ਸੂਰਯਕਾਂਤ ਤ੍ਰਿਪਾਠੀ ਨਿਰਾਲਾ` ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੂਰਯਕਾਂਤ ਤ੍ਰਿਪਾਠੀਨਿਰਾਲਾ` (1896–1961): ਆਧੁਨਿਕ ਹਿੰਦੀ ਕਵਿਤਾ ਦੇ ਵਿਕਾਸ ਵਿੱਚ ਸੂਰਯਕਾਂਤ ਤ੍ਰਿਪਾਠੀ ‘ਨਿਰਾਲਾ` ਇੱਕ ਨਵੇਕਲੀ ਸੋਚ ਅਤੇ ਨਵੇਂ ਸ਼ਿਲਪ-ਲੋਕ ਦਾ ਰਚਨਾਕਾਰ ਸੀ। ਛਾਇਆਵਾਦੀ ਕਵੀਆਂ ਵਿੱਚ ਤਾਂ ਇਸ ਨੂੰ ਅਨੁਭੂਤੀ ਅਤੇ ਅਨੁਭਵ ਦੇ ਸੁਮੇਲ ਦਾ ਇੱਕ ਸਮਾਜਵਾਦੀ ਕਵੀ ਮੰਨਿਆ ਜਾਂਦਾ ਹੈ। ਇਸ ਦੀ ਕਵਿਤਾ ਦੇ ਅਨੇਕਾਂ ਰੰਗ ਹਨ ਅਤੇ ਪ੍ਰਯੋਗਸ਼ੀਲਤਾ ਇਸ ਦੀ ਰਚਨਾ ਦਾ ਆਧਾਰ ਰਿਹਾ ਹੈ। ਇਹ ਕਾਰਨ ਹੈ ਕਿ ਨਿਰਾਲਾ ਦੀ ਹਰ ਰਚਨਾ ਉਸ ਦੀ ਮੌਲਿਕ ਸੋਚ ਦੀ ਪ੍ਰਤੀਤੀ ਕਰਾਉਂਦੀ ਹੈ। ਨਿਰਾਲਾ ਦਾ ਜਨਮ 1896 ਨੂੰ ਬੰਗਾਲ ਪ੍ਰਾਂਤ ਦੇ ਮੇਦਿਨੀਪੁਰ ਜ਼ਿਲ੍ਹੇ ਵਿੱਚ ਮਹਿਸ਼ਾਦਲ ਨਾਮਕ ਸਥਾਨ `ਤੇ ਹੋਇਆ। ਇਸੇ ਜਗ੍ਹਾ ਤੇ ਉਸ ਨੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ, ਨਾਲ ਹੀ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਨਿਰਾਲਾ ਸੁਆਮੀ ਰਾਮ ਕ੍ਰਿਸ਼ਨ ਪਰਮਹੰਸ ਅਤੇ ਵਿਵੇਕਾਨੰਦ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਉਸ ਦਾ ਵਿਅਕਤਿਤਵ ਬੜਾ ਹੀ ਨਿਰਾਲਾ ਸੀ। ਖੁੱਲ੍ਹੇਪਨ, ਅੱਖੜ, ਫੱਕੜ, ਸੁਭਾਅ ਦਾ ਮਾਲਕ ਹੋਣ ਕਰ ਕੇ ਦੀਨ ਦੁਨੀਆ ਦੀ ਮਦਦ ਕਰਨ ਵਾਲਾ ਸੀ। ਉਸ ਦੀਆਂ ਰਚਨਾਵਾਂ ਵਿੱਚ ਇਹ ਸਾਰੇ ਗੁਣ ਵੇਖੇ ਜਾ ਸਕਦੇ ਹਨ।

 

