ਸੰਧੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਧੂਰ (ਨਾਂ,ਪੁ) ਜ਼ਨਾਨਾ ਕੇਸਾਂ ਦੀ ਚੀਰਨੀ ਨੂੰ ਰੰਗਣ ਵਾਲਾ ਲਾਲ ਧੂੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਧੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਧੂਰ [ਨਾਂਪੁ] ਇੱਕ ਤਰ੍ਹਾਂ ਦਾ ਲਾਲ ਧੂੜਾ (ਪਾਊਡਰ) ਜੋ ਸੁਹਾਗਣਾਂ ਆਪਣੀ ਮਾਂਗ ਵਿੱਚ ਪਾਉਂਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਧੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਧੂਰ. ਸੰ. सिन्दूर. ਦੇਖੋ, ਸਿੰਦੂਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਧੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੰਧੂਰ : ਸਿੱਕੇ ਦੇ ਇਸ ਆਕਸਾਈਡ ਦਾ ਰੰਗ ਲਾਲ ਸੂਹਾ ਹੁੰਦਾ ਹੈ ਅਤੇ ਇਸ ਦਾ ਫ਼ਾਰਮੂਲਾ Pb3O4 ਹੈ।

          ਸੰਧੂਰ ਦਾ ਹਵਾਲਾ ‘ਦਾ ਆਰਕੀਟੈਕਚਰਾ’ (De Architectura) ਵਿਚ ਮਿਲਦਾ ਹੈ, ਜੋ ਵਿਟਰੂਵੀਅਸ (Vitruvius) ਨੇ ਈਸਾ ਮਸੀਹ ਦੇ ਜਨਮ ਤੋਂ 15 ਸਾਲ ਪਹਿਲਾਂ ਲਿਖੀ ਸੀ। ਇਸ ਵਿਚ ਇਹ ਦੱਸਿਆ ਗਿਆ ਹੈ ਕਿ ਇਕ ਵਾਰ ਕੁਝ ਮਟਕੇ, ਜਿਨ੍ਹਾਂ ਵਿਚ ਵ੍ਹਾਈਟ ਲੈੱਡ ਭਰਿਆ ਹੋਇਆ ਸੀ, ਇਕ ਮਕਾਨ ਵਿਚ ਪਏ ਸਨ। ਇਸ ਨੂੰ ਮੂੰਹ ਉਤੇ ਲਗਾਉਣ ਵਾਲੇ ਪਾਊਡਰ ਦੀ ਥਾਂ ਵਰਤਿਆ ਜਾਂਦਾ ਸੀ। ਇਕ ਦਿਨ ਉਸ ਮਕਾਨ ਨੂੰ ਅੱਗ ਲਗ ਗਈ, ਜਦੋਂ ਅੱਗ ਬੁਝੀ ਦਾਂ ਵੇਖਿਆ ਗਿਆ ਕਿ ਵ੍ਹਾਈਟ ਲੈੱਡ ਦਾ ਸੰਧੂਰ ਬਣ ਚੁੱਕਾ ਸੀ। ਵਿਟਰੂਵੀਅਸ ਨੇ ਇਸ ਦਾ ਨਾਂ ਸੈਂਡਰਕਾ (Sandraca) ਰੱਖ ਦਿੱਤਾ।

          ਕਦੇ ਕਦੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਸਿੱਕੇ ਨਾਲ ਲਿਖੀ ਲਿਖਤ ਕੁਝ ਸਮੇਂ ਮਗਰੋਂ ਸੰਧੂਰੀ ਹੋ ਜਾਂਦੀ ਸੀ। ਸਪੱਸ਼ਟ ਹੈ ਕਿ ਸਿੱਕਾ ਹਵਾ ਦੀ ਆਕਸੀਜਨ ਨਾਲ ਮਿਲ ਕੇ ਸੰਧੂਰ ਬਣ ਜਾਂਦਾ ਹੈ।

