ਸੋਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਕਾ (ਨਾਂ,ਪੁ) ਔੜ; ਲੰਮਾ ਸਮਾਂ ਮੀਂਹ ਨਾ ਪੈਣ ਦੀ ਹਾਲਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੋਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਕਾ [ਨਾਂਪੁ] ਮੀਂਹ ਨਾ ਪੈਣ ਜਾਂ ਪਾਣੀ ਨਾ ਮਿਲ਼ਨ ਕਾਰਨ ਫ਼ਸਲਾਂ ਦੇ ਮੁਰਝਾਉਣ ਦੀ ਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਕਾ. ਸੁੱਕਣ ਦਾ ਭਾਵ. ਜਿਵੇਂ-ਪੈਲੀ ਨੂੰ ਸੋਕਾ ਲੱਗ ਗਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਕਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸੋਕਾ : ਸੋਕਾ (Drought) ਕੀ ਹੈ? ਸੋਕਾ ਉਹ ਹਾਲਤ ਹੈ, ਜਦੋਂ ਭੂਮੀ ਵਿੱਚ ਮੌਜੂਦ ਪਾਣੀ ਵਾਸ਼ਪੀਕਰਨ ਅਤੇ ਬਨਸਪਤੀ ਦੇ ਭਾਫ਼ ਸੰਚਾਰ ਦੀਆਂ ਲੋੜਾਂ ਪੂਰੀਆਂ ਨਾ ਕਰ ਸਕੇ। ਸੋਕੇ ਦਾ ਭੂਮੀ ਪ੍ਰਯੋਗ ਅਤੇ ਫ਼ਸਲਾਂ ਤੇ ਮਾਰੂ ਪ੍ਰਭਾਵ ਪੈਂਦਾ ਹੈ। ਪੂਰੀ ਮਾਤਰਾ ਵਿੱਚ ਪਾਣੀ ਪ੍ਰਾਪਤ ਨਾ ਹੋਣ ਕਰਕੇ ਫ਼ਸਲਾਂ ਸੁੱਕ ਜਾਂਦੀਆਂ ਹਨ ਅਤੇ ਪਸੂ, ਪਾਣੀ ਅਤੇ ਚਾਰੇ ਦੀ ਘਾਟ ਕਾਰਨ ਮਰ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਜਦੋਂ ਸਿੰਜਾਈ ਦੇ ਸਾਧਨ ਨਹੀਂ ਸਨ ਹੁੰਦੇ ਤਾਂ ਸੋਕਾ ਅਕਸਰ ਬਹੁਤ ਗੰਭੀਰ ਹਾਲਤ ਧਾਰਨ ਕਰ ਜਾਂਦਾ ਸੀ ਜਿਸ ਨੂੰ ਕਾਲ ਕਿਹਾ ਜਾਂਦਾ ਸੀ। ਅਜਿਹੀ ਹਾਲਤ ਵਿੱਚ ਪਸੂ ਪੰਛੀ ਤਾਂ ਇੱਕ ਪਾਸੇ, ਮਨੁੱਖ ਵੀ ਪਾਣੀ ਅਤੇ ਅਨਾਜ ਦੀ ਘਾਟ ਕਰਕੇ ਮਰ ਜਾਂਦੇ ਸਨ। ਹੜ੍ਹ ਅਤੇ ਸੋਕਾ ਮੌਨਸੂਨੀ ਜਲ-ਵਾਯੂ ਦਾ ਇੱਕ ਮਹੱਤਵਪੂਰਨ ਪਹਿਲੂ ਹਨ। ਵਰਖਾ ਦੀ ਆਮਦ ਅਤੇ ਮਾਤਰਾ ਦਾ ਭਰੋਸਾ ਨਾ ਹੋਣ ਕਰਕੇ ਹੀ ਇਹ ਦੋਵੇਂ ਹਾਲਤਾਂ ਪੈਦਾ ਹੁੰਦੀਆਂ ਹਨ। ਕਿਸੇ ਸਾਲ ਵਰਖਾ ਏਨੀ ਜ਼ਿਆਦਾ ਹੁੰਦੀ ਹੈ ਕਿ ਹੜ੍ਹ ਆ ਜਾਂਦੇ ਹਨ ਅਤੇ ਕਿਸੇ ਸਾਲ ਵਰਖਾ ਪੈਂਦੀ ਹੀ ਨਹੀਂ ਅਤੇ ਫ਼ਸਲਾਂ ਸੋਕੇ ਨਾਲ ਮਾਰੀਆਂ ਜਾਂਦੀਆਂ ਹਨ। ਖੇਤੀ-ਬਾੜੀ ਲਈ ਲੋੜੀਂਦੀਆਂ ਆਮ ਕੁਦਰਤੀ ਹਾਲਤਾਂ ਵਿੱਚੋਂ ਸੋਕਾ, ਹੜ੍ਹ ਨਾਲੋਂ ਜ਼ਿਆਦਾ ਮੁਸ਼ਕਲ ਪੈਦਾ ਕਰਦਾ ਹੈ। ਵਰਖਾ ਦੀ ਬਦਲਵੀਂ ਸਥਿਤੀ, ਲੰਬਾ ਖ਼ੁਸ਼ਕ ਮੌਸਮ ਅਤੇ ਉੱਚਾ ਤਾਪਮਾਨ ਹਰ ਸਾਲ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਕਰ ਦਿੰਦੇ ਹਨ। ਸੋਕਾ ਹਰ ਹਾਲਤ ਵਿੱਚ ਪਾਣੀ ਦੀ ਕਮੀ ਕਰਕੇ ਹੀ ਪੈਂਦਾ ਹੈ। ਵਾਸ਼ਪੀਕਰਨ ਅਤੇ ਪੌਦਿਆਂ ਰਾਹੀਂ ਪਾਣੀ ਦਾ ਉੱਡਣਾ (Evaporation) ਤਿੰਨ ਗੱਲਾਂ ਤੇ ਨਿਰਭਰ ਕਰਦਾ ਹੈ : ਘੱਟ ਸਾਪੇਖ ਨਮੀ, ਤੇਜ਼ ਹਵਾ ਅਤੇ ਉੱਚਾ ਤਾਪਮਾਨ। ਇਹ ਤਿੰਨ ਹਾਲਤਾਂ ਸੋਕੇ ਦੀ ਆਮਦ ਨੂੰ ਵਧਾਉਂਦੀਆਂ ਹਨ। ਕੁਝ ਮਿੱਟੀਆਂ ਜਿਨ੍ਹਾਂ ਵਿੱਚੋਂ ਪਾਣੀ ਛੇਤੀ ਉੱਡ ਜਾਂਦਾ ਹੈ, ਵੀ ਸੋਕਾ ਪੈਦਾ ਕਰਦੀਆਂ ਹਨ।
ਕਿਸਮਾਂ : ਖੇਤੀ ਪ੍ਰਧਾਨ ਦੇਸਾਂ ਵਿੱਚ ਸੋਕਾ ਲੋਕਾਂ, ਪ੍ਰਸ਼ਾਸਨ ਅਤੇ ਯੋਜਨਾਕਾਰਾਂ ਲਈ ਹਮੇਸ਼ਾਂ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸੋਕਾ ਕਈ ਕਿਸਮ ਦਾ ਹੋ ਸਕਦਾ ਹੈ ਜਿਵੇਂ ਕਿ :
(ੳ) ਪੱਕਾ (Permanent) ਸੋਕਾ, ਜਿਵੇਂ ਮਾਰੂਥਲੀ ਖੇਤਰਾਂ ਵਿੱਚ ;
(ਅ) ਮੌਸਮੀ (Seasonal) ਸੋਕਾ ਉਹਨਾਂ ਖੇਤਰਾਂ ਵਿੱਚ ਪੈਂਦਾ ਹੈ ਜਿੱਥੇ ਸਾਲ ਵਿੱਚ ਕੁਝ ਸਮੇਂ ਮੌਸਮ ਖ਼ੁਸ਼ਕ ਰਹਿੰਦਾ ਹੋਵੇ;
(ੲ) ਉਹ ਸੋਕਾ, ਜੋ ਵਰਖਾ ਦੀ ਮਾਤਰਾ ਵਿੱਚ ਅਚਾਨਕ ਆਈ ਤਬਦੀਲੀ ਕਰਕੇ ਹੋਵੇ।