     ਨਿਰਾਲਾ ਦਾ ਵਿਆਹ 16 ਸਾਲ ਦੀ ਛੋਟੀ ਉਮਰ ਵਿੱਚ ਹੋ ਗਿਆ ਸੀ। ਕਵੀ ਨੇ ਜਵਾਨੀ ਦੀ ਦਹਿਲੀਜ਼ ਤੇ ਪੈਰ ਹੀ ਧਰਿਆ ਸੀ ਕਿ ਪਤਨੀ ਮਨੋਹਰਾ ਇੱਕ ਪੁੱਤਰ ਅਤੇ ਧੀ ਦੀ ਦੇਖ-ਭਾਲ ਦਾ ਭਾਰ ਨਿਰਾਲਾ ਉੱਤੇ ਛੱਡ ਕੇ ਚਲੀ ਗਈ। ਪਤਨੀ ਦੀ ਅਚਾਨਕ ਮੌਤ ਨੇ ਇਸ ਦੇ ਹਿਰਦੇ ਨੂੰ ਡੂੰਘੀ ਚੋਟ ਪਹੁੰਚਾਈ। ਅਜੇ ਉਹ ਆਪਣੇ-ਆਪ ਨੂੰ ਸੰਭਾਲ ਹੀ ਨਹੀਂ ਸਕਿਆ ਸੀ ਕਿ ਉਸ ਦੀ ਧੀ ਸਰੋਜ ਦੀ ਵੀ ਮੌਤ ਹੋ ਗਈ ਅਤੇ ਕਵੀ ਦੀ ਵੇਦਨਾ ਇਸ ਤਰ੍ਹਾਂ ਫੁੱਟ ਪਈ :

ਦੁੱਖ ਹੀ ਜੀਵਨ ਕੀ ਕਥਾ ਰਹੀ

ਕਯਾ ਕਹੇਂ ਆਜ ਜੋ ਨਹੀਂ ਕਹੀ

ਕਯੋ! ਗਤ ਕਰਮੋਂ ਦਾ ਅਰਪਣ

            ਕਰ ਸਕਤਾ ਮੈਂ ਤੇਰਾ ਤਰਪਣ।

     ਨਿਰਾਲਾ ਜਿਸ ਵੇਲੇ ਦੁੱਖਾਂ ਨਾਲ ਘਿਰਿਆ ਪਿਆ ਸੀ ਉਸ ਵੇਲੇ ਇਸ ਦਾ ਮੇਲ ਅਚਾਰੀਆ ਮਹਾਂਵੀਰ ਪ੍ਰਸਾਦ ਦ੍ਵਿਵੇਦੀ ਨਾਲ ਹੋਇਆ। ਨਿਰਾਲਾ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣ ਲੱਗ ਪਿਆ। ਦ੍ਵਿਵੇਦੀ ਇਸ ਦੀ ਕਾਵਿ- ਪ੍ਰਤਿਭਾ ਤੋਂ ਵਧੇਰੇ ਪ੍ਰਭਾਵਿਤ ਹੋਏ। ਨਿਰਾਲਾ ਦੀ ‘ਜੁਹੀ ਦੀ ਕਲੀ` ਕਵਿਤਾ ਮਤਵਾਲਾ  ਪੱਤ੍ਰਿਕਾ ਵਿੱਚ ਛਪੀ। ਇਸ ਕਵਿਤਾ ਨੇ ਹਿੰਦੀ ਸਾਹਿਤ ਜਗਤ ਵਿੱਚ ਕ੍ਰਾਂਤੀ ਪੈਦਾ ਕਰ ਦਿੱਤੀ। ਕੁਝ ਸਾਲਾਂ ਬਾਅਦ ਨਿਰਾਲਾ ਲਖਨਊ ਚਲਾ ਗਿਆ ਅਤੇ ਇਹ ਸਥਾਨ ਉਸ ਦੀ ਸਾਹਿਤ ਸਾਧਨਾ ਦਾ ਕੇਂਦਰ ਬਣ ਗਿਆ।

     ਨਿਰਾਲਾ ਨੇ ਆਪਣੇ ਬਾਰੇ ਕਿਹਾ ਹੈ-ਮੇਰੇ ਕੋਲ ਇੱਕ ਕਵੀ ਦੀ ਵਾਣੀ, ਕਲਾਕਾਰ ਦੇ ਹੱਥ, ਪਹਿਲਵਾਨ ਦੀ ਛਾਤੀ ਅਤੇ ਦਾਰਸ਼ਨਿਕ ਦੇ ਪੈਰ ਹਨ। ਨਿਰਾਲਾ ਮਸਤ ਮੌਲਾ, ਨਿਰਭੀਕ ਅਤੇ ਸਪਸ਼ਟਵਾਦੀ ਸੀ। ਇੰਦਰਨਾਥ ਮਦਾਨ ਨੇ ਨਿਰਾਲਾ ਦੇ ਵਿਅਕਤਿਤਵ ਬਾਰੇ ਕਿਹਾ ਹੈ

