ਸੁਖ-ਅਧਿਕਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Easement_ਸੁਖ-ਅਧਿਕਾਰ: ਭਾਰਤੀ ਸੁਖ ਅਧਿਕਾਰ ਐਕਟ, 1882 ਦੀ ਧਾਰਾ 4 ਅਨੁਸਾਰ ਸੁਖ- ਅਧਿਕਾਰ ਇਕ ਅਜਿਹਾ ਅਧਿਕਾਰ ਹੈ ਜੋ ਕਿਸੇ ਭੋਂ ਦੇ ਮਾਲਕ ਜਾਂ ਦਖ਼ੀਲਕਾਰ ਨੂੰ ਉਸ ਹੈਸੀਅਤ ਵਿਚ, ਉਸ ਭੋਂ ਦੇ ਫ਼ਾਇਦੇਮੰਦ ਉਪਭੋਗ ਲਈ ਕਿਸੇ ਅਜਿਹੀ ਹੋਰ ਭੋਂ ਵਿਚ ਜਾਂ ਉਸ ਤੇ ਜਾਂ ਉਸ ਦੇ ਬਾਰੇ, ਜੋ ਉਸ ਦੀ ਆਪਣੀ ਨਹੀਂ ਹੁੰਦੀ, ਕੋਈ ਗੱਲ ਕਰਨ ਅਤੇ ਕਰਦੇ ਰਹਿਣ ਲਈ ਜਾਂ ਕਿਸੇ ਗੱਲ ਦਾ ਕੀਤਾ ਜਾਣਾ ਰੋਕਣ ਅਤੇ ਰੋਕਦੇ ਰਹਿਣ ਲਈ ਰਖਦਾ ਹੈ।
‘‘ਉਹ ਭੋਂ ਜਿਸ ਦੇ ਫ਼ਾਇਦੇਮੰਦ ਉਪਭੋਗ ਲਈ ਅਧਿਕਾਰ ਹੋਂਦ ਵਿਚ ਹੈ ਗ਼ਾਲਬ ਸੰਪਤੀ ਅਤੇ ਉਸ ਦਾ ਮਾਲਕ ਜਾਂ ਦਖ਼ੀਲਦਾਰ ਗ਼ਾਲਬ ਮਾਲਕ ਕਹਾਉਂਦੇ ਹਨ; ਉਹ ਭੋਂ ਜਿਸ ਤੇ ਉੱਤਰਦਾਇਤਾ ਅਰੋਪਤ ਹੈ ਉਹ ਅਨੁਸੇਵੀ ਸੰਪਤੀ ਅਤੇ ਉਸ ਦਾ ਮਾਲਕ ਜਾਂ ਦਖ਼ੀਲਕਾਰ ਅਨੁਸੇਵੀ ਮਾਲਕ ਕਹਾਉਂਦੇ ਹਨ।
ਸੁਖ ਅਧਿਕਾਰ ਅਮੂਰਤ ਵਿਰਸਾ (hereditament) ਹੁੰਦਾ ਹੈ, ਜੋ ਵਿਸ਼ੇਸ਼ ਅਧਿਕਾਰ ਵਰਗਾ ਹੁੰਦਾ ਹੈ ਪਰ ਉਸ ਤੋਂ ਨਫ਼ਾ ਕੋਈ ਨਹੀਂ ਹੁੰਦਾ। ਫ਼ਰਜ਼ ਕਰੋ ੳ ਅਤੇ ਅ ਦੇ ਭੋਂ ਟੋਟੇ ਨਾਲੋਂ ਨਾਲ ਹਨ। ‘ੳ’ ਨੂੰ ਇਹ ਅਧਿਕਾਰ ਹੋਵੇ ਕਿ ਉਹ ‘ਅ’ ਨੂੰ ਆਪਣੀ ਜ਼ਮੀਨ ਤੇ ਕੁਝ ਕਰਨ ਤੋਂ ਪਰਹੇਜ਼ ਕਰਨ ਲਈ ਮਜਬੂਰ ਕਰ ਸਕੇ ਜਾਂ ‘ਅ’ ਨੂੰ ਇਸ ਗੱਲ ਲਈ ਮਜਬੂਰ ਕਰ ਸਕੇ ਕਿ ਉਹ ‘ੳ’ ਨੂੰ ਆਪਣੀ ਜ਼ਮੀਨ ਤੇ ਕੁਝ ਕਰਨ ਦੇਵੇ , ਤਾਂ ਇਹ ਕਿਹਾ ਜਾਂਦਾ ਹੈ ਕਿ ‘ੳ’ ਨੂੰ ‘ਅ’ ਦੀ ਭੋਂ ਤੇ ਸੁਖ-ਅਧਿਕਾਰ ਪ੍ਰਾਪਤ ਹੈ। ‘ੳ’ ਨੂੰ ਗ਼ਾਲਬ ਮਾਲਕ ਅਤੇ ਉਸ ਦੀ ਭੋਂ ਨੂੰ ਗ਼ਾਲਬ ਸੰਪਤੀ ਕਿਹਾ ਜਾਵੇਗਾ ਜਦ ਕਿ ‘ਅ’ ਨੂੰ ਅਨੁਸੇਵੀ ਮਾਲਕ ਅਤੇ ਉਸ ਦੀ ਸੰਪਤੀ ਨੂੰ ਅਨੁਸੇਵੀ ਸੰਪਤੀ ਕਿਹਾ ਜਾਵੇਗਾ। ਦੋਵੇਂ ਸੰਪਤੀਆਂ ਖੜੇ ਦਾਅ ਜਾਂ ਲੰਮੇ ਦਾਅ ਨਾਲ ਲਗਵੀਆਂ ਹੋ ਸਕਦੀਆਂ ਹਨ। ਖੜੇ ਦਾਅ ਨਾਲ ਲਗਵੀਂ ਹੋਣ ਦੀ ਸੂਰਤ ਖਾਣ ਪੁਟਣ ਦੇ ਅਧਿਕਾਰ ਵਿਚ ਕਲਪਤ ਕੀਤੀ ਜਾ ਸਕਦੀ ਹੈ। ਇਕ ਦੂਜੇ ਦੇ ਉਪਰ ਬਣਾਏ ਗਏ ਫ਼ਲੈਟਾਂ ਵਿਚ ਉਪਰਲੇ ਫ਼ਲੈਟ ਨੂੰ ਹੇਠਲੇ ਫ਼ਲੈਟ ਦੇ ਸਹਾਰੇ ਅਧਿਕਾਰ ਇਕ ਸੁਖ ਅਧਿਕਾਰ ਹੈ।
ਸੁਖ ਅਧਿਕਾਰ ਲਈ ਲਾਜ਼ਮੀ ਖ਼ਾਸੀਅਤਾਂ ਹੇਠ ਲਿਖੇ ਅਨੁਸਾਰ ਹਨ: (1) ਗ਼ਾਲਬ ਅਤੇ ਅਨੁਸੇਵੀ ਸੰਪਤੀ ਦਾ ਹੋਣ, (2) ਅਨੁਸੇਵੀ ਸੰਪਤੀ ਗ਼ਾਲਬ ਸੰਪਤੀ ਨਾਲ ਲਿਹਾਜ਼ਦਾਰੀ ਵਰਤਦੀ ਹੈ; (3) ਗ਼ਾਲਬ ਅਤੇ ਅਨੁਸੇਵੀ ਮਾਲਕ ਵਖੋ ਵੱਖਰੇ ਹੋਣੇ ਚਾਹੀਦੇ ਹਨ; (4) ਭੋਂ ਤੇ ਕੋਈ ਅਧਿਕਾਰ ਤਦ ਤਕ ਸੁਖ-ਅਧਿਕਾਰ ਨਹੀਂ ਹੋ ਸਕਦਾ ਜਦ ਤਕ ਉਹ ਪ੍ਰਦਾਨ ਨਾ ਕੀਤਾ ਜਾ ਸਕਦਾ ਹੋਵੇ। ਇਸੇ ਤਰ੍ਹਾਂ ਇਹ ਅਧਿਕਾਰ ਪਰਿਨਿਸ਼ਚਿਤ ਕੀਤਾ ਜਾ ਸਕਦਾ ਹੋਵੇ ਅਤੇ ਅਨਿਸ਼ਚਿਤ ਨ ਹੋਵੇ। ਇਹ ਅਧਿਕਾਰ ਪਾਣੀ , ਰੌਸ਼ਨੀ, ਹਵਾ ਅਨੁਸੇਵੀ ਸੰਪਤੀ ਦੀ ਟੇਕ ਜਾਂ ਸਹਾਰੇ ਦਾ ਅਧਿਕਾਰ ਹੋ ਸਕਦਾ ਹੈ।
ਸੁਖ-ਅਧਿਕਾਰ ਮਾਲਕੀਅਤੀ ਹੱਕਾਂ ਅਤੇ ਪ੍ਰਾਫ਼ਿਟਸ ਐਪਰੇਂਡਰੇ ਤੋਂ ਵਖਰੀ ਕਿਸਮ ਦੀ ਚੀਜ਼ ਹੈ।
ਹਾਲਜ਼ਬਰੀ ਦੇ ਲਾਅਜ਼ ਔਫ਼ ਇੰਗਲੈਂਡ ਜਿਲਦ 12 ਅਨੁਸਾਰ ਸੁਖਅਧਿਕਾਰ ਇਕ ਅਜਿਹਾ ਅਧਿਕਾਰ ਹੁੰਦਾ ਹੈ ਜੋ ਭੋਂ ਨਾਲ ਜੁੜਿਆ ਹੁੰਦਾ ਹੈ ਅਤੇ ਦੂਜੇ ਮਾਲਕ ਦੀ ਭੋਂ ਦੀ ਇਕ ਖ਼ਾਸ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ ਜਾਂ ਉਸ ਮਾਲਕ ਨੂੰ ਆਪਣੀ ਭੋਂ ਇਕ ਖ਼ਾਸ ਤਰੀਕੇ ਨਾਲ ਵਰਤਣ ਤੋਂ ਵਰਜਿਆ ਜਾਂਦਾ ਹੈ। ਪਰ ਦੂਜੇ ਮਾਲਕ ਦੀ ਭੋਂ ਦੀ ਉਪਜ ਲੈਣ ਤਕ ਇਹ ਅਧਿਕਾਰ ਵਿਸਤ੍ਰਿਤ ਨਹੀਂ ਹੁੰਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First