ਸੁਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੁਦਰਸ਼ਨ (1896–1967) : ਆਧੁਨਿਕ ਹਿੰਦੀ ਸਾਹਿਤ ਦੇ ਮਾਨਯੋਗ ਹਸਤਾਖਰ ਤੇ ਫ਼ਿਲਮੀ ਦੁਨੀਆਂ ਦੇ ਕਥਾਕਾਰ ਪੰਡਤ ਸੁਦਰਸ਼ਨ ਦਾ ਬਚਪਨ ਦਾ ਨਾਂ ਬਦਰੀਨਾਥ ਸੀ। ਸੁਦਰਸ਼ਨ ਦਾ ਜਨਮ 1896 ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਪਿਤਾ ਗੁਰਦਿੱਤਾ ਮਲ ਅਤੇ ਮਾਤਾ ਜਮੁਨਾ ਦੇ ਘਰ ਹੋਇਆ। ਉਸ ਦਾ ਗੋਤ ਵਤਸ ਅਤੇ ਜਾਤੀ ਬ੍ਰਾਹਮਣ ਸੀ। ਪਿਤਾ ਸ਼ਿਮਲਾ ਦੇ ਸਰਕਾਰੀ ਪ੍ਰੈਸ ਵਿੱਚ ਪਰੂਫ ਰੀਡਰ ਸੀ। ਸੁਦਰਸ਼ਨ ਦੀ ਮੁਢਲੀ ਸਿੱਖਿਆ ਸਕਾਟ ਮਿਸ਼ਨ ਸਕੂਲ, ਸਿਆਲਕੋਟ ਵਿੱਚ ਹੋਈ, ਜਿੱਥੇ ਉਸ ਨੇ ਮੈਟ੍ਰਿਕ ਦੀ ਪਰੀਖਿਆ ਪਾਸ ਕੀਤੀ। ਉਸ ਨੇ ਇੰਟਰਮੀਡਿਏਟ ਕਲਾਸ ਵਿੱਚ ਪ੍ਰਵੇਸ਼ ਤਾਂ ਲਿਆ ਸੀ ਪਰ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ।

     ਸੁਦਰਸ਼ਨ 18 ਵਰ੍ਹੇ ਦੀ ਉਮਰ ਵਿੱਚ ਜਲੰਧਰ ਤੋਂ ਛਪਣ ਵਾਲੇ ਸਮਾਚਾਰ ‘ਭਾਰਤ` ਦਾ ਸੰਪਾਦਕ ਬਣਿਆ। ਸੰਚਾਲਕ ਲਾਲਾ ਦੇਵਰਾਜ ਨਾਲ ਮੱਤ-ਭੇਦ ਹੋਣ ਕਾਰਨ ਨੌਕਰੀ ਛੱਡ ਕੇ ਲਾਹੌਰ ਚਲਾ ਗਿਆ ਅਤੇ ਉੱਥੇ ਨਿਜੀ ਪੱਤਰ ‘ਚੰਦ੍ਰ` ਦਾ ਸੰਪਾਦਨ ਅਤੇ ਪ੍ਰਕਾਸ਼ਨ ਕਰਨ ਲੱਗਾ। ਬੇਹੱਦ ਆਰਥਿਕ ਕਠਨਾਈ ਦੇ ਦਿਨਾਂ ਵਿੱਚ 1915 ਵਿੱਚ ਉਸ ਦਾ ਵਿਆਹ ਹੋਇਆ। ਸਰਕਾਰ ਦੇ ਮੌਤ-ਫੰਡ ਵਿੱਚ ਨੌਕਰੀ ਕਰਦੇ ਹੋਏ ਜਦੋਂ ਉਸ ਦੀ ਧਰਮ ਪਤਨੀ ਨੇ ਔਰਤਾਂ ਦੇ ਜਲੂਸ ਦਾ ਸੰਚਾਲਨ ਕੀਤਾ, ਤਾਂ ਉਸ ਨੇ ਉਸ ਦਾ ਭਰਪੂਰ ਸਮਰਥਨ ਕੀਤਾ, ਜਿਸ ਕਾਰਨ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। 1927 ਵਿੱਚ ‘ਲਾਲ ਇਮਲੀ ਵੂਲਨ ਮਿਲਜ਼` ਅਤੇ ਫ਼ਲੈਕਸ, ਕਾਨ੍ਹਪੁਰ ਦੇ ਪ੍ਰਚਾਰ-ਵਿਭਾਗ ਦੇ ਮੁਖੀ ਦੀ ਨੌਕਰੀ ਵੀ ਉਸ ਨੂੰ ਆਪਣੀ ਰਾਸ਼ਟਰੀ ਵਿਚਾਰਧਾਰਾ ਅਤੇ ਅਸਹਿਯੋਗ- ਅੰਦੋਲਨ ਦਾ ਸਮਰਥਨ ਕਰਨ ਕਰ ਕੇ ਛੱਡਣੀ ਪਈ।