ਪੱਕੇ ਅਤੇ ਮੌਸਮੀ ਸੋਕਾ ਖੇਤਰ ਸੰਸਾਰ ਦੇ ਜਲ-ਵਾਯੂ ਖੰਡਾਂ ਨਾਲ ਮੇਲ ਖਾਂਦੇ ਹਨ। ਮਾਰੂਥਲੀ ਖੰਡਾਂ ਵਿੱਚ ਸੋਕਾ ਪੱਕੇ ਤੌਰ ਤੇ ਰਹਿੰਦਾ ਹੈ। ਇਸੇ ਤਰ੍ਹਾਂ ਉਹ ਜਲ-ਵਾਯੂ ਖੇਤਰ ਜਿਨ੍ਹਾਂ ਵਿੱਚ ਵਰਖਾ ਮੌਸਮੀ ਹੁੰਦੀ ਹੈ ਜਾਂ ਘੱਟ ਹੁੰਦੀ ਹੈ, ਥੋੜ੍ਹੇ ਸਮੇਂ ਲਈ ਸੋਕੇ ਦਾ ਸਾਮ੍ਹਣਾ ਕਰਦੇ ਹਨ ਜਿਵੇਂ ਕਿ ਰੂਮ ਸਾਗਰੀ ਜਲ-ਵਾਯੂ ਖੇਤਰ। ਵਰਖਾ ਦੀ ਮਾਤਰਾ ਵਿੱਚ ਆਈ ਅਚਾਨਕ ਤਬਦੀਲੀ ਵੀ ਸੋਕੇ ਦਾ ਕਾਰਨ ਬਣਦੀ ਹੈ। ਦੱਖਣੀ ਏਸ਼ੀਆ, ਖ਼ਾਸ ਕਰਕੇ ਭਾਰਤ ਵਿੱਚ, ਜੇਕਰ ਮੌਨਸੂਨ ਪੌਣਾਂ ਕੁਝ ਸਮੇਂ ਲਈ ਲੇਟ ਹੋ ਜਾਣ ਜਾਂ ਘੱਟ ਆਉਣ ਤਾਂ ਜ਼ਿਆਦਾਤਰ ਹਿੱਸੇ ਵਿੱਚ ਸੋਕੇ ਵਰਗੀ ਸਥਿਤੀ ਹੀ ਬਣ ਜਾਂਦੀ ਹੈ।
ਵੱਖ-ਵੱਖ ਦੇਸਾਂ ਵਿੱਚ ਸੋਕੇ ਦਾ ਅੰਦਾਜ਼ਾ ਲਗਾਉਣ ਲਈ ਵੱਖ-ਵੱਖ ਮਾਪ-ਦੰਡ (Criterion) ਹਨ। ਭਾਰਤ ਵਿੱਚ ਉਹੀ ਮਾਪ ਦੰਡ ਵਰਤਿਆ ਜਾਂਦਾ ਹੈ ਜੋ ਕਿ ਸਿੰਜਾਈ ਕਮਿਸ਼ਨ (1972) ਅਤੇ ਨੈਸ਼ਨਲ ਖੇਤੀ-ਬਾੜੀ ਕਮਿਸ਼ਨ (1976) ਨੇ ਦਿੱਤਾ ਸੀ। ਸਿੰਜਾਈ ਕਮਿਸ਼ਨ ਨੇ ਆਪਣਾ ਆਧਾਰ ਭਾਰਤੀ ਜਲ-ਵਾਯੂ ਵਿਭਾਗ ਦੇ ਮਾਪ-ਦੰਡ ਨੂੰ ਹੀ ਬਣਾਇਆ ਸੀ, ਜਿਸ ਦੇ ਅਨੁਸਾਰ ਸੋਕਾ ਉਹ ਹਾਲਤ ਹੈ ਜਦੋਂ ਕਿਸੇ ਖੇਤਰ ਵਿੱਚ ਸਲਾਨਾ ਔਸਤ ਵਰਖਾ, ਸਧਾਰਨ (Normal) ਵਰਖਾ ਦੇ 75 ਪ੍ਰਤਿਸ਼ਤ ਤੋਂ ਘੱਟ ਹੋਵੇ। ਅਜਿਹੇ ਮਾਪ-ਦੰਡ ਦੇ ਆਧਾਰ ਤੇ ਸੋਕਾ ਤਿੰਨ ਕਿਸਮ ਦਾ ਹੋ ਸਕਦਾ ਹੈ :
(ੳ) ਘੱਟ ਸੋਕਾ : ਜਦੋਂ ਸਲਾਨਾ ਔਸਤ ਵਰਖਾ ਸਧਾਰਨ ਵਰਖਾ ਦੇ 75 ਪ੍ਰਤਿਸ਼ਤ ਤੋਂ ਘੱਟ ਹੋਵੇ।
(ਅ) ਔਸਤ ਸੋਕਾ : ਜਦੋਂ ਸਲਾਨਾ ਔਸਤ ਵਰਖਾ ਸਧਾਰਨ ਵਰਖਾ ਦੇ 70 ਪ੍ਰਤਿਸ਼ਤ ਤੋਂ ਘੱਟ ਹੋਵੇ ਅਤੇ
(ੲ) ਗੰਭੀਰ ਸੋਕਾ ਜਾਂ ਸਖ਼ਤ ਸੋਕਾ : ਜਦੋਂ ਸਲਾਨਾ ਔਸਤ ਵਰਖਾ ਦੀ ਮਾਤਰਾ ਸਧਾਰਨ ਵਰਖਾ ਦੇ 50 ਪ੍ਰਤਿਸ਼ਤ ਤੋਂ ਘੱਟ ਹੋਵੇ।