          ਅਜਕੱਲ੍ਹ, ਸੰਧੂਰ ਬਣਾਉਣ ਦਾ ਇਕ ਆਸਾਨ ਤਰੀਕਾ ਇਹ ਹੈ ਕਿ ਲੋਹੇ ਦੇ ਇਕ ਪਿਆਲੇ ਵਿਚ ਕੁਝ ਸ਼ੋਰਾ ਪਾਕੇ ਇਸ ਨੂੰ ਗਰਮ ਕਰ ਕੇ ਪਿਘਲਾ ਲਿਆ ਜਾਂਦਾ ਹੈ। ਫਿਰ ਇਸ ਵਿਚ ਸਿੱਕੇ ਦੇ ਛੋਟੇ ਛੋਟੇ ਪੱਤਰੇ ਪਾਏ ਜਾਂਦੇ ਹਨ। ਜਦ ਇਹ ਪਿਘਲੇ ਹੋਏ ਸ਼ੋਰੇ ਵਿਚ ਡਿਗਦੇ ਹਨ ਤਾਂ ਇਨ੍ਹਾਂ ਨੂੰ ਅੱਗ ਲਗ ਜਾਂਦੀ ਹੈ ਅਤੇ ਇਨ੍ਹਾਂ ਦਾ ਸੰਧੂਰ ਬਣ ਜਾਂਦਾ ਹੈ ਤੇ ਨਾਲ ਹੀ ਪੋਟਾਸ਼ੀਅਮ ਨਾਈਟਰਾਈਟ ਬਣ ਜਾਂਦਾ ਹੈ।

          3Pb + 4KNO3 → Pb3O4 + 4KNO2

ਇਸ ਮਿਸ਼ਰਨ ਵਿੱਚੋ ਪੋਟਾਸ਼ੀਅਮ ਨਾਈਟਰਾਈਟ ਨੂੰ ਪਾਣੀ ਨਾਲ ਘੋਲ ਕੇ ਕੱਢ ਲਿਆ ਜਾਂਦਾ ਹੈ ਅਤੇ ਪਿੱਛੇ ਰਹੇ ਸੰਧੂਰ ਨੂੰ ਸੁਕਾ ਲਿਆ ਜਾਂਦਾ ਹੈ।

          ਜਿਉਂ ਜਿਉਂ ਵਿਗਿਆਨ ਨੇ ਤਰੱਕੀ ਕੀਤੀ ਇਹ ਪਤਾ ਲੱਗਾ ਕਿ ਸਿੱਕਾ ਕਈ ਆਕਸਾਈਡ ਬਣਾਉਂਦਾ ਹੈ, ਇਨ੍ਹਾਂ ਵਿਚੋਂ ਇਕ ਮੁਰਦਾ ਸੰਗ-ਲਿਥਾਰਜ (litharge, PbO) ਹੈ ਅਤੇ ਦੂਜਾ ਸੰਧੂਰ (Pb3O4) ਹੈ। ਅਜ ਕੱਲ੍ਹ ਸੰਧੂਰ ਬਣਾਉਣ ਲਈ ਪਹਿਲਾਂ ਸਿੱਕੇ ਨੂੰ ਗਰਮ ਕਰਕੇ ਅਤੇ ਪਿਘਲੇ ਹੋਏ ਸਿੱਕੇ ਦੇ ਉੱਤੋਂ ਦੀ ਹਵਾ ਲੰਘਾ ਕੇ ਉਸ ਨੂੰ ਲਿਥਾਰਜ ਵਿਚ ਤਬਦੀਲ ਕੀਤਾ ਜਾਂਦਾ ਹੈ :––

          2Pb + O2 → 2PbO

          ਫਿਰ ਲਿਥਾਰਜ ਨੂੰ 450˚–480˚ ਸੈਂ. ਤਕ ਗਰਮ ਕਰਕੇ ਉਸ ਦੇ ਉੱਤੋਂ ਦੀ ਹੋਰ ਹਵਾ ਲੰਘਾਈ ਜਾਂਦੀ ਹੈ। ਇਸ ਤਾਪਮਾਨ ਤੇ ਲਿਥਰਾਜ ਦਾ ਸੰਧੂਰ ਬਣ ਜਾਂਦਾ ਹੈ :––

          6PbO + O2 → 2Pb3O4

          ਇਹ ਸੂਹੇ ਰੰਗ ਦਾ ਪਾਊਡਰ ਲੋਹੇ ਅਤੇ ਲੱਕੜੀ ਆਦਿ ਦੇ ਰੋਗਨ ਜਾਂ ਪੇਂਟ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਂਦਾ ਹੈ।

          ਸੰਧੂਰ ਨੂੰ ਸ਼ੀਸ਼ਾ ਬਣਾਉਣ ਲਈ ਅਤੇ ਚੀਨੀ ਦੇ ਸਾਮਾਨ ਉੱਤੇ ਲਿਸ਼ਕਵੀਂ ਤਹਿ ਚੜ੍ਹਾਉਣ ਦੇ ਮਸਾਲਿਆਂ ਵਿਚ ਵਰਤਿਆ ਜਾਂਦਾ ਹੈ। ਜੋ ਸ਼ੀਸ਼ਾ ਇਸ ਨਾਲ ਬਣਾਇਆ ਜਾਂਦਾ ਹੈ, ਉਸ ਨੂੰ ਐਨਕਾਂ, ਦੂਰਬੀਨਾਂ, ਖ਼ੁਰਦਬੀਨਾਂ ਅਤੇ ਪ੍ਰਿਜ਼ਮ ਆਦਿ ਬਣਾਉਣ ਲਈ ਵਰਤਿਆ ਜਾਂਦਾ ਹੈ।