     ‘ਪਾਕਦਾਮਨ ਰੱਕਾਸਾ` ਕਹਾਣੀ ਦੇ ਮਾਧਿਅਮ ਨਾਲ 1932 ਵਿੱਚ ਉਸ ਦਾ ਸੰਬੰਧ ਹਿੰਦੀ ਫ਼ਿਲਮਾਂ ਨਾਲ ਜੁੜਿਆ। 1938 ਵਿੱਚ ਉਹ ਕਲਕੱਤਾ ਛੱਡ ਕੇ ਮੁੰਬਈ ਚਲਾ ਗਿਆ। ਉੱਥੇ ਸਾਗਰ ਮੂਵੀਟੋਨ, ਰਣਜੀਤ ਸਟੂਡੀਓ, ਮਿਨਰਵਾ ਮੂਵੀਟੋਨ ਆਦਿ ਵਿੱਚ ਕੰਮ ਕਰਦਾ ਰਿਹਾ। ਮਿਨਰਵਾ ਮੂਵੀਟੋਨ ਦਾ ਮਾਲਕ ਅਤੇ ਨਿਰਦੇਸ਼ਕ ਸ਼ੋਹਰਾਬ ਮੋਦੀ ਉਸ ਤੋਂ ਬੇਹੱਦ ਪ੍ਰਭਾਵਿਤ ਸੀ ਤੇ ਉਸ ਨੇ ਅੰਤ ਤੱਕ ਉਸ ਨਾਲ ਹੀ ਸੰਬੰਧ ਬਣਾਈ ਰੱਖੇ।

     ਉਸ ਦਾ ਲੇਖਨ-ਕਾਰਜ ਲਾਹੌਰ ਦੇ ਮਾਸਿਕ ਪੱਤਰ ਮਾਰਤੰਡ  ਵਿੱਚ ਲਤੀਫ਼ਿਆਂ ਦੇ ਛੱਪਣ ਤੋਂ ਸ਼ੁਰੂ ਹੋਇਆ ਸੀ। ਆਰੀਆ ਸਮਾਜੀ ਲਾਲਾ ਗਣਪੱਤ ਰਾਏ ਦੀ ਪ੍ਰੇਰਨਾ ਨਾਲ ਮੌਲਿਕ ਰਚਨਾਵਾਂ ਲਿਖਣ ਲੱਗਾ। ਆਰੀਆ ਸਮਾਜੀ ਅੰਦੋਲਨ ਤੋਂ ਬੇਹੱਦ ਪ੍ਰਭਾਵਿਤ ਰਿਹਾ ਪਰ ਪਰਦਾ-ਪ੍ਰਥਾ ਬਾਰੇ ਹੋਣ ਵਾਲੀ ਬਹਿਸ ਕਾਰਨ ਸੁਦਰਸ਼ਨ ਨੂੰ ਸਿਆਲਕੋਟ ਅਤੇ ਆਪਣਾ ਪਰਿਵਾਰ ਤੱਕ ਛੱਡਣਾ ਪਿਆ।

