ਸੌਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੌਗੀ [ਨਾਂਇ] ਦਾਖਾਂ, ਕਿਸ਼ਮਿਸ਼, ਸੁੱਕਾ ਮੇਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੌਗੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੌਗੀ : ਇਹ ਇਕ ਸੁੱਕਾ ਮੇਵਾ ਹੈ। ਪੰਜਾਬੀ ਵਿਚ ਇਸ ਨੂੰ ਦਾਖ, ਫਾਰਸੀ ਵਿਚ ਕਿਸ਼ਮਿਸ਼ ਅਤੇ ਸੰਸਕ੍ਰਿਤ ਵਿਚ ਦਰਾਖਸ਼ ਕਿਹਾ ਜਾਂਦਾ ਹੈ। ਇਹ ਕਈ ਕਿਸਮਾਂ ਦੇ ਅੰਗੂਰਾਂ ਨੂੰ ਸੁਕਾ ਕੇ ਬਣਦੀ ਹੈ। ਸੌਗੀ ਬਣਾਉਣ ਵਾਲੇ ਅੰਗੂਰਾਂ ਦੀਆਂ ਤਿੰਨ ਸਭ ਤੋਂ ਪ੍ਰਸਿੱਧ ਕਿਸਮਾਂ ਹੇਠ ਲਿਖੀਆਂ ਹਨ :––

          1. ਥੌਮਸਨ ਬੀਜ-ਰਹਿਤ––ਇਸ ਵਿਚ ਆਸਟ੍ਰੇਲੀਆ ਦੇ ਪੀਲੇ ਬੀਜ-ਰਹਿਤ ਅੰਗੂਰ, ਜਿਨ੍ਹਾਂ ਨੂੰ ਸੁਲਤਾਨਾ ਕਿਹਾ ਜਾਂਦਾ ਹੈ, ਤੁਰਕੀ, ਇਰਾਨ ਦੀ ਚਿੱਟੀ ਜਾਂ ਅੰਡਾਕਾਰ ਕਿਸ਼ਮਿਸ਼ ਤੇ ਕੈਲੀਫ਼ੋਰਨੀਆਂ ਦੀ ਸੁਲਤਾਨਿਤਾ ਆਉਂਦੇ ਹਨ।

          2. ਮਸਕਟ ਜਾਂ ਅਲੈਗਜ਼ੈਂਡ੍ਰੀਆ––ਇਹ ਵੱਡੇ ਵੱਡੇ ਬੀਜਾਂ ਵਾਲੀ ਕਿਸਮ ਹੈ ਜਿਸ ਨੂੰ ਆਸਟ੍ਰੇਲੀਆ ਵਿਚ ਗੋਰਡੋ ਬਲੈਂਕੋ ਤੇ ਦੱਖਣੀ ਅਫ਼ਰੀਕਾ ਵਿਚ ਚਿੱਟੀ ਹੇਨਪੂਟ ਵੀ ਕਿਹਾ ਜਾਂਦਾ ਹੈ।

          3. ਕਾਲੀ ਕੌਰੀਐਂਥ––ਇਹ ਛੋਟੇ ਛੋਟੇ ਕਾਲੇ ਬੀਜ-ਰਹਿਤ ਅੰਗੂਰ ਹੁੰਦੇ ਹਨ। ਇਸ ਨੂੰ ਜਾਂਤੇ ਕਰੈਂਟ, ਪੈਨਾਰਿਟ ਅਤੇ ਸਟੇਫਿਸ ਵੀ ਕਿਹਾ ਜਾਂਦਾ ਹੈ।

          ਇਨ੍ਹਾਂ ਤੋਂ ਇਲਾਵਾ ਕਈ ਹੋ ਕਿਸਮਾਂ ਸਥਾਨਕ ਮਹੱਤਤਾ ਵਾਲੀਆਂ ਵੀ ਹਨ ਜਿਵੇਂ ਗੋਲ ਕਿਸ਼ਮਿਸ਼, ਰੋਸਾਕੀ, ਮੁੱਨੱਕਾ ਆਦਿ। ਸੌਗੀ ਦੀਆਂ ਕਿਸਮਾਂ ਦੇ ਵਪਾਰਕ ਨਾਂ ਉਸ ਦੇ ਸੁਕਾਉਣ ਤੇ ਤਰੀਕੇ, ਵੇਚਣ ਦੀ ਸੂਰਤ, ਉਪਜ ਦੇ ਮੁੱਖ ਸਥਾਨ, ਅਕਾਰ ਜਾਂ ਕਿਸਮ ਆਦਿ ਤੇ ਅਧਾਰਤ ਹੁੰਦੇ ਹਨ।

