ਸੰਸਕਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਸਕਾਰ (ਨਾਂ,ਪੁ) ਧਰਮ ਰੀਤੀ ਅਨੁਸਾਰ ਕੀਤਾ ਕਾਰਜ ਜਿਸ ਦਾ ਅਸਰ ਚਿਤ ’ਤੇ ਬਣਿਆ ਰਹੇ; ਰੀਤੀ, ਰਸਮ; ਪੂਰਬਲੇ ਜਨਮ ਦੀ ਵਾਸਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਸਕਾਰ [ਨਾਂਪੁ] ਧਾਰਮਿਕ ਰਸਮ; ਵਿਰਸੇ ਵਿੱਚ ਮਿਲ਼ੇ ਪ੍ਰਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਸਕਾਰ. ਸੰ. ਸੰ੎ਕਾਰ. ਸੰਗ੍ਯਾ—ਸੰ-ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨ ਸ਼ੁੱਧ ਕਰਨਾ। ੩ ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪ ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ—ਜਨਮ, ਅਮ੍ਰਿਤ, ਵਿਆਹ ਆਦਿ ਸੰਸਕਾਰ.1

ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨ੡ਸ਼ੱਧ.

(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ, ਅਰ ਜੋ ਧਾਰਮਿਕ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ—ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.

(ਅ) ਮੱਧਮ ਸੰਸਕਾਰ ਉਹ ਹਨ (ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ—ਜਟਾ ਭਸਮ ਜਨੇਊ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.

(ੲ) ਨ੡ਸ਼ੱਧ (ਨਿਕ੍ਰਿ੄ਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ—ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੰਸਕਾਰ: ਸੰਸਕ੍ਰਿਤ ਦੇ ਇਸ ਸ਼ਬਦ ਤੋਂ ਭਾਵ ਹੈ ਸ਼ੁੱਧ ਕੀਤਾ ਜਾਣਾ। ਭਾਰਤੀ-ਸੰਸਕ੍ਰਿਤੀ ਅਤੇ ਹਿੰਦੂ-ਧਰਮ ਵਿਚ ਜਨਮ ਤੋਂ ਮ੍ਰਿਤੂ ਤਕ ਮਾਨਸਿਕ ਜਾਂ ਸ਼ਰੀਰਿਕ ਸੁਖਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ‘ਸੰਸਕਾਰ’ ਕਿਹਾ ਜਾਂਦਾ ਹੈ। ਇਨ੍ਹਾਂ ਦੀ ਗਿਣਤੀ ਜਨਮ ਤੋਂ ਮਰਨ ਤਕ ਦਸ ਤੋਂ ਸੋਲ੍ਹਾਂ ਤਕ ਮੰਨੀ ਜਾਂਦੀ ਹੈ, ਜਿਵੇਂ — (1) ਗਰਭ ਧਾਰਨ ਕਰਨ ਤੋਂ ਪਹਿਲਾਂ , (2) ਗਰਭ ਧਾਰਨ ਕਰਨ ਦੇ ਤੀਜੇ ਮਹੀਨੇ ਵਿਚ, (3) ਫਿਰ ਅੱਠਵੇਂ ਮਹੀਨੇ ਵਿਚ, (4) ਪੁੱਤਰ ਜਨਮ ਦੇ ਅਵਸਰ’ਤੇ, (5) ਬੱਚੇ ਦਾ ਨਾਂ ਰਖਣ ਦੇ ਅਵਸਰ’ਤੇ, (6) ਚਾਰ ਮਹੀਨਿਆਂ ਤੋਂ ਬਾਦ ਬੱਚੇ ਨੂੰ ਘਰੋਂ ਬਾਹਰ ਲੈ ਜਾਣ’ਤੇ, (7) ਬੱਚੇ ਨੂੰ ਪਹਿਲੀ ਵਾਰ ਅੰਨ ਖਵਾਉਣ ਵੇਲੇ , (8) ਪਹਿਲੀ ਵਾਰ ਸਿਰ ਮੁੰਨਵਾਉਣ’ਤੇ, (9) ਵਿਦਿਆ ਅਭਿਆਸ ਲਈ ਪਹਿਲੀ ਵਾਰ ਗੁਰੂ ਕੋਲ ਲੈ ਜਾਣ ਵੇਲੇ, (10) ਜਨੇਊ ਪਾਉਣ ਵੇਲੇ, (11) ਅਧਿਐਨ ਕਰਨ ਉਪਰੰਤ ਗੁਰੂ ਦੇ ਘਰੋਂ ਪਰਤਣ ਵੇਲੇ, (12) ਵਿਆਹ ਕਰਨ ਵੇਲੇ, ਆਦਿ। ਦ੍ਵਿਜ ਵਰਣ ਲਈ ਇਹ ਸੰਸਕਾਰ ਆਵੱਸ਼ਕ ਮੰਨੇ ਗਏ ਹਨ।

            ਗੁਰਮਤਿ ਵਿਚ ਇਨ੍ਹਾਂ ਸੰਸਕਾਰਾਂ ਦੀ ਕੋਈ ਮਾਨਤਾ ਨਹੀਂ। ਇਨ੍ਹਾਂ ਦੀ ਥਾਂ ਗੁਰਮਤਿ ਵਿਚ ਕੇਵਲ ਚਾਰ ਸੰਸਕਾਰ ਪ੍ਰਵਾਨਿਤ ਹਨ— ਜਨਮ-ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ , ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ — ਵਿਸਤਾਰ ਲਈ ਵੇਖੋ ਸੁਤੰਤਰ ਇੰਦਰਾਜ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੰਸਕਾਰ: ਸਾਹਿੱਤ ਅਤੇ ਲੋਕ ਵਿਚ ‘ਸੰਸਕਾਰ’ ਸ਼ਬਦ ਦੀ ਦੋ ਵਿਸ਼ੇਸ਼ ਅਰਥਾਂ ਵਿਚ ਵਰਤੋਂ ਹੁੰਦੀ ਹੈ–ਪੂਰਵ ਜਨਮਾਂ ਦੇ ਕ੍ਰਿਤਾਂ (ਕਰਮਾਂ) ਦੀ ਮਨ ਤੇ ਪਈ ਛਾਪ ਵਜੋਂ ਅਤੇ ਧਰਮ ਆਧਾਰਿਤ ਸਮਾਜਕ ਕੀਤੀ ਵਜੋਂ।