     ਹਿੰਦੀ ਵਿੱਚ ਕਹਾਣੀਆਂ ਲਿਖਣ ਦੀ ਮੁੱਖ ਪ੍ਰੇਰਨਾ ਉਸ ਨੂੰ ਆਪਣੀ ਪਤਨੀ ਲੀਲਾਵਤੀ ਤੋਂ ਮਿਲੀ ਸੀ। ਬੱਚਿਆਂ ਨੂੰ ਕਹਾਣੀਆਂ ਸੁਣਾਉਣਾ, ਗੀਤ ਗਾਉਣਾ ਅਤੇ ਜਾਨਵਰਾਂ ਦੀਆਂ ਬੋਲੀਆਂ ਸੁਣਾਉਣਾ ਉਸ ਨੂੰ ਵਧੇਰੇ ਚੰਗਾ ਲੱਗਦਾ ਸੀ। ਉਸੇ ਕਰ ਕੇ ਉਸ ਨੇ ਮਨੋਰੰਜਕ ਅਤੇ ਸਿੱਖਿਆ- ਦਾਇਕ ਬਾਲ-ਸਾਹਿਤ ਦੀ ਵੀ ਰਚਨਾ ਕੀਤੀ ਹੈ।

     ਉਰਦੂ ਵਿੱਚ ਲਿਖੀਆਂ ਉਸ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ-ਚੁਟਕੀਆਂ ਮਨ ਕੀ ਮੌਜ, ਚੰਦਨ, ਸੁਬਹੇ ਵਤਨ, ਬਹਾਰਿਸਤਾਨ, ਕੌਸੇ ਕਜ਼ਰ, ਚਸ਼ਮੋ ਚਿਰਾਗ, ਤਾਯਰੇ ਖਿਆਲ, ਕੁੰਜੈ ਆਫ਼ਿਆਤ, ਬੇਗੁਨਾਹ-ਮੁਜਰਿਮ, ਮੁਹੱਬਤ ਦਾ ਇੰਤਕਾਮ ਆਦਿ। ਉਸ ਦੀ ਪਹਿਲੀ ਉਰਦੂ ਕਹਾਣੀ ‘ਉਰਦੁ ਕਾ ਰਿਸਾਲਾ`  ਸੀ, ਜੋ ਇੰਤਖ਼ਵਾਬੇ- ਲਾਜਵਾਬ  ਵਿੱਚ ਛਪੀ ਸੀ, ਜਿਸ ਤੇ ਉਸ ਨੂੰ ਡੇਢ ਰੁਪਇਆ ਮਿਹਨਤਾਨਾ ਮਿਲਿਆ ਸੀ।

     ਉਸ ਦੀ ਪਹਿਲੀ ਹਿੰਦੀ ਕਹਾਣੀ ‘ਕਮਲ ਦੀ ਬੇਟੀ` 1919 ਵਿੱਚ ਮਸ਼ਹੂਰ ਹਿੰਦੀ ਪੱਤ੍ਰਿਕਾ ਸਰਸਵਤੀ  ਵਿੱਚ ਛਪੀ। ਇਸੇ ਵਰ੍ਹੇ ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ਪੁਸ਼ਪਲਤਾ  ਛਪਿਆ। ਇਸ ਤੋਂ ਬਾਅਦ ਉਸ ਦੀਆਂ ਰਚਨਾਵਾਂ ਸਰਸਵਤੀ, ਮਾਧੁਰੀ, ਸੁਧਾ, ਚਾਂਦ, ਬਾਲਸਖਾ ਵਰਗੀਆਂ ਸ੍ਰੇਸ਼ਟ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ। ਉਸ ਸਮੇਂ ਦੀ ਪੰਜਾਬ ਸਰਕਾਰ ਨੇ ਉਸ ਦੇ ਨਾਟਕ ਅੰਜਨਾ ਉੱਤੇ 750 ਰੁਪਏ ਅਤੇ ਉਰਦੂ ਪੁਸਤਕ ਬਹਾਰਿਸਤਾਨ ਤੇ 500 ਰੁਪਏ ਪੁਰਸਕਾਰ ਵਜੋਂ ਦਿੱਤੇ। ਸਿਕੰਦਰ  ਨਾਟਕ ਤੇ ਫ਼ਿਲਮ ਬਣ ਚੁੱਕੀ ਸੀ ਅਤੇ ਕੇਂਦਰੀ ਸਰਕਾਰ ਨੇ ਉਸ ਉੱਤੇ 2500 ਰੁਪਏ ਦਾ ਪੁਰਸਕਾਰ ਪ੍ਰਦਾਨ ਕੀਤਾ।

