ਹਾਰਡਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hardware
ਸਾਡਾ ਕੰਪਿਊਟਰ ਬਹੁਤ ਸਾਰੇ ਭੌਤਿਕ ਭਾਗਾਂ (Physical Parts) ਤੋਂ ਮਿਲ ਕੇ ਬਣਿਆ ਹੁੰਦਾ ਹੈ। ਜਿਸ ਨੂੰ ਕੰਪਿਊਟਰ ਹਾਰਡਵੇਅਰ ਕਿਹਾ ਜਾਂਦਾ ਹੈ। ਕੰਪਿਊਟਰ ਦੇ ਸਾਰੇ (ਹਾਰਡਵੇਅਰ) ਭਾਗ ਮਿਲ ਕੇ ਕੰਪਿਊਟਰ ਪ੍ਰਣਾਲੀ ਦੀ ਰਚਨਾ ਕਰਦੇ ਹਨ। ਹਾਰਡਵੇਅਰ ਉੱਤੇ ਓਪਰੇਟਿੰਗ ਸਿਸਟਮ ਜਾਂ ਹੋਰ ਸਾਫਟਵੇਅਰ ਇੰਸਟਾਲ ਕੀਤੇ ਜਾਂਦੇ ਹਨ। ਹਾਰਡਵੇਅਰ ਭਾਗਾਂ ਦਾ ਭਾਰ ਹੁੰਦਾ ਹੈ, ਇਹ ਥਾਂ ਘੇਰਦੇ ਹਨ ਤੇ ਇਹਨਾਂ ਨੂੰ ਪਕੜਿਆ ਜਾ ਸਕਦਾ ਹੈ।
(i) ਮੌਨੀਟਰ (Monitor)
ਇਹ ਟੀਵੀ ਸਕਰੀਨ ਵਰਗਾ ਹੁੰਦਾ ਹੈ। ਇਸ ਨੂੰ ਵੀਜ਼ੂਅਲ ਡਿਸਪਲੇਅ ਯੂਨਿਟ (ਵੀਡੀਯੂ) ਜਾਂ ਇਕੱਲਾ ਡਿਸਪਲੇਅ ਯੂਨਿਟ ਵੀ ਕਿਹਾ ਜਾਂਦਾ ਹੈ। ਕੰਪਿਊਟਰ ਵਿੱਚ ਇਸ ਦੀ ਵਰਤੋਂ ਨਤੀਜੇ ਦਿਖਾਉਣ ਲਈ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਨਤੀਜਾ ਇਕਾਈ ਜਾਂ ਆਊਟਪੁਟ ਯੂਨਿਟ ਕਿਹਾ ਜਾਂਦਾ ਹੈ। ਇਹ ਕੰਪਿਊਟਰ ਦਾ ਬਹੁਤ ਹੀ ਜ਼ਰੂਰੀ ਭਾਗ ਹੈ ਤੇ ਇਸ ਨੂੰ ਸਾਫਟ ਕਾਪੀ ਆਉਟਪੁਟ ਯੂਨਿਟ ਵੀ ਕਿਹਾ ਜਾਂਦਾ ਹੈ।
(ii) ਕੀਬੋਰਡ (Keyboard)
ਕੀਬੋਰਡ ਕੰਪਿਊਟਰ ਦੀ ਇਨਪੁਟ ਇਕਾਈ ਹੈ। ਇਹ ਇਕ ਟਾਈਪਰਾਈਟਰ ਦੀ ਤਰ੍ਹਾਂ ਹੁੰਦਾ ਹੈ। ਇਸ ਦੀ ਵਰਤੋਂ ਕੰਪਿਊਟਰ ਵਿੱਚ ਅੰਕੜੇ ਆਦਿ ਭੇਜਣ ਲਈ ਕੀਤੀ ਜਾਂਦੀ ਹੈ। ਇਸ ਉੱਤੇ ਟਾਈਪਰਾਈਟਰ ਵਰਗੀਆਂ ਕੁਝ ਕੁੰਜੀਆਂ ਜਾਂ ਕੀਆਂ ਲੱਗੀਆਂ ਹੁੰਦੀਆਂ ਹਨ। ਕੁਝ ਵਾਧੂ ਕੀਆਂ ਜਿਵੇਂ- Alt, Esc ਆਦਿ ਵੀ ਉਪਲਬਧ ਹੁੰਦੀਆਂ ਹਨ। ਇਹ ਕੀਆਂ ਟਾਈਪਰਾਈਟਰ ਨਾਲੋਂ ਕੁਝ ਵਾਧੂ ਕੰਮ ਲੈਣ ਵਿੱਚ ਮਦਦ ਕਰਦੀਆਂ ਹਨ।
(iii) ਮਾਊਸ (Mouse)
