ਹਦੀਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਦੀਸ [ਨਾਂਇ] ਹਜ਼ਰਤ ਮੁਹੰਮਦ ਸਾਹਿਬ ਦੁਆਰਾ ਪੇਸ਼ ਵਿਚਾਰ ਅਤੇ ਅਮਲੀ ਜੀਵਨ-ਜਾਚ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹਦੀਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹਦੀਸ. ਅ਼. ਹ਼ਦੀ. ਸੰਗ੍ਯਾ—ਬਾਤ. ਗੱਲ । ੨ ਪੈਗ਼ੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ੩ ਉਹ ਪੁਸਤਕ ਜਿਸ ਵਿੱਚ ਹਜਰਤ ਮੁਹੰਮਦ ਦੇ ਕਥਨ ਅਥਵਾ ਆਚਰਣ ਸੰਬੰਧੀ ਧਰਮ ਵ੍ਯਵਸਥਾ ਹੋਵੇ. “ਨਾਪਾਕ ਪਾਕ ਕਰਿ ਹਦੂਰਿ ਹਦੀਸਾ.” (ਮਾਰੂ ਸੋਲਹੇ ਮ: ੫) ਅਪਵਿਤ੍ਰ ਮਨ ਨੂੰ ਪਵਿਤ੍ਰ ਕਰਨਾ, ਵਾਹਗੁਰੂ ਦੇ ਹਜੂਰ ਦੀ ਹਦੀਸ ਬਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹਦੀਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hadis_ਹਦੀਸ: ਮੁਸਲਮਾਨਾਂ ਦੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਬਚਨਾਂ ਅਤੇ ਕਰਨੀਆਂ ਨੂੰ ਹਦੀਸ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਉਹ ਕਾਨੂੰਨ ਦਾ ਬਲ ਰਖਦੀਆਂ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਹਦੀਸ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹਦੀਸ : ਹਦੀਸ (ਬਹੁਵਚਨ ਅਹਾਦੀਸ ) ਦਾ ਸ਼ਬਦ–ਕੋਸ਼ੀ ਅਰਥ ਗੱਲ–ਬਾਤ ਜਾਂ ਕਥਾ–ਵਾਰਤਾ ਹੈ। ਫ਼ਾਰਸੀ ਦੇ ਪ੍ਰਸਿੱਧ ਕਵੀ ਮੋਲਾਨਾ ਰੂਮੀ ਨੇ ਹਦੀਸ ਨੂੰ ਇਨ੍ਹਾਂ ਅਰਥਾਂ ਵਿਚ ਪ੍ਰਕਾਰ ਵਰਤਿਆ ਹੈ:
ਖੁਸ਼ਤਰ ਆਂ ਬਾਸ਼ਦ ਕਿ ਸੱਰੇ–ਦਿਲਬਰਾਂ,
ਗੁਫ਼ਤਾ ਆਯਦ ਦਰ ਹਦੀਸੇ–ਦੀਗਰਾਂ।
ਅਰਥਾਤ : ਢੰਗ ਇਹ ਹੀ ਹੈ ਕਿ ਦਿਲਬਰਾਂ ਦੇ ਭੇਦਾਂ ਨੂੰ ਹੋਰਨਾ ਦੀ ਗੱਲ–ਬਾਤ ਜਾਂ ਕਥਾ–ਵਾਰਤਾ ਰਾਹੀਂ ਬਿਆਨਿਆ ਜਾਏ।
ਪਰੰਤੂ ਇਸਲਾਮੀ ਸਾਹਿੱਤ ਵਿਚ ਹਜ਼ਰਤ ਮੁਹੰਮਦ ਦੇ ਕਥਨ ਜਾਂ ਕਰਨੀ (ਕੌਲ ਜਾਂ ਫ਼ਿਅਲ) ਦੀ ਗੱਲ–ਕਥ ਜਾਂ ਉਨ੍ਹਾਂ ਨਾਲ ਸੰਬੰਧਿਤ ਉਨ੍ਹਾਂ ਦੇ ਨਿਕਟ–ਵਰਤੀ ਵਿਆਕਤੀਆਂ ਦੇ ਕਥਨ ਨੂੰ ਹਦੀਸ ਆਖਦੇ ਹਨ। ਮੁਸਲਮਾਨਾ ਦੇ ਧਾਰਮਿਕ ਅਤੇ ਸਮਾਜਕ ਜਾਂ ਅਖ਼ਲਾਕੀ ਮਸਲਿਆਂ ਨੂੰ ਨਿਪਟਾਉਣ ਲਈ ਕੁਰਾਨ ਸ਼ਰੀਫ਼ ਤੋਂ ਬਾਅਦ ਦੂਜਾ ਮੁੱਖ ਪ੍ਰਮਾਣਿਕ ਸੋਮਾ ਇਹ ਹਦੀਸਾਂ ਹੀ ਹਨ। ਗੁਰਬਾਣੀ ਵਿਚ ਵੀ ਇਸ ਸ਼ਬਦ ਦੀ ਵਰਤੋਂ ਮਿਲਦੀ ਹੈ–‘ਨਾਪਕ ਪਾਕ ਕਰਿ ਹਦੂਰਿ ਹਦੀਸਾ’ (ਮਾਰੂ ਸੋਲਹੋ, ਮ. ਪ)
ਕੁਝ ਅਣਲਿਖੀਆਂ ਤੇ ਅਣਛਪੀਆਂ ਹੋਣ ਕਾਰਣ ਸਹੀ ਹਦੀਸਾਂ ਵਿਚ ਕਾਫ਼ੀ ਰਲਾ ਪੈ ਗਿਆ ਅਤੇ ਕੁਝ ਇਸਲਾਮ ਵਿਚ ਭਿੰਨ ਭਿੰਨ ਫ਼ਿਰਕਿਆਂ ਦੇ ਹੋਂਦ ਵਿਚ ਆਉਣ ਕਾਰਣ ਵੀ ਇਨ੍ਹਾਂ ਫ਼ਿਰਕਿਆਂ ਦੇ ਸੁਆਰਥੀ ਵਿਦਵਾਨਾਂ ਨੇ ਆਪਣੇ ਫ਼ਿਰਕੇ ਦੇ ਹਕ ਵਿਚ ਅਤੇ ਵਿਰੋਧੀਆਂ ਦੇ ਖ਼ਿਲਾਫ਼ ਜਾਣ ਵਾਲੀਆਂ ਕਈ ਨਵੀਆਂ ਹਦੀਸਾਂ ਘੜ ਲਈਆਂ ਜਾਂ ਸਹੀ ਹਦੀਸਾਂ ਵਿਚ ਹੇਰ ਫੇਰ ਕਰ ਦਿੱਤੇ। ਇਸ ਲਈ ਹਦੀਸਾਂ ਦੇ ਵਿਦਵਾਨਾਂ ਜਾਂ ਮੁਹੱਦਿਸਾਂ ਨੇ ਹਦੀਸਾਂ ਨਾਲ ਸੰਬੰਧਿਤ ਸਾਹਿੱਤ ਦਾ ਕਾਫ਼ੀ ਅਧਿਐਨ ਤੇ ਖੋਜ ਕਰ ਕੇ ਪ੍ਰਮਾਣਿਕ ਹਦੀਸਾਂ ਦੀਆਂ ਕੁਝ ਕਿਤਾਬਾਂ ਸੰਪਾਦਿਤ ਕਰ ਦਿੱਤੀਆਂ ਹਨ।
ਹਦੀਸਾ ਦੀਆਂ ਕਈ ਕਿਸਮਾਂ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਉੱਘੀਆਂ ਕਿਸਮਾਂ ਹੇਠ–ਲਿਖਿਤ ਹਨ:
(1) ਸਹੀ : ਸਹੀ ਸੂਤਰਾਂ ਜਾਂ ਸੋਮਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਅਜਿਹੀਆਂ ਹਦੀਸਾਂ ਜਿਹੜੀਆਂ ਬਿਲਕੁਲ ਪ੍ਰਮਾਣਿਕ ਹਨ ਅਤੇ ਇਨ੍ਹਾਂ ਵਿਚ ਕਿਸੇ ਕਿਸਮ ਦਾ ਕੋਈ ਰਲਾ ਨਹੀਂ ਹੈ; (2) ਹਸਨ : ਦੂਜੇ ਦਰਜੇ ਦੀਆਂ ਹਦੀਸਾਂ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਬਹੁਤਾ ਸ਼ੱਕ ਨਹੀਂ ਹੈ : (3) ਜ਼ਅਈਫ਼ (ਕਮਜ਼ੋਰ ) : ਇਹ ਹਦੀਸਾਂ ਹਸਨ ਹਦੀਸਾਂ ਤੋਂ ਘੱਟ ਭਰੋਸੇਯੋਗ ਹੁੰਦੀਆਂ ਹਨ,(4) ਮੌਜ਼ੂਅ : ਬਾਅਦ ਵਿਚ ਵਜ਼ਾਅ ਕੀਤੀਆਂ ਗਈਆਂ ਜਾਂ ਘੜੀਆਂ ਗਈਆਂ ਹਦੀਸਾਂ ਜਿਨ੍ਹਾਂ ਨੂੰ ਗ਼ਲਤ ਹਦੀਸਾਂ ਵੀ ਆਖਿਆ ਜਾਂਦਾ ਹੈ।
ਇਸਲਾਮੀ ਦੁਨੀਆਂ ਦੇ ਪ੍ਰਸਿੱਧ ਮੁਹੱਦਿਸ ਇਹ ਹਨ :
(1) ਇਮਾਮ ਬੁਖ਼ਾਰੀ (809–869ਈਸਵੀ)–ਬੁਖ਼ਾਰਾ ਵਿਚ ਪੈਦਾ ਹੋਣ ਵਾਲੇ ਇਸ ਵਿਦਵਾਨ ਦਾ ਪੂਰਾ ਨਾਮ ਅਬੂ ਅਬਦੁੱਲ੍ਹਾ ਮੁਹੰਮਦ ਬਿਨ ਇਸਮਾਈਲ ਬੁਖ਼ਾਰੀ ਸੀ। ਉਸ ਨੇ ਛੇ ਲੱਖ ਪ੍ਰਚੱਲਿਤ ਹਦੀਸਾਂ ਬਾਰੇ ਖੋਜ ਕਰਕੇ ਉਨ੍ਹਾਂ ਵਿਚੋਂ ਨੌਂ ਹਜ਼ਾਰ ਹਦੀਸਾਂ ਨੂੰ ਸਹੀ ਜਾਂ ਪ੍ਰਮਾਣਿਕ ਮੰਨਿਆ ਅਤੇ ਉਨ੍ਹਾਂ ਨੂੰ ‘ਅਲਾਜਾਮਏ–ਉਲ–ਸਹੀ’ ਸਿਰਲੇਖ ਹੇਠ ਇਕ ਕਿਤਾਬੀ ਸ਼ਕਲ ਵਿਚ ਸੰਪਾਦਿਤ ਕਰ ਦਿੱਤਾ। ਇਸ ਕਿਤਾਬਾਂ ਨੂੰ ‘ਸਹੀ ਬੁਖ਼ਾਰੀ’ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ।
(2) ਮੁਸਲਿਮ ਬਿਨ ਹੱਜਾਜ ਕਸ਼ੀਰੀ (821–874 ਈਸਵੀਂ) –ਇਮਾਮ ਬੁਖ਼ਾਰੀ ਦੇ ਸ਼ਾਗਿਰਦ ਇਸ ਵਿਦਾਵਨ ਨੇ ਵੀ ਹਿਜਾਜ਼, ਇਰਾਕ, ਸ਼ਾਮ ਅਤੇ ਮਿਸਰ ਆਦਿ ਦੇ ਕਈ ਸਥਾਨਾਂ ਤੇ ਜਾਂ ਕੇ ਪ੍ਰਚੱਲਿਤ ਹਦੀਸਾਂ ਨੂੰ ਇੱਕਠਾ ਕੀਤਾ ਅਤੇ ਤਿੰਨ ਲੱਖ ਹਦੀਸਾਂ ਵਿਚੋਂ ਚਾਰ ਹਜ਼ਾਰ ਨੂੰ ਸਹੀ ਘੋਸ਼ਿਤ ਕੀਤਾ। ਇਹ ਹਦੀਸਾਂ ‘ਸਹੀ ਮੁਸਲਿਮ ’ ਨਾਮਕ ਪੁਸਤਕ ਵਿਚ ਦਰਜ ਹਨ। ‘ਸਹੀ ਬੁਖ਼ਾਰੀ’ ਤੋਂ ਬਾਅਦ ਹਦੀਸਾਂ ਦੀ ਇਹੀ ਪੁਸਤਕ ਬਹੁਤੀ ਪ੍ਰਮਾਣਿਕ ਮੰਨੀ ਜਾਂਦੀ ਹੈ।
(3) ਅਬੂ ਦਾਊਦ ਅਲਸਜਸਤਾਨ. (ਮ੍ਰਿਤੂ 888ਈਸਵੀਂ) –ਇਸ ਨੇ ਆਪਣੀ ਪੁਸਤਕ ‘ਸੁਨਨ ਦਾਊਦ’ ਵਿਚ ਚਾਰ ਹਜ਼ਾਰ ਹਦੀਸਾਂ ਸ਼ਾਮਲ ਕੀਤੀਆਂ ਹਨ।
(4) ਅਬੂ ਈਸ਼ਾ ਤਿਰਮਿਜ਼ੀ (ਮ੍ਰਿਤੂ 892 ਈਸਵੀਂ) – ਉਸ ਨੇ ‘ਜਮਾਏ ਤਿਰਮਿਜ਼ੀ’ ਨਾਮਕ ਹਦੀਸਾਂ ਦੀ ਪੁਸਤਕ ਸੰਪਾਦਿਤ ਕੀਤੀ ਹੈ।
(5) ਅਬੂ ਅਬਦੁਰੱਹਿਮਾਨ ਅੱਨਿਸਾਈ (ਮ੍ਰਿਤੂ 915 ਈਸਵੀਂ) – ਉਸ ਦੀ ਹਦੀਸਾਂ ਦੀ ਪੁਸਤਕ ‘ਸੁਨਨ ਉਨਨਿਜਾਈ’ ਵੀ ਪ੍ਰਸਿੱਧ ਹੈ।
(6) ਇਬਨ ਮਾਜਾ ਅਲਕਜ਼ਵੇਨੀ (ਮ੍ਰਿਤੂ 886 ਈਸਵੀਂ) – ਉਸ ਦੀ ਹਦੀਸਾਂ ਦੀ ਪੁਸਤਕ ‘ਤਿਕਾਤ–ਉਲ–ਸੁਨਨ’ ਵੀ ਕਾਫ਼ੀ ਪ੍ਰਸਿੱਧ ਹੈ।
[ਸਹਾ. ਗ੍ਰੰਥ–ਮ. ਕੋਂ. ; F.A .klein : The Religion of Islam; Alfred Guillaume : The Traditions of Islam; ਉਸਤਾਦ ਅਹਿਮਦ ਹਸਨ–ਜ਼ਿਆਤ; ‘ਤਾਰੀਖ਼ੇ–ਅਦਬੇ–ਅਰਬੀ’ (ਉਰਦੂ)]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਹਦੀਸ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਹਦੀਸ : ਹਦੀਸ ਦਾ ਸ਼ਾਬਦਿਕ ਅਰਥ 'ਗੰਲ ਜਾਂ ਬਾਤ' ਹੈ ਐਪਰ ਇਸਲਾਮ ਧਰਮ ਵਿਚ ਇਸ ਤੋਂ ਪਾਵ ਹੈ 'ਹਜ਼ਰਤ ਮੁਹੰਮਦ ਸਾਹਿਬ ਦੁਆਰਾ ਸਮੇਂ ਸਮੇਂ ਸੁਣਾਏ ਬਚਨ, ਉਪਦੇਸ਼ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਭਿੰਨ-ਭਿੰਨ ਸਾਖੀਆਂ। ਹਜ਼ਰਤ ਨਬੀ ਹੋਣ ਤੋਂ ਬਾਅਦ 23 ਸਾਲ ਤਕ ਦੁਨੀਆ ਵਿਚ ਰਹੇ। ਜਦੋਂ ਤਕ ਉਹ ਰਹੇ, ਲੋਕਾਂ ਨੂੰ ਦੀਨ ਦੀਆਂ ਗੱਲਾਂ, ਭਲਾਈ ਦੀ ਸਿਖਲਾਈ ਅਤੇ ਭਲੇ-ਬੁਰੇ ਦਾ ਫ਼ਰਕ ਦਸਦੇ ਰਹੇ। ਆਪ ਦੇ ਦੋਸਤ, ਰਿਸ਼ਤੇਦਾਰ ਆਪ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ, ਯਾਦ ਰਖਦੇ ਤੇ ਦੂਜਿਆਂ ਨੂੰ ਦਸਦੇ ਸਨ। ਕਦੇ ਕਦੇ ਹਜ਼ਰਤ ਕਿਸੇ ਕੰਮ ਤੋਂ ਰੋਕਦੇ ਤੇ ਕੁਰਾਨ ਦੇ ਕਿਸੇ ਹੁਕਮ ਨੂੰ ਖੋਲ੍ਹ ਕੇ ਦਸਦੇ ਸਨ। ਹੌਲੀ ਹੌਲੀ ਸਭ ਗੱਲਾਂ ਲਿਖਤੀ ਰੂਪ ਵਿਚ ਕਿਤਾਬਾਂ ਦਾ ਰੂਪ ਧਾਰ ਗਈਆਂ ਤੇ ‘ਹਦੀਸਾਂ’ ਅਖਵਾਈਆਂ
ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ-ਕਾਲ ਵਿਚ ਹੀ ਇਹ ਇਕ ਪਵਿੱਤਰ ਰੀਤ ਚੱਲ ਪਈ ਸੀ ਕਿ ਜਦੋਂ ਵੀ ਕੋਈ ਦੋ ਮੁਸਲਮਾਨ ਆਪੋ ਵਿਚ ਮਿਲਦੇ ਸਨ ਤਾਂ ਇਕ ਕਹਿੰਦਾ ਸੀ ਕਿ ਕੋਈ ‘ਹਦੀਸ’ ਸੁਣਾ ਤੇ ਦੂਜਾ ਪੈਗ਼ੰਬਰ ਸਾਹਿਬ ਦਾ ਕੋਈ ਬਚਨ ਜਾਂ ਉਨ੍ਹਾਂ ਸਬੰਧੀ ਕੋਈ ਸਾਖੀ ਜਾਂ ਪ੍ਰਸੰਗ ਸੁਣਾਂਉਂਦਾ ਸੀ। ਹਜ਼ਰਤ ਮੁਹੰਮਦ ਤੋਂ ਬਾਦ ਤਾਂ ਇਹ ਪਵਿੱਤਰ ਰੀਤ ਹੌਲੀ ਹੌਲੀ ਵਿਕਸਿਤ ਹੁੰਦੀ ਇਕ ਦ੍ਰਿੜ੍ਹ ਪਰੰਪਰਾ ਦਾ ਰੂਪ ਧਾਰ ਗਈ। ਸਭ ਤੋਂ ਪਹਿਲਾਂ ‘ਸਹਾਬੀ’ (ਹਜ਼ਰਤ ਮੁਹੰਮਦ ਦੀ ਸੰਗੀਤ ਵਿਚ ਰਹਿਣ ਵਾਲੇ) ਹਜ਼ਰਤ ਮੁਹੰਮਦ ਦੀ ਜ਼ਾਤੀ ਜ਼ਿੰਦਗੀ ਜਾਂ ਬਚਨਾਂ ਦਾ ਅਧਿਕਾਰਿਤ ਸੋਮਾ ਮੰਨੇ ਜਾਂਦੇ ਸਨ। ਉਨ੍ਹਾਂ ਤੋਂ ਬਾਅਦ ਤਾਬਿਊਨ (ਹਜ਼ਰਤ ਮੁਹੰਮਦ ਤੋਂ ਬਾਅਦ ਦੀ ਪਹਿਲੀ ਪੀੜ੍ਹੀ ਦੇ ਲੋਕ), ਜਿਨ੍ਹਾਂ ਨੇ ਇਹ ਪਰੰਪਰਾ ਸਹਾਬੀਆਂ ਤੋਂ ਪ੍ਰਾਪਤ ਕੀਤੀ ਸੀ ਤੇ ਉਨ੍ਹਾਂ ਤੋਂ ਬਾਅਦ ਪੀੜ੍ਹੀ-ਦਰ-ਪੀੜ੍ਹੀ ਤਾਬਿਊਨ ਇਨ੍ਹਾਂ ਹਦੀਸਾਂ ਦੇ ਸਬੰਧ ਵਿਚ ਅਧਿਕ੍ਰਿਤ ਮੰਨੇ ਜਾਂਦੇ ਰਹੇ।
ਹਰ ਇਕ ਹਦੀਸ ਦੇ ਦੋ ਭਾਗ ਹੁੰਦੇ ਹਨ :– ਮਤਨ (ਵਿਸ਼ਾ) ਤੇ ਸਨਦ (ਸੋਮਾ)। ਹਦੀਸ ਦਾ ਲਿਖਤੀ ਰੂਪ ਪੁਰਾਤਨ ਕਾਲ ਵਿਚ ਨਾਂ-ਮਾਤਰ ਹੈ। ਇਬਨ ਇਸਹਾਕ (ਲਗਭਗ 768 ਈ.) ਨੇ ਹਜ਼ਰਤ ਦੀ ਪਹਿਲੀ ਜੀਵਨੀ ਲਿਖੀ ਸੀ। ਇਸ ਤੋਂ ਪਿੱਛੋਂ ਹੋਰ ਕਈ ਜੀਵਨੀਕਾਰ ਆਏ ਤੇ ਇਸ ਤਰ੍ਹਾਂ ਹੀਦਸ ਦੀ ਪਰੰਪਰਾ ਲਿਖਤੀ ਰੂਪ ਵਿਚ ਪ੍ਰਬਲਤਾ ਪ੍ਰਾਪਤ ਕਰ ਗਈ।
ਇਸਲਾਮ ਵਿਚ ਕੁਰਾਨ ਤੋਂ ਬਾਅਦ ਹਦੀਸ ਦਾ ਦਰਜਾ ਆਉਂਦਾ ਹੈ। ‘ਹਦੀਸ’ ਮੁਸਲਿਮ ਜੀਵਨ ਦੀ ਵਿਆਖਿਆ, ਨੀਤੀ ਤੇ ਨੈਤਿਕਤਾ ਦੀ ਸਥਾਪਨਾ ਕਰਨ ਵਿਚ ਬੜੀ ਅਹਿਮੀਅਤ ਰਖਦੀ ਹੈ। ਇਸਲਾਮ ਦੀਆਂ ਭਿੰਨ ਭਿੰਨ ਵਿਚਾਰਧਾਰਾਵਾਂ ਦੇ ਲੋਕ ‘ਹਦੀਸ’ ਦੀ ਆਪਣੇ ਰਾਜਨੀਤਕ ਤੇ ਧਾਰਮਿਕ ਹਥਿਆਰ ਦੇ ਤੌਰ ਤੇ ਵਰਤੋਂ ਕਰਦੇ ਰਹੇ ਹਨ। ਇਸ ਤਰ੍ਹਾਂ ਅਨੇਕ ਝੂਠੀਆਂ ਹਦੀਸਾਂ ਵੀ ਹੋਂਦ ਵਿਚ ਆਈਆਂ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਬੁਖਾਰੀ (ਲਗਭਗ 870 ਈਸਵੀ) ਨੇ ਆਪਣੇ ਸੰਕਲਨ ਵਿਚ ਸਿਰਫ਼ 7000 ਦੇ ਲਗਭਗ ਹਦੀਸਾਂ ਨੂੰ ਹੀ ਅਸਲੀ ਮੰਨਦਿਆਂ ਹੋਇਆ ਸ਼ਾਮਲ ਕੀਤਾ ਹੈ, ਜਿਨ੍ਹਾਂ ਦੀ ਚੋਣ ਉਸਨੇ ਕੋਈ 600,000 ਹਦੀਸਾਂ ਵਿਚੋਂ ਕੀਤੀ ਸੀ।
ਕੇਵਲ ਪੈਗ਼ੰਬਰ ਸਾਹਿਬ ਦੇ ਊਪਦੇਸ਼ ਹੀ ਨਹੀਂ ਬਲਕਿ ਉਹ ਪੁਸਤਕ ਵੀ ‘ਹਦੀਸ’ ਅਖਵਾਉਂਦੀ ਹੈ ਜਿਸ ਵਿਚ ਹਦੀਸਾਂ ਦਰਜ ਹੋਣ।
ਗੁਰਬਾਣੀ ਵਿਚ ਵੀ ‘ਹਦੀਸ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ’ ਭਾਵ ਨਾਪਾਕ ਮਨ ਨੂੰ ਪਾਕ ਕਰਨਾ ਰੱਬੀ ਹਦੀਸ ਹੈ।
ਹ. ਪੁ.––ਮ. ਕੋ. 260; ਲਿ. ਹਿ. ਐਰੈ.-143-146;
ਸ਼ਾ. ਐਨ. ਇਸ. 116-117.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no
ਹਦੀਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹਦੀਸ, ਅਰਬੀ / ਇਸਤਰੀ ਲਿੰਗ : ੧. ਹਜ਼ਰਤ ਮੁਹੰਮਦ ਸਾਹਿਬ ਦਾ ਬਚਨ; ੨. ਨਸੀਹਤ
–ਹਦੀਸ ਕੱਢਣਾ, ਮੁਹਾਵਰਾ : ਨੱਕ ਨਾਲ ਲਕੀਰ ਕੱਢਣਾ; ਕਿਸੇ ਕੰਮ ਤੋਂ ਤੋਬਾ ਕਰਨਾ
–ਹਦੀਸ ਪਕੜਨਾ, ਮੁਹਾਵਰਾ : ਨਸੀਹਤ ਮੰਨਣਾ
–ਹਦੀਸ ਪੜ੍ਹਨਾ, ਮੁਹਾਵਰਾ : ਨੱਕ ਨਾਲ ਲਕੀਰਾਂ ਕੱਢਣਾ, ਤੋਬਾ ਕਰਨਾ
–ਹਦੀਸ ਫੜਨਾ, ਮੁਹਾਵਰਾ : ਨਸੀਹਤ ਲੈਣਾ, ਅੱਗੇ ਵਾਸਤੇ ਸਿੱਧੇ ਰਾਹ ਚਲਣ ਦਾ ਪ੍ਰਣ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-04-06-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First