     ਸੁਦਰਸ਼ਨ ਦੀਆਂ ਪੁਸਤਕਾਂ ਦੇ ਅਨੁਵਾਦ ਸਿੰਧੀ, ਗੁਜਰਾਤੀ, ਮਰਾਠੀ, ਤਾਮਿਲ, ਕੰਨੜ ਵਰਗੀਆਂ ਕਈਆਂ ਭਾਸ਼ਾਵਾਂ ਵਿੱਚ ਹੋਏ ਹਨ। ਉਸ ਦੀਆਂ 17 ਕਹਾਣੀਆਂ ਦਾ ਇੱਕ ਸੰਕਲਨ, ਭਾਰਤੀ ਭਾਸ਼ਾਵਾਂ ਤੋਂ ਇਲਾਵਾ ਰੂਸੀ ਭਾਸ਼ਾ ਵਿੱਚ ਵੀ ਛਪਿਆ। ਉਸ ਦੁਆਰਾ ਸੰਪਾਦਿਤ ਪਾਠ-ਪੁਸਤਕਾਂ ਭਾਰਤ ਤੋਂ ਇਲਾਵਾ ਫ਼੍ਰਾਂਸ, ਜਰਮਨ ਅਤੇ ਰੂਸ ਵਿੱਚ ਵੀ ਹਿੰਦੀ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ।

      23 ਮਾਰਚ 1960 ਨੂੰ ਭਾਸ਼ਾ ਵਿਭਾਗ, ਪੰਜਾਬ ਨੇ ਉਸ ਦੇ ਸਨਮਾਨ ਵਜੋਂ ਇੱਕ ਅਭਿਨੰਦਨ ਪੁਸਤਕ ਛਾਪੀ ਅਤੇ ਨਾਲ ਹੀ ਇੱਕ ਅਭਿਨੰਦਨ ਪੱਤਰ ਵੀ ਭੇਟ ਕੀਤਾ। ਉਸ ਨੇ ਨਾ ਕੇਵਲ 30 ਵਰ੍ਹਿਆਂ ਤੱਕ ਫ਼ਿਲਮੀ ਖੇਤਰ ਵਿੱਚ ਕੰਮ ਕੀਤਾ, ਬਲਕਿ ਦੋ ਵਰ੍ਹੇ ਤੱਕ ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਉਸ ਦੇ ਸਾਹਿਤ ਅਤੇ ਸਰਲ ਭਾਸ਼ਾ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਮਹਾਤਮਾ ਗਾਂਧੀ ਨੇ ਉਸ ਨੂੰ ‘ਸਿਕਸ਼ਾ-ਸਮਿਤੀ` ਦਾ ਮੈਂਬਰ ਬਣਾਇਆ। ਉਸ ਦੀ ਮੁਢਲੀ ਪ੍ਰਸਿੱਧੀ ਦਾ ਆਧਾਰ ਉਸ ਦੀ ਹਿੰਦੀ ਕਹਾਣੀ ‘ਹਾਰ ਕੀ ਜੀਤ` ਸੀ, ਜਿਸ ਤੇ ਉਸ ਨੂੰ ਲਗਪਗ 2500 ਰੁਪਏ ਮਿਹਨਤਾਨਾ ਮਿਲਿਆ।