ਇਹ ਇਕ ਨਿੱਕਾ ਜਿਹਾ ਭਾਗ ਹੈ ਜੋ ਇਨਪੁਟ ਇਕਾਈ ਵਜੋਂ ਵਰਤਿਆ ਜਾਂਦਾ ਹੈ। ਇਹ ਸੀਪੀਯੂ ਨਾਲ ਤਾਰ ਦੇ ਜ਼ਰੀਏ ਜੁੜਿਆ ਹੁੰਦਾ ਹੈ। ਜਦੋਂ ਮਾਊਸ ਨੂੰ ਪੱਧਰੇ ਤਲ ਤੇ ਸਰਕਾਇਆ ਜਾਂਦਾ ਹੈ ਤਾਂ ਸਕਰੀਨ 'ਤੇ ਨਜ਼ਰ ਆਉਣ ਵਾਲਾ ਨਿਸ਼ਾਨ (ਪੌਆਇੰਟਰ) ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਇਸ ਦੀ ਵਰਤੋਂ ਸੰਕੇਤ ਦੇਣ ਅਤੇ ਮੌਨੀਟਰ ਉੱਤੇ ਉਪਲਬਧ ਵਿਕਲਪਾਂ (Options) ਨੂੰ ਚੁਣਨ ਲਈ ਕੀਤੀ ਜਾਂਦੀ ਹੈ। ਮਾਊਸ ਉੱਤੇ ਦੋ ਜਾਂ ਤਿੰਨ ਬਟਨ ਲੱਗੇ ਹੁੰਦੇ ਹਨ।
(iv) ਸੀਪੀਯੂ (CPU)
ਸੀਪੀਯੂ ਦਾ ਪੂਰਾ ਨਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ। ਇਸ ਨੂੰ ਕੇਂਦਰੀ ਪ੍ਰਕਿਰਿਆ ਇਕਾਈ ਜਾਂ ਸਿਸਟਮ ਯੂਨਿਟ ਵੀ ਕਿਹਾ ਜਾਂਦਾ ਹੈ। ਇਹ ਇਕ (ਘਣਾਵ ਅਕਾਰੀ) ਡੱਬੇ ਦੀ ਸ਼ਕਲ ਵਰਗਾ ਹੁੰਦਾ ਹੈ। ਇਸ ਵਿੱਚ ਕੰਪਿਊਟਰ ਨੂੰ ਚਲਾਉਣ ਲਈ ਲੋੜੀਂਦੇ ਸਾਰੇ ਹਿੱਸੇ ਲੱਗੇ ਹੁੰਦੇ ਹਨ। ਸੀਪੀਯੂ ਦੇ ਮੁੱਖ ਭਾਗ ਹਨ- ਗਣਿਤਕ ਅਤੇ ਲੌਜਿਕ ਇਕਾਈ (ਏਐਲਯੂ), ਨਿਯੰਤਰਨ ਇਕਾਈ (ਸੀਯੂ) ਅਤੇ ਯਾਦਦਾਸ਼ਤ ਜਾਂ ਮੈਮਰੀ (ਐਮਯੂ)।
(v) ਪ੍ਰਿੰਟਰ (Printer)
ਕੰਪਿਊਟਰ ਦੇ ਨਤੀਜੇ ਨੂੰ ਛਾਪਣ ਲਈ ਪ੍ਰਿੰਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਪਿਊਟਰ ਦਾ ਆਉਟਪੁਟ ਯੂਨਿਟ ਹੈ। ਇਹ ਕੰਪਿਊਟਰ ਦਾ ਇਕ ਜ਼ਰੂਰੀ ਹਿੱਸਾ ਹੈ। ਇਸ ਨੂੰ ਹਾਰਡ ਕਾਪੀ ਆਉਟਪੁਟ ਯੂਨਿਟ ਵੀ ਕਿਹਾ ਜਾਂਦਾ ਹੈ।
(vi) ਮਦਰਬੋਰਡ (Motherboard)