          ‘ਮਾਨਿਕ ਹਿੰਦੀ ਕੋਸ਼’ ਅਨੁਸਾਰ, ‘ਸੰਸਕਾਰ’ ਪੂਰਬਲੇ ਜਨਮਾਂ ਵਿਚ ਕੀਤੇ ਹੋਏ ਆਚਾਰ–ਵਿਵਹਾਰ, ਪਾਪ–ਪੁੰਨ ਆਦਿ ਦਾ ਆਤਮਾ ਉੱਤੇ ਪਿਆ ਹੋਇਆ ਉਹ ਪ੍ਰਭਾਵ ਹੈ ਜੋ ਮਨੁੱਖ ਦੇ ਪਰਵਰਤੀ ਜਨਮਾਂ ਵਿਚ ਉਸ ਦੇ ਕਾਰਜਾਂ ,ਪ੍ਰਵ੍ਰਿਤੀਆਂ, ਰੁਚੀਆਂ ਆਦਿ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਹੋਰਨਾਂ ਕੋਸ਼ਾਂ ਵਿਚ ਵੀ ਇਸ ਨੂੰ ਆਤਮਾ ਦੇ ਨਾਲ ਰਹਿਣ ਵਾਲੇ ਪੂਰਬਲੇ ਜਨਮਾਂ ਦੇ ਕਰਮਾਂ ਦਾ ਪ੍ਰਭਾਵ, ਪੂਰਬਲੇ ਜਨਮਾਂ ਦੀ ਵਾਸਨਾ ਆਦਿ ਕਿਹਾ ਗਿਆ ਹੈ। ਫਲਭੋਗ ਦੀ ਦ੍ਰਿਸ਼ਟੀ ਤੋਂ ਕਰਮ ਅਸਲੋਂ ਤਿੰਨ ਪ੍ਰਕਾਰ ਦੇ ਹਨ–ਸੰਚਿਤ, ਪ੍ਰਾਲਬਧ ਅਤੇ ਵਰਤਮਾਨ। ਪੂਰਬਲੇ ਜਨਮਾਂ ਵਿਚ ਕੀਤੇ ਕਰਮ, ‘ਸੰਚਿਤ’ ਕਰਮ ਹਨ, ਉਨ੍ਹਾਂ ਵਿਚੋਂ ਜਿਨ੍ਹਾਂ ਦਾ ਫਲਭੋਗ ਹੋ ਰਿਹਾ ਹੈ ਉਹ ਪ੍ਰਾਲਬਧ ਕਰਮ ਹਨ। ਇਨ੍ਹਾਂ ਕਰਮਾਂ ਦੀਆਂ ਵਾਸਨਾਵਾਂ ਜਨਮ ਜਨਮਾਂਤਰਾਂ ਤਕ ਬਣਿਆਂ ਰਹਿੰਦੀਆਂ ਹਨ ਅਤੇ ਜਦ ਤਕ ਚਿੱਤ ਵ੍ਰਿਤੀਆਂ ਦਾ ਪੂਰੀ ਤਰ੍ਹਾਂ ਨਾਸ ਜਾਂ ਨਿਰੋਧ ਨਹੀਂ ਹੋ ਜਾਂਦਾ, ਤਦ ਤਕ ਜੀਵ  ਦੇ ਕਰਮ ਸੰਸਕਾਰ ਕਾਇਮ ਰਹਿੰਦੇ ਹਨ। ਭਾਈ ਸੋਧ ਸਿੰਘ ਅਨੁਸਾਰ ਸੰਸਕਾਰ ਗਤ–ਕਰਮਾਂ ਦੇ ਸੁਭਾਅ ਅਨੁਸਾਰ ਮਨੁੱਖ ਦੇ ਅਗਲੇ ਜੀਵਨ ਉੱਤੇ ਪ੍ਰਭਾਵ ਪੈਂਦਾ ਹੈ, ਅਤੇ ਇਨ੍ਹਾਂ ਦੇ ਜਾਲ ਤੋਂ ਮਨੁੱਖ ਦਾ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ।

          ਧਰਮ ਰੀਤੀ ਨਾਲ ਕੀਤਾ ਹੋਇਆ ਉਹ ਕਾਰਜ ‘ ਸੰਸਕਾਰ’ ਹੈ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ। ਇਹੋ ਕਾਰਜ ਹੀ ਹਨ ਜਿਨ੍ਹਾਂ ਨੂੰ ਸਮੇਂ ਦੇ ਗੇੜ ਨਾਲ ਮਨੁੱਖ ਨੇ ਕੋਈ ਪ੍ਰਕਾਰ ਦੀਆਂ ਰੀਤਾਂ ਨਾਲ ਸੰਬੰਧਿਤ ਕਰ ਲਿਆ ਹੈ ਅਤੇ ਜਿਨ੍ਹਾਂ ਦਾ ਵਿਸਤਾਰ ਗਰਭ ਧਾਰਣ ਕਰਨ ਤੋਂ ਮ੍ਰਿਤੂ ਤਕ ਹੈ। ਮੈਨੂੰ ਅਨੁਸਾਰ ਇਨ੍ਹਾਂ ਦੀ ਗਿਣਤੀ ਬਾਰ੍ਹਾਂ ਹੈ–ਗਰਭਾਧਾਨ, ਪੁੰਜਵਨ, ਸੀਮੰਤੋਨਯਨ, ਜਾਤਕਰਮ, ਨਾਮਕਰਮ, ਨਿਸ਼ਕ੍ਰਮਣ, ਅੰਨਪ੍ਰਾਸ਼ਨ, ਚੂਡਾਕਰਮ, ਉਪਨਯਨ, ਕੇਸਾਂਤ ਸਮਾਵਰਤਨ, ਵਿਵਾਹ। ਕੁਝ ਵਿਦਵਾਨ ਇਨ੍ਹਾਂ ਵਿਚ ਚਾਰ ਹੋਰ ਸੰਸਕਾਰਾਂ–ਕਰਣਵੇਧ, ਵਿਦੑਯਾਰੰਭ, ਦੇਵਾਰੰਭ ਅਤੇ ਅੰਤੇਸ਼ਟੀ ਨੂੰ ਵੀ ਸ਼ਾਮਲ ਕਰਦੇ ਹਨ। ਕਈ ਬਾਨਪ੍ਰਸਥ ਅਤੇ ਸੰਨਿਆਸ ਆਸ਼੍ਰਮ ਨੂੰ ਵੀ ਸੰਸਕਾਰਾਂ ਦੀ ਸੂਚੀ ਵਿਚ ਸ਼ਾਮਲ ਕਰਨੋਂ ਸੰਕੋਚ ਨਹੀਂ ਕਰਦੇ। ਇਹ ਸੰਸਕਾਰ ਹਿੰਦੂ ਧਰਮ ਤਕ ਸੀਮਿਤ ਹੀ ਨਹੀਂ, ਸਗੋਂ ਹਰ ਧਰਮ ਅਤੇ ਹਰ ਦੇਸ਼ ਵਿਚ ਸਭਿਆਚਾਰਕ ਸੀਮਾਵਾਂ ਅਨੁਸਾਰ ਕਈ ਪ੍ਰਕਾਰ ਨਾਲ ਪ੍ਰਚੱਲਿਤ ਹਨ।ਅਸਲ ਵਿਚ, ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਹਰੇਕ ਕਾਰਜ ਨਾਲ ਕਿਸੇ ਰਸਮ ਦਾ ਪੱਕੇ ਤੌਰ ਤੇ ਜੁੜਿਆ ਹੋਣਾ ਸਵੀਕਾਰਿਆ ਜਾਂਦਾ ਹੈ। ਇੱਥੋਂ ਤਕ ਕਿ ਜੀਵਨ ਵਿਚ ਸਮਾਜਕ ਅਤੇ ਧਾਰਮਿਕ ਕਾਰਜ ਆਪਣੀ ਮਹੱਤਾ ਵੱਖੋਂ ਵੱਖਰੀ ਰੱਖਦੇ ਹਨ ਪਰ ਇਨ੍ਹਾਂ ਸਾਰਿਆਂ ਨੂੰ ਧਾਰਮਿਕ ਰੰਗ ਵਿਚ ਅਜਿਹਾ ਰੰਗਿਆ ਗਿਆ ਹੈ ਕਿ ਮਨੁੱਖ ਕਿਵੇਂ ਵੀ ਆਪਣੇ ਆਪ ਨੂੰ ਇਨ੍ਹਾਂ ਤੋਂ ਵੱਖ ਨਹੀਂ ਕਰ ਸਕਦਾ ਅਤੇ ਨਾ ਹੀ ਇਨ੍ਹਾਂ ਦੀ ਧਾਰਮਿਕ ਮਹਾਨਤਾ ਨੂੰ ਘਟਾ ਸਕਦਾ ਹੈ। ਜਨਮ ਤੋਂ ਲੈ ਕੇ ਮਰਨ ਤਕ ਦੇ ਸੰਸਕਾਰ ਵੱਖ ਵੱਖ ਧਰਮਾਂ ਦੇ ਲੋਕ ਆਪੋ ਆਪਣੇ ਢੰਗ ਨਾਲ ਧਾਰਣ ਕਰਦੇ ਅਥਵਾ ਮਨਾਉਂਦੇ ਹਨ। ਮਿਸਾਲ ਦੇ ਤੌਰ ਤੇ ਅੰਤਿਮ ਸੰਸਕਾਰ ਹੀ ਲਵੋ–ਕੋਈ ਮੁਰਦੇ ਨੂੰ ਦੱਬਦਾ ਹੈ, ਕੋਈ ਜਲ ਪ੍ਰਵਾਹ ਕਰਦਾ ਹੈ, ਕੋਈ ਪੰਛੀਆਂ ਤੋਂ ਖੁਆਂਦਾ ਹੈ, ਆਦਿ। ਇਸੇ ਤਰ੍ਹਾਂ ਵਿਆਹ ਦੀਆਂ ਰਸਮਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਇਹ ਸੰਸਕਾਰ ਅਸਲ ਵਿਚ ਸਮੇਂ ਦੇ ਗੇੜ ਨਾਲ ਸੁਆਰਥੀ ਤੇ ਚੁਤਰ ਲੋਕਾਂ ਨੇ ਆਪਣੇ ਨਿੱਜੀ ਲਾਭਾਂ ਲਈ ਤੇ ਆਮ ਭੋਲੀ ਭਾਲੀ ਜਨਤਾ ਨੂੰ ਲੁੱਟਣ ਲਈ ਘੜ ਲਏ ਅਤੇ ਸਹਿਜੇ ਸਹਿਜੇ ਇਹਹ ਲੋਕਾਂ ਵਿਚ ਇਤਨੀ ਕੱਟੜਤਾ ਨਾਲ ਪ੍ਰਚੱਲਿਤ ਹੋ ਗਏ ਕਿ ਇਹ ਲੋਕ ਜੀਵਨ ਦਾ ਅਨਿਖੜ ਅੰਗ ਬਣ ਗਏ। ਬ੍ਰਾਹਮਣਵਾਦ ਦੇ ਜ਼ੋਰ ਫੜਨ ਨਾਲ ਇਹ ਸੰਸਕਾਰ (ਰੀਤਾਂ ) ਜੀਵਨ ਦੇ ਹਰ ਕਾਰਜ ਨਾਲ ਆਪਣਾ ਨਾਤਾ ਜੋੜ ਕੇ ਉਸ ਨਾਲ ਇਉਂ ਇਕਸੁਰ ਹੋ ਗਏ ਹਨ ਕਿ ਇਨ੍ਹਾਂ ਤੋਂ ਮਨੁੱਖ ਨੂੰ ਆਪਣੇ ਆਪ ਨੂੰ ਨਿਖੇੜਨਾ ਬਹੁਤ ਕਠਿਨ ਹੀ ਨਹੀਂ ਸਗੋਂ ਅਸੰਭਵ ਵੀ ਹੋ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ (ਵੇਖੋ ‘ਅੰਮ੍ਰਿਤ ਸੰਸਕਾਰ’) ਛਕਾ ਕੇ ਸਿੱਖ ਕੌਮ ਨੂੰ ਇਨ੍ਹਾਂ ਸੰਸਕਾਰਾਂ ਤੋਂ ਮੁਕਤ ਕਰਨ ਦਾ ਬੜਾ ਵੱਡਾ ਤੇ ਸ਼ਲਾਘਾ ਯੋਗ ਉਦਮ ਕੀਤਾ ਸੀ ਪਰ ਸਿੱਖ ਕੌਮ ਉਸੇ ਤਰ੍ਹਾਂ ਫਿਰ ਅਨੇਕ ਪ੍ਰਕਾਰ ਦੇ ਸੰਸਕਾਰਾਂ ਵਿਚ ਗ੍ਰਸੀ ਜਾ ਰਹੀ ਹੈ, ਜਿਵੇਂ ਜਨੇਊ ਦੀ ਥਾਂ ਦਸਤਾਰਬੰਦੀ ਨੇ ਲੈ ਲਈ ਹੈ। ਭਾਈ ਕਾਨ੍ਹ ਸਿੰਘ ਨੇ ਵਿਦਵਾਨਾਂ ਵੱਲੋਂ ਤਿੰਨ ਪ੍ਰਕਾਰ ਦੇ ਧਾਰਮਿਕ ਸੰਸਕਾਰ ਮੰਨੇ ਗਏ ਦੱਸੇ ਹਨ :

          (ੳ) ਉੱਤਮ : ਉੱਤਮ ਸੰਸਕਾਰ ਉਹ ਹਨ ਜਿਨ੍ਹਾਂ ਸਦਕਾ ਉਸ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਅਜਿਹੇ ਸੰਸਕਾਰ ਵਜੋਂ ਜੋ ਚਿੰਨ੍ਹ ਧਾਰਣ ਕੀਤੇ ਜਾਣ ਉਹ ਸ਼ਰੀਰ, ਕੌਮ ਅਤੇ ਦੇਸ਼ ਦੀ ਰੱਖਿਆ ਦਾ ਕਾਰਣ ਬਣ ਸਕਦੇ, ਹੋਣ, ਜਿਵੇਂ ਸਿੱਖ ਧਰਮ ਵਿਚ ਅੰਮ੍ਰਿਤ ਸੰਸਕਾਰ ਸਮੇਂ ਕੱਛਾ, ਕੜਾ, ਕਿਰਪਾਲ ਅਤੇ ਕੰਘਾ ਜੋ ਸਿੰਘ ਧਾਰਣ ਕਰਦੇ ਹਨ।

          (ਅ) ਮੱਧਮ : ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਰਾਹੀਂ ਅਜਿਹੇ ਬਾਹਰੀ ਚਿੰਨ੍ਹ ਧਾਰੇ ਜਾਣ ਜਿਨ੍ਹਾਂ ਤੋਂ ਸਰੀਰ ਜਾਂ ਦੇਸ਼ ਨੂੰ ਕੋਈ ਲਾਭ ਪ੍ਰਾਪਤ ਨਾ ਹੋ ਸਕੇ ਸਗੋਂ ਦਿਖਾਵੇ ਦਾ ਕਾਰਣ ਹੀ ਹੋਣ, ਜਿਵੇਂ–ਜਟਾਂ,ਭਸਮ, ਜਨੇਊ, ਘਰੜ, ਕੰਠੀ ਆਦਿ ਜੋ ਬ੍ਰਾਹਮਣ, ਨਾਥ ਜੋਗੀ ਅਤੇ ਜੈਨੀ ਧਾਰਣ ਕਰਦੇ ਹਨ।

  (ੲ) ਨਿਖਿੱਧ : ਨਿਖਿੱਧ ਸੰਸਕਾਰ ਉਹ ਹਨ ਜਿਨ੍ਹਾਂ ਨਾਲ ਉਸ ਸਿਰਜਣਹਾਰ ਦੀ ਮਰਯਾਦਾ ਖੰਡਿਤ ਕੀਤੀ ਜਾਵੇ ਅਤੇ ਜਿਨ੍ਹਾਂ ਤੋਂ ਸ਼ਰੀਰ ਨੂੰ ਕਸ਼ਟ ਹੋਵੇ ਤੇ ਦੇਸ਼ ਜਾਂ ਕੌਮ ਨੂੰ ਕੋਈ ਲਾਭ ਨਾ ਹੋਵੇ, ਜਿਵੇਂ–ਕਰਨਵੇਧ,ਸੁਨਤ (ਖਤਨਾ), ਘਰੜ ਅਤੇ ਮੁੰਡਨ ਆਦਿ। ਜਿਨ੍ਹਾਂ ਨੂੰ ਕਨਪਾਟੇ ਜੋਗੀ, ਮੁਸਲਮਾਨ, ਜੈਨੀ ਆਦਿ ਧਾਰਣ ਕਰਦੇ ਹਨ।

          [ਸਹਾ. ਗ੍ਰੰਥ–ਮ. ਕੋ.; ਗੁ. ਮਾ.; ਭਾਈ ਜੋਧ ਸਿੰਘ : ‘ਗੁਰਮਤ ਨਿਰਣਯ’; ਰਤਨ ਸਿੰਘ ਜੱਗੀ : ‘ਗੁਰੂ ਨਾਨਕ ਵਿਅਕਤ੍ਰਿਤ, ਕਿਤ੍ਰਿਤ ਔਰ ਚਿੰਤਨ’ (ਹਿੰਦੀ); ‘ਬ੍ਰਿਹਤ ਹਿੰਦੀ ਕੋਸ਼’]       


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਸਕਾਰ: ਜੀਵਨ ਨਾਲ ਜੁੜੇ ਮੁੱਢ ਤੋਂ ਚਲੇ ਆ ਰਹੇ ਉਨ੍ਹਾਂ ਕਰਮ-ਕਾਡਾਂ ਅਤੇ ਰਹੁ-ਰੀਤਾਂ ਨੂੰ ਜਿਨ੍ਹਾਂ ਨਾਲ ਆਮ ਵਿਅਕਤੀ ਦੀ ਧਾਰਮਿਕ ਭਾਵਨਾ ਜੁੜੀ ਹੁੰਦੀ ਹੈ, ਸੰਸਕਾਰ ਕਿਹਾ ਗਿਆ ਹੈ। ਹਿੰਦੂ ਮੱਤ ਅਨੁਸਾਰ ਸੰਸਕਾਰ ਪ੍ਰਾਣੀ ਨੂੰ ਆਪਣੇ ਰੂਪ ਵਿਚ ਢਾਲਦੇ ਹਨ। ਸਦੀਆਂ ਤੋਂ ਮਨੁੱਖ ਦੀ ਇਹ ਧਾਰਨਾ ਰਹੀ ਹੈ ਕਿ ਜੀਵਨ ਦੇ ਪ੍ਰਮੁੱਖ ਪੜਾਵਾਂ-ਜਨਮ, ਵਿਆਹ ਅਤੇ ਮੌਤ ਵੇਲੇ ਕੀਤੇ ਕਰਮ-ਕਾਂਡ ਅਤੇ ਰੀਤਾਂ ਦਾ ਪ੍ਰਭਾਵ ਵਿਅਕਤੀ ਦੇ ਸਾਰੇ ਜੀਵਨ ਉੱਤੇ ਪੈਂਦਾ ਰਹਿੰਦਾ ਹੈ। ਸੰਸਕਾਰ ਅਤੇ ਰੀਤਾਂ ਸੁਭਾਅ ਵਿਚ ਇਕੋ ਜਿਹੀਆਂ ਹਨ ਪਰੰਤੂ ਭਾਵਨਾ ਵਿਚ ਵੱਖ-ਵੱਖ ਹਨ । ਰੀਤਾਂ, ਟੂਣਾ, ਚਿੰਤਨ ਅਤੇ ਸੰਸਕਾਰ ਧਰਮ-ਚਿੰਤਨ ਦਾ ਪ੍ਰਵਾਹ ਹਨ। ਧਰਮ ਅਤੇ ਟੂਣੇ ਵਿਚ ਮੂਲ ਅੰਤਰ ਹੈ। ਮੱਧ ਕਾਲ ਵਿਚ ਜਦੋਂ ਟੂਣਾ-ਚਿੰਤਨ ਦੀਆਂ ਸੀਮਾਵਾਂ ਵਿਚ ਅੰਤਰ ਲਭਣਾ ਮੁਸ਼ਕਲ ਸੀ, ਸੁਭਾਵਿਕ ਤੌਰ ਤੇ ਸੰਸਕਾਰ ਅਤੇ ਰੀਤਾਂ ਰਲਗਡ ਜਿਹੀਆਂ ਹੋ ਗਈਆਂ ਸਨ। ਆਰੀਆ ਲੋਕਾਂ ਵਿਚ ਸੰਸਕਾਰ ਪ੍ਰਾਣੀ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਕੇ ਉਸ ਦੀ ਮੌਤ ਤੋਂ ਬਾਅਦ ਤਕ ਫੈਲੇ ਹੋਏ ਹਨ। ਵੱਖ-ਵੱਖ ਰਿਸ਼ੀਆਂ ਮੁਨੀਆਂ ਤੇ ਵਿਦਵਾਨਾਂ ਨੇ ਸੰਸਕਾਰਾਂ ਦੀ ਗਿਣਤੀ ਵੱਖ-ਵੱਖ ਦੱਸੀ ਹੈ। ਧਰਮ ਸ਼ਾਸਤਰਾਂ ਵਿਚ ਇਨ੍ਹਾਂ ਸੰਸਕਾਰਾਂ ਦੀ ਵਿਸ਼ੇਸ਼ ਵਿਧੀ ਦਾ ਵਿਸਥਾਰਤ ਵਰਣਨ ਮਿਲਦਾ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਸੰਸਕਾਰ ਉੱਤਮ, ਮੱਧਮ ਅਤੇ ਨਖਿਧ ਤਿੰਨ ਹਿੱਸਿਆਂ ਵਿਚ ਵੰਡੇ ਜਾ ਸਕਦੇ ਹਨ। ਉੱਤਮ ਸੰਸਕਾਰ ਉਹ ਹਨ ਜਿਨਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਜੋ ਧਾਰਮਿਕ ਚਿੰਨ੍ਹ ਧਾਰੇ ਜਾਣ ਉਹ ਸਰੀਰ ਤੇ ਦੇਸ਼ ਦੀ ਰਖਿਆ ਦਾ ਕਾਰਨ ਹੋਣ, ਜਿਵੇਂ ਅੰਮ੍ਰਿਤ-ਪਾਨ ਸੰਸਕਾਰ ਸਮੇਂ ਸਿੱਖ ਕੱਛਾ, ਕੇਸ, ਕੜਾ, ਕੰਘਾ ਅਤੇ ਕਿਰਪਾਨ ਧਾਰਨ ਕਰਦੇ ਹਨ। ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਦੁਆਰਾ ਵਾਹਿਗੁਰੂ ਦੀ ਰਚਨਾ ਬੁਰੀ ਸ਼ਕਲ ਵਿਚ ਕੀਤੀ ਜਾਵੇ ਅਤੇ ਚਿੰਨ੍ਹ ਅਜਿਹੇ ਧਾਰੇ ਜਾਣ ਜਿਨ੍ਹਾਂ ਤੋਂ ਸਰੀਰ ਤੇ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ। ਨਖਿਧ ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਤੇ ਸਰੀਰ ਅਤੇ ਦੇਸ਼ ਦਾ ਕੋਈ ਹਿਤ ਨਾ ਹੋ ਸਕੇ। ਹਰੇਕ ਜਾਤੀ ਦੇ ਆਪੋ ਆਪਣੇ ਵੱਖਰੇ ਸੰਸਕਾਰ ਹਨ ਜੋ ਸਾਰੀ ਜਾਤੀ ਨੂੰ ਇਕ ਭਾਵੁਕ ਅਤੇ ਮਾਨਸਿਕ ਬੰਧਨ ਵਿਚ ਮੰਨਦੇ ਹਨ। ਸੰਸਕਾਰਾਂ ਨੂੰ ਪਿਛਲੇ ਜਨਮ ਦੀ ਵਾਸ਼ਨਾ ਵੀ ਕਿਹਾ ਜਾ ਸਕਦਾ ਹੈ। ਕਰਮ ਸਿੱਧਾਂਤ ਅਨੁਸਾਰ ਵਿਅਕਤੀ ਸੰਸਾਰ ਵਿਚ ਜੋ ਜੋ ਕਰਮ ਕਰਦਾ ਹੈ, ਉਸ ਦਾ ਅਸਰ ਸਹਿਜੇ ਨਹੀਂ ਮਿਟਦਾ ਅਤੇ ਪ੍ਰਾਣੀ ਦੇ ਮਰਨ ਉਪਰੰਤ ਅਗਲੇ ਜਨਮ ਵਿਚ ਵੀ ਇਹ ਪ੍ਰਭਾਵ ਬੀਜ-ਰੂਪ ਵਿਚ ਮੌਜੂਦ ਰਹਿੰਦਾ ਹੈ। ਸੰਸਕਾਰ ਪ੍ਰਾਣੀ ਦੀ ਆਤਮਾ ਨਾਲ ਸੂਖਮ ਰੂਪ ਵਿਚ ਜੁੜੇ ਰਹਿੰਦੇ ਹਨ ਅਤੇ ਅਗਲੇ ਜਨਮ ਵਿਚ ਵੀ ਨਾਲ ਚਲਦੇ ਹਨ। ਹ. ਪੁ. – ਪੰ. ਲੋ. ਵਿ. ਕੋ. 2: 383 ; ਮੋ. ਕੋ.