          ਅਸਲੀ ਸੌਗੀ ਆਪਣੀ ਕੁਦਰਤੀ ਹਾਲਤ ਵਿਚ ਹੀ ਧੁੱਪ ਵਿਚ ਸੁਕਾਈ ਹੁੰਦੀ ਹੈ। ਇਸ ਦਾ ਰੰਗ ਭੂਰਾ ਜਾਂ ਖਾਕੀ ਭੂਰਾ ਹੁੰਦਾ ਹੈ, ਫੁੱਲ ਨਾਲ ਹੀ ਲੱਗੇ ਹੁੰਦੇ ਹਨ ਅਤੇ ਬਾਹਰੋਂ ਖਲੜੀ ਕੁਝ ਕਰੜੀ ਹੁੰਦੀ ਹੈ। ਗੋਲਡਨ ਬਲੀਚਡ ਸੌਗੀ ਤਿਆਰ ਕਰਨ ਲਈ ਬੀਜ-ਰਹਿਤ ਅੰਗੂਰਾਂ ਨੂੰ 0.5% ਮੈਲ ਨਿਵਾਰਕ ਘੋਲ ਵਿਚ ਡੁਬੋ ਕੇ 2-4 ਘੰਟੇ ਤਕ ਬਲਦੀ ਸਲਫਰ ਦਾ ਧੂੰਆਂ ਦਿੱਤਾ ਜਾਂਦਾ ਹੈ, ਫਿਰ ਇਸ ਨੂੰ ਟਨਲ ਡੀਹਾਈਡ੍ਰੇਟਰ ਵਿਚ ਸੁਕਾ ਲਿਆ ਜਾਂਦਾ ਹੈ। ਇਸ ਦਾ ਰੰਗ ਹਲਕੇ ਪੀਲੇ ਤੋਂ ਸੁਨਹਿਰੀ ਪੀਲੇ ਤਕ ਹੁੰਦਾ ਹੈ। ਸਲਫ਼ਰ ਬਲੀਚਡ ਕਿਸਮਾਂ ਵੀ ਗੋਲਡਨ ਬਲੀਚਡ ਦੀ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਨੂੰ ਸਿੱਧੀ ਧੁੱਪ ਵਿਚ ਸੁਕਾਇਆ ਜਾਂਦਾ ਹੈ। ਅੰਗੂਰਾਂ ਨੂੰ ਤਸ਼ਤਰੀਆਂ ਵਿਚ ਪਾ ਕੇ ਤਿੰਨ ਚਾਰ ਘੰਟੇ ਧੁੱਪ ਵਿਚ ਰਖਿਆ ਜਾਂਦਾ ਹੈ ਅਤੇ ਫਿਰ ਕਈ ਹਫ਼ਤੇ ਛਾਂ ਵਿਚ ਰੱਖ ਕੇ ਸੁਕਾਇਆ ਜਾਂਦਾ ਹੈ। ਇਸ ਤਰ੍ਹਾਂ ਬਣੀ ਕਿਸਮ ਕਰੀਮ ਜਾਂ ਲਾਲ ਭਾਹ ਮਾਰਦੇ ਪੀਲੇ ਰੰਗ ਦੀ ਹੁੰਦੀ ਹੈ। ਸੋਡਾ ਬਲੀਚਡ ਕਿਸਮ ਬਣਾਉਣ ਲਈ ਥੌਮਸਨ ਬੀਜ-ਰਹਿਤ ਅੰਗੂਰਾਂ ਨੂੰ ਗਰਮ, ਪਤਲੇ ਘੋਲ ਵਿਚ ਡੁਬੋ ਕੇ ਫਿਰ ਧੁੱਪ ਜਾਂ ਡੀਹਾਈਡ੍ਰੇਟਰ ਵਿਚ ਸੁਕਾ ਲਿਆ ਜਾਂਦਾ ਹੈ। ਜੇ ਇਨ੍ਹਾਂ ਨੂੰ ਜਲਦੀ ਜਲਦੀ ਸੁਕਾ ਲਿਆ ਜਾਵੇ ਤਾਂ ਹਲਕੇ ਅੰਬਰ ਤੋਂ ਭੂਰੇ ਰੰਗ ਦੀ ਸੌਗੀ ਬਣਦੀ ਹੈ ਅਤੇ ਇਹ ਮੁਲਾਇਮ ਅਤੇ ਥੋੜ੍ਹੀ ਜਿਹੀ ਸੁਗੰਧੀ ਵਾਲੀ ਹੁੰਦੀ ਹੈ। ਤੇਲ ਵਿਚ ਡੁਬੋਈ ਅਤੇ ਲੈਕਸਿਅਸ ਕਿਸਮ, ਅੰਗੂਰਾਂ ਨੂੰ ਪਤਲੇ ਘੋਲ ਵਿਚ ਡੁਬੋ ਕੇ (ਜਿਸ ਉੱਤੇ ਜੈਤੂਨ ਦੇ ਤੇਲ ਦੀ ਇਕ ਤਹਿ ਹੁੰਦੀ ਹੈ) ਫਿਰ ਤਸ਼ਤਰੀਆਂ ਵਿਚ ਧੁੱਪੇ ਸੁਕਾਉਣ ਨਾਲ ਬਣਦੀ ਹੈ। ਇਸ ਦਾ ਰੰਗ ਹਲਕੇ ਭੂਰੇ ਤੋਂ ਗੂੜ੍ਹੇ ਭੂਰੇ ਤਕ ਹੁੰਦਾ ਹੈ। ਇਹ ਕਿਸਮ ਮੁਲਾਇਮ ਅਤੇ ਹਲਕੀ ਸੁਗੰਧੀ ਵਾਲੀ ਹੈ।

