ਸੰਘ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਘ (ਨਾਂ,ਪੁ) ਖਾਧਾ-ਪੀਤਾ ਪੇਟ ਅੰਦਰ ਨਿਗਲਣ ਲਈ ਜੀਭ ਦੀ ਜੜ੍ਹ ਨੇੜੇ ਦਾ ਛੇਕ; ਬੋਲ ਨਿਕਲਣ ਦੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੰਘ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਘ 1 [ਨਾਂਪੁ] ਗਲ਼ਾ , ਕੰਠ 2 ਸੰਗਠਨ ਜੱਥੇਬੰਦੀ, ਸਭਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਘ. ਸੰਗ੍ਯਾ—ਕੰਠ. ਗਲਾ. “ਚਬੈ ਤਤਾ ਲੋਹਸਾਰ ਵਿਚਿ ਸੰਘੈ ਪਲਤੇ.” (ਮ: ੪ ਵਾਰ ਗਉ ੧) ੨ ਟੋਬਾ ਜਾਤੀ, ਜੋ ਜਮੀਨ ਸੁੰਘਕੇ ਜਮੀਨਗਰਭ ਵਿੱਚ ਪਾਣੀ ਦਾ ਮਿੱਠਾ ਖਾਰਾ ਹੋਣਾ ਦੱਸਦੀ ਹੈ. ਸੋਂਘਾ। ੩ ਸੰ. ਸਮੁਦਾਯ. ਗਰੋਹ. ਇਕੱਠ । ੪ ਸਭਾ. ਸਮਾਜ. ਦੇਖੋ, ਸੰਗ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੰਘ: ਇਹ ਇਕ ਰਾਜਨੀਤਿਕ ਢਾਂਚਾ ਹੈ। ਇਸ ਵਿਚ ਵੱਖਰੇ ਰਾਜ, ਰਿਆਸਤਾਂ ਜਾਂ ਕਾਲੋਨੀਆਂ ਨਿਸ਼ਚਿਤ ਉਦੇਸ਼ਾਂ ਲਈ ਮਿਲ ਕੇ ਇਕ ਸਰਕਾਰ ਸਥਾਪਿਤ ਕਰਦੇ ਹਨ ਅਤੇ ਨਾਲ ਹੀ ਆਪਣੀ ਅਲੱਗ ਸੱਤਾ ਨੂੰ ਵੀ ਕਾਇਮ ਰੱਖਦੇ ਹਨ ਪਰ ਸਿੱਧਾਂਤਕ ਤੌਰ ਤੇ ਅਟੁੱਟ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਸੰਘ ਇਕ ਰਾਜਨੀਤਕ ਬਣਤਰ ਹੈ ਜਿਹੜੀ ਛੋਟੀਆਂ ਛੋਟੀਆਂ ਸਰਕਾਰਾਂ ਦੇ ਕਿਸੇ ਖ਼ਾਸ ਸਮੇਝੌਤੇ ਅਧੀਨ ਹੋਂਦ ਵਿਚ ਆਇਆ ਇਕ ਸਮੂਹ ਹੈ। ਇਹ ਛੋਟੀਆਂ ਸਰਕਾਰਾਂ ਜਾਂ ਛੋਟੇ ਛੋਟੇ ਰਾਜ ਆਪਣੀ ਸੱਤਾ ਵੱਖਰੇ ਤੌਰ ਤੇ ਬਰਕਰਾਰ ਰੱਖਦਿਆਂ ਹੋਇਆ ਸਾਂਝੇ ਉਦੇਸ਼ਾਂ ਅਤੇ ਹਿੱਤਾਂ ਦੀ ਪੂਰਤੀ ਲਈ ਇਕ ਪ੍ਰਭੂਸੱਤਾ ਕਾਇਮ ਕਰਦੇ ਹਨ। ਇਸ ਤਰ੍ਹਾਂ ਸ਼ਾਮਲ ਹੋਣ ਵਾਲੇ ਸਾਰੇ ਰਾਜ ਏਕਤਾ ਦੀ ਇਕ ਲੜੀ ਵਿਚ ਪਰੋਏ ਜਾਂਦੇ ਹਨ। ਸੰਯੁਕਤ ਰਾਜ ਅਮਰੀਕਾ ਅਜਿਹੀ ਸਰਕਾਰ ਬਣਾਉਣ ਵਿਚ ਦੁਨੀਆਂ ਵਿਚੋਂ ਸਭ ਤੋਂ ਪਹਿਲੇ ਨੰਬਰ ਤੇ ਰਿਹਾ। ਇਸ ਰਾਜ ਵਿਚ ਸ਼ਾਮਲ ਹੋਣ ਵਾਲੇ ਕੁੱਲ 50 ਰਾਜ ਹਨ। ਇਹ ਸਾਰੇ ਦੇ ਸਾਰੇ ਆਪਣੇ ਰਾਜ-ਖੇਤਰਾਂ ਵਿਚ ਪ੍ਰਮੁੱਖ ਹਨ ਅਤੇ ਇਨ੍ਹਾਂ ਦਾ ਆਪਣਾ ਆਪਣਾ ਗਵਰਨਰ, ਪਾਰਲੀਮੈਂਟ ਅਤੇ ਕਾਨੂੰਨੀ ਵਿਭਾਗ ਹੈ। ਇਸੇ ਤਰਾਂ ਇਥੋਂ ਦੀ ਕੇਂਦਰੀ ਸਰਕਾਰ (ਸੰਘਾਤਮਕ ਸਰਕਾਰ) ਵੀ ਵਾਸ਼ਿੰਗਟਨ ਵਿਖੇ ਪ੍ਰਬੰਧਕੀ, ਵਿਧਾਨਕ ਅਤੇ ਨਿਆਂ-ਵਿਭਾਗਾਂ ਵਿਚ ਵੰਡੀ ਹੋਈ ਹੈ। ਭਾਰਤ ਦੀ ਸੰਘਾਤਮਕ ਸਰਕਾਰ ਵੀ ਇਸੇ ਤਰ੍ਹਾਂ ਰਾਜਾਂ ਅਤੇ ਕੇਂਦਰੀ ਸਰਕਾਰ ਵਿਚ ਵੰਡੀ ਹੋਈ ਹੈ। ਹਰੇਕ ਰਾਜ ਦਾ ਆਪਣਾ ਆਪਣਾ, ਗਵਰਨਰ, ਮੰਤਰੀ-ਮੰਡਲ ਵਿਧਾਨ-ਸਭਾ ਅਤੇ ਕਾਨੂੰਨੀ ਅਦਾਲਤ ਹੈ। ਕੇਂਦਰੀ ਸਰਕਾਰ ਦਿੱਲੀ ਵਿਚ ਹੈ ਦਾ ਪ੍ਰਬੰਧ ਰਾਸ਼ਟਰਪਤੀ, ਮੰਤਰੀ-ਮੰਡਲ, ਲੋਕ-ਸਭਾ, ਰਾਜ-ਸਭਾ ਕਰਦੀ ਅਤੇ ਕਾਨੂੰਨ ਪੱਖੋਂ ਸੁਪਰੀਮ ਕੋਰਟ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ। ਸਥਾਨਕ ਮਾਮਲਿਆਂ ਤੋਂ ਛੁੱਟ ਸੁਰੱਖਿਆ, ਬਦੇਸ਼ੀ ਮਾਮਲੇ ਅਤੇ ਕਈ ਹੋਰ ਸਾਂਝੇ ਕਾਰਜਾਂ ਦੀ ਜ਼ਿੰਮੇਵਾਰੀ ਕੇਂਦਰੀ ਸਰਕਾਰ ਨੂੰ ਸੌਂਪੀ ਜਾਂਦੀ ਹੈ। ਸੰਘਾਤਮਕ ਸਰਕਾਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ: - ਸੰਘ ਸਰਕਾਰ ਵਿਚ ਏਕਤਾ ਨਾਲੋਂ ਮੇਲ ਜਾਂ ਸਮਝੋਤੇ ਦੀ ਭਾਵਨਾ ਵਧੇਰੇ ਪ੍ਰਬਲ ਹੁੰਦੀ ਹੈ ਜਦ ਕਿ ਏਕਤਾ ਇਕਾਤਮਕ ਸਰਕਾਰ ਦੇ ਭਾਵ ਨੂੰ ਪ੍ਰਗਟ ਕਰਦੀ ਹੈ ਅਤੇ ਸੰਘ ਆਪਣੇ ਵਿਚ ਸ਼ਾਮਲ ਹੋਣ ਵਾਲੀਆਂ ਇਕਾਈਆਂ ਦੇ ਨਿਜੀ ਰੂਪ ਵਿਚ ਬਰਕਰਾਰ ਰੱਖਦਾ ਹੈ। ਰਾਸ਼ਟਰੀ ਵਿਸ਼ਿਆਂ ਤੋਂ ਬਗੈਰ ਬਾਕੀ ਦੇ ਮਾਮਲਿਆਂ ਨੂੰ ਨਜਿੱਠਣ ਵਿਚ ਇਹ ਇਕਾਈਆਂ ਆਜ਼ਾਦ ਹੁੰਦੀਆਂ ਹਨ। ਸੰਘ ਸਰਕਾਰ ਦਾ ਅਧਿਕਾਰ-ਖੇਤਰ ਉਨ੍ਹਾਂ ਸਾਂਝੇ ਮਾਮਲਿਆਂ ਤੱਕ ਹੁੰਦਾ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸੰਘ ਦਾ ਨਿਰਮਾਣ ਕੀਤਾ ਗਿਆ ਹੋਵੇ। ਜਿਵੇਂ ਰੱਖਿਆ, ਕਰੰਸੀ, ਬੈਂਕਿੰਗ, ਡਾਕ-ਘਰ ਅਤੇ ਆਵਾਜਾਈ ਆਦਿ। ਰਾਜਾਂ ਨੂੰ ਸਥਾਨਕ ਮਹੱਤਤਾ ਦੇ ਕਾਰਜ ਸੌਂਪੇ ਜਾਂਦੇ ਹਨ। ਸੰਘ ਦੇ ਨਿਰਮਾਣ ਸਮੇਂ ਲਿਖਤੀ ਵਿਧਾਨ ਲਾਜ਼ਮੀ ਹੈ। ਇਹ ਵਿਧਾਨ ਨਿਸ਼ਚਿਤ ਰੂਪ ਵਿਚ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਵਿਚਕਾਰ ਜ਼ਿੰਮੇ-ਵਾਰੀਆਂ ਦੀ ਵੰਡ ਕਰਦਾ ਹੈ। ਦੋਹਾਂ ਵਿਚੋਂ ਕੋਈ ਵੀ ਇਕ ਦੂਜੇ ਦੇ ਹੱਕਾਂ ਤੇ ਛਾਪਾ ਨਹੀਂ ਮਾਰ ਸਕਦਾ। ਲੋੜੀਂਦੀ ਤਬਦੀਲੀ ਲਿਆਉਣ ਲਈ ਸੰਵਿਧਾਨ ਵਿਚ ਤਰਮੀਮ ਕਰਨੀ ਪੈਂਦੀ ਹੈ ਜਿਸ ਦਾ ਢੰਗ ਵੀ ਸੰਵਿਧਾਨ ਵਿਚ ਦਸਿਆ ਹੁੰਦਾ ਹੈ। ਇਸ ਤਰਾਂ ‘ਸੰਵਿਧਾਨ’ ਸਰਕਾਰ ਉਪਰ ਆਪਣੀ ਪ੍ਰਭੁਤਾ ਕਾਇਮ ਰੱਖਦਾ ਹੈ। ਹ. ਪੁ. – ਰਾਜਨੀਤਕ ਵਿਗਿਆਨ ਦੇ ਸਿਧਾਂਤ: 303 - ਡਾ. ਅਨੂਪ ਚੰਦ ਕਪੂਰ ; ਡਿਕ. ਪੋ. ਸਾ.: 182
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੰਘ: ਗੁਜਰਾਤ ਵਿਚ ਇਹ ਸ਼ਬਦ ‘ਟੋਬਾ’ ਜਾਤੀ ਲਈ ਵਰਤਿਆ ਜਾਂਦਾ ਹੈ। ਇਹ ਲੋਕ ਆਪਣੀ-ਆਪਣੀ ਸੁੰਘਣ-ਸ਼ਕਤੀ ਨਾਲ ਜ਼ਮੀਨ ਵਿਚੋਂ ਪਾਣੀ ਦੇ ਮਿੱਠਾ ਜਾਂ ਖਾਰਾ ਹੋਣ ਬਾਰੇ ਪਤਾ ਲਗਾ ਲੈਂਦੇ ਹਨ। ਇਸੇ ਲਈ ਇਨ੍ਹਾਂ ਨੂੰ ‘ਸੋਂਘਾ’ ਵੀ ਕਿਹਾ ਜਾਂਦਾ ਹੈ। ‘ਸੰਘ’ ਸ਼ਬਦ ਸਿੰਘਣ ਜਾਂ ਸੁੰਘਣ ਤੋਂ ਉਤਪੰਨ ਹੋਇਆ ਭਾਸਦਾ ਹੈ ਜਿਸ ਦਾ ਅਰਥ ਸਪਸ਼ਟ ਹੈ। ਕਈ ਥਾਈਂ ਸੰਘ ਜਾਤੀ ਨੂੰ ਸਿੰਘਾ’ ਦਾ ਨਾਂ ਦਿੱਤਾ ਗਿਆ ਹੈ ਪਰੰਤੂ ਇਹ ਸ਼ਬਦ ਖ਼ਾਸ ਕਰਕੇ ਖੂਹ ਲੱਭਣ ਵਾਲਿਆਂ ਲਈ ਹੀ ਵਰਤਿਆ ਜਾਂਦਾ ਹੈ। ਲੁਧਿਆਣੇ ਦੇ ਇਲਾਕੇ ਵਿਚ ਇਨ੍ਹਾਂ ਲਈ ਗੋਤਾਖੋਰ ਜਾਂ ‘ਡਬੋਲੀਆ’ ਨਾਂ ਪ੍ਰਚਲਿਤ ਹੈ। ਹ. ਪੁ. – ਗਲਾ. ਟ੍ਰਾ. ਕਾ. ਪੰ. 3 ; ਮ. ਕੋ. ; ਪੰ. ਡਿ.