          ਸੰਧੂਰ ਅਸਲ ਵਿਚ ਦੋ ਚੀਜ਼ਾਂ ਦਾ ਮਿਸ਼ਰਨ ਹੈ, ਇਕ ਲਿਥਾਰਜ ਦਾ ਅਤੇ ਦੂਜਾ ਲੈੱਡ-ਡਾਈਆਕਸਾਈਡ (PbO2) ਦਾ। ਜੇਕਰ ਸੰਧੂਰ ਨੂੰ ਸ਼ੋਰੇ ਦੇ ਤੇਜ਼ਾਬ ਵਿਚ ਪਾ ਕੇ ਹਿਲਾਇਆ ਜਾਵੇ ਤਾਂ ਉਹ ਉਸ ਵਿੱਚੋ ਲਿਥਾਰਜ ਨੂੰ ਘੋਲ ਲੈਂਦਾ ਹੈ ਅਤੇ ਬਾਕੀ ਲੈੱਡ-ਡਾਈਆਕਸਾਈਡ ਰਹਿ ਜਾਂਦਾ ਹੈ :––

          Pb3O4 →       2PbO            +       PbO2

          (ਸੰਧੂਰ)          (ਲਿਥਾਰਜ)                (ਲੈੱਡ-ਡਾਈਆਕਸਾਈਡ)

PbO    +       2HNO3          →      Pb(NO3)2       +       H2O

(ਲਿਥਾਰਜ)      (ਸ਼ੋਰੋ ਦਾ ਤੇਜ਼ਾਬ)                   (ਲੈੱਡ ਨਾਈਟ੍ਰੇਟ)          (ਪਾਣੀ)

          ਜੇਕਰ ਸੰਧੂਰ ਨੂੰ ਗਰਮ ਕੀਤਾ ਜਾਵੇ ਤਾਂ ਇਸ ਦਾ ਰੰਗ ਪਹਿਲਾਂ ਜਾਮਣੀ ਅਤੇ ਫਿਰ ਕਾਲਾ ਹੋ ਜਾਂਦਾ ਹੈ, ਠੰਢਾ ਕਰਨ ਤੇ ਮੁੜ ਸੂਹਾ ਹੋ ਜਾਂਦਾ ਹੈ। ਪਰ ਜੇ ਇਸ ਨੂੰ ਬਹੁਤੇ ਤਾਪਮਾਨ ਤੇ ਗਰਮ ਕੀਤਾ ਜਾਵੇ ਤਾਂ ਇਸ ਵਿਚੋਂ ਆਕਸੀਜਨ ਨਿਕਲ ਜਾਂਦੀ ਹੈ ਅਤੇ ਇਸਦਾ ਲਿਥਾਰਜ ਬਣ ਜਾਂਦਾ ਹੈ :––

          2Pb3O4 → 6PbO + O2

ਇਸੇ ਲਈ ਸ਼ੀਸ਼ਾ ਬਣਾਉਣ ਦੀ ਕਿਰਿਆ ਵਿਚ ਇਸ ਨੂੰ ਆਕਸੀਕਰਨ ਲਈ ਵਰਤਿਆ ਜਾਂਦਾ ਹੈ।

          ਜਦੋਂ ਸੰਧੂਰ ਨੂੰ ਹਾਈਡ੍ਰੋਕਲੋਰਿਕ ਐਸਿਡ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਕਲੋਰੀਨ ਗੈਸ ਨਿਕਲਦੀ ਹੈ :–

