ਹਾਲਾਤੀ ਸ਼ਹਾਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Circumstantial evidence_ਹਾਲਾਤੀ ਸ਼ਹਾਦਤ: ਇਹ ਕਿਆਸੀ ਸਬੂਤ ਹੁੰਦਾ ਹੈ; ਜਦੋਂ ਕੋਈ ਤੱਥ ਸਿੱਧੀ ਸ਼ਹਾਦਤ ਦੁਆਰਾ ਸਾਬਤ ਨ ਹੋ ਸਕਦਾ ਹੋਵੇ ਲੇਕਿਨ ਉਸ ਦਾ ਅਨੁਮਾਨ ਉਨ੍ਹਾਂ ਹਾਲਾਤ ਤੋਂ ਲਾਇਆ ਜਾਣਾ ਹੋਵੇ ਜੋ ਅਜਿਹੇ ਤੱਥਾਂ ਦੇ ਨਾਲ ਜਾਂ ਤਾਂ ਲਾਜ਼ਮੀ ਤੌਰ ਤੇ ਜਾਂ ਆਮ ਤੌਰ ਤੇ ਮੌਜੂਦ ਹੁੰਦੇ ਹਨ। ਇਹ ਵੀ ਸਪਸ਼ਟ ਹੈ ਕਿ ਕਿਆਸ ਲਗਭਗ ਉਸ ਹਦ ਤਕ ਹੀ ਸਹੀ ਹੋ ਸਕਦਾ ਹੈ ਜਿਸ ਹਦ ਤਕ ਉਨ੍ਹਾਂ ਹਾਲਾਤ ਦੀ ਸੰਭਾਵਨਾ ਹੁੰਦੀ ਹੈ ਜੋ ਪੈਦਾ ਨਹੀਂ ਸਨ ਹੋ ਸਕਦੇ ਜੇਕਰ ਉਹ ਤੱਥ ਜਿਸ ਦਾ ਉਨ੍ਹਾਂ ਤੋਂ ਅਨੁਮਾਨ ਲਾਇਆ ਜਾਂਦਾ ਹੈ ਵੀ ਹੋਂਦ ਵਿਚ ਨ ਹੁੰਦਾ। ਦੂਜੀ ਗੱਲ ਇਹ ਹੈ ਕਿ ਕਿਆਸ ਤੇ ਉਦੋਂ ਤਕ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਦ ਤਕ ਉਸ ਦੇ ਉਲਟ ਸਾਬਤ ਨਹੀਂ ਹੋ ਜਾਂਦਾ। ਕਈ ਸੂਰਤਾਂ ਵਿਚ ਹਾਲਾਤੀ ਸ਼ਹਾਦਤ ਸਿੱਧੀ ਅਤੇ ਸਕਾਰਾਤਮਕ ਸ਼ਹਾਦਤ ਨਾਲੋਂ ਕੈਦੀ ਦੇ ਕਸੂਰਵਾਰ ਹੋਣ ਤਾ ਬਿਲਾਸ਼ਕ ਵਿਸ਼ਵਾਸ ਪੈਦਾ ਕਰ ਸਕਦੀ ਹੈ। ਐਪਰ, ਇਕ ਅਸੂਲ ਦੇ ਤੌਰ ਤੇ ਇਹ ਠੀਕ ਹੈ ਕਿ ਕਿਸੇ ਤੱਥ ਦੀ ਅਖੀਂ ਡਿਠੀਂ ਸਕਾਰਾਤਮਕ ਸ਼ਹਾਦਤ ਜੋ ਕਿਸੇ ਇਤਬਾਰ ਦੇ ਕਾਬਲ ਗਵਾਹ ਦੁਆਰਾ ਪੇਸ਼ ਕੀਤੀ ਜਾਵੇ ਸਭ ਤੋਂ ਸੰਤੋਸ਼ਜਨਕ ਸ਼ਹਾਦਤ ਹੋ ਸਕਦੀ ਹੈ। ਵਿਸ਼ਵ ਭਰ ਵਿਚ ਮਨੁਖਤਾ ਇਸ ਕਿਸਮ ਦੀ ਸ਼ਹਾਦਤ ਨੂੰ ਹਾਲਾਤੀ ਸ਼ਹਾਦਤ ਨਾਲੋਂ ਤਰਜੀਹ ਦਿੰਦੀ ਹੈ। ਜੇ ਕਿਸੇ ਤੱਥ ਦੀ ਸਕਾਰਾਤਮਕ ਸ਼ਹਾਦਤ ਪੇਸ਼ ਕੀਤੀ ਜਾ ਸਕਦੀ ਹੋਵੇ ਤਾਂ ਹਾਲਾਤੀ ਸ਼ਹਾਦਤ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂ ਕਿ ਜਦ ਤੱਥ ਸਾਬਤ ਨਹੀਂ ਕੀਤਾ ਜਾ ਸਕਦਾ ਤਾਂ ਉਦੋਂ ਹੀ ਉਨ੍ਹਾਂ ਹਾਲਾਤ ਵਲ ਰਜੂਹ ਕੀਤਾ ਜਾਂਦਾ ਹੈ ਜੋ ਉਸ ਤੱਥ ਦੇ ਨਾਲ ਜ਼ਰੂਰੀ ਤੌਰ ਤੇ ਜਾਂ ਆਮ ਤੌਰ ਤੇ ਵਾਪਰਦੇ ਹਨ। ਇਹ ਨਹੀਂ ਭੁਲਣਾ ਚਾਹੀਦਾ ਕਿ ਉਹ ਕਿਆਸ ਹੁੰਦੇ ਹਨ ਸਬੂਤ ਨਹੀਂ ਹੁੰਦੇ, ਭਾਵੇਂ ਉਹ ਸਬੂਤ ਦੀ ਉਦੋਂ ਤਕ ਥਾਂ ਲੈਂਦੇ ਹਨ ਜਦ ਤਕ ਉਸ ਦੇ ਉਲਟ ਸਾਬਤ ਨਹੀਂ ਕੀਤਾ ਜਾਂਦਾ।
ਬੈਸਟ ਦਾ ਕਹਿਣਾ ਹੈ ਕਿ ਸ਼ਹਾਦਤ ਜਾਂ ਤਾਂ ਸਿੱਧੀ ਹੋ ਸਕਦੀ ਹੈ ਜਾਂ ਹਾਲਾਤੀ। ਗਵਾਹਾਂ ਦੀ, ਚੀਜ਼ਾਂ ਜਾਂ ਦਸਤਾਵੇਜ਼ਾਂ ਦੀ ਸ਼ਹਾਦਤ ਸਿੱਧੀ ਸ਼ਹਾਦਤ ਹੁੰਦੀ ਹੈ ਜੋ ਮੁੱਖ ਤੱਥਾਂ ਦੀ ਹੋਂਦ ਜਾਂ ਅਣਹੋਂਦ ਸਾਬਤ ਕਰਦੀ ਹੈ। ਦੂਜੇ ਪਾਸੇ ਹਾਲਾਤੀ ਸ਼ਹਾਦਤ ਜੋ ਜ਼ਬਾਨੀ, ਦਸਤਾਵੇਜ਼ੀ ਜਾਂ ਭੌਤਿਕ ਸ਼ਹਾਦਤ ਤੋਂ ਅਦਾਲਤ ਨੂੰ ਮੁੱਖ ਤੱਥਾਂ ਦੀ ਹੋਂਦ ਜਾਂ ਅਣਹੋਂਦ ਦਾ ਅਨੁਮਾਨ ਲਾਉਣ ਵਿਚ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਤਨਕੀਹ-ਅਧੀਨ ਤੱਥਾਂ ਦਾ ਅਨੁਮਾਨ ਹਾਲਾਤੀ ਸ਼ਹਾਦਤ ਤੋਂ ਲਾਇਆ ਜਾ ਸਕਦਾ ਹੈ।
ਸ਼ਹਾਦਤ ਨੂੰ ਸਿੱਧੀ ਅਤੇ ਹਾਲਾਤੀ ਸ਼ਹਾਦਤ ਦੇ ਵਰਗਾਂ ਵਿਚ ਵੰਡਣ ਦੇ ਫਲਸਰੂਪ ਹਾਲਾਤੀ ਸ਼ਹਾਦਤ ਨੂੰ ਕਈ ਵਾਰੀ ਸੁਣੀ-ਸੁਣਾਈ ਜਾਂ ਦੁਜੈਲੀ ਸ਼ਹਾਦਤ ਹੀ ਸਮਝ ਲਿਆ ਜਾਂਦਾ ਹੈ, ਜੋ ਸਹੀ ਨਹੀਂ ਹੈ। ਹਾਲਾਤੀ ਸ਼ਹਾਦਤ ਹਮੇਸ਼ਾਂ ਸਿੱਧੀ ਅਤੇ ਮੁੱਢਲੀ ਹੁੰਦੀ ਹੈ। ਗੁਲਾਬਚੰਦ ਬਨਾਮ ਕੁਡੀ ਲਾਲ (ਏ ਆਈ ਆਰ 1959 ਮ.