     ਪੰਡਤ ਸੁਦਰਸ਼ਨ ਨੇ ਕਹਾਣੀ, ਨਾਵਲ, ਨਾਟਕ, ਬਾਲ-ਸਾਹਿਤ, ਦ੍ਰਿਸ਼ਟਾਂਤ, ਨਿਬੰਧ, ਗੀਤ, ਲਤੀਫ਼ੇ ਆਦਿ ਵੰਨਗੀਆਂ ਵਿੱਚ ਸਾਹਿਤ ਦੀ ਰਚਨਾ ਕਰ ਕੇ ਪ੍ਰੇਮਚੰਦੀ ਪਰੰਪਰਾ ਨੂੰ ਅੱਗੇ ਤੋਰਿਆ ਹੈ।

     ਸੁਦਰਸ਼ਨ ਦੀਆਂ ਸਾਹਿਤ ਰਚਨਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-

     ਕਹਾਣੀ-ਸਾਹਿਤ  ਦੇ  ਅੰਤਰਗਤ-ਪੁਸ਼ਪਲਤਾ, ਸੁਪ੍ਰਭਾਤ, ਤੀਰਥ ਯਾਤਰਾ, ਸੁਦਰਸ਼ਨ-ਸੁਧਾ, ਸੁਦਰਸ਼ਨ- ਸੁਪਨ, ਚਾਰ ਕਹਾਣੀਆਂ, ਪਨਘਟ, ਨਗੀਨੇ, ਸੁਦਰਸ਼ਨ ਕੀ ਸ੍ਰੇਸ਼ਠ ਕਹਾਨੀਆਂ ਹਨ। ਇਸ ਵਿੱਚ ਉਸ ਦੀਆਂ 12 ਪ੍ਰਤਿਨਿਧ ਕਹਾਣੀਆਂ ਸੰਕਲਿਤ ਹਨ-‘ਬੈਜੂ ਬਾਵਰਾ`, ‘ਹਾਰ-ਜਿੱਤ`, ‘ਨਿਆਇ ਮੰਤਰੀ`, ‘ਸੰਨਿਆਸੀ`, ‘ਪੁਰਾਨੀ ਦਿੱਲੀ ਕਾ ਅੰਤਿਮ ਦੀਪਕ`, ‘ਏਥੰਸ ਕੇ ਸਤਿਆਰਥੀ`, ‘ਜੀਵਨ ਔਰ ਮ੍ਰਿਤਿਯੂ`, ‘ਪ੍ਰਤਾਪ ਕੇ ਪੱਤਰ`, ‘ਕਾਵਿ-ਕਲਪਨਾ` ਅਤੇ ‘ਚੈਨ ਨਗਰ ਕੇ ਚਾਰ ਬੇਕਾਰ` । ਸੁਦਰਸ਼ਨ ਨੇ ਤਿੰਨ ਮੌਲਿਕ ਹਿੰਦੀ ਨਾਵਲ ਲਿਖੇ ਹਨ-ਪਰਿਵਰਤਨ, ਪ੍ਰੇਮ-ਪੁਜਾਰਿਨ (ਅਥਵਾ ਭਾਗਵੰਤੀ) ਅਤੇ ਮੀਠਾ ਪੇੜ ਕੜਵਾ ਫਲ।

