ਸੰਗਤ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਗਤ ਸਿੰਘ. ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਦੇ ਵੀਹਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਚਮਕੌਰ ਦੇ ਮਕਾਮ ਤੇ ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰੁਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ ਸੀ. ਦੇਖੋ, ਸੰਤ ਸਿੰਘ ੧।

ਰਾਜਾ ਫਤੇ ਸਿੰਘ ਜੀਂਦਪਤਿ ਦਾ ਪੁਤ੍ਰ, ਜੋ ੧੧ ਵਰ੍ਹੇ ਦੀ ਉਮਰ ਵਿੱਚ, ਪਿਤਾ ਦੇ ਮਰਨ ਪਿੱਛੋਂ ੩੦ ਜੁਲਾਈ ਸਨ ੧੮੨੨ ਨੂੰ ਜੀਂਦ ਦੀ ਗੱਦੀ ਤੇ ਬੈਠਾ. ਸਨ ੧੮੨੪ ਵਿੱਚ ਇਸ ਦੀ ਸ਼ਾਦੀ ਵਡੀ ਧੂਮ ਧਾਮ ਨਾਲ ਸ਼ਾਹਬਾਦ ਦੇ ਰਈਸ ਰਣਜੀਤ ਸਿੰਘ ਦੀ ਸੁਪੁਤ੍ਰੀ ਸਭਾ ਕੌਰ ਨਾਲ ਹੋਈ. ਰਾਜਾ ਸੰਗਤ ਸਿੰਘ ਰਾਜ ਕਾਜ ਵੱਲ ਘੱਟ ਧਿਆਨ ਦਿੰਦਾ ਸੀ. ਮਹਾਰਾਜਾ ਰਣਜੀਤ ਸਿੰਘ ਇਸ ਨੂੰ ਆਪਣਾ ਸੰਬੰਧੀ ਅਤੇ ਸ਼ਾਹਸਵਾਰ ਜਾਣਕੇ ਬਹੁਤ ਪਿਆਰ ਕਰਦਾ ਸੀ. ਤੇਈ ਵਰ੍ਹੇ ਦੀ ਉਮਰ ਵਿੱਚ ੩ ਨਵੰਬਰ ੧੮੩੪ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਇਸ ਦੇ ਸੰਤਾਨ ਕੋਈ ਨਹੀਂ ਸੀ, ਇਸ ਲਈ ਰਾਜਗੱਦੀ ਇਸ ਦੇ ਭਤੀਜੇ ਸਰੂਪ ਸਿੰਘ ਰਈਸ ਬਜੀਦਪੁਰ ਨੂੰ ਮਿਲੀ. ਦੇਖੋ, ਸਰੂਪ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਗਤ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਤ ਸਿੰਘ : ਲਹੌਰਾ ਸਿੰਘ ਦਾ ਪੁੱਤਰ ਸੀ ਅਤੇ ਬੰਦਾ ਸਿੰਘ ਬਹਾਦਰ ਦੇ ਅਨੁਯਾਈਆਂ ਵਿਚੋਂ ਇਕ ਸੀ ਜਿਹੜੇ ਸਮੂਹਿਕ ਤੌਰ ਤੇ ਬੰਦਈ ਖ਼ਾਲਸਾ ਕਰਕੇ ਜਾਣੇ ਜਾਂਦੇ ਸਨ। ਇਹ ਧੜਾ ਤੱਤ ਖ਼ਾਲਸੇ ਦੀ ਮੁੱਖ ਧਾਰਾ ਤੋਂ ਅਲੱਗ ਇਸਦੇ ਵਿਰੋਧ ਵਿਚ ਖੜ੍ਹਾ ਸੀ। ਭਾਈ ਮਨੀ ਸਿੰਘ ਨੇ ਇਹਨਾਂ ਦੇ ਝਗੜੇ ਨੂੰ ਨਿਪਟਾਉਣ ਲਈ ਦੋਵਾਂ ਦੀਆਂ ਪਰਚੀਆਂ ਪਾ ਕੇ ਪਵਿੱਤਰ ਸਰੋਵਰ ਵਿਚ ਛੱਡ ਦਿੱਤੀਆਂ। ਇਹਨਾਂ ਪਰਚੀਆਂ ਵਿਚੋਂ ਜਿਸ ਧੜੇ ਦੀ ਪਰਚੀ ਤਰ ਕੇ ਉਪਰ ਆ ਗਈ ਉਸ ਨੂੰ ਜੇਤੂ ਕਰਾਰ ਦਿੱਤਾ ਗਿਆ। ਬੰਦਈਆਂ ਨੇ ਸਮੁੱਚੇ ਤੌਰ ਤੇ ਆਪਣੀ ਹਾਰ ਮੰਨ ਲਈ ਅਤੇ ਤੱਤ ਖ਼ਾਲਸੇ ਵਿਚ ਸ਼ਾਮਲ ਹੋ ਗਏ ਪਰੰਤੂ ਫਿਰ ਵੀ ਇਹਨਾਂ ਵਿਚ ਕਈ ਆਪਣੇ ਹੱਠ ਤੇ ਅੜੇ ਰਹੇ। ਇਸ ਦਾ ਅਗਲਾ ਹੱਲ ਇਹ ਸੀ ਕਿ ਦੋਵਾਂ ਗੁੱਟਾਂ ਵਿਚੋਂ ਦੋਵਾਂ ਚੈਂਪਿਅਨ ਭਲਵਾਨਾਂ ਦਾ ਘੋਲ ਕਰਾ ਦਿੱਤਾ ਜਾਵੇ। ਬੰਦਈਆਂ ਵਿਚੋਂ ਸੰਗਤ ਸਿੰਘ ਅੱਗੇ ਆਇਆ।ਉਸਦੇ ਵਿਰੋਧ ਵਿਚ ਤੱਤ ਖ਼ਲਸਾ ਦਾ ਭਲਵਾਨ ਬਾਬਾ ਕਾਨ੍ਹ ਸਿੰਘ ਦਾ ਪੁੱਤਰ ਅਤੇ ਬਾਬਾ ਬਿਨੋਦ ਸਿੰਘ ਤਰੇਹਣ ਦਾ ਪੋਤਰਾ ਭਾਈ ਮੀਰੀ ਸਿੰਘ ਸੀ। ਭਾਈ ਮੀਰੀ ਸਿੰਘ ਘੋਲ ਜਿੱਤ ਗਿਆ ਅਤੇ ਸੰਗਤ ਸਿੰਘ ਆਪਣੇ ਸਮਰਥਕਾਂ ਨਾਲ ਤੱਤ ਖ਼ਾਲਸਾ ਵਿਚ ਸ਼ਾਮਲ ਹੋ ਗਿਆ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਗਤ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਤ ਸਿੰਘ (ਅ.ਚ.1705) : ਉਹਨਾਂ ਚਾਲ੍ਹੀ ਸਿੱਖਾਂ ਵਿਚੋਂ ਇਕ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਘਿਰ ਗਏ ਸਨ। ਇਹਨਾਂ ਦੀ ਸ਼ਕਲ ਸੂਰਤ ਗੁਰੂ ਜੀ ਨਾਲ ਬਹੁਤ ਮਿਲਦੀ ਸੀ। ਕੁਇਰ ਸਿੰਘ ਤੇ ਸੁੱਖਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਬਾਰੇ ਲਿਖੇ ਕਾਵਿ ਵਿਚ ਇਹਨਾਂ ਦਾ ਨਾਂ ਸੰਗਤ ਸਿੰਘ ਬੰਗੇਸਰ ਲਿਖਿਆ ਹੈ ਜਿਸ ਤੋਂ ਇਹ ਜਾਪਦਾ ਹੈ ਕਿ ਸੰਗਤ ਸਿੰਘ ਜਾਂ ਤਾਂ ਬੰਗ (ਬੰਗਾਲ) ਜਾਂ ਭਾਰਤ ਦੇ ਉੱਤਰ-ਪੂਰਬ ਸਰਹੱਦੀ ਸੂਬੇ ਦੇ ਬੰਗਸ਼ ਇਲਾਕੇ (ਕੁੱਰਮ ਵਾਦੀ) ਤੋਂ ਆਏ ਸਨ। 7-8 ਦਸੰਬਰ ਦੀ ਵਿਨਾਸ਼ਕਾਰੀ ਰਾਤ ਨੂੰ ਜਦੋਂ ਚਮਕੌਰ ਦੀ ਨਾਬਰਾਬਰ ਲੜਾਈ ਵਿਚ ਪੰਜ ਸਿੱਖਾਂ ਤੋਂ ਇਲਾਵਾ ਬਾਕੀ ਸਾਰੇ ਸ਼ਹੀਦ ਹੋ ਗਏ ਤਾਂ ਇਹਨਾਂ ਪੰਜ ਸਿੱਖਾਂ ਦੀ ਜ਼ੋਰਦਾਰ ਬੇਨਤੀ ਕਰਨ ਤੇ ਗੁਰੂ ਗੋਬਿਦ ਸਿੰਘ ਜੀ ਗੜ੍ਹੀ ਵਿਚੋਂ ਨਿਕਲ ਜਾਣ ਲਈ ਮੰਨ ਗਏ। ਜਦੋਂ ਦਸਮ ਪਾਤਸ਼ਾਹ ਤਿੰਨ ਬਚੇ ਹੋਏ ਸਿੱਖਾਂ ਨਾਲ ਕਾਲੀ ਬੋਲੀ ਰਾਤ ਦੇ ਅੰਧੇਰੇ ਵਿਚ ਦੁਸ਼ਮਨ ਦੇ ਘੇਰੇ ਨੂੰ ਪਾਰ ਕਰਨ ਲਗੇ ਤਾਂ ਦੁਸ਼ਮਨ ਨੂੰ ਭੁਲੇਖੇ ਵਿਚ ਪਾਉਣ ਲਈ ਸੰਗਤ ਸਿੰਘ ਨੂੰ ਆਪਣੇ ਬਸਤਰ ਤੇ ਕਲਗੀ ਧਾਰਨ ਕਰਵਾ ਦਿੱਤੀ। ਜਦੋਂ ਆਉਂਦੀ ਸਵੇਰ ਨੂੰ ਘੇਰਾ ਪਾਈ ਸੈਨਾ ਨੇ ਗੜ੍ਹੀ ਉੱਤੇ ਹਮਲਾ ਕੀਤਾ ਤਾਂ ਸੰਗਤ ਸਿੰਘ ਨੇ ਇੱਕਲਿਆਂ ਹੀ ਉਸ ਦਾ ਮੁਕਾਬਲਾ ਕੀਤਾ ਅਤੇ ਸੂਰਬੀਰਾਂ ਵਾਂਗ ਲੜਦੇ ਲੜਦੇ ਸ਼ਹੀਦ ਹੋ ਗਏ। ਦੁਸ਼ਮਨ ਨੇ ਪਹਿਲਾਂ ਤਾਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਮਝਿਆ ਪਰ ਮਗਰੋਂ ਉਹਨਾਂ ਦਾ ਇਹ ਭੁਲੇਖਾ ਤੁਰੰਤ ਹੀ ਦੂਰ ਹੋ ਗਿਆ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਗਤ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੰਗਤ ਸਿੰਘ : ਇਹ ਜੀਂਦ ਰਿਆਸਤ ਦਾ ਰਾਜਾ ਸੀ ਜਿਸ ਦਾ ਜਨਮ 1811 ਈ. ਵਿਚ ਹੋਇਆ। ਇਹ ਆਪਣੇ ਪਿਤਾ ਰਾਜਾ ਫ਼ਤਹਿ ਸਿੰਘ ਦੀ ਮੌਤ ਤੋਂ ਬਾਅਦ ਸੰਨ 1822 ਵਿਚ ਗੱਦੀ ਉੱਪਰ ਬੈਠਾ। ਇਸ ਦਾ ਵਿਆਹ 1824 ਈ. ਵਿਚ ਸ਼ਾਹਬਾਦ ਦੇ ਰਾਈਸ ਰਣਜੀਤ ਸਿੰਘ ਦੀ ਸਪੁੱਤਰੀ ਨਾਲ ਹੋਇਆ। ਇਹ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਸੀ। ਰਾਜ ਪ੍ਰਬੰਧ ਵਿਚ ਇਸ ਦੀ ਜ਼ਿਆਦਾ ਦਿਲਚਸਪੀ ਨਹੀਂ ਸੀ। ਇਸ ਨੇ ਆਪਣੀ ਰਾਜਧਾਨੀ ਜੀਂਦ ਤੋਂ ਬਦਲ ਕੇ ਸੰਗਰੂਰ ਵਿਖੇ ਕਾਇਮ ਕੀਤੀ।

        ਇਹ 3 ਨਵੰਬਰ, 1834 ਨੂੰ 23 ਸਾਲ ਦੀ ਉਮਰ ਵਿਚ ਸੰਗਰੂਰ ਵਿਖੇ ਸਵਰਗਵਾਸ ਹੋਇਆ। ਇਸ ਦੇ ਕੋਈ ਔਲਾਦ ਨਹੀਂ ਸੀ। ਇਸ ਲਈ ਇਸ ਤੋਂ ਪਿੱਛੋਂ ਰਾਜਗੱਦੀ ਇਸ ਦੇ ਭਤੀਜੇ ਸ. ਸਰੂਪ ਸਿੰਘ ਰਾਈਸ ਵਜੀਦਪੁਰ ਨੂੰ ਮਿਲੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-54-47, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ; ਤ. ਗੁ. ਖਾ; ਚੀ. ਫੈ. ਨੋ. ਪੰ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.