          ਸੌਗੀ ਬਣਾਉਣ ਵਾਲੇ ਅੰਗੂਰ ਬੜੇ ਪੁਰਾਣੇ ਸਮਿਆਂ ਤੋਂ ਉਗਾਏ ਜਾਂਦੇ ਰਹੇ ਹਨ। ਪਰਸ਼ੀਆ ਅਤੇ ਮਿਸਰ ਵਿਚ ਇਹ 2000 ਈ. ਪੂ. ਤੋਂ ਮਿਲਦੇ ਹਨ। ਪੁਰਾਣੇ ਸਮਿਆਂ ਵਿਚ ਪੂਜਾ ਦੇ ਪਵਿਤਰ ਸਥਾਨਾਂ ਤੇ ਇਸ ਦੀ ਵਰਤੋਂ ਕਰਦੇ ਸਨ। ਵੀਹਵੀਂ ਸਦੀ ਤੋਂ ਪਹਿਲਾਂ ਇਸ ਦੀ ਉਪਜ ਦੇ ਮੁਖ ਦੇਸ਼ ਤੁਰਕੀ, ਇਰਾਨ ਅਤੇ ਗਰੀਸ ਸਨ। ਵੀਹਵੀਂ ਸਦੀ ਦੇ ਮੱਧ ਤਕ ਸੰਯੁਕਤ ਰਾਜ ਇਸ ਦੀ ਪੈਦਾਵਾਰ ਵਿਚ ਪਹਿਲੇ ਨੰਬਰ ਤੇ ਅਤੇ ਆਸਟ੍ਰੇਲੀਆ ਦੂਜੇ ਨੰਬਰ ਤੇ ਹੋ ਗਿਆ।

          ਸੌਗੀ ਦੀ ਡਾਕਟਰੀ ਮਹੱਤਤਾ ਬਹੁਤ ਜ਼ਿਆਦਾ ਹੈ। ਇਸ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਹਿਕਮਤ ਅਨੁਸਾਰ ਇਸ ਦੀ ਤਾਸੀਰ ਗਰਮ, ਖ਼ੁਸ਼ਕ ਅਤੇ ਤਰ ਹੈ। ਇਸ ਦੀ ਬਦਲ ਮਨੱਕਾ ਹੈ। ਇਸ ਦੀ ਖ਼ੁਰਾਕ 35 ਤੋਂ 40 ਗ੍ਰਾ ਹੈ। ਇਹ ਖ਼ੂਨ ਨੂੰ ਸਾਫ਼ ਕਰਦੀ ਹੈ ਅਤੇ ਚਰਬੀ ਵਧਾਉਂਦੀ ਹੈ। ਇਸ ਨਾਲ ਖਸਰੇ ਨੂੰ ਵੀ ਆਰਾਮ ਆਉਂਦਾ ਹੈ।