      ਇਹਨਾਂ ਵਿੱਚ ਵਿਰੋਧੀ ਤੱਤਵ ਦਿਖਾਈ ਦਿੰਦੇ ਹਨ, ਇਹਨਾਂ ਦੇ ਕਾਵਿ-ਸੰਗੀਤ ਵਿੱਚ ਵਿਰੋਧੀ ਸ੍ਵਰ ਗੂੰਜਦਾ ਹੈ। ਨਿਰਾਲਾ ਕਵੀ ਵੀ ਸਨ ਤੇ ਯੋਗੀ ਵੀ ਸਨ, ਸਰਲ, ਕੌਸ਼ਲ, ਕਠੋਰ ਅਤੇ ਸਹਿਜ ਵੀ ਸਨ।

     ਨਿਰਾਲਾ ਆਪ ਤੰਗ ਰਹਿ ਕੇ ਵੀ ਲੋਕਾਂ ਦੀ ਮਦਦ ਕਰਦਾ ਸੀ। ਨਿਰਾਲਾ ਕੋਲ ਕੋਈ ਕੱਪੜਾ ਹੁੰਦਾ ਤਾਂ ਉਹ ਠੰਡ ਨਾਲ ਕੰਬ ਰਹੇ ਬੇਸਹਾਰਾ ਆਦਮੀ ਨੂੰ ਦੇ ਦਿੰਦਾ ਸੀ। ਇਸ ਦੇ ਇਸ ਸੁਭਾਅ ਨੂੰ ਵੇਖਦੇ ਹੋਏ ਕਈ ਸ਼ਰਧਾਲੂ ਬਣ ਗਏ। ਲੇਖਕਾ ਮਹਾਂਦੇਵੀ ਵਰਮਾ ਵੀ ਨਿਰਾਲਾ ਪ੍ਰਤਿ ਆਦਰ ਭਾਵ ਰੱਖਦੀ ਸੀ। ਸਰੋਜਨੀ ਨਾਇਡੂ ਨੇ ਇੱਕ ਵਾਰੀ ਨਿਰਾਲਾ ਦੇ ਬਾਰੇ ਕਿਹਾ ਕਿ “ਮੈਨੂੰ ਤਾਂ ਉਹ ਯੂਨਾਨੀ ਦਾਰਸ਼ਨਿਕ ਲਗਦੇ ਨੇ, ਜੇ ਉਹ ਰਾਜਨੀਤੀ ਵਿੱਚ ਕਦਮ ਰੱਖਦੇ ਤਾਂ ਜਨਤਾ ਨੂੰ ਚੁੰਬਕ ਵਾਂਗ ਖਿੱਚ ਲੈਂਦੇ।"

     ਨਿਰਾਲਾ ਨੇ ਸਾਹਿਤ ਦੀਆਂ ਅਨੇਕ ਵਿਧਾਵਾਂ ਵਿੱਚ ਲਿਖਿਆ ਪਰ ਕਵੀ ਰੂਪ ਵਿੱਚ ਉਸਨੂੰ ਵਧੇਰੇ ਪਛਾਣ ਮਿਲੀ। ਨਿਰਾਲਾ ਦੀ ਕਵਿਤਾ ਦੇ ਅਨੇਕ ਰੰਗ ਹਨ, ਬਹੁਮੁੱਖੀ ਚਿੱਤਰ ਹਨ ਅਤੇ ਮਜ਼ਦੂਰ ਵਰਗ ਪ੍ਰਤਿ ਹਮਦਰਦੀ ਪਾਠਕਾਂ ਨੂੰ ਵਧੇਰੇ ਪ੍ਰਤੀਤ ਹੁੰਦੀ ਹੈ। ਅਨਾਮਿਕਾ, ਪਰਿਮਲ, ਗੀਤਿਕਾ, ਤੁਲਸੀਦਾਸ, ਰਾਮ ਕੀ ਸ਼ਕਤੀ ਪੂਜਾ, ਸਰੋਜ ਸਮਰਿਤੀ, ਕੁਕਰਮੁੱਤਾ, ਅਣਿਮਾ, ਅਪਰਾ, ਨਯੇ ਪੱਤੇ  ਆਦਿ ਨਿਰਾਲਾ ਦੇ ਕਾਵਿ-ਸੰਗ੍ਰਹਿ ਹਨ।