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੰਘ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸੰਘ : ਸ਼ਬਦ ਲਈ ਪੰਜਾਬੀ ਵਿੱਚ ‘ਸੰਗ’ ਸ਼ਬਦ ਵਰਤਿਆ ਜਾਂਦਾ ਹੈ ਤੇ ਸੰਗ ਤੋਂ ਹੀ ਸੰਗਤ ਸ਼ਬਦ ਬਣਿਆ। ਅਸੀਂ ਆਮ ਆਖਦੇ ਹਾਂ-ਚੰਗੇ ਬੰਦੇ ਦਾ ਸੰਗ ਸਾਥ ਕਰਨਾ ਹਿਤਕਾਰੀ ਹੈ। ਸੋ ਬੁੱਧ ਧਰਮ ਵਿੱਚ ਜਿੱਥੇ ਕਿਤੇ ਸੰਘ ਸ਼ਬਦ ਦੀ ਵਰਤੋਂ ਹੋਈ ਹੈ ਉਸ ਦਾ ਬਿਲਕੁਲ ਸਮਾਨ-ਅੰਤਰ ਸ਼ਬਦ ਸੰਗਤ ਹੈ। ਜੇ ਇਸ ਸ਼ਬਦ ਦੇ ਅਰਥ ਧਾਰਮਿਕ ਅਨੁਸ਼ਾਸਨ ਵਜੋਂ ਕਰਨੇ ਹੋਣ ਤਾਂ ਸਿੱਖ ਧਰਮ ਦਾ ਸ਼ਬਦ ਪੰਥ ਇਸ ਦੀ ਥਾਂ ਲੈ ਸਕਦਾ ਹੈ। ਦੀਖਿਆ ਲੈ ਚੁੱਕੇ ਤੇ ਅਨੁਸ਼ਾਸਨ ਵਿੱਚ ਰਹਿਣ ਵਾਲੇ ਬੋਧੀ ਔਰਤਾਂ ਮਰਦ ‘ਸੰਘ’ ਹੁੰਦੇ ਹਨ।
ਸੰਘ ਦੀ ਨੀਂਹ : ਗਯਾ ਦੇ ਅਸਥਾਨ ਤੇ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ। ਉਹ ਬੈਠ ਕੇ ਵਿਚਾਰ ਕਰਨ ਲੱਗਾ ਕਿ ਕਿਸ ਨੂੰ ਇਸ ਗਿਆਨ ਬਾਰੇ ਦੱਸਿਆ ਜਾਵੇ? ਕੁਝ ਚਿਰ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਫ਼ੈਸਲਾ ਕੀਤਾ ਕਿ ਉਹਨਾਂ ਸਾਧੂਆਂ ਵਿੱਚ ਇਸ ਗਿਆਨ ਦਾ ਪ੍ਰਕਾਸ਼ ਕਰੀਏ ਜਿਨ੍ਹਾਂ ਨੇ ਮੈਨੂੰ ਸ਼ੁਰੂ ਵਿੱਚ ਜੰਗਲ ਵਿੱਚ ਰਹਿਣ ਦੇ ਨਿਯਮ ਦੱਸੇ ਸਨ-ਤਪ ਕਰਨਾ, ਧਿਆਨ ਲਾਉਣਾ, ਮਨ ਸਾਧਣਾ। ਉਹ ਉਹਨਾਂ ਟਿਕਾਣਿਆ ’ਤੇ ਪੁੱਜਿਆ ਜਿੱਥੇ ਇਹ ਸਾਧੂ ਰਹਿੰਦੇ ਸਨ ਪਰ ਉਹ ਸਾਰੇ ਇਸ ਸੰਸਾਰ ਵਿੱਚੋਂ ਜਾ ਚੁੱਕੇ ਸਨ। ਫਿਰ ਉਹ ਸਾਰਨਾਥ ਪੁੱਜਿਆ। ਇੱਥੇ ਬੁੱਧ ਦੇ ਉਹ ਸਾਥੀ ਰਹਿ ਰਹੇ ਸਨ ਜਿਹੜੇ ਬੁੱਧ ਨਾਲ ਨਰਾਜ਼ ਹੋ ਕੇ ਉਸ ਨੂੰ ਛੱਡ ਕੇ ਚਲੇ ਗਏ ਸਨ। ਉਹਨਾਂ ਦੇ ਚਲੇ ਜਾਣ ਦਾ ਕਾਰਨ ਇਹ ਸੀ ਕਿ ਸਾਰਿਆਂ ਨੇ ਰਲ ਕੇ ਅੰਨ ਛੱਡਣ ਦਾ ਫ਼ੈਸਲਾ ਕਰ ਲਿਆ ਤੇ ਹਠ ਯੋਗ ਸ਼ੁਰੂ ਕਰ ਦਿੱਤਾ ਪਰ ਕੁਝ ਦਿਨਾਂ ਬਾਅਦ ਬੁੱਧ ਨੇ ਹਠ ਤਿਆਗ ਦੇਣ ਦਾ ਫ਼ੈਸਲਾ ਕੀਤਾ ਤੇ ਸੰਜਮ ਵਿੱਚ ਰਹਿ ਕੇ ਖਾਣਾ ਖਾਣ ਲੱਗਾ। ਉਸ ਦੇ ਸਾਥੀ ਇਹ ਕਹਿ ਕੇ ਚਲੇ ਗਏ ਸਨ ਕਿ ਵਚਨ ਕਰਕੇ ਪਿੱਛੇ ਹਟਣਾ ਹਠ-ਤਪ ਦੀ ਬੇਇੱਜ਼ਤੀ ਹੈ। ਬੁੱਧ ਉਹਨਾਂ ਪਾਸ ਪੁੱਜਾ। ਜਦੋਂ ਉਹਨਾਂ ਨੇ ਪਛਾਣਿਆ ਕਿ ਇਹ ਗੌਤਮ ਹੈ ਤਾਂ ਉਸ ਪਾਸੋਂ ਉਠ ਕੇ ਜਾਣ ਲੱਗੇ ਪਰ ਗੌਤਮ ਨੇ ਉਹਨਾਂ ਨੂੰ ਰੋਕ ਲਿਆ ਤੇ ਨਿਰਵਾਣ ਬਾਰੇ ਦੱਸਿਆ। ਬੁੱਧ ਦੀਆਂ ਗੱਲਾਂ ਸੁਣ ਕੇ ਉਹ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਸਹੀ ਗਿਆਨ ਗੌਤਮ ਮੁਨੀ ਪ੍ਰਾਪਤ ਕਰ ਚੁਕਿਆ ਹੈ। ਉਹਨਾਂ ਨੇ ਬੋਧ ਉਪਦੇਸ਼ ਸੁਣੇ ਤੇ ਮੰਨੇ। ਇਹ ਬੋਧ ਸੰਘ ਦੀ ਨੀਂਹ ਸੀ। ਇਸ ਨੀਂਹ ਨੂੰ ਬੋਧ ਗ੍ਰੰਥਾਂ ਵਿੱਚ “ਧੱਮ ਚੱਕ ਪਬੱਤ ਮੁੱਤ” (ਧਰਮ ਚੱਕਰ ਪਰਾਵਰਤਨ ਸੂਤਰ) ਕਿਹਾ ਜਾਂਦਾ ਹੈ ਤੇ ਅੰਗਰੇਜ਼ੀ ਪੋਥੀਆਂ ਵਿੱਚ ਸਰਮਨ ਐਟ ਸਾਰਨਾਥ ਨਿਰਵਾਣ ਦੇ ਸਿਰਲੇਖ ਅਧੀਨ ਵਿਚਾਰਿਆ ਜਾਂਦਾ ਹੈ। ਬੋਧੀ ਕਹਿੰਦੇ ਹਨ ਕਿ ਧਰਮ ਰੱਬ ਦੇ ਪਹੀਏ ਨੂੰ ਪਹਿਲਾ ਗੇੜਾ ਇਹੀ ਸੀ।
ਅਨੁਸ਼ਾਸ਼ਨ : ਤ੍ਰਿਪਿਟਿਕ ਗ੍ਰੰਥਾਂਵਾਲੀ ਵਿੱਚੋਂ ਯਿਪਿਟਕ ਗ੍ਰੰਥ ਸੰਘ ਦੇ ਅਨੁਸ਼ਾਸ਼ਨ ਬਾਰੇ ਹੈ। ਇਸ ਗ੍ਰੰਥ ਵਿੱਚ ਸੰਘ ਵਿੱਚ ਸ਼ਾਮਲ ਵਿਅਕਤੀਆਂ ਦੇ ਆਚਾਰ-ਵਿਚਾਰ ਬਾਰੇ ਨਿਯਮ ਦਰਜ਼ ਕੀਤੇ ਗਏ ਹਨ ਕਿਉਂਕਿ ਬੁੱਧ ਨੇ ਆਪਣੇ ਜਿਊਂਦੇ ਜੀਅ ਸੰਘ ਕਾਇਮ ਕਰ ਦਿੱਤਾ ਸੀ ਇਸ ਲਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਯਪਿਟਕ ਵਿੱਚ ਦਰਜ਼ ਸਮਗਰੀ ਮਹਾਤਮਾ ਬੁੱਧ ਦੇ ਆਪਣੇ ਹੁਕਮ ਹਨ। ਇਹ ਗ੍ਰੰਥ ਬੋਧੀਆਂ ਨੇ ਪਹਿਲੀ ਮਹਾਂਸਭਾ ਵਿੱਚ ਤਿਆਰ ਕਰ ਲਿਆ ਸੀ ਤੇ ਪਹਿਲੀ ਮਹਾਂਸਭਾ ਬੁੱਧ ਦੇ ਮਹਾਂ ਨਿਰਵਾਣ ਤੋਂ ਇੱਕ ਮਹੀਨਾ ਬਾਅਦ ਹੋਈ ਸੀ। ਇਸ ਵਿੱਚ ਉਹ ਬੋਧੀ ਵਿਦਵਾਨ ਸ਼ਾਮਲ ਹੋਏ ਜਿਹੜੇ ਮਹਾਤਮਾ ਬੁੱਧ ਨਾਲ ਰਹੇ ਜਾਂ ਜਿਨ੍ਹਾਂ ਨੇ ਬੁੱਧ ਦੇ ਬਚਨ ਸੁਣੇ ਸਨ। ਜਦੋਂ ਸੰਘ ਦੀ ਸਥਾਪਨਾ ਤੇ ਅਨੁਸ਼ਾਸ਼ਨ ਦੇ ਇਹ ਨਿਯਮ ਲਿਖੇ ਜਾ ਰਹੇ ਸਨ ਤਾਂ ਆਨੰਦ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਬੋਧ-ਵਚਨਾਂ ਦੀ ਪ੍ਰਮਾਣਿਕਤਾ ਬਾਰੇ ਅੰਤਿਮ ਫ਼ੈਸਲਾ ਉਸ ਦਾ ਹੋਵੇਗਾ। ਬੁੱਧ ਦਾ ਪਰਮ ਮਿੱਤਰ ਆਨੰਦ ਉਸ ਨਾਲ ਸਭ ਤੋਂ ਵਧੀਕ ਲੰਮਾ ਸਮਾਂ ਰਿਹਾ। ਤ੍ਰਿਪਿਟਿਕ ਦੇ ਇਸ ਗ੍ਰੰਥ ਵਿਯਪਿਟਕ ਦੇ ਅੱਗੇ ਫਿਰ ਤਿੰਨ ਉਪਗ੍ਰੰਥ ਹਨ :
1. ਵਿਨਯ ਵਿਭੰਗ : ਇਸ ਗ੍ਰੰਥ ਵਿੱਚ ਇਸ ਤਰ੍ਹਾਂ ਦੇ ਨੇਮ ਦਰਜ਼ ਹਨ ਕਿ ਸੰਘ ਵਿੱਚ ਭਿੱਖੂ ਨੂੰ ਕਿਵੇਂ ਦਾਖ਼ਲ ਕਰਨਾ ਹੈ, ਭਿੱਖੂ ਆਪਣੇ ਪਾਸ ਜ਼ਰੂਰੀ ਲੋੜੀਂਦਾ ਕਿਹੜਾ ਸਮਾਨ ਰੱਖੇ, ਇੱਕ ਦੂਜੇ ਦੀ ਸਹਾਇਤਾ ਕਿਵੇਂ ਕਰਨੀ ਹੈ, ਕਿਹੜੀਆਂ ਚੀਜ਼ਾਂ ਤੇ ਦਵਾਈਆਂ ਖਾਣਯੋਗ/ਵਰਤਣ ਯੋਗ ਹਨ।
