ਹੀਜੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਜੜਾ (ਨਾਂ,ਪੁ) ਪੈਦਾਇਸ਼ੀ ਤੌਰ ਤੇ ਜਣਨ ਇੰਦਰੀ ਤੋਂ ਵਹੀਨ ਪ੍ਰਾਣੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੀਜੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਜੜਾ [ਨਾਂਪੁ] ਉਹ ਵਿਅਕਤੀ ਜੋ ਜਨਮ ਤੋਂ ਹੀ ਜਣਨ ਇੰਦਰੀ ਤੋਂ ਬਿਨਾਂ ਹੋਵੇ, ਖੁਸਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੀਜੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਜੜਾ ਫ਼ਾ. ਹੀਜ਼. ਕੁਦਰਤੀ ਨਪੁੰਸਕ. ਜਿਸ ਦੇ ਪੁਰਖ ਇਸਤ੍ਰੀ ਦੇ ਚਿੰਨ੍ਹ ਨਹੀਂ ਹੁੰਦੇ. ਇਹ ਵਿਆਹ ਅਤੇ ਜਨਮਉਤਸਵ ਤੇ ਗਾ ਅਤੇ ਨੱਚਕੇ ਨਿਰਵਾਹ ਕਰਦੇ ਹਨ. “ਨਾਚਨ ਹੀਜ ਗਾਇ ਸੁਰ ਰਾਚੈਂ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੀਜੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੀਜੜਾ : ਕੁਦਰਤੀ ਤੌਰ ਤੇ ਨਿਪੁੰਸ਼ਕ ਵਿਅਕਤੀ ਨੂੰ ਹੀਜੜਾ ਕਿਹਾ ਜਾਂਦਾ ਹੈ। ਹੀਜੜੇ ਦੁਨੀਆਂ ਵਿਚ ਹਰ ਜਗ੍ਹਾ ਮਿਲਦੇ ਹਨ ਪਰ ਭਾਰਤ ਵਾਂਗ ਪੱਛਮੀ ਦੇਸ਼ਾਂ ਵਿਚ ਹੀਜੜਿਆਂ ਨੂੰ ਇਕ ਵਖਰਾ ਤੀਜਾ ਲਿੰਗ ਨਹੀਂ ਸਮਝਿਆ ਜਾਂਦਾ। ਪੱਛਮ ਵਿਚ ਬਾਕੀ ਲੋਕਾਂ ਵਾਂਗ ਹੀ ਜ਼ਿੰਦਗੀ ਗੁਜ਼ਾਰਦੇ ਹਨ; ਇਨ੍ਹਾਂ ਦੇ ਕੋਈ ਵਧੇਰੇ ਡੇਰੇ ਨਹੀਂ ਹੁੰਦੇ ਅਤੇ ਨਾ ਹੀ ਇਹ ਢੋਲਕ ਚੁੱਕ ਕੇ ਗਲੀ ਫਿਰਦੇ ਹਨ। ਪਰੰਤੂ ਭਾਰਤ ਵਿਚ ਇਨ੍ਹਾਂ ਦੇ ਵਖਰੇ ਡੇਰੇ ਹਨ ਅਤੇ ਇਨ੍ਹਾਂ ਨੂੰ ਵਖਰਾ ਲਿੰਗ ਸਮਝਿਆ ਜਾਂਦਾ ਹੈ।

          ਹੀਜੜਿਆਂ ਦੀ ਹੋਂਦ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ। ਈਸਾ ਮਸੀਹ ਦੇ ਕਾਲ ਤੋਂ ਲਗਭਗ 2000 ਸਾਲ ਪਹਿਲਾਂ, ਅਸਿਰਿਆ ਵਿਚ ਖੱਸੀ ਕਰਨਾ ਇਕ ਕਿਸਮ ਦੀ ਸਜ਼ਾ ਦੇਣਾ ਗਿਣਿਆ ਜਾਂਦਾ ਸੀ ਅਤੇ ਇਸ ਤੋਂ ਕਿਤੇ ਪਹਿਲੋਂ ਦੂਰ ਅਤੇ ਮੱਧ ਪੂਰਬ ਵਿਚ ਹੀਜੜਿਆਂ ਨੂੰ ਹਰਮਾ ਦਾ ਇੰਚਾਰਜ ਬਣਾਇਆ ਜਾਂਦਾ ਸੀ। ਕਈ ਗ਼ਰੀਬ ਮਾਂ-ਬਾਪ ਆਪਣੇ ਬੱਚਿਆਂ ਨੂੰ ਵੇਚ ਦਿੰਦੇ ਸਨ ਅਤੇ ਉਨ੍ਹਾਂ ਬੱਚਿਆਂ ਨੂੰ ਖੱਸੀ ਕਰ ਦਿੱਤਾ ਜਾਂਦਾ ਸੀ। ਖੱਸੀ ਕੀਤੇ ਸਾਰੇ ਜਾਂ ਵੇਚੇ ਗਏ ਬੱਚੇ ਜਾਂ ਅਪਰਾਧੀ ਪੂਰੀ ਤਰ੍ਹਾਂ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਸਨ।

          ਹੀਜੜੇ ਅੰਗ-ਰਖਿਅਕ, ਕਰਨੈਲ, ਐਡਮਿਰਲ ਆਦਿ ਦੇ ਤੌਰ ਤੇ ਕੰਮ ਕਰਦੇ ਰਹੇ ਹਨ ਅਤੇ ਕਈ ਪੱਛਮੀ ਅਫ਼ਰੀਕੀ ਰਾਜਾਂ ਵਿਚ ਇਹ ਘਰੇਲੂ ਅਤੇ ਰਾਜਸੀ ਦੋਨੋਂ ਤਰ੍ਹਾਂ ਦੇ ਮੰਤਵਾ ਲਈ ਵਰਤੇ ਜਾਂਦੇ ਸਨ।

          ਬਹੁਤ ਸਾਰੇ ਲੋਕਾਂ ਦਾ ਖ਼ਿਆਲ ਹੈ ਕਿ ਹੀਜੜੇ ਕਾਇਰ ਹਨ ਅਤੇ ਇਹ ਦਿਮਾਗ਼ੀ ਖ਼ੂਬੀਆਂ ਤੋਂ ਸੱਖਣੇ ਹੁੰਦੇ ਹਨ। ਪਰੰਤੂ ਇਤਿਹਾਸ ਵਿਚੋਂ ਕਈ ਘਟਨਾਵਾ ਮਿਲਦੀਆਂ ਹਨ ਜੋ ਇਸ ਗੱਲ ਦਾ ਖੰਡਨ ਕਰਦੀਆਂ ਹਨ । ਅਲਾਉਂਦੀਨ ਖ਼ਿਲਜੀ ਨੇ ਆਪਣੀ ਸੈਨਾ ਦਾ ਕਮਾਂਡਰ ਇਕ ਹੀਜੜੇ ਨੂੰ ਬਣਾ ਲਿਆ ਸੀ ਜਿਸਦੀ ਕਮਾਨ ਹੇਠ੍ਹਾਂ ਕਈ ਵੱਡੇ ਵੱਡੇ ਮੋਰਚੇ ਸਰ ਕੀਤੇ ਸਨ। ਜਿਵੇਂ  ਚੀਨ ਵਿਚ ਚਾਉ ਦੇ ਸਮੇਂ (ਤਕਰੀਬਨ 1122-221 ਈ. ਪੂ.) ਵਿਚ ਹੀਜੜੇ ਰਾਜਸੀ ਸਲਾਹਕਾਰ ਦੇ ਤੌਰ ਤੇ ਕੰਮ ਕਰਦੇ ਰਹੇ ਸਨ ਅਤੇ ਅੱਗੇ ਕਈ ਵੰਸ਼ਾਂ ਤੱਕ, ਤਕਰੀਬਨ ਇਮਪੀਰੀਅਲ ਰਾਜ ਦੇ ਅੰਤ ਤੀਕ, ਹੀਜੜੇ ਇਨ੍ਹਾਂ ਅਹੁਦਿਆਂ ਤੇ ਰਹੇ। ਈਰਾਨ ਵਿਚ (559-330 ਈ. ਪੂ.) ਸਮੇਂ ਰੋਮਨ ਅਤੇ ਬਾਈਜ਼ੈਂਤੀਨ ਦੇ ਰਾਜਕਾਲ ਦੌਰਾਨ ਅਤੇ 750 ਈ. ਤੋਂ ਬਾਅਦ ਤਕ ਮੁਸਲਮਾਨੀ ਤਾਕਤਾਂ ਵੇਲੇ ਵੀ ਹੀਜੜੇ ਇਹ ਕੰਮ ਕਰਦੇ ਰਹੇ ਹਨ। ਇਟਲੀ ਵਿਚ ਲੜਕਿਆਂ ਨੂੰ ਚੰਗੇ ਗਵੱਈਏ ਬਣਾਉਣ ਲਈ ਖੱਸੀ ਕੀਤਾ ਜਾਂਦਾ ਸੀ ਪਰ ਉਥੇ ਇਹ ਰਸਮ ਪੋਪ ਲੀਓ XII (1878) ਨੇ ਖ਼ਤਮ ਕੀਤੀ। ਮੁਸਲਮਾਨੀ ਹਰਮਾਂ ਵਿਚ ਰਖਾਉਣ ਲਈ ਲੜਕਿਆਂ ਖੱਸੀ ਕਰਕੇ ਵੇਖਣ ਦਾ ਰਿਵਾਜ 20 ਵੀਂ ਸਦੀ ਤਕ ਜਾਰੀ ਰਿਹਾ। ਤੀਸਰੀ ਸਦੀ ਦੇ ਇਕ ਫਿਰਕੇ ਵੇਲੇਸਾਈ ਦੇ ਲੋਕ ਆਪਣੇ ਆਪ ਨੂੰ ਅਤੇ ਆਪਣੇ ਮਹਿਮਾਨਾਂ ਨੂੰ ਇਹ ਸੋਚ ਕੇ ਖੱਸੀ ਕਰਦੇ ਸਨ ਕਿ ਅਜਿਹਾ ਕਰਨ ਨਾਲ ਉਹ ਰੱਬ ਨੂੰ ਖੁਸ਼ ਕਰ ਰਹੇ ਹਨ। ਭਾਰਤ ਵਿਚ ਹੀਜੜਿਆਂ ਦਾ ਜ਼ਿਕਰ ਪੁਰਾਣੀਆਂ ਧਾਰਮਿਕ ਕਿਤਾਬਾ (ਮਹਾਂਭਾਰਤ ਆਦਿ) ਵਿਚ ਵੀ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਮਹਾਂਭਾਰਤ ਦਾ ਇਕ ਪਾਤਰ, ‘ਸ਼ਿਵਗੰਡੀ’ ਹੀਜੜਾ ਸੀ।

