਜਾਬੀ ਰੱਖੀ। ਨਾਟਕੀ ਅੰਦਾਜ਼, ਰਵਾਨੀ, ਤਸਵੀਰ ਕਸ਼ੀ ਤੇ ਸਰੋਦੀ ਤੱਤ ਆਦਿ ਕਾਰਨ ਵਾਰਸ ਦੀ ਰਚਨਾ ਬਹੁਤ ਹਰਮਨ ਪਿਆਰੀ ਹੋਈ ਤੇ ਹੀਰ ਦਾ ਨਾਂ ਹਮੇਸ਼ਾ ਲਈ ਵਾਰਸ ਨਾਲ ਜੁੜ ਗਿਆ। ਸਾਹਿਤਕ ਦ੍ਰਿਸ਼ਟੀ ਤੋਂ ਮੁਕਬਲ ਦਾ ਕਿੱਸਾ ਵੀ ਚੰਗੀ ਕਿਰਤ ਹੈ ਪਰ ਵਾਰਸ ਦੇ ਟਾਕਰੇ ਦਾ ਨਹੀਂ, ਭਾਵੇਂ ਵਾਰਸ ਨੇ ਆਪਣੀ ਰਚਨਾ ਲਈ ਇਸਨੂੰ ਆਧਾਰ ਬਣਾਇਆ।
ਸਮੇਂ ਦੇ ਨਾਲ ਕਿੱਸੇ ਦੀ ਕਹਾਣੀ ਅਤੇ ਪਾਤਰਾਂ ਵਿਚ ਪਰਿਵਰਤਨ ਆਉਂਦਾ ਰਿਹਾ ਹੈ। ਦਮੋਦਰ ਦੇ ਸਮੇਂ ਹਿੰਦੂ ਮੁਸਲਮਾਨਾਂ ਵਿਚ ਪਾੜਾ ਇਨ੍ਹਾਂ ਨਹੀਂ ਸੀ ਵਧਿਆ। ਉਸ ਵਿਚ ਹੀਰ ਦੀ ਨਨਾਣ ਸਹਿਤੀ ਇਕ ਹਿੰਦੂ, ਲੜਕੇ ਨੂੰ ਪਿਆਰ ਕਰਦੀ ਹੈ ਤੇ ਹਿੰਦੂਆਂ ਵਾਲੀਆਂ ਰਸਮਾਂ ਮੁਸਲਮਾਨਾਂ ਦੇ ਘਰ ਕੀਤੀਆਂ ਜਾਂਦੀਆਂ ਹਨ। ਬ੍ਰਾਹਮਣਾ ਤੇ ਡੂਮਾਂ ਦੀ ਪੁੱਛ ਉਨ੍ਹਾਂ ਦੇ ਘਰ ਵੀ ਹੈ ਪਰ ਔਰੰਗਜ਼ੇਬ ਦੇ ਸਮੇਂ ਜਦੋਂ ਅਹਿਮਦ ਗੁੱਜਰ ਨੇ ਹੀਰ ਲਿਖੀ ਤਾਂ ਰਾਮੂ ਦੀ ਥਾਂ ਮੁਸਲਮਾਨ ਪਾਤਰ ਮੁਰਾਦ ਸ਼ਾਮਲ ਕੀਤਾ ਗਿਆ। ਹਿੰਦੂ ਸਿਖ ਲੇਖਕਾਂ ਤੇ ਮੁਸਲਮਾਨ ਲੇਖਕਾਂ ਦੀ ਰਚਨਾਵਾਂ ਵਿਚ ਵੀ ਫ਼ਰਕ ਹੈ। ਵੀਰ ਸਿੰਘ ਤੇ ਜੋਗ ਸਿੰਘ ਦੀਆਂ ਰਚਨਾਵਾਂ ਦਸਮ ਗ੍ਰੰਥ ਵਿਚਲੀ ਕਹਾਣੀ ਤੇ ਅਧਾਰਤ ਹਨ। ਉਨ੍ਹਾਂ ਵਿਚ ਕੁਆਰੀ ਪ੍ਰੀਤ ਨਹੀਂ ਸਗੋਂ ਹੀਰ ਦਾ ਵਿਆਹ ਕਰਵਾਕੇ ਉਸਨੂੰ ਸੁਹਾਗਣ ਤੇ ਤੌਰ ਤੇ ਪੇਸ਼ ਕੀਤਾ ਹੈ। ਵੀਰ ਸਿੰਘ ਤਾਂ ਉਸਦੇ ਅਟੱਲ ਸੁਹਾਗ ਲਈ ਅਰਜੋਈਆਂ ਕਰਦਾ ਹੈ। ਜੇ ਮੁਸਲਮਾਨ ਲੇਖਕ ਇਨ੍ਹਾਂ ਨੂੰ ਮਰਨ ਉਪਰੰਤ ਮੱਕੇ ਭੇਜਦੇ ਹਨ ਤਾਂ ਇਹ ਵੀ ਸਵਰਗਾਂ ਵਿਚ ਭੇਜਕੇ ਉਨ੍ਹਾਂ ਦੀ ਜੈ ਜੈ ਕਾਰ ਕਰਾਉਂਦੇ ਹਨ।
ਹ. ਪੁ.––ਪੰਜਾਬੀ ਕਿੱਸਾ ਕਾਵਿ-ਇਕ ਆਲੋਚਨਾਤਮਕ ਅਧਿਐਨ ; ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no
ਹੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੀਰ, ਇਸਤਰੀ ਲਿੰਗ : ਝੰਗ ਮਘਿਆਣੇ ਦੇ ਸਿਆਲ ਗੋਤ ਦੇ ਚੂਚਕ ਨਾਮ ਦੇ ਚੌਧਰੀ ਦੀ ਧੀ ਜੋ ਰਾਂਝੇ ਦੀ ਪਰੇਮਿਕਾ ਸੀ; ੨. ਹੀਰ ਰਾਂਝੇ ਦੇ ਕਿੱਸੇ ਦੀ ਕਿਤਾਬ; ੩. ਖ਼ੂਬਸੂਰਤ, (ਸੋਹਣੀ) ਇਸਤਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-03-47-28, ਹਵਾਲੇ/ਟਿੱਪਣੀਆਂ:
ਹੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੀਰ, ਇਸਤਰੀ ਲਿੰਗ : ਹੇੜ੍ਹ, ਡੰਗਰਾਂ ਦਾ ਚੌਣਾ (ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-03-48-23, ਹਵਾਲੇ/ਟਿੱਪਣੀਆਂ:
ਹੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੀਰ, (ਸੰਸਕ੍ਰਿਤ : ਆਭੀਰ) / ਪੁਲਿੰਗ : ਅਹੀਰ, ਗਊਆਂ ਚਾਰਨ ਵਾਲੀ ਕੌਮ, ਗਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-03-48-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First