2. ਸਕੰਧ : ਇਸ ਗ੍ਰੰਥ ਵਿੱਚ ਅਜਿਹੇ ਨੇਮ ਦਰਜ਼ ਹਨ ਜਿਨ੍ਹਾਂ ਦੀ ਵਰਤੋਂ ਓਦੋਂ ਕਰਨੀ ਹੈ ਜਦੋਂ ਕੋਈ ਭਿੱਖੂ ਗ਼ਲਤੀ ਕਰੇ। ਜੇ ਗ਼ਲਤੀ ਦਾ ਆਪ ਇਕਬਾਲ ਕਰ ਲਵੇ ਤਾਂ ਰਿਆਇਤ ਵੀ ਹੋ ਸਕਦੀ ਹੈ ਪਰ ਜੇ ਗ਼ਲਤੀ ਫੜੀ ਜਾਵੇ ਤਾਂ ਕੀ ਸਜ਼ਾ ਦੇਣੀ ਹੈ? ਇਵੇਂ ਹੀ, ਭਿੱਖੂਆਂ ਤੇ ਭਿਖੂਣੀਆਂ ਨਾਲ ਤੇ ਗ੍ਰਹਿਸਥੀਆਂ ਨਾਲ ਕਿਹੋ ਜਿਹੇ ਸੰਬੰਧ ਹੋਣ ਉਹਨਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ। ਭਿੱਖੂਆਂ ਅਤੇ ਭਿੱਖੂਣੀਆਂ ਦੇ ਰਹਿਣ ਲਈ ਵੱਖ-ਵੱਖ ਰਿਹਾਇਸ਼ ਸਥਾਨ ਬਣਾਏ ਜਾਣ ਦੇ ਨਿਯਮ ਹਨ।
3. ਪਰਵਾਰ : ਪਰਵਾਰ ਗ੍ਰੰਥ ਵਿੱਚ ਪਹਿਲੇ ਦੋਵੇਂ ਗ੍ਰੰਥਾਂ (ਵਿਨਯ ਵਿਭੰਗ ਅਤੇ ਸੰਕਧ) ਦੇ ਨਿਯਮਾਂ ਅਤੇ ਸੂਤਰਾਂ ਦੀ ਵਿਸਥਾਰ ਸਹਿਤ ਜਾਣਕਾਰੀ ਹੈ। ਟੂਕਾਂ ਤੇ ਟਿੱਪਣੀਆਂ ਅਤੇ ਕਥਾਵਾਂ ਦੇ ਮੁਸ਼ਕਲ ਤੱਥਾਂ ਨੂੰ ਅਸਾਨ ਬਣਾਇਆ ਗਿਆ ਹੈ।
ਸੰਘ ਦੇ ਚਾਰ ਮੁੱਖ ਅੰਗ ਹਨ :
(ੳ) ਭਿੱਖੂ
(ਅ) ਭਿੱਖੂਣੀਆਂ
(ੲ) ਉਪਾਸ਼ਕ
(ਸ) ਉਪਾਸ਼ਕਾਵਾਂ
ਉਪਾਸ਼ਕ ਤੇ ਉਪਾਸ਼ਕਾਵਾਂ ਗ੍ਰਹਿਸਥੀ ਮਰਦ ਅਤੇ ਔਰਤਾਂ ਹੁੰਦੀਆਂ ਸਨ : ਭਿੱਖੂ ਅਤੇ ਭਿੱਖੂਣੀਆਂ ਕੇਵਲ ਵਿਸ਼ੇਸ਼ ਸਮਾਗਮਾਂ ਤੇ ਇਕੱਠੇ ਹੋ ਸਕਦੇ ਸਨ ਉਹ ਵੀ ਸੰਗਤ ਰੂਪ ਵਿੱਚ। ਇਕੱਲਾ ਭਿੱਖੂ ਇਕੱਲੀ ਭਿੱਖੂਣੀ ਨਾਲ ਗੱਲ ਨਹੀਂ ਕਰ ਸਕਦਾ ਸੀ। ਅਜਿਹਾ ਕਰਨ ਵਾਲਾ ਸਜ਼ਾ ਦਾ ਭਾਗੀ ਬਣਦਾ। ਸੰਘ ਵਿੱਚੋਂ ਕੱਢੇ ਜਾਣ ਦਾ ਹੁਕਮ ਹੋ ਸਕਦਾ ਸੀ ਪਰ ਮਹਾਤਮਾ ਬੁੱਧ ਨੇ ਸੰਘ ਦਾ ਅਨੁਸ਼ਾਸਨ ਕਠੋਰ ਨਹੀਂ ਰੱਖਿਆ। ਉਹ ਬਹੁਤਾ ਕਰਕੇ ਗ਼ਲਤੀ ਕਰਨ ਵਾਲਿਆਂ ਨੂੰ ਮਾਫ਼ ਕਰਦਾ ਰਹਿੰਦਾ। ਇੱਕ ਵਾਰ ਦੇਵਦੱਤ ਨੇ ਬੁੱਧ ਪਾਸ ਭਿੱਖੂਆਂ ਦੀ ਸ਼ਿਕਾਇਤ ਕੀਤੀ ਕਿ ਸੰਘ ਵਿੱਚ ਅਨੁਸ਼ਾਸਨ ਵਿਗੜਦਾ ਜਾ ਰਿਹਾ ਹੈ। ਤੁਸੀਂ ਕਿਹਾ ਹੋਇਆ ਹੈ ਕਿ ਅੱਠ ਪਹਿਰ ਵਿੱਚ ਕੇਵਲ ਇੱਕ ਵਾਰ ਭੋਜਨ ਛਕਣਾ ਹੈ ਪਰ ਕਈ ਭਿੱਖੂ ਦੋ-ਦੋ ਵਾਰ ਖਾਣਾ ਖਾਣ ਲੱਗ ਗਏ ਹਨ। ਤੁਸੀਂ ਕਿਹਾ ਹੋਇਆ ਹੈ ਕਿ ਵਧੇਰੇ ਸਮਾਂ ਸਾਧਨਾ ਵਿੱਚ ਲਾਉਣਾ ਹੈ ਤੇ ਘੱਟ ਸੌਣਾ ਹੈ ਪਰ ਕਈ ਭਿੱਖੂ ਬਹੁਤ ਸੌਂਦੇ ਹਨ।
ਬੁੱਧ ਨੇ ਕਿਹਾ-ਮੰਗ ਕੇ ਲਿਆਂਦੀਆਂ ਹੋਈਆਂ ਰੋਟੀਆਂ ਜੋ ਇੱਕ ਵਾਰ ਦੀ ਥਾਂ ਦੋ ਵਾਰ ਖਾ ਲਈਆਂ ਤਾਂ ਇਹ ਕੋਈ ਅੱਯਾਸ਼ੀ ਨਹੀਂ। ਮੈਂ ਸਹਿਜ ਵਿੱਚ ਰਹਿ ਕੇ ਜੀਵਨ ਦਾ ਹਰ ਸੁੱਖ ਅੰਤ ਤੱਕ ਦੇਖਿਆ ਪਰ ਫਿਰ ਇੱਕ ਦਿਨ ਸਭ ਕੁਝ ਛੱਡ ਕੇ ਮੈਂ ਸੰਨਿਆਸ ਲੈ ਲਿਆ। ਇਸੇ ਤਰ੍ਹਾਂ ਇਹਨਾਂ ਵਿੱਚੋਂ ਵੀ ਕਈ ਮਨ ਅਤੇ ਸਰੀਰ ਸਾਧ ਲੈਣਗੇ। ਹਾਲੇ ਇਹ ਸਿਖਿਆਰਥੀ ਹਨ।