      ਅਪਸਰਾ, ਨਿਰੁਪਮਾ, ਅਲਕਾ, ਪ੍ਰਭਾਵਤੀ, ਚੋਟੀ ਕੀ ਪਕੜ, ਕਾਲੇ ਕਾਰਨਾਮੇ  ਅਤੇ ਚਮੇਲੀ  ਆਦਿ ਨਿਰਾਲਾ ਦੇ ਰਚਿਤ ਨਾਵਲ ਹਨ। ਚਤੁਰੀ ਚਮਾਰ, ਦੇਵੀ, ਲਿਲੀ, ਸਖੀ  ਅਤੇ ਸੁਕੁਲ ਕੀ ਬੀਵੀ  ਉਸ ਦੇ ਕਹਾਣੀ-ਸੰਗ੍ਰਹਿ ਹਨ। ਨਿਰਾਲਾ ਨੇ ਭਗਤ ਧਰੁਵ, ਮਹਾਰਾਣਾ ਪ੍ਰਤਾਪ  ਤੇ ਭੀਸ਼ਮ ਆਦਿ ਜੀਵਨੀਆਂ ਵੀ ਲਿਖੀਆਂ ਹਨ। ਇਸ ਤਰ੍ਹਾਂ ਨਿਰਾਲਾ ਦੇ ਗਦ-ਸਾਹਿਤ ਦੇ ਬਹੁਰੰਗ ਤੇ ਅਨੇਕ ਵਿਸ਼ਿਆਂ ਦਾ ਪਤਾ ਲੱਗ ਜਾਂਦਾ ਹੈ। ਨਿਰਾਲਾ ਦੀ ਚਰਚਾ ਨਿਬੰਧਕਾਰ ਤੇ ਆਲੋਚਕ ਵਜੋਂ ਵੀ ਕੀਤੀ ਜਾਂਦੀ ਹੈ। ਪ੍ਰਬੰਧ-ਪ੍ਰਤਿਭਾ, ਪ੍ਰਬੰਧ ਪਰਿਚੈ, ਰਵੀਂਦਰ ਕਵਿਤਾ ਕਾਨਨ। ਜੀਵਨ ਚਰਿੱਤਰ-ਰਾਣਾ ਪ੍ਰਤਾਪ, ਭੀਮ, ਧਰੁਵ, ਸ਼ਕੁੰਤਲਾ, ਅਨੁਵਾਦਿਤ ਗ੍ਰੰਥ- ਮਹਾਂਭਾਰਤ, ਸ਼੍ਰੀ ਰਾਮ ਕ੍ਰਿਸ਼ਨ ਰਸਨਾਪ੍ਰਿਤ (ਚਾਰ ਭਾਗ), ਆਨੰਦਮਠ, ਤੁਲਸੀ ਰਾਮਾਯਣ ਦਾ ਟੀਕਾ ਆਦਿ ਉਸ ਦੇ ਨਿਬੰਧ ਸੰਗ੍ਰਹਿ ਹਨ। ਅਨਾਮਿਕਾ  ਕਾਵਿ-ਸੰਗ੍ਰਹਿ ਹਿੰਦੀ ਵਿੱਚ ਇੱਕ ਨਵਾਂ ਬਦਲਾਵ ਹੈ। ਜੂਹੀ ਕੀ ਕਲੀ, ਤੁਮ ਔਰ ਮੈਂ ਇਸ ਸੰਗ੍ਰਹਿ ਦੀਆਂ ਮਹੱਤਵਪੂਰਨ ਕਵਿਤਾਵਾਂ ਹਨ।