ਪ. 151) ਵਿਚ ਮੱਧ ਪ੍ਰਦੇਸ਼ ਉੱਚ ਅਦਾਲਤ ਅਨੁਸਾਰ ਹਾਲਾਤੀ ਸ਼ਹਾਦਤ ਸਿੱਧੀ ਸ਼ਹਾਦਤ ਹੀ ਹੁੰਦੀ ਹੈ ਪਰ ਉਸ ਦੀ ਵਰਤੋਂ ਅਸਿੱਧੇ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਜਦੋਂ ਸਿੱਧੀ ਸ਼ਹਾਦਤ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਸ ਵਿਚ ਵੀ ਅਨੁਮਾਨਕ ਗੁਣ ਮੌਜੂਦ ਹੁੰਦੇ ਹਨ।
ਲੇਕਿਨ ਇਸ ਗੱਲ ਤੋਂ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿ ਅਨੁਮਾਨ ਜਾਂ ਸ਼ੱਕ ਕਾਨੂੰਨੀ ਸਬੂਤ ਦੀ ਥਾਂ ਨ ਲੈ ਲਵੇ। ਹਾਲਾਤੀ ਸ਼ਹਾਦਤ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਗਵਾਹ ਭਾਵੇਂ ਝੂਠ ਬੋਲ ਜਾਵੇ ਹਾਲਾਤ ਝੂਠ ਨਹੀਂ ਬੋਲਦੇ। ਲੇਕਿਨ ਇਸ ਦੇ ਨਾਲ ਇਸ ਗੱਲ ਦੀ ਚੰਗੀ ਤਰ੍ਹਾਂ ਛਾਣਬੀਣ ਕਰਨਾ ਜ਼ਰੂਰੀ ਹੈ ਕਿ ਇਲਜ਼ਾਮ ਲਾਉਣ ਵਾਲੇ ਹਾਲਾਤ ਅਜਿਹੇ ਹੋਣ ਕਿ ਉਨ੍ਹਾਂ ਤੋਂ ਇਕੋ ਇਕ ਨਤੀਜਾ ਇਹ ਨਿਕਲਦਾ ਹੋਵੇ ਕਿ ਮੁਲਜ਼ਮ ਕਸੂਰਵਾਰ ਹੈ ਅਤੇ ਉਸ ਦੇ ਨਿਰਦੋਸ਼ ਹੋਣ ਦੀ ਹਰ ਸੰਭਾਵਨਾ ਖ਼ਾਰਜ ਹੁੰਦੀ ਹੋਵੇ। ਉੱਤਰ ਪ੍ਰਦੇਸ਼ ਰਾਜ ਬਨਾਮ ਹਰੀ ਮੋਹਨ (ਏ ਆਈ ਆਰ 2001 ਐਸ ਸੀ 142) ਵਿਚ ਸਰਵ ਉੱਚ ਅਦਾਲਤ ਦਾ ਕਹਿਣਾ ਹੈ ਕਿ ਜਦੋਂ ਮੁਲਜ਼ਮ ਦੇ ਖ਼ਿਲਾਫ਼ ਸ਼ਹਾਦਤ ਹਾਲਾਤ ਤੋਂ ਮਿਲ ਕੇ ਬਣਦੀ ਹੋਵੇ, ਖ਼ਾਸ ਕਰ ਉਦੋਂ ਜਦੋਂ ਉਸ ਉੱਤੇ ਕਤਲ ਵਰਗੇ ਗੰਭੀਰ ਜੁਰਮ ਦਾ ਅਰੋਪ ਹੋਵੇ, ਤਾਂ ਸ਼ਹਾਦਤ ਗੁਣਾਤਮਕ ਤੌਰ ਤੇ ਅਜਿਹੀ ਹੋਣੀ ਚਾਹੀਦੀ ਹੈ ਕਿ ਹਰ ਬਾਦਲੀਲ ਕਲਪਨਾ ਦੇ ਆਧਾਰ ਤੇ ਸਿੱਟਾ ਇਹੋ ਨਿਕਲਦਾ ਹੋਵੇ ਕਿ ਮੁਲਜ਼ਮ ਹੀ ਕਸੂਰਵਾਰ ਹੈ।