          ਭਾਰਤ ਵਿਚ ਹੀਜੜਿਆਂ ਦਾ ਇਕ ਅਜਿਹਾ ਤਬਕਾ ਵੀ ਮਿਲਦਾ ਹੈ ਜਿਸ ਦੀਆਂ ਕਈ ਵੱਡੇ ਵੱਡੇ ਸ਼ਹਿਰਾਂ ਦਿੱਲੀ, ਗਵਾਲੀਅਰ, ਲਖਨਾਊ, ਝਾਂਸੀ, ਭੂਪਾਲ, ਜੈਪੁਰ, ਕਾਨਪੁਰ ਅਤੇ ਆਗਰੇ ਵਿਚ ਗੱਦੀਆਂ ਹਨ। ਇਨ੍ਹਾਂ ਗੱਦੀਆਂ ਕੋਲ ਲੱਖਾਂ ਰੁਪਇਆਂ ਦੀ ਦੌਲਤ ਹੁੰਦੀ ਹੈ। ਇਨ੍ਹਾਂ ਗੱਦੀਆਂ ਨਾਲ ਸਬੰਧ ਰਖਣ ਵਾਲੇ ਹੀਜੜਿਆਂ ਦੇ ਗੁਰੂ ਦੀ ਹੈਸੀਅਤ ਕਿਸੇ ਵੱਡੇ ਤੋਂ ਵੱਡੇ ਮੱਠ ਦੇ ਆਚਾਰੀਆਂ ਨਾਲੋਂ ਘੱਟ ਨਹੀਂ ਹੁੰਦੀ। ਇਸ ਗੱਦੀ ਨਾਲ ਸਬੰਧ ਰਖਣ ਵਾਲੇ ਸਾਰੇ ਹੀਜੜੇ ਆਪਣੀ ਕਮਾਈ ਆਪਣੇ ਗੁਰੂ ਦੀ ਭੇਂਟ ਕਰ ਦਿੰਦੇ ਹਨ ਜੋ ਉਨ੍ਹਾਂ ਦੀ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਕਰਦਾ ਹੈ। ਮਰਨ ਤੋਂ ਪਹਿਲਾਂ ਇਹ ਗੁਰੂ ਆਪਣਾ ਜਾਨਸ਼ੀਨ ਥਾਪਦਾ ਹੈ ਤੇ ਉਸਨੂੰ ਗੋਲਕ ਬਾਰੇ ਜਾਣਕਾਰੀ ਦਿੰਦਾ ਹੈ।

          ਲੋਹਾ ਮੰਡੀ ਆਗਰੇ ਵਿਚ ਇਕ ਪੁਰਾਣੀ ਮਸਜਿਦ ਹੈ ਜਿਸ ਸਬੰਧੀ ਕਿਹਾ ਜਾਂਦਾ ਹੈ ਕਿ ਮਸਜਿਦ ਸ਼ਹਿਨਸ਼ਾਹ ਅਕਬਰ ਨੇ ਇਕ ਦਰਵੇਸ਼ ਹੀਜੜੇ ‘ਪ੍ਰੀਤਮ ਸ਼ਾਹ’ ਦੀ ਫਰਮਾਇਸ਼ ਤੇ ਬਣਵਾਈ ਸੀ। ਆਗਰਾ ਗਵਾਲੀਅਰ ਸੜਕ ਤੇ ਅਜ ਵੀ ਖਵਾਜਾ ਸਰਾਂ ਦੇ ਕਈ ਮਕਬਰੇ ਮੌਜੂਦ ਹਨ। ਇਨ੍ਹਾਂ ਵਿਚੋਂ ਫੀਰੋਜ਼ ਖਾਂ ਦਾ ਮਕਬਰਾ ਵਰਨਣ ਯੋਗ ਹੈ। ਟੁੰਡਲਾ ਨੂੰ ਜਾਣ ਵਾਲੀ ਸੜਕ ਤੇ ਸਥਿਤ ਕਸਬਾ ਇਤਮਾਦ ਪੁਰ ਸਬੰਧੀ ਕਿਹਾ ਜਾਂਦਾ ਹੈ ਕਿ ਇਹ ਕਸਬਾ ਇਤਮਾਦ ਖਾਂ ਖਵਾਜਾ ਨੇ ਬਣਵਾਇਆ ਸੀ। ਇਤਮਾਦ ਖਾਂ ਅਕਬਰ ਦੇ ਦਰਬਾਰ ਵਿਚ ਇਕ ਉੱਚੇ ਅਹੁਦੇ ਉਤੇ ਸੀ। ਇਤਮਾਦ ਖਾਂ ਆਰਥਿਕ ਮਾਮਲਿਆਂ ਦਾ ਮਾਹਿਰ ਸੀ।

          ਹ. ਪੁ.––ਐਨ. ਬ੍ਰਿ. ਮਾ. 3 : 994 ; ਪੰਜਾਬੀ ਡਾਇਜੈਸਟ-ਨਵੰਬਰ, 1978


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2039, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no

ਹੀਜੜਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੀਜੜਾ : ਕੁਦਰਤੀ ਤੌਰ ਤੇ ਨਿਪੁੰਸਕ ਵਿਅਕਤੀ ਨੂੰ ਹੀਜੜਾ ਕਿਹਾ ਜਾਂਦਾ ਹੈ।ਹੀਜੜੇ ਦੁਨੀਆ ਵਿਚ ਹਰ ਜਗ੍ਹਾ ਮਿਲਦੇ ਹਨ ਪਰੰਤੂ ਪੱਛਮੀ ਦੇਸ਼ਾਂ ਵਿਚ ਹੀਜੜਿਆਂ ਨੂੰ ਵਖਰਾ ਤੀਜਾ ਲਿੰਗ ਨਹੀਂ ਸਮਝਿਆ ਜਾਂਦਾ। ਇਹ ਬਾਕੀ ਲੋਕਾਂ ਵਾਂਗ ਹੀ ਜ਼ਿੰਦਗੀ ਗੁਜ਼ਾਰਦੇ ਹਨ। ਇਨ੍ਹਾਂ ਦੇ ਕੋਈ ਵਖਰੇ ਡੇਰੇ ਨਹੀਂ ਹੁੰਦੇ ਅਤੇ ਨਾ ਹੀ ਇਹ ਢੋਲਕ ਚੁੱਕ ਕੇ ਗਲੀ ਗਲੀ ਫਿਰਦੇ ਹਨ ਪਰੰਤੂ ਭਾਰਤ ਵਿਚ ਇਨ੍ਹਾਂ ਦੇ ਵਖਰੇ ਡੇਰੇ ਹਨ ਅਤੇ ਇਨ੍ਹਾਂ ਨੂੰ ਵਖਰਾ ਲਿੰਗ ਸਮਝਿਆ ਜਾਂਦਾ ਹੈ।

   ਹੀਜੜਿਆਂ ਦੀ ਹੋਂਦ ਪੁਰਾਤਨ ਸਮੇਂ ਤੋਂ ਚਲੀ ਆ ਰਹੀ ਹੈ। ਈਸਾ ਮਸੀਹ ਦੇ ਕਾਲ ਤੋਂ ਲਗਭਗ 2,000 ਸਾਲ ਪਹਿਲਾਂ ਅਸਿਰਿਆ ਵਿਚ ਖੱਸੀ ਕਰਨਾ, ਇਕ ਕਿਸਮ ਦੀ ਸਜ਼ਾ ਦੇਣਾ ਗਿਣਿਆ ਜਾਂਦਾ ਸੀ ਅਤੇ ਇਸ ਤੋਂ ਕਿਤੇ ਪਹਿਲੋਂ ਦੂਰ ਅਤੇ ਮੱਧ ਪੂਰਬ ਵਿਚ ਹੀਜੜਿਆਂ ਨੂੰ ਹਰਮਾਂ ਦਾ ਇੰਚਾਰਜ ਬਣਾਇਆ ਜਾਂਦਾ ਸੀ। ਕਈ ਗ਼ਰੀਬ ਮਾਂ-ਬਾਪ ਆਪਣੇ ਬੱਚਿਆਂ ਨੂੰ ਵੇਚ ਦਿੰਦੇ ਸਨ ਅਤੇ ਉਨ੍ਹਾਂ ਬੱਚਿਆਂ ਨੂੰ ਖੱਸੀ ਕਰ ਦਿੱਤਾ ਜਾਂਦਾ ਸੀ।

  ਕੁਝ ਲੋਕਾਂ ਦਾ ਖ਼ਿਆਲ ਹੈ ਕਿ ਹੀਜੜੇ ਕਾਇਰ ਅਤੇ ਦਿਮਾਗ਼ੀ ਖੂਬੀਆਂ ਤੋਂ ਸੱਖਣੇ ਹੁੰਦੇ ਹਨ ਪਰ ਇਤਿਹਾਸ ਵਿਚ ਇਨ੍ਹਾਂ ਦੇ ਪੱਖ ਵਿਚ ਕਈ ਦਲੀਲਾਂ ਮਿਲਦੀਆਂ ਹਨ। ਅਲਾਉਦੀਨ ਖਿਲਜੀ ਦੀ ਸੈਨਾ ਦਾ ਇਕ ਕਮਾਂਡਰ ਹੀਜੜਾ ਸੀ ਜਿਸ ਦੀ ਕਮਾਨ ਹੇਠ ਕਈ ਵੱਡੇ ਮੋਰਚੇ ਜਿੱਤੇ ਗਏ ਸਨ। ਇਹ ਆਪਣੇ ਮਾਲਕ ਤੇ ਨਿਰਭਰ ਕਰਦੇ ਸਨ। ਹੀਜੜੇ ਅੰਗ-ਰਖਿਅਕ, ਜਰਨੈਲ, ਐਡਮਿਰਲ ਆਦਿ ਦੇ ਤੌਰ ਤੇ ਕੰਮ ਕਰਦੇ ਰਹੇ ਹਨ।