     ਪਰਿਮਲ  ਸੰਗ੍ਰਹਿ ਨਿਰਾਲਾ ਦਾ ਇੱਕ ਸੁੰਦਰ ਸੰਗ੍ਰਹਿ ਹੈ। ਇਸ ਵਿੱਚ ਅਧਿਆਤਮਿਕ, ਪ੍ਰੇਮ, ਪ੍ਰਕਿਰਤੀ, ਸੌਂਦਰਯ ਆਦਿ ਵਿਸ਼ੇ ਹਨ। ‘ਬਾਦਲ ਰਾਗ` ਵਿੱਚ ਪ੍ਰਕਿਰਤੀ ਦੇ ਸੁੰਦਰ ਦਰਸ਼ਨ ਹੁੰਦੇ ਹਨ। ਭਿਖਸ਼ੁਕ, ਵਿਧਵਾ  ਵਿੱਚ ਕਰੁਣ ਰਸ ਦੀ ਪ੍ਰਧਾਨਤਾ ਹੈ। ਰਾਮ ਕੀ ਸ਼ਕਤੀ ਪੂਜਾ  ਵਿੱਚ ਕਵੀ ਦਾ ਅਨੁਭਵ, ਨਿਰਾਸ਼ਾ ਅਤੇ ਸ਼ਕਤੀ ਦੀ ਪੂਜਾ ਨੂੰ ਨਾਟ ਰੂਪ ਵਿੱਚ ਪ੍ਰਸਤੁਤ ਕੀਤਾ ਹੈ। ਕੁਕਰਮੁੱਤਾ  ਇੱਕ ਵਿਅੰਗ ਕਵਿਤਾ ਹੈ। ਗੁਲਾਬ ਦਾ ਫੁੱਲ ਸੁਗੰਧ ਦੇ ਕਾਰਨ ਉੱਚ ਵਰਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਕਰਮੁੱਤਾ ਮਿਹਨਤਕਸ਼ ਲੋਕਾਂ ਦਾ ਪ੍ਰਤੀਕ ਹੈ। ਕਵੀ ਨੇ ਕੁਕਰਮੁੱਤਾ  ਅਰਥਾਤ ਮਜ਼ਦੂਰ ਵਰਗ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ। ਇਸ ਦੀ ਸ਼ੈਲੀ ਵਿਅੰਗਾਤਮਿਕ ਹੈ ਅਤੇ ਭਾਸ਼ਾ ਸਜੀਵ ਤੇ ਸਰਲ ਹੈ। ਗੀਤਿਕਾ  ਕਲਾ ਅਤੇ ਭਾਵ ਦੀ ਦ੍ਰਿਸ਼ਟੀ ਕਰ ਕੇ ਸੁੰਦਰ ਹੈ। ਸਰੋਜ ਸਮਰਿਤੀ ਇੱਕ ਸ਼ੋਕ ਗੀਤ ਹੈ। ਆਪਣੀ ਪੁੱਤਰੀ ਦੀ ਮੌਤ ਕਾਰਨ ਇਸ ਵਿੱਚ ਉਸ ਦੇ ਅੰਦਰ ਦੀ ਪੀੜਾ ਵਿਅਕਤ ਹੋਈ ਹੈ।ਤੁਲਸੀਦਾਸ ਨਿਰਾਲਾ ਦੀ ਇੱਕ ਛੋਟੀ ਪ੍ਰਬੰਧ ਰਚਨਾ ਹੈ। ਇਸ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਤੁਲਸੀਦਾਸ ਦੇ ਪ੍ਰਤਿ ਆਪਣੀ ਸ਼ਰਧਾ ਲਈ ਨਿਰਾਲਾ ਨੇ ਇਸ ਖੰਡ-ਕਾਵਿ ਦੀ ਰਚਨਾ ਕੀਤੀ ਹੈ। ਇਹ ਗ੍ਰੰਥ ਭਗਤੀਪੂਰਨ ਹੈ।