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਸੰਸਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਸਕਾਰ : ਸੰਸਕਾਰ ਮਨੁੱਖੀ ਜੀਵਨ ਨਾਲ ਸਬੰਧਤ ਪਰੰਪਰਾ ਤੋਂ ਚਲੇ ਆ ਰਹੇ ਉਹ ਕਰਮ ਕਾਂਡ ਤੇ ਰਹੁ-ਰੀਤਾਂ ਹਨ ਜਿਨ੍ਹਾਂ ਨਾਲ ਜਨ-ਸਧਾਰਨ ਦੀ ਧਾਰਮਿਕ ਭਾਵਨਾ ਜੁੜੀ ਹੁੰਦੀ ਹੈ। ਸੰਸਕਾਰ ਸ਼ਬਦ ‘ਸ’ ਅਗੇਤਰ ਅਤੇ ‘ਕ੍ਰਿ’ ਧਾਤੂ ਤੋਂ ਰਚਿਆ ਗਿਆ ਹੈ। ਇਸ ਦਾ ਅਰਥ ਹੈ ਸੁਧਾਰਨਾ ਜਾਂ ਸ਼ੁਧ ਕਰਨਾ। ਧਾਰਮਿਕ ਖੇਤਰ ਵਿਚ ਇਸ ਦੇ ਅਰਥ ਇਸ ਤਰ੍ਹਾਂ ਕੀਤਾ ਜਾਂਦੇ ਹਨ-ਧਾਰਮਿਕ ਰੀਤੀ ਅਨੁਸਾਰ ਕੀਤਾ ਹੋਇਆ ਕਰਮ ਜਿਸ ਦਾ ਅਸਰ ਚਿਤ ਤੇ ਬਣਿਆ ਰਹੇ ਜਿਵੇਂ ਜਨਮ ਸੰਸਕਾਰ, ਜਨੇਊ ਸੰਸਕਾਰ, ਅੰਮ੍ਰਿਤ ਸੰਸਕਾਰ ਅਤੇ ਵਿਆਹ ਸੰਸਕਾਰ ਆਦਿ। ਕਿਸੇ ਕਰਮ ਤੋਂ ਪੈਦਾ ਹੋਏ ਵਿਚਾਰ ਜਾਂ ਪ੍ਰਭਾਵ ਨੂੰ ਵੀ ਸੰਸਕਾਰ ਕਿਹਾ ਜਾਂਦਾ ਹੈ। ਹਿੰਦੂ ਧਾਰਨਾ ਅਨੁਸਾਰ ਸੰਸਕਾਰ ਵਿਅਕਤੀ ਨੂੰ ਸ਼ੁਧ, ਸੁਸ਼ੀਲ ਤੇ ਸੁਬੋਧ ਬਣਾਉਂਦੇ ਹਨ। ਇਸੇ ਕਰਕੇ ਇਨ੍ਹਾਂ ਦੀ ਪਾਲਣਾ ਧਰਮ ਦਾ ਇਕ ਲਾਜ਼ਮੀ ਅੰਗ ਮੰਨੀ ਜਾਂਦੀ ਹੈ। ਦੁਖ-ਸੁਖ ਇਨ੍ਹਾਂ ਸੰਸਕਾਰਾਂ ਦੀ ਪਾਲਨਾ ਜਾਂ ਅਵੱਗਿਆ ਕਰਨ ਉਪਰੰਤ ਹੀ ਹੋਏ ਮੰਨੇ ਜਾਂਦੇ ਹਨ।

      ਪ੍ਰਾਚੀਨ ਕਾਲ ਵਿਚ ਇਹ ਮੰਨਿਆ ਜਾਂਦਾ ਸੀ ਕਿ ਮਨੁੱਖੀ ਜੀਵਨ ਦੇ ਮੁੱਖ ਪੜਾਵਾਂ (ਜਨਮ, ਵਿਆਹ ਤੇ ਮੌਤ) ਵੇਲੇ ਜੋ ਕਰਮ ਕਾਂਡ ਅਤੇ ਰੀਤਾਂ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਦਾ ਅਸਰ ਉਸ ਮਨੁੱਖ ਦੇ ਭਵਿੱਖੀ ਜੀਵਨ ਉੱਤੇ ਪੈਂਦਾ ਹੈ। ਸੰਸਕਾਰ ਤੇ ਰੀਤਾਂ ਸੁਭਾਅ ਵਿਚ ਸਮਰੂਪ ਹਨ ਪਰ ਭਾਵਨਾ ਵਿਚ ਵੱਖ ਵੱਖ ਹਨ। ਰੀਤਾਂ ਟੂਣਾ-ਚਿੰਤਨ ਦਾ ਹੀ ਪ੍ਰਵਾਹ ਹਨ ਪਰ ਸੰਸਕਾਰ ਧਰਮ-ਚਿੰਤਨ ਦਾ। ਧਰਮ ਦੇ ਟੂਣੇ ਦਾ ਮੂਲ ਅੰਤਰ ਹੀ ਸੰਸਕਾਰਾਂ ਤੇ ਰੀਤਾਂ ਦਾ ਬੁਨਿਆਦੀ ਅੰਤਰ ਹੈ। ਸੰਸਕਾਰਾਂ ਦੀ ਭਾਵ ਭੂਮੀ ਧਰਮ ਹੈ ਪਰ ਰੀਤਾਂ ਦੀ ਭਾਵ ਭੂਮੀ ਲੋਕ-ਮਾਨਸ। ਬੱਚੇ ਦੇ ਜਨਮ ਵੇਲੇ ਚਿਲੇ ਵਿਚ ਅੰਨ ਦੇ ਦਾਣੇ, ਜਲ ਦਾ ਕੁੰਭ, ਲੋਹੇ ਦੀ ਕੋਈ ਵਸਤੂ ਰਖਣੀ ਜਾਂ ਦੀਵਾ ਬਾਲਣਾ ਇਕ ਰੀਤ ਹੈ ਪਰ ਬੱਚੇ ਦਾ ਧਰਮ ਮਰਿਯਾਦਾ ਅਨੁਸਾਰ ਨਾਮ ਰੱਖਣਾ ਸੰਸਕਾਰ ਹੈ। ਮੱਧਕਾਲ ਵਿਚ ਜਦੋਂ ਟੂਣਾ ਚਿੰਤਨ ਤੇ ਧਰਮ ਚਿੰਤਨ ਦਾ ਨਿਖੇੜਾ ਮੁਸ਼ਕਲ ਸੀ ਤਾਂ ਸੰਸਕਾਰ ਅਤੇ ਰੀਤਾਂ ਰਲਗਡ ਹੋ ਗਈਆਂ ਤੇ ਕਈਆਂ ਰੀਤਾਂ ਨੂੰ ਵੀ ਧਰਮ ਸੰਸਕਾਰ ਸਮਝਿਆ ਜਾਣ ਲਗ ਪਿਆ।