          Pb3O4 + 8HC1 → 3PbC12 + 4H2O + C12

ਜੇਕਰ ਸੰਧੂਰ ਨੂੰ ਕੋਲੇ ਨਾਲ ਗਰਮ ਕੀਤਾ ਜਾਵੇ ਤਾਂ ਇਸ ਵਿਚੋਂ ਸਿੱਕਾ ਵੱਖਰਾ ਹੋ ਜਾਂਦਾ ਹੈ :––

          Pb3O4 + 4C → 3Pb + 4CO

ਯੂਨਾਨੀ ਹਕੀਮ ਸੰਧੂਰ ਨੂੰ ਉਸਰੇਜ ਆਖਦੇ ਹਨ। ਇਹ ਜ਼ਖ਼ਮਾਂ ਨੂੰ ਠੀਕ ਕਰਨ, ਜ਼ੈਤੂਨ ਦੇ ਤੇਲ ਵਿਚ ਮਿਲਾ ਕੇ ਲੇਪ ਕਰਨ ਨਾਲ ਮਰੇ ਹੋਏ ਤੇ ਵਾਧੂ ਮਾਸ ਨੂੰ ਦੂਰ ਕਰਨ ਅਤੇ ਬਾਰਤੁੰਗ ਦੇ ਪੱਤਿਆਂ ਦੇ ਪਾਣੀ ਵਿਚ ਚਰਬੀ ਮਿਲਾ ਕੇ ਅੰਤੜੀਆਂ ਦੇ ਜ਼ਖ਼ਮ ਭਰਨ ਲਈ, ਅਨੀਮਾ ਕਰਨ ਲਈ ਵਰਤਿਆ ਜਾਂਦਾ ਹੈ। ਤਿਲਾਂ ਦੇ ਤੇਲ ਵਿਚ ਪਕਾਉਣ ਨਾਲ, ਜਦੋਂ ਇਸ ਦਾ ਰੰਗ ਕਾਲਾ ਹੋ ਜਾਵੇ ਤਾਂ ਕਾਲੀ ਮੱਲ੍ਹਮ ਬਣ ਜਾਂਦੀ ਹੈ।

          ਹਿੰਦੂ ਔਰਤਾਂ ਇਸ ਨੂੰ ਮਾਂਗ ਵਿਚ ਭਰ ਲੈਂਦੀਆਂ ਹਨ ਅਤੇ ਸੁਹਾਗ ਲਈ ਸ਼ੁਭ ਸਮਝਦੀਆਂ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸੰਧੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਧੂਰ, (ਸੰਸਕ੍ਰਿਤ : ਸਿੰਦੂਰ) / ਪੁਲਿੰਗ: ੧. ਇਕ ਤਰ੍ਹਾਂ ਦਾ ਲਾਲ ਧੂੜਾ ਜਿਸ ਨੂੰ ਹਿੰਦੂ ਮੱਥੇ ਧੁਰ ਲਾਉਂਦੇ ਹਨ ਜਾਂ ਟਿੱਕੇ ਕਢਦੇ ਹਨ ਔਰਤਾਂ ਮਾਂਗ ਵਿਚ ਪਾਉਂਦੀਆਂ ਹਨ ਤੇ ਫੋੜੇ ਫਿਨਸੀ ਦੇ ਵੀ ਕੰਮ ਆਉਂਦਾ ਹੈ; ੨. (ਰਸਾਇਣ ਵਿਗਿਆਨ) : ਪਾਰੇ ਦਾ ਔਕਸਾਈਡ, ਸ਼ਿੰਗਰਫ

–ਸੰਧੂਰਨਾ, ਕਿਰਿਆ ਅਕਰਮਕ : ਸੰਧੂਰ ਚੜ੍ਹਾਉਣਾ, ਸੰਧੂਰ ਨਾਲ ਸੰਢੇ ਹਾਥੀ ਆਦਿ ਦਾ ਮੱਥਾ ਚਿੱਤਰਨਾ ਤੇ ਉਸ ਨੂੰ ਬਤੌਰ ਬਲੀ ਦੇ ਖੁੱਲ੍ਹਾ ਛੱਡ ਦੇਣਾ, ਮਣਸ ਕੇ ਛੱਡਣਾ

–ਸੰਧੂਰਿਆਂ ਹਾਥੀ, ਪੁਲਿੰਗ : ਖੁੱਲ੍ਹਾ ਫਿਰਦਾ ਹਾਥੀ ਜੋ ਖਤਰਨਾਕ ਹੋਵੇ

–ਸੰਧੂਰੀ, ਵਿਸ਼ੇਸ਼ਣ : ਸੰਧੂਰ ਦੇ ਰੰਗ ਦਾ

–ਸੰਧੂਰੀਆ, ਵਿਸ਼ੇਸ਼ਣ / ਪੁਲਿੰਗ : ਲਾਲੀ ਦੀ ਭਾਹ ਮਾਰਨ ਵਾਲਾ, ਅੰਬ ਦੀ ਇਕ ਕਿਸਮ

–ਸੰਧੂਰੀਆ ਹਾਥੀ, ਪੁਲਿੰਗ : ੧. ਕਾਮ ਨਾਲ ਮਸਤ ਹੋਇਆ ਹਾਥੀ; ੨. ਕਾਮ ਨਾਲ ਆਤਰ ਹੋਈ ਤ੍ਰੀਮਤ

–ਸੰਧੂਰੀ ਟੋਡੀ, ਇਸਤਰੀ ਲਿੰਗ : ਸਵੇਰ ਵੇਲੇ ਗਾਈ ਜਾਣ ਵਾਲੀ ਇਕ ਰਾਗਣੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-26-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.