ਸਿੱਖ ਸਟੂਡੈਂਟਸ ਫੈਡਰੇਸ਼ਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਿੱਖ ਸਟੂਡੈਂਟਸ ਫੈਡਰੇਸ਼ਨ: ਸ. ਸਰੂਪ ਸਿੰਘ ਦੁਆਰਾ 13 ਸਤੰਬਰ 1944 ਈ. ਵਿਚ ਲਾਹੌਰ ਵਿਚ ਬਣਾਇਆ ਗਿਆ ਇਕ ਸੰਗਠਨ , ਜਿਸ ਦਾ ਪੂਰਾ ਨਾਂ ‘ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ’ ਸੀ ਅਤੇ ਜਿਸ ਦਾ ਮੁੱਖ ਉਦੇਸ਼ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਸਿੱਖ ਵਿਦਿਆਰਥੀਆਂ ਦੇ ਮਨ ਵਿਚ ਸਿੱਖ ਧਰਮ ਅਤੇ ਵਿਰਸੇ ਬਾਰੇ ਚੇਤਨਾ ਪੈਦਾ ਕਰਨਾ ਸੀ ਤਾਂ ਜੋ ਬਾਹਰਲੇ ਪ੍ਰਭਾਵਾਂ ਤੋਂ ਇਨ੍ਹਾਂ ਨੂੰ ਵਰਜਿਆ ਜਾ ਸਕੇ। ਇਸ ਤੋਂ ਪਹਿਲਾਂ ਭਾਵੇਂ ਸਕੂਲਾਂ ਵਿਚ ਭੁਜੰਗੀ ਸਭਾਵਾਂ ਜਾਂ ਸੁਸਾਇਟੀਆਂ ਕਾਇਮ ਕਰਨ ਦੀ ਕੁਝ ਪਿਰਤ ਪੈ ਚੁਕੀ ਸੀ, ਪਰ ਨਵੀਂ ਸੋਚ ਅਤੇ ਵਿਦਿਆ-ਪ੍ਰਚਾਰ ਦੇ ਨਵੇਂ ਸੰਦਰਭ ਦੀਆਂ ਇਹ ਹਾਣੀ ਨ ਬਣ ਸਕੀਆਂ। ਨਵੀਆਂ ਉਮੰਗਾਂ ਅਤੇ ਆਕਾਂਖਿਆਵਾਂ ਨੂੰ ਸੁਵਿਵਸਥਿਤ ਸੇਧ ਦੇਣ ਲਈ ਇਸ ਸੰਗਠਨ ਨੇ ਉਸਾਰੂ ਭੂਮਿਕਾ ਨਿਭਾਈ। ਸਥਾਪਤੀ ਤੋਂ ਕੁਝ ਮਹੀਨਿਆਂ ਬਾਦ ਗੁਜਰਾਂਵਾਲਾ ਅਤੇ ਅੰਮ੍ਰਿਤਸਰ ਵਿਚ ਇਸ ਦੀਆਂ ਬ੍ਰਾਂਚਾਂ ਖੁਲ੍ਹ ਗਈਆਂ ਅਤੇ ਫਿਰ ਪੰਜਾਬ ਦੇ ਮੁੱਖ ਮੁੱਖ ਨਗਰਾਂ ਵਿਚ ਸ਼ਾਖਾਵਾਂ ਕਾਇਮ ਹੋ ਗਈਆਂ। ਦੇਸ਼ ਦੀ ਆਜ਼ਾਦੀ ਤੋਂ ਬਾਦ ਫੈਡਰੇਸ਼ਨ ਦਾ ਮੁੱਖ ਕੇਂਦਰ ਲਾਹੌਰ ਦੀ ਥਾਂ ਅੰਮ੍ਰਿਤਸਰ ਵਿਚ ਕਾਇਮ ਹੋ ਗਿਆ। ਪੰਜਾਬ ਦੀ ਵੰਡ ਵੇਲੇ ਇਸ ਸੰਗਠਨ ਦੇ ਵਰਕਰਾਂ ਨੇ ਹਿੰਦੂਆਂ, ਸਿੱਖਾਂ ਨੂੰ ਮੁਸਲਮਾਨ ਦੰਗਈਆਂ ਤੋਂ ਬਚਾ ਕੇ ਪੂਰਬੀ ਪੰਜਾਬ ਵਲ ਲੈ ਆਉਣ ਦਾ ਬੀੜਾ ਚੁਕਿਆ। ਇਸ ਜਦੋ-ਜਹਿਦ ਵਿਚ ਇਸ ਸੰਸਥਾ ਦੇ ਸਕੱਤਰ ਗਿਆਨੀ ਗੁਰਦਿਆਲ ਸਿੰਘ ਸ਼ਹੀਦ ਵੀ ਹੋਏ। ਡਾ. ਜਸਵੰਤ ਸਿੰਘ ਨੇਕੀ , ਸ. ਅਮਰ ਸਿੰਘ ਅੰਬਾਲਵੀ, ਸ. ਭਾਨ ਸਿੰਘ, ਸ. ਮਨਜੀਤ ਸਿੰਘ ਕਲਕੱਤਾ , ਪਿ੍ਰੰ. ਗੁਰਬਖ਼ਸ਼ ਸਿੰਘ ਸ਼ੇਰਗਿਲ ਆਦਿ ਇਸ ਸੰਸਥਾ ਦੇ ਮੁੱਢਲੇ ਕਾਰਕੁੰਨਾਂ ਵਿਚੋਂ ਹਨ।
ਸੰਨ 1955 ਈ. ਵਿਚ ਹੜਾਂ ਕਾਰਣ ਪੰਜਾਬ ਨੂੰ ਬਹੁਤ ਬਰਬਾਦੀ ਦਾ ਸਾਹਮਣਾ ਕਰਨਾ ਪਿਆ। ਫੈਡਰੇਸ਼ਨ ਦੇ ਵਰਕਰਾਂ ਨੇ ਪਿੰਡ ਪਿੰਡ ਜਾ ਕੇ ਹੜ-ਪੀੜਤਾਂ ਨੂੰ ਰਾਸ਼ਨ, ਕਪੜੇ ਅਤੇ ਦਵਾਈਆਂ ਉਪਲਬਧ ਕੀਤੀਆਂ। ਜਦੋਂ ਵੀ ਕੋਈ ਪੰਥਕ ਮਸਲਾ ਖੜਾ ਹੋਇਆ, ਇਸ ਫੈਡਰੇਸ਼ਨ ਨੇ ਉਘੜਵਾਂ ਯੋਗਦਾਨ ਪਾਇਆ। ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਪ੍ਰਚਾਰਨ ਅਤੇ ਸਿੱਖੀ ਦੇ ਅਮਲੀ ਜੀਵਨ ਦੀ ਟ੍ਰੇਨਿੰਗ ਦੇਣ ਲਈ ਇਸ ਸੰਸਥਾ ਨੇ ਦਰਜਨਾਂ ਆਲ ਇੰਡੀਆ ਪੱਧਰ ’ਤੇ ਅਤੇ ਸੈਂਕੜੇ ਸਰਕਲ ਪੱਧਰ’ਤੇ ਕੈਂਪ ਲਗਾਏ। ਇਨ੍ਹਾਂ ਕੈਂਪਾਂ ਵਿਚ ਸਿੱਖ ਧਰਮ ਦੇ ਅਨੇਕ ਪੱਖਾਂ ਉਤੇ ਲੈਕਚਰ ਕਰਵਾਏ ਜਾਂਦੇ। ਇਹ ਕੈਂਪ ਇਕ ਪ੍ਰਕਾਰ ਨਾਲ ਚਲਦੇ ਫਿਰਦੇ ਮਿਸ਼ਨਰੀ ਕਾਲਜ ਹਨ ਜੋ ਸਿੱਖੀ ਤੋਂ ਟੁਟੇ ਹੋਏ ਵਿਦਿਆਰਥੀਆਂ ਨੂੰ ਫਿਰ ਆਪਣੇ ਮੂਲ ਵਿਰਸੇ ਨਾਲ ਜੋੜਦੇ ਹਨ। ਇਨ੍ਹਾਂ ਕੈਂਪਾਂ ਦੇ ਫਲਸਰੂਪ ਸਿੱਖਾਂ ਵਿਚ ਅਨੇਕ ਵਿਦਵਾਨ, ਇਤਿਹਾਸਕਾਰ, ਵਕੀਲ ਅਤੇ ਡਾਕਟਰ ਪੈਦਾ ਹੋਏ। ਇਸ ਫੈਡਰੇਸ਼ਨ ਦੇ ਮੰਤਵਾਂ ਵਿਚੋਂ ਇਕ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਰਿਹਾ ਹੈ, ਜੋ ਕਿਸੇ ਨ ਕਿਸੇ ਰੂਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੂਪ ਵਿਚ ਸਾਕਾਰ ਹੋਇਆ ਹੈ।
ਗੁਰਮਤਿ ਦਾ ਸਹੀ ਪ੍ਰਕਾਸ਼ ਕਰਨ ਦੇ ਮੰਤਵ ਨਾਲ ਸਥਾਪਿਤ ਹੋਈ ਇਸ ਸੰਸਥਾ ਦੇ ਰਾਜਨੈਤਿਕ ਪਾਰਟੀਆਂ ਦੇ ਸੰਪਰਕ ਵਿਚ ਆ ਜਾਣ ਕਾਰਣ ਇਸ ਵਿਚ ਸਮੇਂ ਸਮੇਂ ਫੁਟ ਪੈਂਦੀ ਰਹੀ ਅਤੇ ਕਈ ਧੜੇ ਬਣ ਚੁਕੇ ਹਨ। ਇਸ ਨੂੰ ਗ਼ੈਰ- ਕਾਨੂੰਨੀ ਵੀ ਠਹਿਰਾਇਆ ਗਿਆ। ਇਸ ਦਾ ਇਕ ਮੁਖੀ ਭਾਈ ਅਮਰੀਕ ਸਿੰਘ ਨੀਲਾ ਤਾਰਾ ਸਾਕੇ ਵਿਚ ਸ਼ਹੀਦ ਹੋਇਆ। ਵਰਤਮਾਨ ਪਤਿਤਪੁਣੇ ਦੀ ਚਲ ਰਹੀ ਲਹਿਰ ਨੂੰ ਠਲ੍ਹ ਪਾਉਣ ਲਈ ਇਹ ਸੰਸਥਾ ਉਸਾਰੂ ਯੋਗਦਾਨ ਦੇ ਸਕਦੀ ਹੈ, ਜੇ ਸਾਰੇ ਧੜੇ ਸੰਗਠਿਤ ਹੋ ਕੇ ਕੰਮ ਕਰਨ ਅਤੇ ਰਾਜਨੈਤਿਕ ਪ੍ਰਾਪਤੀਆਂ ਵਲੋਂ ਮੂੰਹ ਮੋੜ ਲੈਣ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਿੱਖ ਸਟੂਡੈਂਟਸ ਫੈਡਰੇਸ਼ਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿੱਖ ਸਟੂਡੈਂਟਸ ਫੈਡਰੇਸ਼ਨ : ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਇਕ ਸੰਗਠਨ ਜਿਸਦੀ ਸਥਾਪਨਾ 1944 ਵਿਚ ਲਾਹੌਰ ਵਿਚ ਹੋਈ ਸੀ ਅਤੇ ਇਸ ਦਾ ਪਹਿਲਾ ਪ੍ਰਧਾਨ ਸਰੂਪ ਸਿੰਘ ਸੀ ਜੋ ਉਸ ਸਮੇਂ ਕਾਨੂੰਨ ਦੀ ਪੜ੍ਹਾਈ ਦਾ ਸੀਨੀਅਰ ਵਿਦਿਆਰਥੀ ਸੀ। ਇਸ ਸੰਗਠਨ ਦਾ ਪ੍ਰਮੁਖ ਉਦੇਸ਼ ਸਿੱਖ ਨੌਜਵਾਨਾਂ ਵਿਚ ਸਿੱਖ ਧਰਮ ਦੇ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਪ੍ਰਤੀ ਜਾਗ੍ਰਤੀ ਪੈਦਾ ਕਰਨਾ ਅਤੇ ਆਪਣੇ ਵਿਰਸੇ ਪ੍ਰਤੀ ਚੇਤਨਾ ਪੈਦਾ ਕਰਨਾ ਸੀ। ਇਸ ਕਾਰਜ ਲਈ ਕਿਸੇ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਦੀ ਭਾਲ ਕੀਤੀ ਜਾਣ ਲਗੀ ਅਤੇ ਇਸ ਦੀ ਪੂਰਤੀ ਲਈ ਫੈਡਰੇਸ਼ਨ ਨੇ ਆਪਣੀ ਸਾਰੀ ਸ਼ਕਤੀ ਅਤੇ ਸਮਰੱਥਾ ਇਸੇ ਦਿਸ਼ਾ ਵਿਚ ਲਗਾ ਦਿੱਤੀ। 1947 ਵਿਚ ਭਾਰਤ ਦੀ ਵੰਡ ਪਿੱਛੋਂ ਫੈਡਰੇਸ਼ਨ ਨੇ ਆਪਣਾ ਮੁੱਖ ਦਫ਼ਤਰ ਲਾਹੌਰ ਤੋਂ ਬਦਲ ਕੇ ਅੰਮ੍ਰਿਤਸਰ ਸਥਾਪਿਤ ਕਰ ਲਿਆ।
ਫੈਡਰੇਸ਼ਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਭੁਜੰਗੀ ਸਭਾਵਾਂ ਸਕੂਲਾਂ ਵਿਚ ਕਾਇਮ ਸਨ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਿੱਖ ਆਦਰਸ਼ਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ। ਜ਼ਿਆਦਾਤਰ ਸਕੂਲਾਂ ਵਿਚ ਆਪਣੀਆਂ- ਆਪਣੀਆਂ ਭੁਜੰਗੀ ਸਭਾਵਾਂ ਬਣੀਆਂ ਹੋਈਆਂ ਸਨ। ਪਹਿਲੀ ਸਿੱਖ ਵਿਦਿਆਰਥੀ ਸਭਾ ਜਾਂ ਖ਼ਾਲਸਾ ਕਲਬ ਲਗਪਗ 1888 ਵਿਚ ਬਣੀ ਸੀ। ਇਹ ਉਸ ਸਮੇਂ ਦੇ ਸਿੱਖਾਂ ਵਿਚ ਆਈ ਨਵੀਂ ਧਾਰਮਿਕ ਅਤੇ ਸਭਿਆਚਾਰਿਕ ਚੇਤਨਾ ਦਾ ਸਿੱਟਾ ਸੀ। ਇਸ ਸਮੇਂ ਸਿੱਖ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਪ੍ਰਤੀਕੂਲ ਉਹਨਾਂ ਕੁਰੀਤੀਆਂ ਸਾਮ੍ਹਣੇ ਸਿੱਖਾਂ ਨੇ ਪ੍ਰਸ਼ਨ ਚਿੰਨ੍ਹ ਲਾ ਕੇ ਉਹਨਾਂ ਨੂੰ ਰੱਦਣਾ ਸ਼ੁਰੂ ਕਰ ਦਿੱਤਾ ਸੀ। ਸਭਾਵਾਂ ਦਾ ਇੱਕਠ ਹਰ ਸ਼ਨਿਚਰਵਾਰ ਹੁੰਦਾ ਸੀ। ਇਸ ਉਪਰੰਤ ਇਸ ਦੇ ਮੈਂਬਰ ਸ਼ਬਦ ਗਾਇਨ ਕਰਦੇ ਹੋਏ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸਨ। ਇਕ ਹੋਰ ਨਾਂ ਜੋ ਉਸ ਸਮੇਂ ਜ਼ੋਰ ਫੜ ਰਿਹਾ ਸੀ ਉਹ ਸੀ ਸਿੱਖ ਯੰਗਮੈਨ ਐਸੋਸੀਏਸ਼ਨ। ਇਸ ਦਾ ਪਹਿਲਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਦਾ ਗਰੈਜੂਏਟ ਭਾਈ ਹਰਨਾਮ ਸਿੰਘ ਸੀ ਜਿਸ ਨੇ ਪਿੱਛੋਂ ਲੰਦਨ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਸ ਐਸੋਸੀਏਸ਼ਨ ਨੇ 1905 ਵਿਚ ਇਕ ਤ੍ਰੈਮਾਸਿਕ ਪੱਤਰ ਜਿਸ ਦਾ ਨਾਂ ਖ਼ਾਲਸਾ ਯੰਗਮੈਨ ਸੀ ਛਾਪਣਾ ਸ਼ੁਰੂ ਕੀਤਾ। ਇਸ ਨੇ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਉੱਪਰ ਟ੍ਰੈਕਟ ਛਾਪਣ ਦਾ ਖਰਚਾ ਵੀ ਆਪ ਕਰਨਾ ਅਰੰਭ ਕਰ ਦਿੱਤਾ।
ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਨਾਂ ਦੀ ਸ਼ਾਨਦਾਰ ਇਮਾਰਤ ਬਣਨ ਦੇ ਨਾਲ ਸਿੱਖਾਂ ਨੇ ਵਿੱਦਿਆ ਦੇ ਅਗਾਂਹ ਵਧੂ ਵੱਡੇ ਕੰਮ ਦੇ ਆਧੁਨਿਕ ਪੜਾਅ ਵਿਚ ਦਾਖਲਾ ਲੈ ਲਿਆ। ਇਸ ਲਹਿਰ ਨੂੰ ਅਗਵਾਈ ਦੇਣ ਵਾਲੇ ਮਹੱਤਵਪੂਰਨ ਵਿਅਕਤੀਆਂ ਵਿਚੋਂ ਇਸ ਸੰਸਥਾ ਦੇ ਕੁਝ ਬ੍ਰਿਟਿਸ਼ ਪ੍ਰਿੰਸੀਪਲ ਸਾਹਿਬਾਨ ਵੀ ਸਨ। ਉਹਨਾਂ ਵਿਚੋਂ ਸਭ ਤੋਂ ਜਿਆਦਾ ਪ੍ਰਸਿੱਧ ਮਿਸਟਰ ਜੀ.