        ਆਰੀਆ ਜਾਤੀਆਂ ਵਿਚ ਸੰਸਕਾਰ ਧਾਰਮਕ ਮਰਿਯਾਦਾ ਦਾ ਲਾਜ਼ਮੀ ਅੰਗ ਸਮਝੇ ਜਾਂਦੇ ਸਨ। ਇਨ੍ਹਾਂ ਜਾਤੀਆਂ ਵਿਚ ਸੰਸਕਾਰ ਪ੍ਰਾਣੀ ਦੇ ਜੰਮਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਸਨ। ਗਰਭ ਧਾਰਨ ਲਈ ਸੁੱਖਾਂ ਸੁਖਣੀਆਂ, ਅਰਦਾਸਾਂ ਕਰਵਾਉਣੀਆਂ, ਗਰਭ ਸਮੇਂ ਪਾਠ ਪੂਜਾ ਤੇ ਦਾਨ ਆਦਿ ਜਿਹੇ ਸੰਸਕਾਰ ਪ੍ਰਾਣੀ ਦੇ ਜਨਮ ਤੋਂ ਪਹਿਲਾਂ ਕੀਤੇ ਜਾਂਦੇ ਹਨ। ਜੀਵਨ ਭਰ ਸੰਸਕਾਰਾਂ ਨੂੰ ਅਪਣਾਉਂਦਿਆਂ ਮੌਤ ਤੋਂ ਬਾਅਦ ਤਕ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਮੌਤ ਤੋਂ ਬਾਅਦ ਕਥਾ, ਭੋਗ, ਫਿਰ ਹਰ ਸਾਲ ਸਰਾਧ ਕਰਾਉਣੇ ਸੰਸਕਾਰ ਹੀ ਹਨ। ਧਰਮ ਸ਼ਾਸਤਰਾਂ ਅਨੁਸਾਰ ਸੰਸਕਾਰਾਂ ਦੀ ਗਿਣਤੀ ਵੱਖ ਵੱਖ ਹੈ। ਗੌਤਮ ਨੇ ਚਾਲ੍ਹੀ ਸੰਸਕਾਰ ਮੰਨੇ ਹਨ ਪਰ ਵਿਆਸ ਅਨੁਸਾਰ ਇਨ੍ਹਾਂ ਦੀ ਗਿਣਤੀ ਸੋਲ੍ਹਾਂ ਹੈ। ਮਨੂੰ ਸਿਮਰਤੀ ਵਿਚ ਕੇਵਲ 12 ਸੰਸਕਾਰਾਂ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ : ਗਰਭਦਾਨ, ਪੁਸੰਵਨ, ਸੀਮੰਤੋਨਯਨ, ਜਾਤ ਕਰਮ, ਨਾਮਕਰਣ, ਨਿਸਕ੍ਰਮਣ, ਅੰਨ-ਪ੍ਰਾਸ਼ਠ, ਚੂੜਾ ਕਰਨ, ਉਪਨਯਨ ਕੇਸ਼ਾਂਤ, ਸਮਾਵਰਤਨ ਤੇ ਵਿਆਹ। ਇਨ੍ਹਾਂ ਤੋਂ ਬਿਨਾਂ ਇਕ ਹੋਰ ਪ੍ਰਸਿੱਧ ਸੰਸਕਾਰ ਅੰਤੇਸ਼ਠੀ ਵੀ ਹੈ। ਪੁਰਾਤਨ ਕਾਲ ਵਿਚ ਪਤੀ ਦੀ ਮੌਤ ਉਪਰੰਤ ਪਤੀ ਦੀ ਚਿਖਾ ਵਿਚ ਪਤਨੀ ਦਾ ਸੜਕੇ ਸਤੀ ਹੋ ਜਾਣਾ ਵੀ ਸੰਸਕਾਰ ਮੰਨਿਆ ਜਾਂਦਾ ਸੀ।

        ਜੇ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਸਾਰੇ ਸੰਸਕਾਰਾਂ ਨੂੰ ਚੰਗਾ ਨਹੀ ਸੀ ਸਮਝਿਆ ਜਾਂਦਾ। ਭਾਈ ਕਾਨ੍ਹ ਸਿੰਘ ਨਾਭਾ ਨੇ ਤਿੰਨ ਤਰ੍ਹਾਂ ਦੇ ਸੰਸਕਾਰ ਮੰਨੇ ਹਨ।

        (ਓ) ਉੱਤਮ ਸੰਸਕਾਰ––ਉੱਤਮ ਸੰਸਕਾਰ ਉਹ ਹਨ ਜਿਹੜੇ ਕੁਦਰਤ ਦੀ ਰਚਨਾ ਦੇ ਅਨੁਕੂਲ ਹਨ ਜਿਵੇਂ ਅੰਮ੍ਰਿਤ ਸੰਸਕਾਰ।

        (ਅ) ਮਧਮ ਸੰਸਕਾਰ––ਜੋ ਕੁਦਰਤੀ ਰੂਪ ਨੂੰ ਵਿਗਾੜਦੇ ਤੇ ਅਜਿਹੇ ਚਿੰਨ੍ਹਾਂ ਦੇ ਧਾਰਨ ਲਈ ਹਨ ਜੋ ਕਿਸੇ ਨੂੰ ਕੋਈ ਲਾਭ ਨਹੀਂ ਪਹੁੰਚਾਦੇ ਜਿਵੇਂ ਜਟਾ, ਭਸਮ ਅਤੇ ਜਨੇਊ ਆਦਿ।

        (ੲ) ਨਿਖਿੱਧ ਸੰਸਕਾਰ––ਉਹ ਸੰਸਕਾਰ ਜਿਨ੍ਹਾਂ ਰਾਹੀਂ ਰਚਨਾ ਨੂੰ ਖੰਡਿਤ ਕੀਤਾ ਜਾਵੇ ਜਿਵੇਂ ਜੋਗੀਆਂ ਦੁਆਰਾ ਕੰਨ ਵਿੰਨ੍ਹਣਾ ਅਤੇ ਮੁੰਡਨ ਕਰਨਾ ਆਦਿ।

        ਅਸਲ ਵਿਚ ਹਰ ਕਬੀਲੇ ਅਤੇ ਜਾਤੀਆਂ ਦੇ ਸੰਸਕਾਰ ਵੱਖ ਵੱਖ ਹਨ। ਹਰ ਕਬੀਲਾ ਆਪਣੇ ਆਪਣੇ ਸੰਸਕਾਰ ਉੱਤਮ ਗਿਣਦਾ ਹੈ। ਉਂਜ ਕਈ ਪੁਰਾਣੇ ਸੰਸਕਾਰ ਅਜੇ ਤਕ ਚਲੇ ਆ ਰਹੇ ਹਨ ਅਤੇ ਵਿਅਕਤੀ ਇਨ੍ਹਾਂ ਦੀ ਪਾਲਣਾ ਕਰਦੇ ਹਨ। ਕਈ ਸੰਸਕਾਰ ਹੁਣ ਅਲੋਪ ਹੋ ਰਹੇ ਹਨ। ਕਈ ਸੰਸਕਾਰਾਂ ਨੂੰ ਕਾਇਮ ਰਖਣ ਲਈ ਨਵੇਂ ਅਰਥ ਦਿੱਤੇ ਜਾ ਰਹੇ ਹਨ ਜਿਵੇਂ ਮਰੇ ਹੋਏ ਪਿਤਰਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਯਾਦ ਕਰਨ ਦਾ ਸੰਸਕਾਰ-ਸਰਾਧ ਜਾਂ ਸਲਾਨਾ ਆਦਿ ਰਸਮਾਂ ਵਿਚ ਕਾਇਮ ਹੈ। ਸਤੀ ਦਾ ਸੰਸਕਾਰ ਹੁਣ ਖ਼ਤਮ ਹੋ ਗਿਆ ਹੈ।

        ਵਣਜਾਰਾ ਬੇਦੀ ਅਨੁਸਾਰ ਸੰਸਕਾਰ ਸ਼ਬਦ ਇਕ ਹੋਰ ਮਹੱਤਵਪੂਰਨ ਅਰਥ ਵਿਚ ਵੀ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦਾ ਭਾਵ ਹੈ ਪਿਛਲੇ ਜਨਮ  ਦੀ ਵਾਸ਼ਨਾ ਜਾਂ ਇੱਛਾ। ਕਰਮ ਸਿਧਾਂਤ ਅਨੁਸਾਰ ਪ੍ਰਾਣੀ ਇਸ ਜਗਤ ਵਿਚ ਜਿਹੜੇ ਕਰਮ ਕਰਦਾ ਹੈ, ਜਿਸ ਤਰ੍ਹਾਂ ਦੀ ਤ੍ਰਿਸ਼ਨਾ ਜਾਂ ਭਾਵਨਾ ਵਿਚ ਉਹ ਜੀਉਂਦਾ ਤੇ ਵਿਚਰਦਾ ਹੈ, ਉਸ ਦਾ ਪ੍ਰਭਾਵ ਅਸਾਨੀ ਨਾਲ ਖ਼ਤਮ ਨਹੀਂ ਹੋ ਜਾਂਦਾ ਅਤੇ ਇਹ ਭਾਵ ਉਸ ਨਾਲ ਅਗਲੇ ਜਨਮ ਵਿਚ ਵੀ ਜਾਂਦਾ ਹੈ। ਇਨ੍ਹਾਂ ਨੂੰ ਵੀ ਸੰਸਕਾਰ ਕਿਹਾ ਜਾਂਦਾ ਹੈ। ਅਜਿਹੇ ਸੰਸਕਾਰਾਂ ਲਈ ‘ਕਰਮ’ ਦਾ ਪ੍ਰਯੋਗ ਕੀਤਾ ਜਾਂਦਾ ਹੈ। ਕਰਮ ਬਾਰੇ ਪ੍ਰੋ. ਪਿਆਰਾ ਸਿੰਘ ਪਦਮ ਦਾ ਵਿਚਾਰ ਹੈ ਕਿ ਮਨੁੱਖ ਜੋ ਚੰਗੇ ਜਾਂ ਮੰਦੇ ਕਰਮ ਕਰਦਾ ਹੈ, ਉਸ ਅਨੁਸਾਰ ਉਸ ਨੂੰ ਅੱਗੇ ਫ਼ਲ ਪ੍ਰਾਪਤ ਹੁੰਦਾ ਹੈ।

        ਬਹੁਤੇ ਮਹਾਪੁਰਖ ਨਿਸ਼ਕਾਮ ਕਰਮ ਕਰਨ ਦਾ ਉਪਦੇਸ਼ ਦਿੰਦੇ ਹਨ ਜਿਸ ਕਰਕੇ ਫ਼ਲ ਦੀ ਇੱਛਾ ਹੀ ਨਾ ਰਹੇ ਤੇ ਨਾ ਹੀ ਆਵਾਗਉਣ ਦੇ ਚੱਕਰ ਵਿਚ ਆਉਣਾ ਪਵੇ। ਗੁਰਬਾਣੀ ਕਰਮ ਬਾਰੇ ਦਸਦੀ ਹੈ :-

        ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ 134)


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-29-17, ਹਵਾਲੇ/ਟਿੱਪਣੀਆਂ:

ਸੰਸਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਸਕਾਰ, ਪੁਲਿੰਗ : ੧. ਸੁਧਾਰ, ਸਫ਼ਾਈ, ਸੁਧੀ, ਸੋਧ; ੨. ਪਰਕਾਸ਼ਨ, ਅਡੀਸ਼ਨ; ੩. ਉਪਦੇਸ਼ ਜਾਂ ਸੰਗਤ ਦਾ ਪੱਕਾ ਅਸਰ, ਪਹਿਲੇ ਜਨਮ ਦੀ ਵਾਸਨਾ, ਇੰਦਰੀਆਂ ਦੇ ਵਿਸ਼ੇ ਦਾ ਮਨ ਤੇ ਜੰਮਿਆ ਹੋਇਆ ਅਸਰ: ੪. ਰੀਤ, ਰਸਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-23-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.