ਹਿੱਬਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hiba_ਹਿੱਬਾ : ਅਰਥਾਤ ਗਿਫ਼ਟ-ਮੁਸਲਮਾਨੀ ਕਾਨੂੰਨ ਅਧੀਨ ਹਿੱਬਾ ਦਾ ਮਤਲਬ ਹੈ ਇਕ ਵਿਅਕਤੀ ਦੁਆਰਾ ਦੂਜੇ ਵਿਅਕਤੀ ਨੂੰ ਸੰਪਤੀ ਦਾ ਫ਼ੌਰੀ ਅਤੇ ਵਟਾਂਦਰੇ ਤੋਂ ਬਿਨਾਂ ਇੰਤਕਾਲ। ਹਿੱਬੇ ਦੇ ਕਾਨੂੰਨ-ਮੰਨਵਾ ਹੋਣ ਲਈ ਹੇਠ ਲਿਖੀਆਂ ਗੱਲਾਂ ਜ਼ਰੂਰੀ ਹਨ -
(i) ਹਿੱਬਾਕਾਰ ਦੁਆਰਾ ਹਿਬਾ ਕਰਨ ਦਾ ਐਲਾਨ;
(ii) ਹਿੱਬਾ-ਪਾਤਰ ਦੁਆਰਾ ਜਾਂ ਉਸ ਵਲੋਂ ਅਭਿਵਿਅਕਤ ਰੂਪ ਵਿਚ ਜਾਂ ਅਰਥਾਵੇਂ ਰੂਪ ਵਿਚ ਉਸ ਦੀ ਸਵੀਕ੍ਰਿਤੀ ਅਤੇ
(iii) ਹਿੱਬੇ ਦੇ ਵਿਸ਼ੇ-ਵਸਤੂ ਅਰਥਾਤ ਸੰਪਤੀ ਦੇ ਕਬਜ਼ੇ ਦੀ ਹਵਾਲਗੀ।
ਜਦੋਂ ਹਿੱਬੇ ਦੇ ਵਟਾਂਦਰੇ ਵਿਚ ਕੁਝ ਲਿਆ ਜਾਵੇ ਤਾਂ ਉਸ ਨੂੰ ਹਿੱਬਾ-ਬਿਲ ਇਵਜ਼ ਕਿਹਾ ਜਾਂਦਾ ਹੈ। ਦਰਅਸਲ ਉਸ ਰੂਪ ਵਿਚ ਇਹ ਵਿਕਰੀ ਹੁੰਦੀ ਹੈ ਜਿਸ ਨਾਲ ਵਿਕਰੀ ਦੀਆਂ ਅਨੁਸੰਗਤੀਆਂ ਜੁੜੀਆਂ ਹੁੰਦੀਆਂ ਹਨ। ਹਿੱਬਾ ਬਿਲਇਵਜ਼ ਵਿਚ ਹਿੱਬਾ-ਪਾਤਰ ਦੁਆਰਾ ਬਦਲ ਦਾ ਅਦਾ ਕੀਤਾ ਜਾਣਾ ਅਤੇ ਹਿਬਾਕਾਰ ਦੁਆਰਾ ਸੰਪਤੀ ਦਾ ਕਬਜ਼ਾ ਉਸ ਨੂੰ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ।
ਵਿਲਸਨ ਦੀ ਗਲਾਸਰੀ ਅਨੁਸਾਰ ਹਵਾਲਗੀ ਅਤੇ ਸਵੀਕ੍ਰਿਤੀ ਸਹਿਤ ਮਿਲੇ ਉਪਹਾਰ ਨੂੰ ਹਿੱਬਾ ਕਿਹਾ ਜਾਂਦਾ ਹੈ। ਮੁੱਲਾ ਦੀ ਪੁਸਤਕ ‘ਦ ਪ੍ਰਿੰਸੀਪਲਜ਼ ਔਫ਼ ਮੁਹੰਮੇਡਨ ਲਾ ’ ਵਿਚ ਹਿੱਬਾ ਦਾ ਪਰਿਭਾਸ਼ਾ ਨਿਮਨ-ਅਨੁਸਾਰ ਦਿੱਤੀ ਗਈ ਹੈ:-
‘‘ਹਿੱਬਾ ਇਕ ਵਿਅਕਤੀ ਦੁਆਰਾ ਦੂਜੇ ਨੂੰ ਸੰਪਤੀ ਦਾ ਤੁਰੰਤ ਅਤੇ ਵਟਾਂਦਰੇ ਤੋਂ ਬਿਨਾਂ ਕੀਤਾ ਇੰਤਕਾਲ ਹੈ ਜੋ ਉਸ ਵਿਅਕਤੀ ਦੁਆਰਾ ਜਿਸ ਨੂੰ ਸੰਪਤੀ ਮੁੰਤਕਿਲ ਕੀਤੀ ਗਈ ਹੋਵੇ ਜਾਂ ਉਸ ਦੇ ਨਮਿਤ ਸਵੀਕਾਰ ਕੀਤਾ ਗਿਆ ਹੋਵੇ।’’ ਪਰ ਇਸਲਾਮੀ ਹਿੱਬੇ ਲਈ ਕਿਸੇ ਲਿਖਤੀ ਦਸਤਾਵੇਜ਼ ਦੀ ਲੋੜ ਨਹੀਂ। ਇਸ ਦੇ ਤਿੰਨ ਜ਼ਰੂਰੀ ਅੰਗ ਹਨ: ਹਿੱਬਾਕਾਰ ਦੁਆਰਾ ਗਿਫ਼ਟ ਦਾ ਐਲਾਨ , ਉਸ ਗਿਫ਼ਟ ਦੀ ਹਿੱਬਾ ਲੈਣ ਵਾਲੇ ਦੁਆਰਾ ਸਪਸ਼ਟ ਜਾਂ ਅਰਥਾਵੀਂ ਸਵੀਕ੍ਰਿਤੀ ਅਤੇ ਹਿਬੇ ਵਿਚ ਦਿੱਤੀ ਸੰਪਤੀ ਦੀ ਬਿਲਾਇਵਜ਼ ਹਵਾਲਗੀ। ਜੇ ਉਪਰੋਕਤ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ ਤਾਂ ਹਿੱਬਾ ਮੁਕੰਮਲ ਸਮਝਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First