ਪ੍ਰਵੇਸ਼ : ਸੰਘ ਵਿੱਚ ਦਾਖ਼ਲ ਹੋਣ ਦੇ ਨਿਯਮ ਸਾਦੇ ਹਨ। ਜਿਹੜਾ ਬੁੱਧ ਪਾਸ ਆ ਕੇ ਸੰਘ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਦਾ ਉਸ ਨੂੰ ਪ੍ਰਵਾਨਗੀ ਮਿਲ ਜਾਂਦੀ। ਬੁੱਧ ਤੋਂ ਬਾਅਦ ਸੰਘ ਪ੍ਰਵੇਸ਼ ਵਾਸਤੇ ਕੁਝ ਰਸਮਾਂ ਬਣਾਈਆਂ ਗਈਆਂ। ਅਭਿਲਾਖੀ ਔਰਤ ਜਾਂ ਮਰਦ ਜਦੋਂ ਬੁੱਧ ਧਰਮ ਵਿੱਚ ਆਉਣਾ ਚਾਹੁੰਦੇ ਤਾਂ ਸੰਘ ਮੁਖੀ ਪਾਸ ਇੱਛਾ ਪ੍ਰਗਟ ਕਰਦਾ। ਫਿਰ ਉਹ ਤਿੰਨ ਵਾਕ ਉਚਾਰਦਾ :
ਬੁੱਧਮ ਸਰਣਮ ਗੱਛਾਸਿ
(ਮੈ ਬੁੱਧ ਦੀ ਸ਼ਰਣ ਵਿੱਚ ਆਇਆ ਹਾਂ)
ਸੰਘਮ ਸਰਣਮ ਗੱਛਾਮਿ
(ਮੈ ਸੰਗਤ ਦੀ ਸ਼ਰਣ ਲੈ ਲਈ ਹੈ)
ਧੱਮਮ ਸਰਣਮ ਗੱਛਾਮਿ
(ਮੈ ਧਰਮ ਦੀ ਸ਼ਰਣ ਵਿੱਚ ਆਇਆ ਹਾਂ)
ਉਸ ਨੂੰ ਰਹਿਤ ਮਰਿਆਦਾ ਸੰਬੰਧੀ ਦੱਸਿਆ ਜਾਂਦਾ ਹੈ ਲੋੜੀਂਦੇ ਵਸਤਰ ਦਿੱਤੇ ਜਾਂਦੇ। ਭਿੱਖੂ ਥੋੜ੍ਹਾ ਕੁ ਸਮਾਨ ਆਪਣੇ ਪਾਸ ਰੱਖ ਸਕਦਾ ਸੀ। ਦੋ ਜੋੜੇ ਕੱਪੜੇ-ਇੱਕ ਜੋੜਾ ਜੁੱਤੀ, ਇੱਕ ਸੋਟੀ, ਇੱਕ ਭਿਖਿਆ ਮੰਗਣ ਵਾਲਾ ਕਟੋਰਾ। ਗ੍ਰਹਿਸਥੀਆਂ ਉੱਪਰ ਖ਼ਾਸ ਬੰਦਸ਼ਾਂ ਨਹੀਂ ਸਨ।
ਕਰਜ਼ਾ ਲੈ ਕੇ ਦੀਵਾਲੀਏ ਹੋ ਜਾਣ ਵਾਲੇ ਲੋਕ ਰੋਟੀਆਂ ਖਾਣ ਲਈ ਸੰਘ ਵਿੱਚ ਆਉਣ ਲੱਗੇ। ਯੁੱਧ ਵਿੱਚੋਂ ਡਰ ਕੇ ਭੱਜੇ ਸੈਨਿਕ ਭਗੌੜੇ ਸੰਘ ਵਿੱਚ ਪਨਾਹ ਲੈਣ ਲੱਗ ਪਏ। ਬਿਮਾਰ, ਅਪਾਹਜ ਤੇ ਮੁਜਰਿਮ ਸੰਘ ਵਿੱਚ ਆਉਣ ਲੱਗ ਪਏ। ਤਦ ਕੁਝ ਨਿਯਮ ਬਣਾ ਲਏ ਗਏ। ਕੋਈ ਨਾਬਾਲਗ਼ ਬੱਚਾ ਆਪਣੇ ਮਾਪਿਆਂ ਦੀ ਜਾਂ ਸਰਪ੍ਰਸਤ ਦੀ ਆਗਿਆ ਬਗ਼ੈਰ ਸੰਘ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ। ਇਵੇਂ ਹੀ ਇਸਤਰੀਆਂ ਆਪਣੇ ਪਤੀ ਜਾਂ ਮਾਪਿਆਂ ਦੀ ਆਗਿਆ ਲੈ ਕੇ ਆਉਣ। ਸਟੇਟ ਦੇ ਮੁਲਾਜ਼ਮ ਆਪਣੇ ਰਾਜੇ ਦੀ ਪ੍ਰਵਾਨਗੀ ਲੈਣ। ਨਾਬਾਲਗ਼ ਬੱਚਾ ਬਾਲਗ਼ ਹੋਣ ਤੱਕ ਵਡੇਰਿਆਂ ਦੀ ਨਿਗਰਾਨੀ ਵਿੱਚ ਵਿੱਦਿਆ ਪ੍ਰਾਪਤ ਕਰੇ। ਉਸ ਉਪਰੰਤ ਹੀ ਉਹਨਾਂ ਨੂੰ ਦੀਖਿਆ ਦਿੱਤੀ ਜਾਂਦੀ ਹੈ।
ਸੰਘ ਮੁਖੀ : ਜੋ ਕੁਝ ਭਿੱਖੂ ਮੰਗ ਕੇ ਲਿਆਉਂਦੇ ਉਹੀ ਸੰਘ ਦੀ ਆਮਦਨ ਸੀ ਪਰ ਜਿਉਂ-ਜਿਉਂ ਸੰਘ ਵੱਡਾ ਹੁੰਦਾ ਗਿਆ, ਖ਼ਰਚੇ ਵਧਦੇ ਗਏ। ਫਿਰ ਧਨੀ, ਰਾਜੇ, ਦਾਨੀ ਲੋਕ ਦਾਨ ਦੇਣ ਲੱਗ ਪਏ। ਜਿਸ ਭਿੱਖੂ ਨੂੰ ਜੋ ਦਾਨ ਮਿਲਦਾ ਉਹ ਸੰਘ ਮੁਖੀ ਨੂੰ ਦਿੱਤਾ ਜਾਂਦਾ ਤੇ ਸੰਘ ਮੁਖੀ ਆਪਣੀਆਂ ਦਾਨ ਵਿੱਚ ਮਿਲੀਆਂ ਵਸਤਾਂ ਆਪਣੀ ਮਰਜ਼ੀ ਨਾਲ ਦੂਜੇ ਭਿੱਖੂ ਨੂੰ ਨਹੀਂ ਦੇ ਸਕਦਾ ਸੀ।
