ਸੰਕਟ ਕਾਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Emergency ਸੰਕਟ ਕਾਲ: ਜੇ ਰਾਸ਼ਟਰਪਤੀ ਦੀ ਇਸ ਗੱਲ ਬਾਰੇ ਤਸੱਲੀ ਹੋਵੇ ਕਿ ਗੰਭੀਰ ਸੰਕਟਕਾਲ ਦੀ ਸਥਿਤੀ ਪੈਦਾ ਹੋ ਗਈ ਹੈ। ਜਿਸ ਕਾਰਨ ਭਾਰਤ ਦੀ ਸੁਰੱਖਿਆ ਜਾਂ ਇਸ ਦੇ ਕਿਸੇ ਭਾਗ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਭਾਵੇਂ ਇਹ ਖ਼ਤਮ ਜੰਗ ਕਾਰਨ ਹੋਵੇ ਜਾਂ ਕਿਸੇ ਬਾਹਰਲੇ ਹਮਲੇ ਕਾਰਨ ਜਾਂ ਹਥਿਆਰਬੰਦ ਬਗਾਵਤ ਕਾਰਨ ਹੋਵੇ, ਤਾਂ ਉਹ ਸਾਰੇ ਭਾਰਤ ਜਾਂ ਉਸਦੇ ਕਿਸੇ ਭਾਗ ਵਿਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ। ਇਹ ਘੋਸ਼ਣਾ ਜੰਗ ਜਾਂ ਕਿਸੇ ਹਮਲੇ ਜਾਂ ਬਗ਼ਾਵਤ ਦੇ ਵਾਪਰਨ ਤੋਂ ਪਹਿਲਾਂ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਘੋਸ਼ਣਾ ਨੂੰ ਕਿਸੇ ਬਾਅਦ ਦੀ ਘੋਸ਼ਣਾ ਦੁਆਰਾ ਬਦਲਿਆ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਇਹ ਘੋਸ਼ਣਾ ਉਦੋਂ ਤਕ ਨਹੀਂ ਕਰੇਗਾ ਜਦੋਂ ਤਕ ਕਿ ਸੰਘੀ ਕੈਬਨਿਟ ਦਾ ਅਜਿਹੀ ਘੋਸ਼ਣਾ ਕਰਨ ਸਬੰਧੀ ਫ਼ੈਸਲਾ ਲਿਖਤੀ ਰੂਪ ਵਿਚ ਉਸਨੂੰ ਪ੍ਰਾਪਤ ਨਹੀਂ ਹੁੰਦਾ

      ਅਜਿਹੀ ਘੋਸ਼ਣਾ ਨੂੰ ਸੰਸਦ ਦੇ ਦੋਵੇਂ ਸਦਨਾਂ ਦੇ ਸਾਹਮਣੇ ਰੱਖਿਆ ਜਾਵੇਗਾ, ਛੁੱਟ ਇਸਦੇ ਕਿ ਇਹ ਪਹਿਲੀ ਘੋਸ਼ਣਾ ਨੂੰ ਰੱਦ ਕਰਨ ਦੀ ਘੋਸ਼ਣਾ ਹੋਵੇ। ਜੇ ਇਹ ਘੋਸ਼ਣਾ ਸੰਸਦ ਦੇ ਦੋਵੇਂ ਸਦਨਾਂ ਦੁਆਰਾ ਪ੍ਰਸਤਾਵਾਂ ਰਾਹੀਂ ਪਰਵਾਨ ਨਹੀਂ ਕੀਤੀ ਜਾਂਦੀ ਤਾਂ ਘੋਸ਼ਣਾ ਤੋਂਬਾਅਦ ਇਕ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਇਹ ਘੋਸ਼ਣਾ ਲਾਗੂ ਨਹੀਂ ਰਹੇਗੀ।

      ਪਰੰਤੂ ਜੇ ਅਜਿਹੀ ਘੋਸ਼ਣਾ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਕਿ ਲੋਕ ਸਭਾ ਭੰਗ ਹੋ ਚੁੱਕੀ ਹੈ ਜਾਂ ਲੋਕ ਸਭਾ ਘੋਸ਼ਣਾ ਜਾਰੀ ਹੋਣ ਦੇ ਇਕ ਮਹੀਨੇ ਦੇ ਅੰਦਰ ਅੰਦਰ ਭੰਗ ਹੋ ਜਾਂਦੀ ਹੈ ਅਤੇ ਜੇ ਘੋਸ਼ਣਾ ਨੂੰ ਪਰਵਾਨ ਕਰਨ ਦਾ ਪ੍ਰਸਤਾਵ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਹੈ ਅਤੇ ਸਮਾਂ ਬੀਤਣ ਤੋਂ ਪਹਿਲਾਂ ਲੋਕ ਸਭਾ ਦੁਆਰਾ ਕੋਈ ਅਜਿਹਾ ਪ੍ਰਸਤਾਵ ਪਾਸ ਨਹੀਂ ਕੀਤਾ ਗਿਆ ਤਾਂ ਘੋਸ਼ਣਾ ਉਸ ਮਿਤੀ ਤੋਂ ਤੀਹ ਦਿਨਾਂ ਦਾ ਸਮਾਂ ਬੀਤਣ ਤੇ ਲਾਗੂ ਨਹੀਂ ਰਹੇਗੀ। ਜਿਸ ਮਿਤੀ ਨੂੰ ਕਿ ਲੋਕ ਸਭਾ ਪੁਨਰਗਠਨ ਤੋਂ ਬਾਅਦ ਪਹਿਲੀ ਬੈਠਕ ਕਰਦੀ ਹੈ ਜੇ ਇਹ ਤੀਹ ਦਿਨਾਂ ਦਾ ਸਮਾਂ ਬੀਤਣ ਤੋਂ ਪਹਿਲਾਂ ਲੋਕ ਸਭਾ ਦੁਆਰਾ ਘੋਸ਼ਣਾ ਨੂੰ ਪਰਵਾਨ ਕਰਨ ਦਾ ਪ੍ਰਸਤਾਵ ਪਾਸ ਨਾ ਕੀਤਾ ਗਿਆ ਹੋਵੇ।

      ਇਸ ਪ੍ਰਕਾਰ ਪ੍ਰਵਾਣਿਤ ਘੋਸ਼ਣਾ, ਜੇ ਰੱਦ ਨਹੀਂ ਕੀਤੀ ਜਾਂਦੀ ਤਾਂ ਘੋਸ਼ਣਾ ਨੂੰ ਪਰਵਾਨ ਕਰਦੇ ਪ੍ਰਸਤਾਵੇ ਦੇ ਪਾਸ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਦਾ ਸਮਾਂ ਬੀਤਣ ਤੋਂ ਬਾਅਦ ਲਾਗੂ ਨਹੀਂ ਰਹੇਗੀ।

      ਪਰੰਤੂ ਜੇ ਸੰਸਦ ਦੇ ਦੋਵੇਂ ਸਦਨਾਂ ਦੁਆਰਾ ਪਰਵਾਨ ਕੀਤੀ ਨਿਰੰਤਰਤਾ ਘੋਸ਼ਣਾ ਨੂੰ ਜੇ ਰੱਦ ਨਹੀਂ ਕੀਤਾ ਜਾਂਦਾ ਤਾਂ ਇਹ ਉਸ ਮਿਤੀ ਤੋਂ ਜਦੋਂ ਤੋਂ ਇਸ ਨੂੰ ਲਾਗੂ ਹੋਣਾ ਬੰਦ ਹੋ ਜਾਣਾ ਸੀ , ਛੇ ਮਹੀਨਿਆਂ ਦੇ ਹੋਰ ਸਮੇਂ ਲਈ ਲਾਗੂ ਰਹੇਗੀ।

      ਪ੍ਰਸਤਾਵ ਸੰਸਦ ਦੇ ਕਿਸੇ ਸਦਨ ਦੁਆਰਾ ਉਸ ਸਦਨ ਦੇ ਕੁਝ ਮੈਂਬਰਾਂ ਦੀ ਬਹੁ-ਗਿਣਤੀ ਦੁਆਰਾ ਅਤੇ ਸਦਨ ਵਿਚ ਹਾਜ਼ਰ ਅਤੇ ਮਤਦਾਨ ਕਰਦੇ ਘੱਟੋ-ਘੱਟ ਦੋ ਤਿਹਾਈ ਮੈਂਬਰਾਂ ਦੀ ਬਹੁ-ਗਿਣਤੀ ਦੁਆਰਾ ਪਾਸ ਕੀਤਾ ਜਾ ਸਕਦਾ ਹੈ।

      ਰਾਸ਼ਟਰਪਤੀ ਇਸ ਘੋਸ਼ਣਾ ਨੂੰ ਰੱਦ ਕਰ ਸਕਦਾ ਹੈ ਜੇ ਲੋਕ ਸਭਾ ਇਸਨੂੰ ਅਪਰਵਾਨ ਕਰਨ ਦਾ ਪ੍ਰਸਤਾਵ ਪਾਸ ਕਰਦੀ ਹੈ। ਜਦੋਂ ਲੋਕ ਸਭਾ ਦੀ ਕੁਲ ਗਿਣਤੀ ਦੇ ਘੱਟੋ-ਘੱਟ ਦਸਵੇਂ ਭਾਗ ਦੇ ਮੈਂਬਰਾਂ ਦੁਆਰਾ ਹਸਤਾਖਾਰਿਤ ਨੋਟਿਸ ਘੋਸ਼ਣਾ ਨੂੰ ਅਪਰਵਾਨ ਕਰਨ ਦਾ ਨੋਟਿਸ ਸਪੀਕਰ ਨੂੰ ਦਿੰਦੇ ਹਨ, ਜੇ ਸਦਨ ਦਾ ਸੈਸਨ ਚਲ ਰਿਹਾ ਹੋਵੇ ਜਾਂ ਜੇ ਸੈਸਨ ਨਾ ਚਲ ਰਿਹਾ ਹੋਵੇ ਤਾਂ ਰਾਸ਼ਟਰਪਤੀ ਨੂੰ ਦਿੰਦੇ ਹਨ ਤਾਂ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ ਚੌਦਾਂ ਦਿਨਾਂ ਦੇ ਅੰਦਰ ਅੰਦਰ ਅਜਿਹੇ ਪ੍ਰਸਤਾਵ ਤੇ ਵਿਚਾਰ ਕਰਨ ਲਈ ਸਦਨ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇਗੀ।

      ਸੰਕਟਕਾਲ ਦੀ ਘੋਸ਼ਣਾ ਤੋਂ ਬਾਅਦ ਇਸ ਦੇ ਲਾਗੂ ਹੋਣ ਤੇ ਸੰਘ ਦੀ ਕਾਰਜਪਾਲਿਕਾ ਸ਼ਕਤੀ ਕਿਸੇ ਰਾਜ ਨੂੰ ਇਹ ਨਿਰਦੇਸ਼ ਜਾਰੀ ਕਰਨ ਤਕ ਵਿਸਤ੍ਰਿਤ ਹੋ ਸਕਦੀ ਹੈ ਕਿ ਉਸਨੇ ਕਾਰਜਕਾਰੀ ਸ਼ਸਕਤੀ ਦੀ ਕਿਸ ਢੰਗ ਨਾਲ ਵਰਤੋਂ ਕਰਨੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.