     ਇਸ ਤਰ੍ਹਾਂ ਨਿਰਾਲਾ ਦਾ ਕਾਵਿ-ਲੋਕ ਅਨੇਕ ਰੰਗਾਂ ਅਤੇ ਪੱਖਾਂ ਨੂੰ ਕਾਵਿਮਈ ਸ਼ੈਲੀ ਵਿੱਚ ਪ੍ਰਸਤੁਤ ਕਰਦਾ ਹੈ। ਲੀਕ ਤੋਂ ਹਟ ਕੇ ਲਿਖਣ ਵਾਲਿਆਂ ਵਿੱਚ ਇਹ ਕਵੀ ਅਨੇਕਾਂ ਵਿਸ਼ਿਆਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦਾ ਹੈ। ਕੁਝ ਰਚਨਾਵਾਂ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਤੇ ਮੁਕਤ ਛੰਦ ਸ਼ੈਲੀ ਵਿੱਚ ਅਤੇ ਕੁਝ ਰਚਨਾਵਾਂ ਤਤਸਮ ਸ਼ਬਦਾਵਲੀ ਅਤੇ ਛੰਦਬਧ ਹਨ। ਇਸ ਕਵੀ ਦੀ ਖ਼ੂਬੀ ਇਹ ਹੈ ਕਿ ਇਹ ਛਾਇਆਵਾਦੀ ਕਵੀਆਂ ਵਿੱਚ ਇੱਕ ਨਿਰਾਲਾ ਕਿਸਮ ਦੇ ਪ੍ਰਯੋਗ ਕਰਦਾ ਹੈ। ਇਸ ਲਈ ਇਸ ਨੂੰ ਹਿੰਦੀ ਕਵਿਤਾ ਵਿੱਚ ਮੁਕਤ ਛੰਦ ਦਾ ਮੋਢੀ ਰਚਨਾਕਾਰ ਸਵੀਕਾਰ ਕੀਤਾ ਜਾਂਦਾ ਹੈ। ਨਿਰਾਲਾ ਨੇ ਆਪਣੀ ਸ਼ੈਲੀ ਬਾਰੇ ਵੀ ਸੂਤਰ ਰੂਪ ਵਿੱਚ ਕਿਹਾ ਹੈ-“ਮੈਂਨੇ ਮੈਂ ਸ਼ੈਲੀ ਅਪਨਾਈ।" ਇਹ ਹੀ ਕਾਰਨ ਹੈ ਕਿ ਨਿਰਾਲਾ ਦਾ ਪਾਠਕ ਵਰਗ ਵਿਸ਼ਾਲ ਹੈ। ਕੁਝ ਕਵਿਤਾਵਾਂ ਤਾਂ ਅਣਪੜ੍ਹ, ਆਮ ਆਦਮੀ ਵੀ ਸਹਿਜੇ ਸਮਝ ਸਕਦਾ ਹੈ।

     ਨਿਰਾਲਾ ਮੂਲ ਰੂਪ ਵਿੱਚ ਛਾਇਆਵਾਦੀ ਕਵੀ ਸੀ, ਇਸੇ ਲਈ ਉਸ ਦੀ ਕਵਿਤਾ ਵਿੱਚ ਕੋਮਲ ਭਾਵਾਂ ਦੇ ਨਾਲ ਹੀ ਕਠੋਰ ਭਾਵ ਵੀ ਵਿਅਕਤ ਹੋਏ ਹਨ। ਨਿਰਾਲਾ ਦੀ ਕਵਿਤਾ ਵਿੱਚ ਦੁੱਖ, ਆਮ ਆਦਮੀ ਦੀ ਬੇਵੱਸੀ ਅਤੇ ਸਮਾਜ ਵਿੱਚ ਅਸਮਾਨਤਾ ਪੈਦਾ ਕਰਨ ਵਾਲੇ ਵਰਗ ਤੇ ਤਿੱਖਾ ਵਿਅੰਗ ਵੀ ਕਰਦੀ ਹੈ। ਇਸ ਦਾ ਕਾਵਿ ਸੰਸਾਰ ਅਨੁਭੂਤੀ ਅਤੇ ਅਨੁਭਵ ਦਾ ਸੁਮੇਲ ਹੈ। ਇਸੇ ਲਈ ਨਿਰਾਲਾ ਸੱਚ-ਮੁੱਚ ਆਪਣੀਆਂ ਰਚਨਾਵਾਂ ਵਿੱਚ ਆਪਣੇ ਵਿਲੱਖਣ ਅਤੇ ਨਿਰਾਲੇਪਨ ਦੀ ਪ੍ਰਤੀਤੀ ਕਰਵਾਉਂਦਾ ਹੈ। ਇੱਥੇ ਇਹ ਵੀ ਦੱਸਣਾ ਉਚਿਤ ਹੋਏਗਾ ਕਿ ਨਿਰਾਲਾ ਨੇ ਕਿਸੇ ਇੱਕ ਵਾਦ ਜਾਂ ਵਿਚਾਰਧਾਰਾ ਵਿੱਚ ਬੰਨ੍ਹ ਕੇ ਰਚਨਾ ਨਹੀਂ ਕੀਤੀ। ਉਸ ਨੇ ਸਮਾਜ ਵਿੱਚ ਜੋ ਵੇਖਿਆ, ਖ਼ਾਸ ਤੌਰ ਤੇ ਵਿਹਾਰਿਕ ਰੂਪ ਵਿੱਚ ਹੋ ਰਹੇ ਭੇਦ-ਭਾਵ ਨੂੰ ਦੂਰ ਕਰਨ ਲਈ ਇੱਕ ਸਾਰਥਕ ਕਾਰਜ ਕੀਤਾ। ਉਹ ਗ਼ਰੀਬਾਂ ਦਾ ਹਮਦਰਦ ਸੀ, ਇਸੇ ਲਈ ਆਪਣੇ ਤਨ ਦੀ ਚਿੰਤਾ ਨਾ ਕਰ ਕੇ ਦੂਜਿਆਂ ਦੇ ਤਨ ਨੂੰ ਢਕਣ ਵਿੱਚ ਉਸ ਨੂੰ ਸੰਤੋਖ ਤੇ ਸੁੱਖ ਮਿਲਦਾ ਸੀ। ਨਿਰਾਲਾ ਜੀਵਨ-ਭਰ ਇਹ ਘੋਲ ਕਰਦਾ ਰਿਹਾ ਅਤੇ ਨਿਡਰ ਹੋ ਕੇ ਆਪਣੇ ਵਿਚਾਰ ਵਿਅਕਤ ਕਰਦਾ ਰਿਹਾ। ਉਸ ਦੀ ਕਰਨੀ ਤੇ ਕਥਨੀ ਵਿੱਚ ਹਮੇਸ਼ਾਂ ਸੁਮੇਲ ਰਿਹਾ। ਜੋ ਸੋਚਦਾ, ਕਹਿੰਦਾ, ਉਸ ਨੂੰ ਅਮਲੀ ਰੂਪ ਵਿੱਚ ਕਰ ਦਿਖਾਉਂਦਾ ਸੀ। ਇਸੇ ਲਈ ਆਧੁਨਿਕ ਹਿੰਦੀ ਕਵਿਤਾ ਵਿੱਚ ਨਿਰਾਲਾ ਨੂੰ ਕਾਵਿ-ਪੁਰਸ਼, ਮਹਾਪ੍ਰਾਣ, ਪ੍ਰੋਢ ਸ਼ਿਲਪੀ ਅਤੇ ਯੁੱਗ ਪ੍ਰਵਰਤਕ ਲੇਖਕ ਮੰਨਿਆ ਜਾਂਦਾ ਹੈ। ਨਿਰਾਲਾ ਦੇ ਗਦ ਸਾਹਿਤ ਵਿੱਚੋਂ ਇਸ ਦੇ ਨਾਵਲਾਂ, ਕਹਾਣੀਆਂ ਰੇਖਾ-ਚਿੱਤਰਾਂ ਤੇ ਜੀਵਨੀਆਂ ਦੀ ਪਛਾਣ ਸਹੀ ਰੂਪ ਵਿੱਚ ਕੀਤੀ ਜਾ ਰਹੀ ਹੈ। ਰਾਮ ਵਿਲਾਸ ਸ਼ਰਮਾ ਨੇ ਨਿਰਾਲਾ ਦੀ ਸਾਹਿਤ ਸਾਧਨਾ ਦੀ ਚਰਚਾ ਵਿਸਤਾਰ ਨਾਲ ਕੀਤੀ ਹੈ। ਉਹ ਇੱਕ ਲੇਖਕ ਦੇ ਨਾਲ-ਨਾਲ ਇੱਕ ਉੱਚ ਕੋਟੀ ਦਾ ਪੱਤਰਕਾਰ ਵੀ ਸੀ। ਸਮਨਵਯ ਇੱਕ ਅਧਿਆਤਮਿਕ ਪੱਤਰ ਸੀ ਇਸ ਵਿੱਚ ਨਿਰਾਲਾ ਦੇ ਅਧਿਆਤਮਿਕ ਤੇ ਦਾਰਸ਼ਨਿਕ ਵਿਚਾਰ ਸਨ।  ਮਤਵਲਾ ਦੇ ਰਾਹੀਂ ਨਿਰਾਲਾ ਸਾਹਿਤ ਜਗਤ ਦੇ ਸਾਮ੍ਹਣੇ ਆਇਆ ਅਤੇ ਛਾ ਗਿਆ। ਉਸ ਦੇ ਸਾਹਿਤਿਕ, ਰਾਜਨੀਤਿਕ ਵਿਚਾਰ ਇਸ ਵਿੱਚ ਪ੍ਰਕਾਸ਼ਿਤ ਹੋਏ। ਰੰਗੀਲਾ  ਵਿੱਚ ਨਿਰਾਲਾ ਦਾ ਨਾਂ ਸੰਪਾਦਕ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਸੀ। ਸੁਧਾ  ਨਿਰਾਲਾ ਦੀਆਂ ਲਿਖੀਆਂ ਟਿੱਪਣੀਆਂ ਨੂੰ ਪ੍ਰਕਾਸ਼ਿਤ ਕਰਦਾ ਸੀ। ਇਹਨਾਂ ਸਾਰਿਆਂ ਦੇ ਸੰਪਾਦਨ ਨਾਲ ਨਿਰਾਲਾ ਨੇ ਹਿੰਦੀ ਪੱਤਰਕਾਰਿਤਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ।