ਮਹਾਤਮਾ ਬੁੱਧ ਨੇ ਆਪਣਾ ਕੋਈ ਉੱਤਰਅਧਿਕਾਰੀ ਨਹੀਂ ਥਾਪਿਆ। ਸੰਘ-ਮੁਖੀ ਦਾ ਰੁਤਬਾ ਬੁੱਧ ਦੇ ਬਰਾਬਰ ਦਾ ਜਾਂ ਉਸ ਦੇ ਕੋਈ ਉੱਤਰ-ਅਧਿਕਾਰੀ ਜਿਹਾ ਰੁਤਬਾ ਨਹੀਂ ਸੀ। ਸੰਗਤ ਵਿੱਚੋਂ ਕਿਸੇ ਨੂੰ ਇਹ ਜ਼ੁੰਮੇਵਾਰੀ ਦੇ ਦਿੱਤੀ ਜਾਂਦੀ ਤੇ ਸੰਘ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਮੁਖੀ ਨੂੰ ਬਦਲ ਦਿੰਦਾ। ਵੱਖ-ਵੱਖ ਬੋਧ ਆਸ਼੍ਰਮਾਂ ਵਿੱਚ ਵੱਖ-ਵੱਖ ਸੰਘ ਮੁਖੀ ਹੁੰਦੇ ਸਨ। ਇਉਂ ਕੰਮ ਚਲਾਉਣ ਲਈ ਇਹ ਇੱਕ ਆਮ ਜਿਹੀ ਨੁਮਾਇੰਦਗੀ ਹੁੰਦੀ ਸੀ। ਸਾਰੇ ਅਧਿਕਾਰ ਸੰਘ ਪਾਸ ਸਨ ਨਾ ਕਿ ਮੁਖੀ ਪਾਸ।
ਜਦੋਂ ਸੰਘ ਵਡੇਰਾ ਹੁੰਦਾ ਗਿਆ-ਦੂਰ-ਦੂਰ ਵੱਖ-ਵੱਖ ਰਾਜਾਂ ਵਿੱਚ ਫੈਲਦਾ ਗਿਆ ਤਾਂ ਇੱਕ ਆਸ਼੍ਰਮ ਦੇ ਦੂਜੇ ਦੂਰ ਦੇ ਆਸ਼੍ਰਮ ਨਾਲੋਂ ਵਖਰੇਵੇਂ ਹੋ ਜਾਂਦੇ ਸਨ। ਅਜਿਹੇ ਵਖਰੇਵੇਂ ਕਿਤੇ ਆਪਸੀ ਵਿਰੋਧ ਦਾ ਰੁਖ ਨਾ ਧਾਰ ਲੈਣ ਇਸ ਵਾਸਤੇ ਮਹਾਂ-ਸਭਾਵਾਂ ਬੁਲਾਈਆਂ ਜਾਂਦੀਆਂ ਸਨ। ਹਰ ਸੌ ਸਾਲ ਬਾਅਦ ਮਹਾਂ ਸਭਾ ਹੁੰਦੀ ਤੇ ਵਖਰੇਵੇਂ ਦੂਰ ਕਰਨ ਲਈ ਜਾਂਦੇ। ਅਜਿਹਾ ਵੀ ਇੱਕ ਵਾਰ ਅਸ਼ੋਕ ਦੇ ਸਮੇਂ ਹੋਇਆ ਜਦੋਂ ਸੰਘ ਵਿੱਚ ਅਜਿਹੀ ਫੁੱਟ ਪਈ ਕਿ ਇਹ ਦੁਫਾੜ ਹੋ ਗਿਆ। ਇੱਕ ਹੀਨਯਾਨ ਹੋ ਗਿਆ ਤੇ ਦੂਜਾ ਮਹਾਯਾਨ।
ਬੋਧ ਆਸ਼੍ਰਮ ਹੌਲੀ-ਹੌਲੀ ਸੰਘ ਦੇ ਵਿਸ਼ਵ ਵਿਦਿਆਲੇ ਬਣ ਗਏ। ਇਹਨਾਂ ਵਿਸ਼ਵ ਵਿਦਿਆਲਿਆਂ ਨੇ ਉੱਚਕੋਟੀ ਦੇ ਵਿਦਵਾਨ ਅਤੇ ਭਿੱਖੂ ਪੈਦਾ ਕੀਤੇ। ਨਾਲੰਦਾ ਅਤੇ ਟੈਕਸਲਾ ਕਿਸੇ ਸਮੇਂ ਅਜਿਹੀਆਂ ਮਹਾਨ ਯੂਨੀਵਰਸਿਟੀਆਂ ਰਹੀਆਂ ਹਨ ਜਿੱਥੇ ਵਿਸ਼ਵ ਭਰ ਵਿੱਚੋਂ ਜਿਗਿਆਸੂ ਵਿੱਦਿਆ ਪ੍ਰਾਪਤ ਕਰਨ ਆਉਂਦੇ। ਦਾਨੀ ਲੋਕਾਂ ਨੇ ਸ਼ਾਨਦਾਰ ਇਮਾਰਤਾਂ ਉਸਾਰ ਦਿੱਤੀਆਂ ਤੇ ਅਧਿਆਪਕਾਂ ਵਿਦਿਆਰਥੀਆਂ ਨੂੰ ਸਭ ਸੁੱਖ ਪ੍ਰਾਪਤ ਹੋਣ ਲੱਗੇ। ਅਰੰਭ ਵਿੱਚ ਜਿਹੜਾ ਸੰਘ ਸੁੱਖਾਂ ਤੋਂ ਦੂਰ ਤੇ ਸੰਜਮ ਵਿੱਚ ਵਿਚਰ ਰਿਹਾ ਸੀ ਹੌਲੀ-ਹੌਲੀ ਸੁੱਖ-ਸਾਧਨਾਂ ਦੀ ਵਰਤੋਂ ਕਰਨ ਲੱਗ ਪਿਆ। ਰਾਜ ਸੱਤਾ ਨੇ ਭਰਪੂਰ ਮਦਦ ਕੀਤੀ। ਜਦੋਂ ਕਿਸੇ ਧਰਮ ਨੇ ਰਾਜ ਉੱਪਰ ਨਿਰਭਰ ਹੋਣ ਦਾ ਫ਼ੈਸਲਾ ਕਰ ਲਿਆ ਹੋਵੇ ਉਸ ਵਿੱਚ ਸੁਭਾਵਿਕ ਕੁਰੀਤੀਆਂ ਆ ਜਾਂਦੀਆਂ ਹਨ। ਆਮ ਤੌਰ ’ਤੇ ਲੋਕ ਸਟੇਟ ਤੋਂ ਤੰਗ ਆ ਕੇ ਧਰਮ ਦੀ ਸ਼ਰਨ ਵਿੱਚ ਜਾਂਦੇ ਹਨ ਪਰ ਜਦੋਂ ਧਰਮ ਅਤੇ ਸਟੇਟ ਇੱਕ ਹੋ ਗਏ ਤਾਂ ਜਿਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੋਵੇ ਉਹ ਇਨਸਾਫ਼ ਕਿੱਥੋਂ ਲੈਣ? ਜੇ ਸੰਘ ਦਾ ਖ਼ਰਚਾ ਸਟੇਟ ਨੇ ਓਟ ਲਿਆ ਹੈ ਤਾਂ ਸਟੇਟ ਦੇ ਹੱਕ ਵਿੱਚ ਧਰਮ ਦੇ ਫ਼ੈਸਲੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਟੇਟ ਨਿਰਭਰਤਾ ਦਾ ਸਿੱਟਾ ਇਹ ਨਿਕਲਿਆ ਕਿ ਜਿੰਨਾ ਚਿਰ ਰਾਜ ਬੋਧੀਆਂ ਦਾ ਰਿਹਾ ਬੁੱਧ ਮਤ ਫੈਲਦਾ ਰਿਹਾ ਪਰ ਜਦੋਂ ਰਾਜ-ਸੱਤਾ ਦੂਜੇ ਧਰਮਾਂ ਦੀ ਸਥਾਪਿਤ ਹੋ ਗਈ ਉੱਥੇ ਸੰਘ ਆਪਣੇ ਪੈਰਾਂ ਤੇ ਖੜੋ ਨਾ ਸਕਿਆ। ਇਹੀ ਕਾਰਨ ਹੈ ਕਿ ਉਹ ਸੰਘ ਜਿਸ ਨੇ ਕੁੱਲ ਏਸ਼ੀਆ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਸੀ ਹੁਣ ਸਿਮਟ ਕੇ ਛੋਟਾ ਹੋ ਗਿਆ ਹੈ। ਪਰ ਸੰਘ ਨੇ ਜਿਵੇਂ ਆਪਣਾ ਸ਼ੁੱਧ ਸਾਹਿਤਿਕ ਅਣਮੋਲ ਖ਼ਜ਼ਾਨਾ ਸੰਭਾਲ ਕੇ ਰੱਖਿਆ ਹੈ-ਭਵਿਖ ਵਿੱਚ ਇਸ ਦੇ ਵਿਕਾਸ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ।
ਲੇਖਕ : ਹਰਪਾਲ ਸਿੰਘ ਪੰਨੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7018, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-13-12-37-13, ਹਵਾਲੇ/ਟਿੱਪਣੀਆਂ:
ਸੰਘ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਘ, ਪੁਲਿੰਗ : ੧.ਖਾਧਾ ਪੀਤਾ ਅੰਦਰ ਲੰਘਣ ਨੂੰ ਜੀਭ ਦੀ ਜੜ੍ਹ ਪਾਸ ਦਾ ਛੇਕ, ਗਲਾ ਕੰਠ; ੨. ਘੰਡੀ, ਬੋਲ ਨਿਕਲਣ ਦੀ ਥਾਂ (ਲਾਗੂ ਕਿਰਿਆ : ਖੁਲ੍ਹਣਾ, ਘੁੱਟਣਾ, ਬੈਠਣਾ)
–ਸੰਘ ਪਾਟ ਜਾਣਾ, ਮੁਹਾਵਰਾ : ਬਹੁਤ ਵਾਜਾਂ ਮਾਰਨਾ
–ਸੰਘ ਪਾਟਿਆ ਹੋਣਾ, ਮੁਹਾਵਰਾ : ਨਿਰਸੰਕੋਚ ਬੋਲਣ ਦੀ ਆਦਤ ਹੋਣਾ, ਮੂੰਹ ਫਟ ਹੋਣਾ
–ਸੰਘ ਪਾੜਨਾ, ਮੁਹਾਵਰਾ : ਉੱਚੀ ਉੱਚੀ ਬੋਲਣਾ, ਉੱਚੀ ਅਵਾਜ਼ ਕੱਢਣਾ
–ਸੰਘ ਮਿਲਣਾ, ਮੁਹਾਵਰਾ : ਨਾ ਬੋਲਣਾ, ਨਾ ਬੋਲਿਆ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-02-40-58, ਹਵਾਲੇ/ਟਿੱਪਣੀਆਂ:
ਸੰਘ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਘ, ਪੁਲਿੰਗ : ਜੱਥਾ, ਇਕੱਠਾ, ਜੋੜ, ਯੂਨੀਅਨ, ਦਲ, ਸਭਾ, ਸਮਾਜ, ਮੇਲ
–ਸੰਧਾਨੀ ਸੰਘ, (ਇਤਿਹਾਸ) / ਪੁਲਿੰਗ : ਕਈ ਸੁਤੰਤਰ ਰਿਆਸਤਾਂ (ਰਾਜਾਂ) ਦੀ ਪਰਸਪਰ ਸਮਝੌਤੇ ਅਨੁਸਾਰ ਕੀਤੀ ਜਥੇਬੰਦੀ
–ਸੰਘਸੂਚੀ, ਇਸਤਰੀ ਲਿੰਗ : ਕੱਠੀਆਂ ਕੀਤੀਆਂ ਹੋਈਆਂ ਜਾਂ ਮਿਲਾਈਆਂ ਹੋਈਆਂ ਚੀਜ਼ਾਂ ਦੀ ਫਰਿਸਤ (ਸੂਚੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-02-41-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First