ਹਾਲਾਤੀ ਸ਼ਹਾਦਤ ਦੇ ਮੁਲਾਂਕਣ ਬਾਰੇ
ਹਾਲਾਤੀ ਸ਼ਹਾਦਤ ਅਜਿਹੇ ਹਾਲਾਤ ਦੀ ਸ਼ਹਾਦਤ ਤੋਂ ਮਿਲ ਕੇ ਬਣਦੀ ਹੈ ਜਿਨ੍ਹਾਂ ਵਿਚੋਂ ਕੋਈ ਵੀ ਤਨਕੀਹ-ਅਧੀਨ ਤੱਥਾਂ ਦੀ ਗੱਲ ਨਹੀਂ ਕਰਦਾ , ਲੇਕਿਨ ਜਿਨ੍ਹਾਂ ਤੋਂ ਉਨ੍ਹਾਂ ਤੱਥਾਂ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਦੁਖਿਤ ਧਿਰ ਨਾਲ ਦੁਸ਼ਮਣੀ , ਜਿੱਥੇ ਹਮਲਾ ਕੀਤਾ ਗਿਆ ਉਸ ਥਾਂ ਮੌਜੂਦਗੀ, ਕੱਪੜਿਆਂ ਉੱਤੇ ਪਾਏ ਗਏ ਵਿਅਕਤੀ ਦੇ ਲਹੂ ਦੇ ਨਿਸ਼ਾਨ-ਇਹ ਸਾਰੇ ਤੱਥ ਅਜਿਹੇ ਹਨ ਜੋ ਅਨੁਮਾਨਿਕ ਕੇਸ ਲਈ ਤਕੜਾ ਆਧਾਰ ਮੁਹੱਈਆ ਕਰਦੇ ਹਨ। ਸਿੱਧੀ ਸ਼ਹਾਦਤ ਹੋਣ ਦੇ ਬਾਵਜੂਦ ਅਸਿੱਧੇ ਢੰਗ ਨਾਲ ਵਰਤੀ ਜਾਂਦੀ ਹੈ ਅਤੇ ਉਸ ਮੰਤਕ-ਪੂਰਨ ਅਨੁਮਾਨ ਵੱਲ ਲਿਜਾਂਦੀ ਹੈ ਜੋ ਇਹ ਦੱਸਦਾ ਹੈ ਕਿ ਉਹ ਤੱਥ ਹੋਂਦ ਵਿਚ ਹੈ। ਹਾਲਾਤੀ ਸ਼ਹਾਦਤ ਨਿਰਣੇਈ ਵੀ ਹੋ ਸਕਦੀ ਹੈ ਅਤੇ ਕਈ ਵਾਰੀ ਅਧਿ-ਸੰਭਾਵੀ ਹੁੰਦੀ ਹੈ। ਜਦੋਂ ਮੁੱਖ ਤੱਥ ਅਤੇ ਸ਼ਹਾਦਤੀ ਤੱਥ ਵਿਚਕਾਰ ਜੋੜ ਬੈਠ ਜਾਵੇ ਤਾਂ ਉਹ ਹਾਲਾਤੀ ਸ਼ਹਾਦਤ ਨਿਰਣੇਈ ਹੁੰਦੀ ਹੈ। ਲੇਕਿਨ ਜਦੋਂ ਉਹ ਸੰਬੰਧ ਅਧਿ-ਸੰਭਾਵਨਾ ਦੇ ਵੱਧ ਜਾਂ ਘੱਟ ਦਰਜੇ ਤੱਕ ਲਿਜਾਂਦਾ ਹੋਵੇ ਤਾਂ ਉਹ ਹਾਲਾਤੀ ਸ਼ਹਾਦਤ ਅਧਿ-ਸੰਭਾਵੀ ਹੋ ਕੇ ਰਹਿ ਜਾਂਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First