     ਉਸ ਦੇ ਤਿੰਨ ਪੂਰਨ ਨਾਟਕ-ਅੰਜਨਾ, ਸਿਕੰਦਰ, ਭਾਗਯ- ਚਕ੍ਰ, ਪੰਜ ਇਕਾਂਗੀ-ਜਬ ਆਂਖੇ ਖੁਲਤੀ ਹੈਂ, ਜੈਸਲਮੇਰ ਕੀ ਏਕ ਸੰਧਿਆ, ਛਾਯਾ, ਪਰਾਜਯ ਅਤੇ ਪ੍ਰਤਾਪ ਪ੍ਰਤਿਗਿਆ,ਇੱਕ ਪ੍ਰਹਸਨ ਆਨਰੇਰੀ ਮਜਿਸਟ੍ਰੇਟ ਅਤੇ ਕਿਸ਼ੋਰਾਂ ਵਾਸਤੇ ਉਸ ਨੇ ਜੋ ਸਾਹਿਤ ਰਚਿਆ ਹੈ, ਉਸ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ : ਸਬ ਕੀ ਬੋਲੀ (ਸੱਤ ਭਾਗ), ਹਾਈ ਸਕੂਲ ਸਰਲ ਹਿੰਦੀ ਵਿਆਕਰਨ ਔਰ ਰਚਨਾ ਉਸ ਦੁਆਰਾ ਰਚਿਤ ਪਾਠ ਪੁਸਤਕਾਂ ਹਨ। ਉਸ ਨੇ ਸੰਸਕ੍ਰਿਤ ਸਾਹਿਤ ਦੇ ਪ੍ਰਸਿੱਧ ਧਾਰਮਿਕ ਅਤੇ ਨੈਤਿਕ ਗ੍ਰੰਥਾਂ ਦਾ ਸਰਲ ਹਿੰਦੀ ਭਾਸ਼ਾ ਵਿੱਚ ਰੂਪਾਂਤਰਨ ਕੀਤਾ। ਉਸ ਨੇ ਬੱਚੋਂ ਕਾ ਹਿਤੋਪਦੇਸ਼, ਬਾਲ-ਰਾਮਾਇਣ, ਬਾਲ- ਮਹਾਂਭਾਰਤ (ਇਹ ਸਚਿੱਤਰ ਪੁਸਤਕ ਕੁੱਲ 11 ਭਾਗਾਂ ਵਿੱਚ ਹੈ) ਰਚੇ ਅਤੇ ਉਹ ਆਪ ਜਿਨ੍ਹਾਂ ਮਹਾਂਪੁਰਖਾਂ ਦੇ ਜੀਵਨ ਤੋਂ ਉਚੇਚੇ ਰੂਪ ਵਿੱਚ ਪ੍ਰਭਾਵਿਤ ਹੋਇਆ ਉਹਨਾਂ ਦੇ ਜੀਵਨ-ਚਰਿੱਤਰਾਂ ਦੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਧਰਮਵੀਰ ਦਯਾਨੰਦ ਤੇ ਗਾਂਧੀ ਬਾਬਾ ਨਾਮੀ ਦੋ ਬਾਲ ਪੁਸਤਕਾਂ ਲਿਖੀਆਂ।

     ਫੂਲਵਤੀ, ਪਾਰਸ, ਫੂਲੋਂ ਦਾ ਗੁੱਛਾ, ਸਾਤ ਕਹਾਨੀਆਂ, ਅੰਗੂਠੀ ਕਾ ਮੁਕੱਦਮਾ, ਖਟਪਟ ਲਾਲ, ਰਸਭਰੀ ਕਹਾਨੀਆਂ ਵੀ ਉਸ ਨੇ ਬੱਚਿਆਂ ਲਈ ਲਿਖੀਆਂ। ਦ੍ਰਿਸ਼ਟਾਂਤ ਸਾਹਿਤ ਦੀ ਵੰਨਗੀ ਦੇ ਅੰਤਰਗਤ ਉਸ ਨੇ ਝਰੋਖੇ  ਨਾਂ ਦੀ ਪੁਸਤਕ ਲਿਖੀ। ਖਲੀਲ ਜਿਬਰਾਨ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸਿੱਖਿਆਤਮਿਕ ਅਤੇ ਪ੍ਰਤੀਕਾਤਮਕ ਲਘੂ ਕਥਾਵਾਂ ਜਿਵੇਂ ਕਿ ਬਹਿਨ-ਭਾਈ, ਪਨਘਟ ਸੁਪਨੇ, ਮੇਰੀ ਹਾਰ, ਮੇਰੀ ਜੀਤ, ਆਜ-ਕਲ, ਕਾਲੀਦਾਸ, ਸੱਚ ਕੀ ਮੌਤ, ਮਜ਼ਦੂਰ, ਦੁਨੀਆਂਦਾਰ, ਅਹੰਕਾਰ ਆਦਿ ਵੀ ਲਿਖੀਆਂ।