    ਮੁਸਲਮਾਨੀ ਹਰਮਾਂ ਵਿਚ ਰਖਾਉਣ ਲਈ, ਲੜਕਿਆਂ ਨੂੰ ਖੱਸੀ ਕਰ ਕੇ ਵੇਚਣ ਦਾ ਰਿਵਾਜ 20ਵੀਂ ਸਦੀ ਤਕ ਜਾਰੀ ਰਿਹਾ। ਪੁਰਾਣੇ ਸਮੇਂ ਵਿਚ ਰੱਬ ਨੂੰ ਖੁਸ਼ ਕਰਨ ਲਈ ਵੀ ਮਨੁੱਖਾਂ ਨੂੰ ਖੱਸੀ ਕੀਤਾ ਜਾਂਦਾ ਸੀ।

    ਮਹਾਭਾਰਤ ਦਾ ਇਕ ਪਾਤਰ ਸ਼ਿਖੰਡੀ ਹੀਜੜਾ ਸੀ। ਹੀਜੜਿਆਂ ਦੀਆਂ ਭਾਰਤ ਵਿਚ ਵੱਡੇ ਵੱਡੇ ਸ਼ਹਿਰਾਂ ਵਿਚ ਗੱਦੀਆਂ ਹਨ। ਕਿਸੇ ਗੱਦੀ ਨਾਲ ਸਬੰਧ ਰੱਖਣ ਵਾਲੇ ਸਾਰੇ ਹੀਜੜੇ ਆਪਣੀ ਕਮਾਈ ਆਪਣੇ ਗੁਰੂ ਦੀ ਭੇਟ ਕਰ ਦਿੰਦੇ ਹਨ ਜੋ ਉਨ੍ਹਾਂ ਦੀ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਕਰਦਾ ਹੈ। ਮਰਨ ਤੋਂ ਪਹਿਲਾਂ ਇਨ੍ਹਾਂ ਦਾ ਗੁਰੂ ਆਪਣਾ ਜਾਂਨਸ਼ੀਨ ਥਾਪਦਾ ਹੈ।
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-02-12-49-02, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 6: 267

ਹੀਜੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੀਜੜਾ, (ਫ਼ਾਰਸੀ : ਹੀਜ਼) / ਪੁਲਿੰਗ : ੧. ਉਹ ਬੰਦਾ ਜੋ ਪਦੈਸ਼ੀ ਤੌਰ ਤੇ ਜਨਣ ਇੰਦਰੀ ਵਿਹੀਨ ਹੋਵੇ। ਇਹ ਲੋਕ ਵਿਆਹਾਂ ਅਤੇ ਜਨਮ ਉਤਸਵਾਂ ਤੇ ਗਾ ਨਚ ਕੇ ਨਿਰਬਾਹ ਕਰਦੇ ਹਨ, ਖੁਸਰਾ; ੨. ਜਨਖਾ; ੩. ਨਮਰਦ, ਨਿਕਾਰਾ, ਜਿਸ ਕੋਲੋਂ ਕੋਈ ਕੰਮ ਨਾ ਸਰੇ

–ਹੀਜੜਿਆਂ ਤੋਂ ਪੁੱਤਰ ਭਾਲਣਾ, ਮੁਹਾਵਰਾ : ਅਣਹੋਣੀ ਗੱਲ ਦੀ ਆਸ ਰੱਖਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-07-02-24-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.