     ਇਸ ਲੇਖਕ ਬਾਰੇ ਇਹ ਕਹਿਣਾ ਉਚਿਤ ਹੋਵੇਗਾ ਕਿ ਨਿਰਾਲਾ ਇੱਕ ਉੱਚ-ਕੋਟੀ ਦੇ ਕਵੀ ਦੇ ਨਾਲ-ਨਾਲ ਉੱਚ ਪੱਧਰ ਦਾ ਗਦ ਲੇਖਕ ਵੀ ਹੈ। ਉਸ ਦੇ ਨਾਵਲਾਂ ਵਿੱਚ ਵਿਲੱਖਣ ਪ੍ਰਯੋਗ ਕੀਤੇ ਗਏ ਹਨ। ਨਿਰਾਲਾ ਵੱਲੋਂ ਲਿਖੀਆਂ ਕਹਾਣੀਆਂ ਸਾਨੂੰ ਉਸ ਵੇਲੇ ਦੇ ਸਮਾਜ ਦੀ ਪਛਾਣ ਕਰਾਉਂਦੀਆਂ ਹਨ। ਜੀਵਨੀਆਂ ਅਤੇ ਰੇਖਾ ਚਿੱਤਰਾਂ ਵਿੱਚ ਨਿਰਾਲਾ ਦੇ ਕਲਾ ਕੌਸ਼ਲ ਨੂੰ ਦੇਖਿਆ ਜਾ ਸਕਦਾ ਹੈ। ਸਹੀ ਅਰਥਾਂ ਵਿੱਚ ਨਿਰਾਲਾ ਇੱਕ ਨਿਰਾਲਾ ਲੇਖਕ ਸੀ ਜਿਸ ਨੇ ਆਪਣੀਆਂ ਰਚਨਾਵਾਂ ਰਾਹੀਂ ਕਵਿਤਾ ਅਤੇ ਗਦ ਦੀਆਂ ਵਿਧਾਵਾਂ ਵਿੱਚ ਨਵੇਂ ਪ੍ਰਯੋਗ ਕੀਤੇ ਅਤੇ ਸਫਲਤਾ ਪ੍ਰਾਪਤ ਕੀਤੀ। ਵਿਅੰਗ ਕਰ ਕੇ ਇਸ ਲੇਖਕ ਨੂੰ ਹਿੰਦੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਸ ਲੇਖਕ ਦੀ ਪਛਾਣ ਗਦ ਲੇਖਕ ਦੀ ਨਿਸਬਤ ਕਵਿਤਾ ਵਿੱਚ ਵਧੇਰੇ ਹੋਈ। ਨਿਰਾਲਾ ਨੇ ਜੋ ਵੀ ਲਿਖਿਆ, ਉਸ ਵਿੱਚ ਕੁਝ ਨਾ ਕੁਝ ਨਵਾਂ ਪ੍ਰਯੋਗ ਜ਼ਰੂਰ ਕੀਤਾ।


ਲੇਖਕ : ਹੁਕਮਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.