ਸਖ਼ੀ ਸਰਵਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਖ਼ੀ ਸਰਵਰ : ਸ਼ਾਬਦਿਕ ਅਰਥ ਉਦਾਰਤਾ ਵਾਲਾ ਸਵਾਮੀ ਹੈ ਪਰ ਇਹ ਹੋਰ ਕਈ ਨਾਵਾਂ ਜਿਵੇਂ ਸੁਲਤਾਨ, ਲਖ ਦਾਤਾ , ਲਾਲਾਂ ਵਾਲਾ, ਨਿਗਾਹੀਆ ਪੀਰ ਅਤੇ ਰੋਹੀਆਂ ਵਾਲਾ (ਜੰਗਲਾਂ ਦਾ ਮਾਲਕ) ਕਰਕੇ ਵੀ ਜਾਣਿਆ ਜਾਂਦਾ ਹੈ। ਇਹ ਇਕ ਰੂੜ੍ਹੀਵਾਦੀ ਸੰਪਰਦਾਇ ਦਾ ਬਾਨੀ ਸੀ ਅਤੇ ਇਸ ਦੇ ਸ਼ਰਧਾਲੂਆਂ ਨੂੰ ਸੁਲਤਾਨੀਏ ਜਾਂ ਸਰਵਰੀਏ ਕਿਹਾ ਜਾਂਦਾ ਹੈ। ਇਸ ਦਾ ਆਪਣਾ ਅਸਲੀ ਨਾਂ ਸੱਯਦ ਅਹਮਦ ਅਤੇ ਪਿਤਾ ਦਾ ਨਾਂ ਸੱਯਦ ਜੈਨ ਉਲ-ਆਬਿਦੀਨ ਸੀ ਜੋ ਬਗਦਾਦ ਤੋਂ ਆ ਕੇ ਪਾਕਿਸਤਾਨੀ ਪੰਜਾਬ ਦੇ ਜ਼ਿਲਾ ਝੰਗ ਦੇ ਪਿੰਡ ਸ਼ਾਹਕੋਟ ਵਿਚ ਆ ਵਸਿਆ ਸੀ। ਪਿੰਡ ਦੇ ਮੁਖੀ ਦੀ ਬੇਟੀ ਆਯਸ਼ਾ ਨਾਲ ਸੱਯਦ ਦਾ ਨਿਕਾਹ ਹੋਇਆ ਸੀ। ਅਹਮਦ ਦੇ ਜੀਵਨ-ਬਿਰਤਾਂਤ ਬਹੁਤ ਕਰਕੇ ਦੰਦ-ਕਥਾ ਉਤੇ ਹੀ ਆਧਾਰਿਤ ਹਨ ਅਤੇ ਇਸ ਬਾਰੇ ਬਿਉਰੇਵਾਰ ਤੱਥ ਨਹੀਂ ਮਿਲਦੇ। ਕਿਹਾ ਜਾਂਦਾ ਹੈ ਕਿ ਇਸ ਦੇ ਪਿਤਾ ਦੀ ਮ੍ਰਿਤੂ ਉਪਰੰਤ ਰਿਸ਼ਤੇਦਾਰਾਂ ਵੱਲੋਂ ਇਸ ਪ੍ਰਤੀ ਕੀਤੇ ਦੁਰ-ਵਿਵਹਾਰ ਤੇ ਭੈੜੇ ਸਲੂਕ ਦੇ ਨਤੀਜੇ ਵਜੋਂ ਇਹ ਬਗਦਾਦ ਚਲਿਆ ਗਿਆ ਅਤੇ ਉਥੇ ਇਸ ਨੂੰ ਤਿੰਨ ਪ੍ਰਸਿੱਧ ਫ਼ਕੀਰਾਂ----ਗ਼ੌਸ ਉਲ-ਆਜ਼ਮ, ਸ਼ੇਖ਼ ਸ਼ਿਹਾਬ ਉਦ-ਦੀਨ ਸੁਹਰਾਵਰਦੀ, ਅਤੇ ਖ਼ਵਾਜਾ ਮਉਦੂਦ ਚਿਸ਼ਤੀ- ਨੇ ਪੇਸ਼ੀਨਗੋਈ ਤੇ ਕਰਾਮਾਤਾਂ ਕਰਨ ਦੀ ਦਾਤ ਪ੍ਰਦਾਨ ਕੀਤੀ। ਭਾਰਤ ਪਰਤਣ ਉਪਰੰਤ ਇਹ ਪਹਿਲਾਂ ਜ਼ਿਲਾ ਗੁੱਜਰਾਂਵਾਲਾ ਦੇ ਪਿੰਡ ਧੌਂਕਲ ਅਤੇ ਫਿਰ ਸ਼ਾਹਕੋਟ ਆ ਵਸਿਆ। ਮੁਲਤਾਨ ਵਿਖੇ, ਮੁਲਤਾਨ ਦੇ ਇਕ ਅਮੀਰ ਦੀ ਲੜਕੀ ਨਾਲ ਇਸ ਦੀ ਸ਼ਾਦੀ ਹੋਈ। ਕੁਝ ਸਮੇਂ ਮਗਰੋਂ ਇਸ ਦੀ ਕਰਾਮਾਤਾਂ ਵਿਖਾਉਣ ਕਾਰਨ ਮਸ਼ਹੂਰੀ ਹੋ ਗਈ ਅਤੇ ਚੇਲਿਆਂ ਦੀ ਗਿਣਤੀ ਵਧਦੀ ਗਈ। ਇਸ ਕਾਰਨ ਪਰਵਾਰ ਵਿਚ ਇਸ ਪ੍ਰਤੀ ਈਰਖਾ ਹੋਰ ਵਧ ਗਈ ਅਤੇ ਉਹਨਾਂ ਨੇ ਇਸ ਨੂੰ ਮਾਰਨ ਦੀ ਵਿਉਂਤ ਬਣਾਈ। ਸਖ਼ੀ ਸਰਵਰ ਨੂੰ ਉਹਨਾਂ ਦੀਆਂ ਸਕੀਮਾਂ ਦਾ ਪਤਾ ਲੱਗ ਗਿਆ ਅਤੇ ਉਹ ਜ਼ਿਲਾ ਡੇਰਾ ਗਾਜ਼ੀਖਾਨ ਦੇ ਸੁਲੇਮਾਨ ਪਹਾੜ ਦੇ ਹੇਠਾਂ ਨਿਕਟ ਹੀ ਨਿਗਾਹਾ ਵਿਖੇ ਬਚ ਨਿਕਲਿਆ। ਰਿਸ਼ਤੇਦਾਰਾਂ ਨੇ ਇਸ ਦਾ ਉਥੇ ਵੀ ਪਿੱਛਾ ਕੀਤਾ ਅਤੇ ਅਖੀਰ 1174 ਵਿਚ ਇਸ ਨੂੰ ਮਾਰ ਦਿੱਤਾ। ਇਸ ਨੂੰ ਉਥੇ ਹੀ ਦਫ਼ਨਾ ਦਿੱਤਾ ਗਿਆ ਅਤੇ ਉਸੇ ਥਾਂ ਇਸ ਦੇ ਚੇਲਿਆਂ ਨੇ ਇਕ ਦਰਗ਼ਾਹ ਬਣਾਈ ਜਿਹੜੀ ਮਗਰੋਂ ਉਸ ਦੇ ਅਨੁਆਈਆਂ ਲਈ ਇਕ ਜ਼ਿਆਰਤਗ਼ਾਹ ਬਣ ਗਈ। ਇਸ ਦਰਗ਼ਾਹ ਦੇ ਅਹਾਤੇ ਵਿਚ ਹੀ ਸਖ਼ੀ ਸਰਵਰ, ਬੀਬੀ ਬਾਈ ਕਰਕੇ ਜਾਣੀ ਜਾਂਦੀ ਉਸ ਦੀ ਪਤਨੀ , ਸਖ਼ੀ ਸਰਵਰ ਦੁਆਰਾ ਕਾਬੂ ਕੀਤੇ ਹੋਏ ਕਈ ਕਰਾਮਾਤਾਂ ਕਰਕੇ ਵਿਖਾਉਣ ਵਾਲੇ ਇਕ ਜਿੰਨ(ਦੈਂਤ) ਦੇ ਮਕਬਰੇ ਬਣੇ ਹੋਏ ਹਨ। ਨਿਗਾਹਾ ਦੀ ਦਰਗਾਹ ਦੇ ਅੰਦਰ ਹੀ ਚੋਮ ਤੇ ਮੋਜਾ ਨਾਂ ਦੇ ਦੋ ਹੋਰ ਪਵਿੱਤਰ ਦੱਸੇ ਜਾਂਦੇ ਅਸਥਾਨ ਹਨ, ਅਤੇ ਇਹ ਦੋਵੇਂ ਸਖ਼ੀ ਸਰਵਰ ਦੇ ਦਾਮਾਦ ਅਲੀ ਮੁਰਤਜ਼ਾ ਨਾਲ ਸੰਬੰਧਿਤ ਹਨ। ਚੋਮ ਵਿਖੇ ਸਖ਼ੀ ਸਰਵਰ ਦੇ ਹੱਥ ਦਾ ਨਿਸ਼ਾਨ ਲਗਾ ਹੋਇਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਨਿਸ਼ਾਨ ਉਦੋਂ ਉਕਰਿਆ ਗਿਆ ਜਦੋਂ ਸਖ਼ੀ ਸਰਵਰ ਨੇ ਉਸ ਗੁਫਾ ਉੱਤੇ ਆ ਰਹੇ ਭਾਰੀ ਪੱਥਰ (ਪਹਾੜ) ਨੂੰ ਰੋਕਿਆ ਜਿਸ ਵਿਚ ਉਹ ਪਨਾਹ ਲੈ ਰਿਹਾ ਸੀ।

    ਸੁਲਤਾਨ ਸਖ਼ੀ ਸਰਵਰ ਦੇ ਧਾਰਮਿਕ ਵਿਸ਼ਵਾਸਾਂ ਤੇ ਸਿੱਖਿਆਵਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲਦੀ। ਉਸ ਦੀਆਂ ਕਰਾਮਾਤਾਂ ਅਤੇ ਖਾਸ ਕਰਕੇ ਉਸ ਵਲੋਂ ਪਸੂਆਂ ਨੂੰ ਦਿੱਤੀ ਸੁਰੱਖਿਆ ਦੀਆਂ ਕਹਾਣੀਆਂ ਕਾਰਨ ਬਹੁਤ ਸਾਰੇ ਲੋਕ ਉਸ ਵੱਲ ਖਿੱਚੇ ਗਏ ਸਨ। ਉਸ ਨੇ ਆਪਣੇ ਚੇਲਿਆਂ ਲਈ ਕੋਈ ਖਾਸ ਦੀਨ (ਧਰਮ) ਜਾਂ ਸਿਧਾਂਤ ਨਹੀਂ ਬਣਾਇਆ ਅਤੇ ਨਾ ਹੀ ਕੋਈ ਵਿਸ਼ੇਸ਼ ਰਹਿਤ-ਮਰਯਾਦਾ ਜਾਂ ਕਰਮ ਕਾਂਡ ਕਾਇਮ ਕੀਤਾ। ਇਸ ਦੇ ਸ਼ਰਧਾਲੂਆਂ ਨੂੰ ਆਮ ਕਰਕੇ ਸੁਲਤਾਨੀਆ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਆਪਣੇ ਹਿੰਦੂ ਮੱਤ ਜਾਂ ਇਸਲਾਮ ਨਾਲ ਨਾਤਾ ਕਾਇਮ ਰੱਖਣ ਦੀ ਖੁੱਲ੍ਹ ਸੀ। ਹਿੰਦੂ ਜਾਂ ਮੁਸਲਮਾਨ ਨਿਗਾਹਾ ਵਿਖੇ ਪੀਰ ਦੀ ਖ਼ਾਨਗਾਹ ਉੱਤੇ ਸੰਗਠਿਤ ਖੇਤਰੀ ਟੋਲੀਆਂ ਵਿਚ ਜਾਂਦੇ ਸਨ, ਜਿਨ੍ਹਾਂ ਨੂੰ ਸੰਗ ਕਹਿੰਦੇ ਹਨ ਅਤੇ ਜਿਨ੍ਹਾਂ ਦੀ ਅਗਵਾਈ ਉੱਚੇ ਢੋਲ ਵਜਾਉਣ ਵਾਲੇ ਭਰਾਈ ਕਹਿਲਾਉਣ ਵਾਲੇ ਮੁਸਲਿਮ ਭਾਟ ਕਰਦੇ ਸਨ। ਇਹ ਮੁਸਲਮਾਨ ਭਰਾਈ ਪੀਰਖਾਨੇ ਕਹੀਆਂ ਜਾਣ ਵਾਲੀਆਂ ਸਥਾਨਿਕ ਖਾਨਕਾਹਾਂ ਦੇ ਪੇਸ਼ੇਵਰ ਗਾਈਡ ਅਤੇ ਪੁਜਾਰੀ ਹੁੰਦੇ ਸਨ। ਸੰਗ ਦੇ ਮੈਂਬਰ ਇਕ ਦੂਜੇ ਨੂੰ ਪੀਰਭਾਈ ਜਾਂ ਪੀਰ ਭੈਣ ਕਹਿ ਕੇ ਸੰਬੋਧਨ ਕਰਦੇ ਹਨ। ਮੁਖ ਰਸਤਿਆਂ ਉੱਤੇ ਸ਼ਰਧਾਲੂਆਂ ਦੇ ਆਰਾਮ ਕਰਨ ਲਈ ਬਣੇ ਟਿਕਾਣਿਆਂ ਨੂੰ ਚੌਂਕੀਆਂ ਕਿਹਾ ਜਾਂਦਾ ਸੀ ਅਤੇ ਯਾਤਰੀ ਇਥੇ ਜ਼ਮੀਨ ਤੇ ਸੌਂਦੇ ਸਨ। ਜਿਹੜੇ ਸ਼ਰਧਾਲੂ ਨਿਗਾਹਾ ਤਕ ਦਾ ਸਫਰ ਕਰਨ ਦੇ ਯੋਗ ਨਹੀਂ ਹੁੰਦੇ ਸਨ ਉਹ ਘੱਟੋ ਘੱਟ ਇਕ ਚੌਂਕੀ ਤਕ ਜਾਂਦੇ ਸਨ। ਜੇ ਉਹ ਇਹ ਕਰਨ ਦੇ ਯੋਗ ਵੀ ਨਹੀਂ ਹੁੰਦੇ ਸਨ ਤਾਂ ਉਹ ਇਕ ਰਾਤ ਲਈ ਇਸ ਦੇ ਰਾਹ ਉੱਤੇ ਕਿਸੇ ਹੋਰ ਪਿੰਡ ਜ਼ਰੂਰ ਜਾਂਦੇ ਸਨ। ਜੋ ਕਿਤੇ ਵੀ ਨਹੀਂ ਜਾ ਸਕਦੇ ਉਹ ਹਰ ਸਾਲ ਘਟੋ ਘੱਟ ਇਕ ਰਾਤ ਜ਼ਮੀਨ ਉੱਤੇ ਸੌਂਦੇ ਸਨ। ਮੰਜੇ ਉੱਤੇ ਸੌਣ ਦੀ ਥਾਂ ਭੂਮੀ ਉੱਤੇ ਸੌਣ ਨੂੰ ਚੌਂਕੀ ਭਰਨਾ ਕਹਿੰਦੇ ਸਨ। ਸਭ ਤੋਂ ਵੱਧ ਸ਼ਰਧਾਲੂ ਕੇਂਦਰੀ ਪੰਜਾਬ ਵਿਚੋਂ ਇਕ ਹਫ਼ਤੇ ਲਈ ਅਪ੍ਰੈਲ ਦੇ ਮਹੀਨੇ ਵਸਾਖੀ ਵਾਲੇ ਤਿਉਹਾਰ ਤੇ ਇਸ ਦਰਗਾਹ ਦੀ ਜ਼ਿਆਰਤ ਕਰਦੇ ਸਨ। ਜੂਨ-ਜੁਲਾਈ ਵਿਚ ਜ਼ਿਲਾ ਗੁਜਰਾਂਵਾਲਾ ਵਿਚ ਧੌਂਕਲ ਵਿਖੇ ਇਕ ਮੇਲਾ ਲਗਦਾ ਸੀ। ਹੋਰ ਮੇਲੇ-ਨਵੰਬਰ ਵਿਚ ਪਿਸ਼ਾਵਰ ਵਿਖੇ ‘ਝੰਡਾ ਮੇਲਾ` ਅਤੇ ਫਰਵਰੀ ਵਿਚ ਲਾਹੌਰ ਵਿਖੇ ‘ਕਦਮੋਂ ਕਾ ਮੇਲਾ`, ਲਗਦੇ ਸਨ। ਸਾਲ ਵਿਚ ਇਕ ਵਾਰ , ਸ਼ੁਕਰਵਾਰ ਨੂੰ, ਇਕ ਹੋਰ ਰੀਤ , ‘ਰੋਟ` ਭੇਂਟ ਕਰਨ ਦੀ ਸੀ। ਇਹ ਵੱਡਾ ਰੋਟ 18 ਕਿਲੋ ਕਣਕ ਦੇ ਆਟੇ ਵਿਚ, ਇਸ ਤੋਂ ਅੱਧੇ ਵਜ਼ਨ ਦੇ ਬਰਾਬਰ ਗੁੜ ਜਾਂ ਸੱਕਰ ਮਿਲਾ ਕੇ ਤਿਆਰ ਕੀਤਾ ਜਾਂਦਾ ਸੀ। ਇਹ ਰੋਟ ਭਰਾਈ ਦੁਆਰਾ ਪਕਾਇਆ ਜਾਂਦਾ ਸੀ ਅਤੇ ਉਹ ਇਸ ਦਾ ਚੌਥਾ ਹਿੱਸਾ ਭੇਟਾ ਵਜੋਂ ਆਪ ਰੱਖ ਲੈਂਦਾ ਸੀ। ਇਸ ਵਿਚੋਂ ਬਾਕੀ ਬਚਦੇ ਹਿੱਸੇ ਨੂੰ ਭੇਂਟ ਕਰਨ ਵਾਲੇ ਪਰਵਾਰ ਅਤੇ ਸੁਲਤਾਨੀਏ ਸ਼ਰਧਾਲੂਆਂ ਵਿਚ ਵੰਡਿਆ ਜਾਂਦਾ ਸੀ।

    ਗੁਰੂ-ਸਮੇਂ ਦੌਰਾਨ ਬਹੁਤ ਸਾਰੇ ਸੁਲਤਾਨੀਆਂ ਨੇ, ਵਿਸ਼ੇਸ਼ ਕਰਕੇ ਦੱਖਣੀ ਪੰਜਾਬ ਦੇ ਜੱਟਾਂ ਨੇ, ਸਿੱਖ ਧਰਮ ਗ੍ਰਹਿਣ ਕਰ ਲਿਆ ਸੀ, ਪਰ ਉਹਨਾਂ ਵਿਚੋਂ ਕਈ ਆਪਣੇ ਪਹਿਲੇ ਨਿਸਚਿਆਂ ਅਤੇ ਰੀਤੀਆਂ ਰਿਵਾਜਾਂ ਨਾਲ ਜੁੜੇ ਰਹੇ। ਗੁਰੂ ਹਰ ਰਾਇ, ਗੁਰੂ ਤੇਗ ਬਹਾਦੁਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਸ ਖੇਤਰ ਵੱਲ ਕੀਤੀਆਂ ਯਾਤਰਾਵਾਂ ਸਦਕਾ ਬਹੁਤ ਸਾਰੇ ਸੁਲਤਾਨੀਏ ਸਿੱਖੀ ਵਿਚ ਪ੍ਰਵੇਸ਼ ਕਰ ਗਏ। ਪਰ ਸਮਾਂ ਬੀਤਣ ਨਾਲ ਸਿੱਖਾਂ ਦੇ ਕੁਝ ਵਰਗਾਂ ਵਿਚ ਸੁਲਤਾਨੀਆਂ ਦਾ ਪ੍ਰਭਾਵ ਜ਼ੋਰ ਫੜ ਗਿਆ। 