ਹਾਊਸ ਔਫ਼ ਕਾਮਨਜ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
House of Commons_ਹਾਊਸ ਔਫ਼ ਕਾਮਨਜ਼: ਬਰਤਾਨਵੀਂ ਹਾਊਸ ਔਫ਼ ਕਾਮਨਜ਼ ਸੰਸਾਰ ਦੀ ਸਭ ਤੋਂ ਪੁਰਾਣੀ ਲੋਕ ਵਿਧਾਨਕ ਬਾਡੀ ਹੈ। ਨਿਮਰਤਾ ਸਹਿਤ ਦਰਖਾਸਤ ਕਰਨ ਵਾਲੇ ਵਿਅਕਤੀਆਂ ਦੀ ਬਾਡੀ ਤੋਂ ਸ਼ੁਰੂ ਹੋ ਕੇ ਦੇਸ਼ ਦਾ ਪ੍ਰਭਤਾਧਰੀ ਵਿਧਾਨ ਮੰਡਲ ਬਣਨ ਤਕ ਇਸ ਦੀ ਰੋਮਾਂਚਕਾਰੀ ਕਹਾਣੀ ਹਰ ਕੋਈ ਜਾਣਦਾ ਹੈ।
ਇਸ ਦੇ 630 ਮੈਂਬਰ ਹਨ ਜੋ ਇਕ-ਮੈਂਬਰੀ ਹਲਕਿਆਂ ਤੋਂ ਸਿੱਧੀ ਚੋਣ ਦੁਆਰਾ ਚੁਣੇ ਜਾਂਦੇ ਹਨ। ਦੇਸ਼ ਦੇ ਸਾਰੇ ਨਾਗਰਿਕ ਜੋ ਅਠਾਰਾਂ ਸਾਲ ਦੀ ਉਮਰ ਦੇ ਹੋਣ ਅਤੇ ਕਿਸੇ ਨਿਰਯੋਗਤਾ ਦੇ ਤਾਬੇ ਨ ਹੋਣ, ਮੈਂਬਰਾਂ ਦੀ ਚੋਣ ਵਿਚ ਹਿੱਸਾ ਲੈ ਸਕਦੇ ਹਨ।
ਸਦਨ ਦੀ ਮੁਣਿਆਦ ਪੰਜ ਸਾਲ ਨਿਸਚਿਤ ਕੀਤੀ ਗਈ ਹੈ ਪਰ ਪ੍ਰਧਾਨ ਮੰਤਰੀ ਦੀ ਸਲਾਹ ਤੇ ਸਦਨ ਪਹਿਲਾਂ ਵੀ ਤੋੜਿਆ ਜਾ ਸਕਦਾ ਹੈ। ਗੰਭੀਰ ਕੌਮੀ ਸੰਕਟ ਦੀ ਸੂਰਤ ਵਿਚ ਸਦਨ ਆਪਣੀ ਮੁਣਿਆਦ ਵਿਚ ਵਾਧਾ ਵੀ ਕਰ ਸਕਦਾ ਹੈ।
ਹਾਊਸ ਔਫ਼ ਕਾਮਨਜ਼ ਲੋਕ ਰਾਏ ਦੀ ਪ੍ਰਤੀਨਿਧਤਾ ਕਰਨ ਤੋਂ ਇਲਾਵਾ, ਦੇਸ਼ ਦੇ ਵਿੱਤ ਉਤੇ ਕੰਟਰੋਲ ਕਰਦਾ ਹੈ, ਨੀਤੀ ਬਣਾਉਣ ਅਤੇ ਉਸ ਨੂੰ ਅਮਲੀ ਰੂਪ ਦੇਣ ਤੇ ਨਿਗਾਹ ਰੱਖਦਾ ਹੈ ਅਤੇ ਵਿਧਾਨ-ਸਾਜ਼ੀ ਦਾ ਸਾਰਾ ਕੰਮ ਕਰਦਾ ਹੈ। ਮੰਤਰੀ ਪਰਿਸ਼ਦ ਉਦੋਂ ਤਕ ਹੀ ਕਾਇਮ ਰਹਿ ਸਕਦਾ ਹੈ ਜਦ ਤਕ ਉਸ ਨੂੰ ਹਾਊਸ ਔਫ਼ ਕਾਮਨਜ਼ ਦਾ ਵਿਸ਼ਵਾਸ ਪ੍ਰਾਪਤ ਹੋਵੇ। ਸੰਸਾਰ ਭਰ ਵਿਚ ਬਰਤਾਨਵੀ ਪਾਰਲੀਮੈਂਟ ਨੂੰ ਪਾਰਲੀਮੈਂਟਾਂ ਦੀ ਮਾਂ ਕਿਹਾ ਜਾਂਦਾ ਹੈ ਅਤੇ ਇਸ ਵਿਚ ਸ਼ਕ ਨਹੀਂ ਕਿ ਜਦੋਂ ਬਰਤਾਨਵੀ ਪਾਰਲੀਮੈਂਟ ਦਾ ਹਵਾਲਾ ਦਿੱਤਾ ਜਾਂਦਾ ਹੈ ਤਾਂ ਉਹ ਹਵਾਲਾ ਹਾਊਸ ਔਫ਼ ਕਾਮਨਜ਼ ਪ੍ਰਤੀ ਹੀ ਹੁੰਦਾ ਹੈ ਕਿਉਂਕਿ ਹਾਊਸ ਔਫ ਲਾਰਡਜ਼ ਦੀਆਂ ਸ਼ਕਤੀਆਂ ਬਹੁਤ ਸੀਮਤ ਹਨ।
ਭਾਵੇਂ ਦਿਨੋਂ ਦਿਨ ਮੰਤਰੀ-ਮੰਡਲ ਦੇ ਸ਼ਕਤੀਸ਼ਾਲੀ ਹੁੰਦੇ ਜਾਣ ਕਾਰਨ ਹਾਊਸ ਔਫ਼ ਕਾਮਨਜ਼ ਦੀ ਭੂਮਕਾ ਘਟਦੀ ਜਾਂਦੀ ਹੈ ਪਰ ਉਤਰਦਾਈ ਸਰਕਾਰ ਵਿਚ ਹਾਊਸ ਔਫ਼ ਕਾਮਨਜ਼ ਅਤੇ ਉਸ ਦੇ ਮਾਡਲ ਤੇ ਕਾਇਮ ਕੀਤੇ ਗਏ ਵਿਧਾਨ ਮੰਡਲਾਂ ਦੀ ਭੂਮਕਾ ਹਾਲੀ ਵੀ ਬਹੁਤ ਅਹਿਮ ਹੈ। ਵਿਧਾਨਸਾਜ਼ੀ ਤੋਂ ਇਲਾਵਾ ਕਾਰਜ-ਪਾਲਕਾ ਤੇ ਕੰਟਰੋਲ ਹਾਊਸ ਔਫ਼ ਕਾਮਨਜ਼ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਂਦਾ ਹੈ।
ਬਰਤਾਨਵੀ ਮਾਡਲ ਤੇ ਬਣਾਏ ਗਏ ਹੋਰ ਦੇਸ਼ਾਂ ਦੇ ਸੰਵਿਧਾਨ ਵਿਚ ਭਾਵੇਂ ਨਿਆਂਪਾਲਕਾ ਨੂੰ ਵਿਧਾਨਕ ਨਜ਼ਰਸਾਨੀ ਦੀਆਂ ਸ਼ਕਤੀਆਂ ਪ੍ਰਾਪਤ ਕਰਵਾਈਆਂ ਗਈਆਂ ਹਨ ਪਰ ਬਰਤਾਨੀਆ ਵਿਚ ਪਾਰਲੀਮੈਂਟ ਦੁਆਰਾ ਬਣਾਏ ਗਏ ਕਾਨੂੰਨਾਂ ਉਤੇ ਨਜ਼ਰਸਾਨੀ ਦਾ ਅਧਿਕਾਰ ਅਦਾਲਤਾਂ ਨੂੰ ਪ੍ਰਾਪਤ ਨਹੀਂ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਬਰਤਾਨਵੀ ਪਾਰਲੀਮੈਂਟ ਮਰਦ ਨੂੰ ਔਰਤ ਅਤੇ ਔਰਤ ਨੂੰ ਮਰਦ ਬਣਾਉਣ ਤੋਂ ਬਿਨਾਂ ਹੋਰ ਸਭ ਸ਼ਕਤੀਆਂ ਰਖਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First