     ਉਸ ਨੇ ਸੰਯੁਕਤ ਪ੍ਰਾਂਤ ਕੇ ਗ੍ਰਾਮਯ ਗੀਤ, ਬਹਿਨ- ਭਾਈਓਂ ਕੇ ਪੰਜਾਬੀ ਗੀਤ ਨਾਮੀ ਨਿਬੰਧ  ਅਤੇ ਕੁਝ ਆਲੋਚਨਾਤਮਿਕ ਲੇਖ ਵੀ ਲਿਖੇ।ਉਸ ਨੇ ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿੱਚ ਵੀ ਯੋਗਦਾਨ ਪਾਇਆ।

     ਦਿਲ ਕੇ ਤਾਰ-ਇਸ ਸੰਗ੍ਰਹਿ ਵਿੱਚ 48 ਛੋਟੇ ਗੀਤਾਂ ਦਾ ਸੰਕਲਨ ਹੈ।

     ਉਸ ਨੇ 27 ਫ਼ਿਲਮਾਂ ਦੀਆਂ ਪਟਕਥਾਵਾਂ ਲਿਖੀਆਂ ਹਨ। ਵੰਨ-ਸਵੰਨੀ ਲੇਖਨੀ  ਨੇ ਅਨੇਕ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਅਤੇ ਕਲਪਨਾ ਦੇ ਜੌਹਰ ਵਿਖਾਏ ਹਨ। ਉਸ ਦੇ ਸਮੁੱਚੇ ਸਾਹਿਤ ਵਿੱਚ ਭਾਰਤੀਅਤਾ ਦੀ ਮਹਿਮਾ, ਸੁਤੰਤਰਤਾ ਲਈ ਚੇਤਨਾ ਅਤੇ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਦੀ ਪ੍ਰਵਿਰਤੀ ਅਤੇ ਸਮਤਾ ਤੇ ਆਧਾਰਿਤ ਸਮਾਜ ਦੀ ਸਥਾਪਨਾ ਵਰਗੇ ਉਦੇਸ਼ ਸਕਾਰ ਕਰਨ ਦੇ ਉਪਰਾਲੇ ਹਨ। ਉਸ ਨੇ ਪ੍ਰੇਮਚੰਦ ਵਾਂਗ ਕਿਰਸਾਣ-ਮਜ਼ਦੂਰ ਵਰਗ ਤੱਕ ਹੀ ਆਪਣੇ ਸਾਹਿਤ ਨੂੰ ਸੀਮਿਤ ਨਹੀਂ ਰੱਖਿਆ, ਬਲਕਿ ਮੱਧ-ਵਰਗੀ ਨਾਗਰਿਕ ਜੀਵਨ ਦੀ ਵੀ ਵਧੀਆ ਤਸਵੀਰ ਪੇਸ਼ ਕੀਤੀ ਹੈ।

     ਸੁਦਰਸ਼ਨ ਨੂੰ ਜੀਵਨ ਦੇ ਅੰਤਿਮ ਦਿਨਾਂ ਵਿੱਚ ਹਿਰਦੇ ਰੋਗਾਂ ਤੋਂ ਛੁੱਟ, ਪੀਲੀਆ, ਸ਼ੂਗਰ ਜਿਹੇ ਰੋਗਾਂ ਨੇ ਆਣ ਘੇਰਿਆ ਅਤੇ 16 ਦਸੰਬਰ 1967 ਨੂੰ ਅਕਾਲ ਚਲਾਣਾ ਕਰ ਗਿਆ।


ਲੇਖਕ : ਸੁਖਵਿੰਦਰ ਕੌਰ ਬਾਠ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.