          ਦਿਲ ਦੀ ਬਿਮਾਰੀ ਵਾਲੇ ਰੋਗੀ ਨੂੰ ਸੌਗੀ ਬਹੁਤ ਲਾਭਵੰਦ ਸਿੱਧ ਹੁੰਦੀ ਹੈ। ਵਧੀਆ ਦਾਖਾਂ ਦੇ ਚਾਲੀ ਦਾਣੇ, ਅੱਧ ਪਾ ਗੁਲਾਬ ਦਾ ਅਰਥ ਅਤੇ ਰੱਤੀ ਜਾਫਰਾਨ ਪੀਸਕੇ, ਰਾਤ ਨੂੰ ਚੀਨੀ ਦੀ ਪਿਆਲੀ ਵਿਚ ਰੱਖ ਕੇ ਸਵੇਰੇ ਇਕ ਦਾਣਾ ਸੂਈ ਨਾਲ ਚੁਣ ਕੇ ਖਾਣ ਨਾਲ ਅਤੇ ਉਪਰੋਂ ਦੀ ਅਰਕ ਪੀਣ ਨਾਲ ਥੋੜ੍ਹੇ ਹੀ ਦਿਨਾਂ ਵਿਚ ਦਿਲ ਦੀ ਬਿਮਾਰੀ ਨੂੰ ਲਾਭ ਪਹੁੰਚਦਾ ਹੈ।

          ਔਰਤ ਨੂੰ ਜੇਕਰ ਹੈਜ਼ ਦਰਦ ਨਾਲ ਆਉਂਦਾ ਹੋਵੇ ਜਾਂ ਖੁੱਲ੍ਹਕੇ ਨਾ ਆਉਂਦਾ ਹੋਵੇ ਤਾਂ 40 ਗ੍ਰਾ. ਸੌਗੀ, ½ ਕਿਲੋ ਦੁੱਧ, ½ ਕਿਲੋਂ ਪਾਣੀ ਅਤੇ ਚਾਰ ਤੋਲੇ ਗੁਲਾਬ ਦੇ ਫੁੱਲ ਪੋਟਲੀ ਵਿਚ ਪਾ ਕੇ ਅੱਗ ਤੇ ਪਕਾਉਣਾ ਚਾਹੀਦਾ ਹੈ। ਜਦ ਪਾਣੀ ਸੁੱਕ ਕੇ ਦੁੱਧ ਹੀ ਰਹਿ ਜਾਵੇ ਤਾਂ ਫੁੱਲਾਂ ਦੀ ਪੋਟਲੀ ਕੱਢ ਕੇ ਨਿਚੋੜ ਲੈਣੀ ਚਾਹੀਦੀ ਹੈ। ਦਾਖਾਂ ਨੂੰ ਖਾ ਕੇ ਉਪਰ ਦੀ ਨੀਮ ਗਰਮ ਦੁੱਧ ਸੌਣ ਵੇਲੇ ਪੀਣਾ ਚਾਹੀਦਾ ਹੈ ਅਤੇ ਖਾਣਾ ਨਹੀਂ ਖਾਣਾ ਚਾਹੀਦਾ। ਇਹ ਹੈਜ਼ ਤੋਂ ਦਸ ਦਿਨ ਪਹਿਲਾਂ ਵਰਤਣਾ ਚਾਹੀਦਾ ਹੈ। ਇਹ ਅਮਲ ਦੋ ਮਹੀਨੇ ਕਰਨ ਨਾਲ ਮੁਕੰਮਲ ਅਰਾਮ ਆ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. 18:1133.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਸੌਗੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੌਗੀ, ਇਸਤਰੀ ਲਿੰਗ : ੧. ਕਿਸ਼ਮਿਸ਼, ਕੁਝ ਕੁਝ ਹਰੇ ਰਹਿੰਦੇ ਝੱੜ ਕੇ ਸੁੱਕੇ ਹੋਏ ਅੰਗੂਰ; ੨. ਮੇਵਾ, ਪੱਕ ਕੇ ਸੁੱਕੇ ਹੋਏ ਅੰਗੂਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-28-03-43-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.