ਕੰਪਿਊਟਰ ਦੇ ਬਕਸੇ (Case) ਵਿੱਚ ਮਦਰਬੋਰਡ ਇਕ ਮੁੱਖ ਭਾਗ ਵਜੋਂ ਨਜ਼ਰ ਆਉਂਦਾ ਹੈ। ਇਹ ਇਕ ਵੱਡਾ ਆਇਤਾਕਾਰ ਬੋਰਡ ਹੁੰਦਾ ਹੈ। ਇਸ ਉੱਤੇ ਬਹੁਤ ਸਾਰੇ ਇੰਟੇਗ੍ਰੇਟਿਡ ਸਰਕਿਟ (IC) ਲੱਗੇ ਹੁੰਦੇ ਹਨ। ਕੰਪਿਊਟਰ ਦੇ ਬਾਕੀ ਭਾਗ ਜਿਵੇਂ ਕਿ ਪ੍ਰੋਸੈਸਰ , ਰੈਮ , ਹਾਰਡ ਡਿਸਕ , ਸੀਡੀ ਡਰਾਈਵ ਆਦਿ ਮਦਰਬੋਰਡ ਨਾਲ ਵੱਖ-ਵੱਖ ਤਾਰਾਂ , ਪੋਰਟਸ ਜਾਂ ਅਕਸਟੈਂਸ਼ਨ ਸਲੌਟਸ ਰਾਹੀਂ ਜੁੜੇ ਹੁੰਦੇ ਹਨ।
(vii) ਪਾਵਰ ਸਪਲਾਈ (Power Supply)
ਇਸ ਨੂੰ ਪਾਵਰ ਸਪਲਾਈ ਯੂਨਿਟ (Power Supply Unit) ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਨੂੰ ਲੌੜੀਂਦੀ ਵੋਲਟੇਜ ਸਪਲਾਈ ਪ੍ਰਦਾਨ ਕਰਵਾਉਂਦਾ ਹੈ। ਇਹ ਉੱਚ ਵੋਲਟੇਜ ਏਸੀ ਨੂੰ ਘੱਟ ਵੋਲਟੇਜ ਡੀਸੀ ਵਿੱਚ ਬਦਲ ਕੇ ਕੰਪਿਊਟਰ ਨੂੰ ਦਿੰਦਾ ਹੈ। ਕੰਪਿਊਟਰ ਵਿੱਚ ਆਮ ਤੌਰ 'ਤੇ ਸਵਿੱਚ ਮੋਡ ਪਾਵਰ ਸਪਲਾਈ (SMPS) ਵਰਤੀ ਜਾਂਦੀ ਹੈ। ਇਹ ਸਪਲਾਈ ਬਿਜਲੀ ਧਾਰਾ ਦੇ ਵੱਧ-ਘੱਟ ਹੋਣ ਨੂੰ ਕੰਟਰੋਲ ਕਰ ਲੈਂਦੀ ਹੈ।
ਉਪਰੋਕਤ ਤੋਂ ਇਲਾਵਾ ਕੰਪਿਊਟਰ ਦੇ ਹੋਰਨਾਂ ਹਾਰਡਵੇਅਰ ਭਾਗਾਂ ਦੇ ਨਾਮ ਇਸ ਪ੍ਰਕਾਰ ਹਨ:
· ਸੀਡੀ
· ਸੀਡੀ ਰੋਮ ਡਰਾਈਵ
· ਸੀਡੀ ਰਾਈਟਰ
· ਡੀਵੀਡੀ
· ਡੀਵੀਡੀ ਰੋਮ ਡਰਾਈਵ
· ਡੀਵੀਡੀ ਰਾਈਟਰ
· ਹਾਰਡ ਡਿਸਕ
· ਹਾਰਡ ਡਿਸਕ ਡਰਾਈਵ
· ਫਲੌਪੀ ਡਿਸਕ
· ਫਲੌਪੀ ਡਿਸਕ ਡਰਾਈਵ
· ਯੂਐਸਬੀ ਫਲੈਸ਼ ਡਰਾਈਵ
· ਟੇਪ ਡਰਾਈਵ
· ਸਾਊਂਡ ਕਾਰਡ
· ਸਪੀਕਰ ਤੇ ਮਾਈਕਰੋਫੋਨ ਆਦਿ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਹਾਰਡਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hardware
ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ। ਇਸ ਵਿੱਚ ਸਾਰੇ ਚੁੰਬਕੀ, ਬਿਜਲਈ, ਇਲੈਕਟ੍ਰੋਨਿਕ ਅਤੇ ਯੰਤਰਿਕ ਭਾਗ ਸ਼ਾਮਿਲ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First