ਹਰਿਭਜਨ ਸਿੰਘ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹਰਿਭਜਨ ਸਿੰਘ (1920–2002) : ਆਧੁਨਿਕ ਪੰਜਾਬੀ ਸਾਹਿਤ ਵਿੱਚ ਹਰਿਭਜਨ ਸਿੰਘ ਇੱਕ ਕਵੀ ਅਤੇ ਆਲੋਚਕ ਵਜੋਂ ਸਥਾਪਿਤ ਨਾਂ ਹੈ। ਇਸ ਤੋਂ ਇਲਾਵਾ ਇੱਕ ਚੰਗੇ ਸੰਪਾਦਕ ਅਤੇ ਅਨੁਵਾਦਕ ਵਜੋਂ ਵੀ। ਹਰਿਭਜਨ ਸਿੰਘ ਦਾ ਜਨਮ 1920 ਨੂੰ ਲੰਮਡਿੰਗ, ਅਸਾਮ ਵਿੱਚ ਪਿਤਾ ਸ. ਗੰਢਾ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ ਹੋਇਆ। ਪਿਤਾ ਦੇ ਚਲਾਣੇ ਤੋਂ ਬਾਅਦ ਉਹ ਪੰਜਾਬ ਆ ਗਿਆ ਅਤੇ ਉੱਥੇ ਮੁੜ ਜਾਣ ਦਾ ਮੌਕਾ ਨਹੀਂ ਬਣਿਆ। ਹਰਿਭਜਨ ਸਿੰਘ ਦੀ ਵਿੱਦਿਅਕ ਯੋਗਤਾ ਐਮ.ਏ., ਪੀ-ਐਚ.ਡੀ. ਸੀ। 1942–43 ਵਿੱਚ ਉਸ ਨੇ ਕਲਰਕੀ ਕੀਤੀ, 1943–51 ਵਿੱਚ ਸਕੂਲ ਅਧਿਆਪਕ ਰਿਹਾ, 1951–67 ਵਿੱਚ ਕਾਲਜ ਲੈਕਚਰਾਰ ਲੱਗਾ ਅਤੇ 1968–84 ਵਿੱਚ ਪ੍ਰੋਫ਼ੈਸਰ ਆਫ਼ ਪੰਜਾਬੀ, ਦਿੱਲੀ ਯੂਨੀਵਰਸਿਟੀ ਵਜੋਂ ਰਿਟਾਇਰ ਹੋਇਆ। ਹਰਿਭਜਨ ਸਿੰਘ ਨੇ ਅੰਤਲਾ ਸਮਾਂ ਦਿੱਲੀ ਵਿੱਚ ਹੀ ਗੁਜ਼ਾਰਿਆ ਅਤੇ 21 ਅਕਤੂਬਰ 2002 ਨੂੰ ਉਸ ਦਾ ਦਿਹਾਂਤ ਹੋ ਗਿਆ।
ਹਰਿਭਜਨ ਸਿੰਘ ਅਜਿਹਾ ਲੇਖਕ ਸੀ ਜਿਸਨੇ ਸਿਰਜਣਾ ਅਤੇ ਸਮੀਖਿਆ ਵਿਚਲੀ ਖੜੋਤ ਨੂੰ ਤੋੜ ਕੇ ਨਵੀਆਂ ਲੀਹਾਂ ਪਾਈਆਂ। ਇਹ ਨਵੀਆਂ ਲੀਹਾਂ ਨਵੇਂ ਆਉਣ ਵਾਲੇ ਲੇਖਕਾਂ ਲਈ ਇੱਕ ਮਿੱਥ ਅਤੇ ਵੰਗਾਰ ਵੀ ਬਣ ਗਈਆਂ। ਹਰਿਭਜਨ ਸਿੰਘ ਲਈ ਕਵਿਤਾ ਭਾਵਾਂ ਦਾ ਵਿਰੇਚਨ ਨਹੀਂ ਬਲਕਿ ਸੁਹਜ ਸਿਰਜਣਾ ਹੈ ਜਿਸ ਵਿੱਚ ਕਵਿਤਾ ਦਾ ਆਧਾਰ ਬਿੰਬ ਹਨ। ਉਹ ਸਿਧਾਂਤਾਂ ਦੀ ਨੀਂਹ ਉਪਰ ਕਵਿਤਾ ਦੀ ਉਸਾਰੀ ਕਰਨ ਦੀ ਥਾਂ ਬਿੰਬ ਨੂੰ ਉਡੀਕਦਾ ਸੀ। ਸ਼ਾਇਰੀ ਦਾ ਇਹ ਬਿੰਬ ਉਸ ਲਈ ਅਸਮਾਨੀ ਪ੍ਰਤਿਭਾ ਦਾ ਪ੍ਰਤਿਫਲ ਨਹੀਂ ਬਲਕਿ ਮਨੁੱਖੀ ਭਾਈਚਾਰੇ ਦੀ ਉਪਜ ਹੈ। ਇਹ ਉਪਜ ਆਪਣਿਆਂ ਤੋਂ ਵਿਗੋਚੇ ਜਾਣ ਅਤੇ ਪ੍ਰਾਪਤੀ ਦੀ ਰਲੀ-ਮਿਲੀ ਕਹਾਣੀ ਵੀ ਹੈ। ਅਜਿਹਾ ਹੋਣ ਕਾਰਨ ਹਰਿਭਜਨ ਸਿੰਘ ਲਈ ਸੱਚ ਅਤੇ ਸੁੰਦਰਤਾ ਇੱਕ ਅਜਿਹੀ ਅੰਦਰ ਵੱਸਦੀ ਇਕਾਗਰ ਆਤਮਿਕਤਾ ਹੈ ਜੋ ਬਾਹਰ ਫ਼ੈਲੀ ਅਤੇ ਸੁਖੀ ਵਾਸਤ-ਵਿਕਤਾ ਨਹੀਂ। ਕਵਿਤਾ ਉਸ ਲਈ ਅੰਦਰਲੀ ਕਚਹਿਰੀ ਵਿੱਚ ਖਲੋ ਕੇ ਦਿੱਤਾ ਨਿਰੰਤਰ ਬਿਆਨ ਹੈ। ਉਸ ਦੇ ਇਸ ਕਾਵਿ-ਬਿਆਨ ਦੇ ਕੇਂਦਰ ਵਿੱਚ ਨਵਾਂ ਮਨੁੱਖ ਹੈ ਜੋ ਵਿਗਿਆਨ, ਤਕਨਾਲੋਜੀ ਦੀ ਉੱਨਤੀ ਨਾਲ ਪੈਦਾ ਹੋਈ ਨਵੀਂ ਚੇਤਨਾ ਅਤੇ ਕਈ ਕਿਸਮ ਦੇ ਸਮਾਜਿਕ ਵਿਰੋਧਾਂ ਵਿੱਚ ਘਿਰਿਆ ਹੋਇਆ ਹੈ, ਜਿਸ ਦੀ ਸਥਿਤੀ ‘ਨਾ ਧੁੱਪੇ ਨਾ ਛਾਵੇਂ’ ਦੀ ਹੈ। ਲਾਸਾਂ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਰੁੱਖ ਤੇ ਰਿਸ਼ੀ, ਮੱਥਾ ਦੀਵੇ ਵਾਲਾ, ਤਾਰ ਤੁਪਕਾ ਆਦਿ ਉਸਦੀਆਂ ਕਾਵਿ-ਪੁਸਤਕਾਂ ਹਨ। ਨਾ ਧੁੱਪੇ ਨਾ ਛਾਵੇਂ ਉੱਤੇ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ।
ਇੱਕ ਆਲੋਚਕ ਵਜੋਂ ਪਾਰਗਾਮੀ, ਰੂਪਕੀ, ਰਚਨਾ- ਵਿਰਚਨਾ, ਸਾਹਿਤ ਵਿਗਿਆਨ, ਸਾਹਿਤ ਅਧਿਐਨ, ਖਾਮੋਸ਼ੀ ਦਾ ਜ਼ਜ਼ੀਰਾ, ਮੇਰੀ ਪਸੰਦ ਅਤੇ ਪਿਆਰ ਤੇ ਪਰਿਵਾਰ ਆਦਿ ਹਰਿਭਜਨ ਸਿੰਘ ਦੀਆਂ ਆਲੋਚਨਾ ਪੁਸਤਕਾਂ ਹਨ। ਪੱਛਮੀ ਚਿੰਤਨ ਅਤੇ ਵਿਭਿੰਨ ਆਲੋਚਨਾ- ਦ੍ਰਿਸ਼ਟੀਆਂ ਇਹਨਾਂ ਪੁਸਤਕਾਂ ਦਾ ਆਧਾਰ ਬਣਦੀਆਂ ਹਨ। ਕਿਸੇ ਇੱਕ ਦ੍ਰਿਸ਼ਟੀ ਨੂੰ ਸਮਗਰ ਰੂਪ ਵਿੱਚ ਗ੍ਰਹਿਣ ਕਰਨ ਅਤੇ ਲਾਗੂ ਕਰਨ ਦੀ ਥਾਂ ਸਮੇਂ-ਸਮੇਂ ਪ੍ਰਚਲਿਤ ਹੋਈਆਂ ਦ੍ਰਿਸ਼ਟੀਆਂ ਨੂੰ ਉਸ ਨੇ ਬੜੀ ਕਾਹਲ ਨਾਲ ਲਾਗੂ ਕੀਤਾ। ਹਰਿਭਜਨ ਸਿੰਘ ਦੀ ਆਲੋਚਨਾ ਬਾਰੇ ਇਹ ਧਾਰਨਾ ਪ੍ਰਚਲਿਤ ਰਹੀ ਕਿ ਉਸ ਦੀ ਆਲੋਚਨਾ ਸਾਹਿਤ ਨੂੰ ਸਮਾਜ ਨਾਲੋਂ ਤੋੜ ਕੇ ਵੇਖਣ ਵਾਲੀ, ਸਾਹਿਤ ਦੀ ਮੁਖ਼ਤਿਆਰੀ ਅਤੇ ਜੁਗਤਾਂ ਵਿੱਚ ਘਿਰੀ/ਮਹਿਦੂਦ ਆਲੋਚਨਾ ਹੈ। ਅਸਲ ਵਿੱਚ ਹਰਿਭਜਨ ਸਿੰਘ ਦੀਆਂ ਆਲੋਚਨਾ ਵਿਧੀਆਂ ਅਤੇ ਸਿਧਾਂਤ ਮਾਰਕਸਵਾਦੀ ਆਲੋਚਨਾ ਦੇ ਵਿਰੋਧ ਵਿੱਚ ਉਪਜਦੇ ਹਨ। ਇਸੇ ਕਾਰਨ ਹੀ ਇਸ ਆਲੋਚਨਾ ਉੱਤੇ ਮਾਰਕਸਵਾਦੀ ਆਲੋਚਨਾ ਦੇ ਤਿੱਖੇ ਵਾਰ ਵੀ ਹੋਏ।
ਹਰਿਭਜਨ ਸਿੰਘ ਨੇ ਆਪਣੀ ਯੋਗਤਾ ਅਤੇ ਕਾਬਲੀਅਤ ਸਦਕਾ ਅਕਾਦਮਿਕ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ। ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਵਿਜ਼ਿਟਿੰਗ ਪ੍ਰੋਫ਼ੈਸਰਸ਼ਿਪ ਪ੍ਰਦਾਨ ਕੀਤੀ ਗਈ ਅਤੇ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰੋਫ਼ੈਸਰ ਅਮੈਰਿਟਸ ਵਜੋਂ ਮਾਣ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਅਵਾਰਡ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਪੰਜਾਬ ਸਟੇਟ ਅਵਾਰਡ, ਸੋਵੀਅਤ ਲੈਂਡ ਨਹਿਰੂ ਅਵਾਰਡ, ਕਬੀਰ ਸਨਮਾਨ ਅਤੇ ਹੋਰ ਬਹੁਤ ਪੁਰਸਕਾਰ ਮਿਲੇ ਹਨ। ਹਰਿਭਜਨ ਸਿੰਘ ਦੀ ਸਾਹਿਤ- ਯੋਜਨਾ ਸਦਕਾ ਉਸ ਨੂੰ ਸੁਹਜ ਸਿਰਜੀ, ਸੁਖ਼ਨਵਰ, ਸਾਹਿਤ-ਸੰਦ, ਉਸਤਾਦ, ਕਵੀ, ਆਲੋਚਕ, ਅਨੁਵਾਦਕ ਅਤੇ ਸੰਪਾਦਕ ਵਜੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹ ਤੰਗ ਸੋਚਣੀ ਅਤੇ ਸੰਕੀਰਨਤਾ ਤੋਂ ਮੁਕਤ ਲੇਖਕ ਸੀ ਜੋ ਕਿਸੇ ਇੱਕ ਵਾਦ-ਵਿਚਾਰਧਾਰਾ ਨਾਲ ਜੁੜਨ ਦੀ ਥਾਂ ਨਵੀਆਂ ਸੋਚਾਂ ਨੂੰ ਗ੍ਰਹਿਣ ਕਰਦਾ ਅਤੇ ਅਪਣਾਉਂਦਾ ਰਿਹਾ ਹੈ। ਕਿਸੇ ਇੱਕ ਵਾਦ-ਵਿਚਾਰਧਾਰਾ ਨਾਲ ਪ੍ਰਤਿਬੱਧਤਾ ਦੀ ਥਾਂ ਉਸ ਦੀ ਸ਼ਖ਼ਸੀਅਤ, ਲੇਖਣੀ ਅਤੇ ਸੁਭਾਉ ਬਹੁ-ਰੰਗੀ ਅਤੇ ਡੱਬ-ਖੜੱਬਾ ਹੈ।
ਲੇਖਕ : ਬਲਕਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First