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਸਿੰਘ ਸਭਾ ਸੁਧਾਰ ਲਹਿਰ ਜ਼ੋਰ ਪਕੜ ਗਈ ਅਤੇ ਇਸ ਲਹਿਰ ਨੇ ਇਸ ਪ੍ਰਭਾਵ ਨੂੰ ਰੋਕਣ ਦੇ ਪ੍ਰਯਤਨ ਕੀਤੇ। 1896 ਵਿਚ, ਸਿੰਘ ਸਭਾ ਲਹਿਰ ਦੇ ਇਕ ਵਿਦਵਾਨ ਗਿਆਨੀ ਦਿੱਤ ਸਿੰਘ ਨੇ ਸੁਲਤਾਨ ਪੁਆੜਾ ਨਾਂ ਦਾ ਇਕ ਪੈਂਫਲਿਟ ਪ੍ਰਕਾਸ਼ਿਤ ਕੀਤਾ ਜਿਸ ਵਿਚ ਉਸ ਨੇ ਸਿੱਖਾਂ ਨੂੰ ਸਖ਼ੀ ਸਰਵਰ ਅਤੇ ਕਿਸੇ ਹੋਰ ਸੰਤ ਜਾਂ ਸੂਫੀ ਦੇ ਮਕਬਰੇ, ਮੜ੍ਹੀ ਜਾਂ ਕਬਰ ਦੀ ਪੂਜਾ ਕਰਨ ਤੋਂ ਰੋਕਿਆ। ਸਿੰਘ ਸਭਾ ਅਤੇ ਅਕਾਲੀ ਸੁਧਾਰਕਾਂ ਦਾ ਮੜ੍ਹੀ-ਪੂਜਾ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਰੋਕਣ ਦਾ ਇਹ ਇਕ ਅਹਿਮ ਪ੍ਰੋਗਰਾਮ ਤੇ ਪ੍ਰਚਾਰ-ਢੰਗ ਸੀ ਪਰ ਮੁਖ ਤੌਰ ਤੇ ਸਿੱਖਾਂ ਵਿਚ ਸਖ਼ੀ ਸਰਵਰ ਦੀ ਨਿਸ਼ਠਾ ਤੇ ਮਾਨਤਾ ਨੂੰ ਖ਼ਤਮ ਕਰਨ ਵਿਚ 1947 ਦੀ ਦੇਸ ਵੰਡ ਦਾ ਹੱਥ ਸੀ ਜਿਸ ਵਿਚ ਭਾਰਤ ਤੇ ਪਾਕਿਸਤਾਨ ਵਿਚ ਅਬਾਦੀ ਦਾ ਜ਼ਬਰਦਸਤੀ ਤਬਾਦਲਾ ਕੀਤਾ ਗਿਆ ਸੀ। ਇਸ ਕਰਕੇ ਬਹੁਤ ਸਾਰੇ ਮੁਸਲਮਾਨ ਭਰਾਈ ਪਾਕਿਸਤਾਨ ਚਲੇ ਗਏ। ਦੂਜੀ ਗੱਲ ਇਹ ਹੋਈ ਕਿ ਸਖ਼ੀ ਸਰਵਰ ਨਾਲ ਸੰਬੰਧਿਤ ਨਿਗਾਹਾ ਤੇ ਹੋਰ ਥਾਵਾਂ ਪਾਕਿਸਤਾਨ ਵਿਚ ਹੋਣ ਕਾਰਨ ਭਾਰਤੀ ਸ਼ਰਧਾਲੂਆਂ ਲਈ ਉਥੇ ਜਾਣਾ ਸੰਭਵ ਨਾ ਰਿਹਾ। ਹੁਣ ਵੀ ਮਾਲਵਾ ਖੇਤਰ ਵਿਚਲੇ ਕੁਝ ਪਿੰਡਾਂ ਅੰਦਰ ਪੀਰਖਾਨਿਆਂ ਉੱਤੇ ਮੋਰ ਦੀ ਪੂਛ ਲਗੇ ਝੰਡੇ ਵੇਖੇ ਜਾ ਸਕਦੇ ਹਨ, ਪਰ ਪੰਜਾਬ ਵਿਚ ਸਖ਼ੀ ਸਰਵਰ ਦੇ ਅਨੁਆਈਆਂ ਦੀ ਗਿਣਤੀ ਨਾਂ-ਮਾਤਰ ਹੀ ਰਹਿ ਗਈ ਹੈ।


ਲੇਖਕ : ਦ.ਲ.ਦ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਖ਼ੀ ਸਰਵਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਖ਼ੀ ਸਰਵਰ : ਇਹ ਪਿੰਡ ਜ਼ਿਲ੍ਹਾ ਡੇਰਾ ਗ਼ਾਜ਼ੀ ਖ਼ਾਂ (ਪਾਕਿਸਤਾਨ) ਵਿਚ ਡੇਰਾ ਗ਼ਾਜ਼ੀ ਖ਼ਾਂ ਤੋਂ ਲਗਭਗ 110 ਕਿ. ਮੀ. ਦੀ ਦੂਰੀ ਤੇ ਸੁਲੇਮਾਨ ਪਹਾੜ ਦੀ ਤਲਹਟੀ ਵਿਚ ਸਥਿਤ ਹੈ। ਇਹ ਪਿੰਡ ਮੁਸਲਮਾਨ ਫ਼ਕੀਰ ਸੈਦੀ ਅਹਿਮਦ ਨੇ ਵਸਾਇਆ ਸੀ ਜਿਸ ਨੂੰ ‘ਲੱਖਦਾਤਾ’ ਤੇ ‘ਸਖ਼ੀ ਸਰਵਰ’ ਵੀ ਕਿਹਾ ਜਾਂਦਾ ਹੈ। ਪੀਰ ਸਖ਼ੀ ਸਰਵਰ ਦੀ ਦਰਗਾਹ ਇਥੇ ਹੀ ਹੈ ਜਿਸ ਦੀ ਜ਼ਿਆਰਤ ਕਰਨ ਲਈ ਸਖ਼ੀ ਸਰਵਰ ਦੇ ਚੇਲੇ ਅਪ੍ਰੈਲ ਮਹੀਨੇ ਵਿਚ ਲੱਗਣ ਵਾਲੇ ਇਕ ਵੱਡੇ ਮੇਲੇ ਤੇ ਇਥੇ ਆਉਂਦੇ ਹਨ।


ਲੇਖਕ : ਮਨਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-02-43-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.