ਸੋਕਾ ਖੇਤਰ : ਸੰਸਾਰ ਦਾ ਇੱਕ ਵੱਡਾ ਹਿੱਸਾ ਸੋਕੇ ਤੋਂ ਪ੍ਰਭਾਵਿਤ ਹੈ। ਉੱਤਰੀ ਅਮਰੀਕਾ ਦੇ ਵਧੇਰੇ ਭਾਗ, ਦੱਖਣ ਪੱਛਮੀ ਏਸ਼ੀਆ, ਮੱਧ ਏਸ਼ੀਆ, ਪੱਛਮੀ ਅਤੇ ਮੱਧਵਰਤੀ ਆਸਟ੍ਰੇਲੀਆ ਪੂਰੀ ਤਰ੍ਹਾਂ ਸੋਕੇ ਦੀ ਮਾਰ ਹੇਠ ਹਨ। ਪੱਛਮੀ ਸੰਯੁਕਤ ਰਾਜ ਅਮਰੀਕਾ, ਦਿੱਲੀ ਅਤੇ ਦੱਖਣੀ ਅਰਜਨਟੀਨਾ, ਜਿੱਥੇ ਵਰਖਾ ਦੀ ਪਰਿਵਰਤਨਸ਼ੀਲਤਾ 20 ਤੋਂ 30 ਪ੍ਰਤਿਸ਼ਤ ਤੱਕ ਹੈ, ਵੀ ਸੋਕੇ ਦੀ ਮਾਰ ਹੇਠ ਆਉਂਦੇ ਹਨ।
ਸੰਸਾਰ ਵਿੱਚ ਸੋਕੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਅਫ਼ਰੀਕਾ ਮਹਾਂਦੀਪ ਦਾ ਸਾਹਿਲ (Sahel) ਖੇਤਰ ਹੈ, ਜਿਸ ਵਿੱਚ ਮਾਰੀਟੇਨੀਆ, ਮਾਲੀ, ਨਾਈਜਰ, ਚਾਡ, ਸੂਡਾਨ ਅਤੇ ਇਥੋਪੀਆ ਦੇਸਾਂ ਦਾ ਕਾਫ਼ੀ ਹਿੱਸਾ ਆਉਂਦਾ ਹੈ। ਇਸ ਖੇਤਰ ਦੀ ਵਰਖਾ ਅਤੇ ਤਾਪਮਾਨ ਵਿੱਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਜਿਸ ਕਰਕੇ ਇੱਥੇ ਸਦਾ ਹੀ ਸੋਕੇ ਵਰਗੀ ਸਥਿਤੀ ਬਣੀ ਰਹਿੰਦੀ ਹੈ।
ਭਾਰਤ ਵਿੱਚ ਤਕਰੀਬਨ ਹਰ ਪੰਜ ਸਾਲ ਵਿੱਚ ਇੱਕ ਸਾਲ ਸੋਕੇ ਦਾ ਹੁੰਦਾ ਹੈ। ਮੌਸਮ ਵਿਭਾਗ ਦੇ ਸਰਵੇਖਣ ਮੁਤਾਬਕ ਦੇਸ ਦੇ ਕੁੱਲ ਭੂਗੋਲਿਕ ਖੇਤਰ ਦਾ 16 ਪ੍ਰਤਿਸ਼ਤ ਹਿੱਸਾ ਸੋਕੇ ਦੀ ਮਾਰ ਹੇਠ ਆਉਂਦਾ ਹੈ ਅਤੇ ਇਸ ਤੋਂ 11 ਪ੍ਰਤਿਸ਼ਤ ਅਬਾਦੀ ਪ੍ਰਭਾਵਿਤ ਹੁੰਦੀ ਹੈ। ਭਾਰਤ ਵਿੱਚ ਸੋਕੇ ਨਾਲ ਪ੍ਰਭਾਵਿਤ ਖੇਤਰ, ਖ਼ੁਸ਼ਕ ਅਤੇ ਅਰਧ-ਖ਼ੁਸ਼ਕ ਜਲ-ਵਾਯੂ ਵਾਲੇ ਖੇਤਰਾਂ ਵਿੱਚ ਮਿਲਦੇ ਹਨ ਜਿਵੇਂ ਕਿ ਗੁਜਰਾਤ, ਰਾਜਸਥਾਨ ਤੇ ਇਸ ਨਾਲ ਲੱਗਦੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਖੇਤਰ ਅਤੇ ਮਹਾਂਰਾਸ਼ਟਰ ਤੇ ਕਰਨਾਟਕ ਦੇ ਮੱਧਵਰਤੀ ਹਿੱਸੇ, ਰਿਆਲਸੀਮਾ, ਦੱਖਣੀ ਤੇਲੰਗਾਨਾ ਤੇ ਤਾਮਿਲਨਾਡੂ ਦੇ ਕੁਝ ਖੇਤਰ ਅਤੇ ਪੱਛਮੀ ਹਿਮਾਲਿਆ ਦਾ ਲੱਦਾਖ਼ ਖੇਤਰ। ਸੋਕੇ ਦਾ ਸਭ ਤੋਂ ਵੱਧ ਅਸਰ ਪੱਛਮੀ ਰਾਜਸਥਾਨ ਅਤੇ ਕੱਛ ਦੇ ਖੇਤਰਾਂ ਵਿੱਚ ਹੁੰਦਾ ਹੈ, ਜਿੱਥੇ ਵਰਖਾ ਦੀ ਪਰਿਵਰਤਨਸ਼ੀਲਤਾ 25 ਪ੍ਰਤਿਸ਼ਤ ਤੋਂ ਜ਼ਿਆਦਾ ਹੁੰਦੀ ਹੈ।
ਸੋਕਾ ਪੈਣ ਦਾ ਅੰਦਾਜ਼ਾ ਵਰਖਾ ਦੇ ਸਲਾਨਾ, ਮੌਸਮੀ ਅਤੇ ਰੋਜ਼ਾਨਾ ਵਿਤਰਨ, ਭਰੋਸੇਯੋਗਤਾ, ਤੀਬਰਤਾ ਅਤੇ ਵਰਖਾ ਦੀ ਕਿਸਮ ਤੋਂ ਲਗਾਇਆ ਜਾ ਸਕਦਾ ਹੈ। ਮੌਨਸੂਨ ਦੇ ਆਉਣ ਵਿੱਚ ਆਈ ਦੇਰੀ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਸਾਉਣੀ ਦੀ ਫ਼ਸਲ ਲਈ ਮਾਰੂ ਸਿੱਧ ਹੁੰਦੀ ਹੈ। ਮੌਨਸੂਨ ਨਾ ਆਉਣ ਕਰਕੇ ਭਾਰਤੀ ਉਪ-ਮਹਾਂਦੀਪ ਵਿੱਚ ਕਈ ਵਾਰੀ ਕਾਲ ਵੀ ਪੈ ਚੁੱਕੇ ਹਨ।
ਬਚਾਅ ਦੇ ਤਰੀਕੇ : ਸੋਕਾ ਉਹ ਹਾਲਤ ਹੈ, ਜਦੋਂ ਪਾਣੀ ਦੀ ਜ਼ਰੂਰਤ, ਪ੍ਰਾਪਤ ਪਾਣੀ ਤੋਂ ਜ਼ਿਆਦਾ ਹੋਵੇ। ਸੋਕੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜਾਂ ਤਾਂ ਫ਼ਸਲੀ ਢਾਂਚੇ ਵਿੱਚ ਬਦਲਾਓ ਕਰਕੇ ਪਾਣੀ ਦੀ ਜ਼ਰੂਰਤ ਨੂੰ ਘਟਾਇਆ ਜਾ ਸਕਦਾ ਹੈ ਜਾਂ ਤਕਨੀਕੀ ਸਾਧਨ ਵਰਤ ਕੇ ਪਾਣੀ ਵਧੇਰੇ ਮਾਤਰਾ ਵਿੱਚ ਲਿਆ ਜਾ ਸਕਦਾ ਹੈ। ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਬਾਜਰਾ, ਛੋਲੇ ਆਦਿ ਉਗਾ ਕੇ ਵੀ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਫ਼ਸਲਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਕੇ ਵੀ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਜ਼ਰੂਰਤ ਘਟਾਈ ਨਹੀਂ ਜਾ ਸਕਦੀ, ਉੱਥੇ ਸਿਰਫ਼ ਸਿੰਜਾਈ ਦੇ ਸਾਧਨ ਵਿਕਸਿਤ ਹੋਣ ਨਾਲ ਹੀ ਸੋਕੇ ਦੀ ਮੁਸ਼ਕਲ ਹੱਲ ਹੋ ਸਕਦੀ ਹੈ। ਨਹਿਰਾਂ, ਤਲਾਬਾਂ ਅਤੇ ਭੂਮੀਗਤ ਪਾਣੀ ਦੇ ਸੋਮਿਆਂ ਨੂੰ ਵਿਕਸਿਤ ਕਰਕੇ ਸੋਕੇ ਤੋਂ ਬਚਿਆ ਜਾ ਸਕਦਾ ਹੈ। ਭੂਮੀ ਪ੍ਰਯੋਗ ਵਿੱਚ ਬਦਲਾਓ ਅਤੇ ਪਾਣੀ ਦੇ ਵਹਾਅ (Run off) ਨੂੰ ਰੋਕਣ ਦੀਆਂ ਆਧੁਨਿਕ ਤਕਨੀਕਾਂ ਵੀ ਸੋਕੇ ਦਾ ਪ੍ਰਭਾਵ ਰੋਕਣ ਵਿੱਚ ਕਾਫ਼ੀ ਕਾਰਗਰ ਸਿੱਧ ਹੋ ਰਹੀਆਂ ਹਨ। ਇਜ਼ਰਾਈਲ ਦੀ ਤਰ੍ਹਾਂ ਨਵੀਂ ਤੁਪਕਾ (Drip) ਸਿੰਜਾਈ ਤਕਨੀਕ ਅਤੇ ਫ਼ੁਹਾਰਾ (Sprinkle) ਸਿੰਜਾਈ ਤਕਨੀਕ ਅਪਣਾ ਕੇ ਵੀ ਖ਼ੁਸ਼ਕ ਖੇਤੀ ਨੂੰ ਪ੍ਰਫੁਲਿਤ ਕੀਤਾ ਜਾ ਸਕਦਾ ਹੈ। ਅੱਜ ਵੀ ਸੋਕੇ ਨਾਲ ਪਾਣੀ, ਅਨਾਜ ਅਤੇ ਪਸੂਆਂ ਦੇ ਚਾਰੇ ਦੀ ਕਮੀ ਹੋ ਜਾਂਦੀ ਹੈ ਪਰ ਅੰਤਰਰਾਸ਼ਟਰੀ ਪੱਧਰ ਉੱਤੇ ਚੱਲ ਰਹੇ ਸਹਾਇਤਾ ਕਾਰਜਾਂ ਕਰਕੇ ਸਥਿਤੀ ਪਹਿਲਾਂ ਵਰਗੀ ਗੰਭੀਰ ਨਹੀਂ ਬਣਦੀ ਜਿਸ ਵਿੱਚ ਹਜ਼ਾਰਾਂ ਲੋਕੀ ਅਤੇ ਪਸੂ ਭੁੱਖ ਅਤੇ ਪਿਆਸ ਨਾਲ ਮਰ ਜਾਂਦੇ ਸਨ।
ਲੇਖਕ : ਲਖਵੀਰ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 9033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-03-42-32, ਹਵਾਲੇ/ਟਿੱਪਣੀਆਂ:
ਸੋਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਕਾ, ਪੁਲਿੰਗ : ਪਾਣੀ ਨਾ ਮਿਲਣ ਕਰਕੇ ਫਸਲ ਦਾ ਸੁਕਣ ਜਾਂ ਮੁਰਝਾਉਣ, ਅੋੜ
–ਸੋਕ ਰੋਗ, ਸਿਹਤ ਵਿਗਿਆਨ / ਪੁਲਿੰਗ : ਬੱਚਿਆਂ ਦਾ ਇੱਕ ਰੋਗ ਜਿਸ ਵਿੱਚ ਉਨ੍ਹਾਂ ਦਾ ਸਰੀਰ ਸੁੱਕਣ ਲੱਗ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-02-44-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First