ਏ. ਵਾਥਨ ਸਨ ਜਿਨ੍ਹਾਂ ਨੇ ‘ਕੋਟਸ ਆਫ਼ ਮੂਵਮੈਂਟ` ਦੀ ਸ਼ੁਰੂਆਤ ਕੀਤੀ ਜਿਸ ਨਾਲ ਵਿਦਿਆਰਥੀਆਂ ਨੂੰ ਸਰੀਰਿਕ ਤੌਰ ਤੇ ਕਾਲਜ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਸੀ। ਦੋਹਾਂ ਹੱਥਾਂ ਨਾਲ ਮਿਹਨਤ ਕਰਨ ਦੇ ਇਸ ਵੱਡੇ ਕਾਰਜ ਵਿਚ ਨੌਜੁਆਨਾਂ ਨੇ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਵਾਲੰਟੀਅਰਾਂ ਦੇ ਤੌਰ ਤੇ ਪੇਸ਼ ਕੀਤਾ। ਇਹਨਾਂ ਨੌਜਵਾਨਾਂ ਵਿਚ ਇਕ ਬਹੁਤ ਹੀ ਸੋਹਣਾ ਨੌਜੁਆਨ ਲੁਧਿਆਣਾ ਜ਼ਿਲੇ ਦੇ ਨਾਰੰਗਵਾਲ ਪਿੰਡ ਦਾ ਐਸ. ਪ੍ਰਤਾਬ ਸੀ ਜਿਹੜਾ ਉਸ ਵੇਲੇ ਖ਼ਾਲਸਾ ਕਾਲਜ ਵਿਚ ਪੜ੍ਹਾਈ ਕਰ ਰਿਹਾ ਸੀ। ਇਹ ਕਰਨਲ ਹੀਰਾ ਸਿੰਘ ਦੇ ਘਰ 1 ਜੂਨ 1896 ਨੂੰ ਬਹੁਤ ਦੂਰ ਦੀ ਇਕ ਸ਼ਾਹੀ ਰਿਆਸਤ ‘ਰੇਵਾ` ਦੀ ਰਾਜਧਾਨੀ ਵਿਚ ਪੈਦਾ ਹੋਇਆ ਸੀ ਜਿਥੇ ਕਿ ਹੀਰਾ ਸਿੰਘ ਆਪਣੇ ਸਮੇਂ ਵਿਚ ਆਪਣੇ ਪਿਤਾ ਰਾਇ ਬਹਾਦਰ ਕੈਪਟਨ ਹਜ਼ੂਰਾ ਸਿੰਘ ਦੀ ਤਰ੍ਹਾਂ ਰਿਆਸਤ ਦੀ ਪੈਦਲ ਫ਼ੌਜ ਦਾ ਕਮਾਂਡਰ ਸੀ। ਖ਼ਾਲਸਾ ਕਾਲਜ ਤੋਂ ਵਿੱਦਿਆ ਪ੍ਰਾਪਤ ਕਰ ਲੈਣ ਤੋਂ ਬਾਅਦ ਐਸ.ਪ੍ਰਤਾਬ ਇੰਗਲੈਂਡ ਚਲਾ ਗਿਆ ਜਿਥੇ ਇਸਨੇ ਰੇਲਵੇ ਦੀ ਨੌਕਰੀ ਲਈ ਆਪਣੀ ਯੋਗਤਾ ਸਾਬਿਤ ਕੀਤੀ ਪਰੰਤੂ ਇਸਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਰਹਿਣ ਦੀ ਆਪਣੇ ਲਈ ਚੋਣ ਕਰ ਲਈ। ਸ਼ਿਮਲਾ, ਦਿੱਲੀ ਅਤੇ ਲਾਹੌਰ ਵਿਖੇ ਕੁਝ ਸਮਾਂ ਰਹਿਣ ਤੋਂ ਬਾਅਦ ਇਸਨੇ ਆਪਣੇ ਜੀਵਨ ਦੀ ਸਭ ਤੋਂ ਔਖੀ ਚੁਣੌਤੀ ਗੁਰਦੁਆਰਾ ਸ਼ਹੀਦ ਗੰਜ ਐਜੀਟੇਸ਼ਨ ਨੂੰ ਭਲੀ-ਭਾਂਤ ਪਾਰ ਕਰ ਲਿਆ। ਇਹ ਇਕ ਬਹੁਤ ਹੀ ਧਮਾਕੇਦਾਰ ਹਾਲਾਤ ਨੂੰ ਇਸਨੇ ਬਹੁਤ ਹੀ ਠੰਢੇ ਅਤੇ ਸਹਜ ਤਰੀਕੇ ਨਾਲ ਨਜਿੱਠ ਲਿਆ ਸੀ।
ਸਿੱਖ ਸਟੂਡੈਂਟਸ ਫੈਡਰੇਸ਼ਨ ਵੀਹਵੀਂ ਸਦੀ ਦੇ ਚਾਲੀਵਿਆਂ ਵਿਚ ਹੋਂਦ ਵਿਚ ਆਈ। ਇਸ ਦਾ ਮੁੱਖ ਉਦੇਸ਼ ਸਿੱਖ ਨੌਜਵਾਨਾਂ ਵਿਚ ਸਿੱਖ ਵਿਚਾਰਧਾਰਾ ਅਤੇ ਆਦਰਸ਼ਾਂ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਮੁਸਲਮਾਨਾਂ ਅਤੇ ਹੋਰ ਲੋਕਾਂ ਦੇ ਸਮੂਹਾਂ ਵੱਲੋਂ ਸਿੱਖ ਪਛਾਣ ਦੇ ਮਾਮਲੇ ਵਿਚ ਖੋਰਾ ਲਗਾ ਰਹੇ ਪ੍ਰਭਾਵ ਦਾ ਵਿਰੋਧ ਅਤੇ ਮੁਕਾਬਲਾ ਕਰਨ ਲਈ ਤਿਆਰ ਕਰਨਾ ਸੀ। ਸਿੱਖਾਂ ਦਾ ਹੁੰਗਾਰਾ ਇਸ ਗੱਲ ਵਿਚ ਸੀ ਕਿ ਇਹ ਆਪਣੀ ਰਾਜਨੀਤੀ ਨੂੰ ਤਕੜਾ ਕਰਨ।
ਭਾਰਤ ਦੀ ਅਜ਼ਾਦੀ ਦੇ ਨੇੜੇ ਆਉਣ ਨਾਲ ਫੈਡਰੇਸ਼ਨ ਦਾ ਜ਼ਿਆਦਾ ਪ੍ਰਭਾਵਸ਼ਾਲੀ ਕਿਰਿਆਤਮਿਕ ਪੜਾਅ ਸ਼ੁਰੂ ਹੋ ਗਿਆ। ਇਸ ਦੀਆਂ ਸਰਗਰਮੀਆਂ ਦਾ ਖੇਤਰ ਵਧ ਗਿਆ। ਸਿੱਖ ਨੌਜਵਾਨਾਂ ਦੇ ਕੈਂਪ ਲਗਣੇ ਨਿੱਤ-ਕਰਮ ਹੀ ਬਣ ਗਿਆ ਅਤੇ ਸਿੱਖ ਬਹੁਤ ਉਤਸ਼ਾਹ ਨਾਲ ਕੈਂਪਾਂ ਵਿਚ ਸ਼ਾਮਲ ਹੁੰਦੇ ਸਨ। ਸਿੱਖ ਸਾਹਿਤ ਅਤੇ ਵਿੱਦਿਅਕ ਅਨੁਸ਼ਾਸਨ ਨੂੰ ਅੱਗੇ ਤੋਰਨ ਲਈ ਇਹ ਵਚਨਬੱਧ ਹੁੰਦੇ ਸਨ। ਇਹਨਾਂ ਕੈਂਪਾਂ ਦੀਆਂ ਲੜੀਆਂ ਵਿਚ ਬਹੁਤ ਦਲੀਲ ਨਾਲ ਗੱਲ ਕੀਤੀ ਜਾਂਦੀ ਸੀ ਜਿਨ੍ਹਾਂ ਵਿਚੋਂ ਪਾਉਂਟਾ ਸਾਹਿਬ ਵਿਖੇ ਲਗੇ ਇਕ ਕੈਂਪ ਨੂੰ ਇਕ ਨਮੂਨੇ ਵੱਜੋਂ ਜਾਣਿਆ ਜਾਂਦਾ ਕੈਂਪ ਮੰਨਿਆ ਗਿਆ ਸੀ। ਇਥੋਂ ਤੱਕ ਕਿ ਉਸ ਸਮੇਂ ਵੱਡੇ ਸਿੱਖ ਰਾਜਨੀਤੀਵਾਨ ਵੀ ਇਹਨਾਂ ਵਿਚ ਸ਼ਾਮਲ ਹੋਣਾ ਅਤੇ ਇਹਨਾਂ ਵਿਚ ਭਾਸ਼ਣ ਦੇਣਾ ਆਪਣੀ ਇੱਜ਼ਤ ਸਮਝਦੇ ਸਨ। ਇਹਨਾਂ ਕੈਂਪਾਂ ਵਿਚ ਹੋਏ ਬਹਿਸ ਮੁਬਾਹਸੇ ਅਤੇ ਭਾਸ਼ਣਾਂ ਵਿਚੋਂ ਬੌਧਿਕ ਝਲਕ ਸਪਸ਼ਟ ਦਿਖਾਈ ਦਿੰਦੀ ਸੀ। ਸਿੱਖ ਪੰਥ ਨੇ ਇਹਨਾਂ ਕੈਂਪਾਂ ਰਾਹੀਂ ਨਵੀਂ ਜੀਵਨ ਕਿਰਨ ਦੇਖੀ ਅਤੇ ਇਸ ਦਾ ਪ੍ਰਭਾਵ ਬਹੁਤ ਦੂਰ-ਦੂਰ ਤਕ ਸੀ। ਨੌਜਵਾਨਾਂ ਨੇ ਆਪਣੇ ਕੰਮ ਨੂੰ ਨਵੇਂ ਉਤਸ਼ਾਹ ਅਤੇ ਜਾਣਕਾਰੀ ਨਾਲ ਅਰੰਭ ਕੀਤਾ ਜਿਸ ਨਾਲ ਪੰਥ ਲਈ ਆਪਣੇ ਭਵਿੱਖ ਅਤੇ ਕਿਸਮਤ ਦਾ ਤਰੋਤਾਜ਼ਾ ਬਿੰਬ ਮਨਾਂ ਵਿਚ ਵਸ ਗਿਆ। ਸਿੱਖ ਦਿਸਹੱਦਿਆਂ ਵਿਚ ਕਈ ਨਾਂ ਉਭਰ ਕੇ ਸਾਮ੍ਹਣੇ ਆਏ ਅਤੇ ਨਵੇਂ ਪੁਰਾਣੇ ਨੇਤਾ ਸਰਗਰਮੀਆਂ ਲਈ ਨਵੇਂ ਉਤਸ਼ਾਹ ਨਾਲ ਭਰ ਗਏ।
ਕੈਂਪ ਬਹੁਤ ਪ੍ਰਸਿੱਧ ਹੋ ਗਏ ਅਤੇ ਇਹਨਾਂ ਨਾਲ ਸਿੱਖ ਜੀਵਨ ਵਿਚ ਨਵਾਂ ਦ੍ਰਿਸ਼ਟੀਕੋਣ ਅਰੰਭ ਹੋਇਆ। ਪੁਰਾਣੇ ਨੇਤਾਵਾਂ ਵਿਚੋਂ ਕਈ, ਕੈਂਪਾਂ ਵਿਚ ਬੜੇ ਉਤਸ਼ਾਹ ਨਾਲ ਆ ਸ਼ਾਮਿਲ ਹੋਏ। ਇਹਨਾਂ ਵਿਚੋਂ ਸਭ ਤੋਂ ਪ੍ਰਸਿੱਧ ਹੁਕਮ ਸਿੰਘ ਸਨ ਜੋ ਇਕ ਕਾਨੂੰਨਦਾਨ ਅਤੇ ਪਾਰਲੀਮਾਨੀ ਹਸਤੀ ਸਨ ਜਿਨ੍ਹਾਂ ਦੀਆਂ ਜਮਨਾ ਵਿਚ ਗੋਡੇ ਗੋਡੇ ਪਾਣੀ ਵਿਚ ਨਹਾਉਂਦਿਆਂ ਦੀਆਂ ਫੋਟੋਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਹੁਕਮ ਸਿੰਘ ਤੋਂ ਬਾਅਦ ਇਸ ਪਾਸੇ ਆਉਣ ਵਾਲੇ ਨੌਜਵਾਨ ਨੇਤਾ ਸਨ: ਸੁਰਜੀਤ ਸਿੰਘ ਬਰਨਾਲਾ, ਅਮਰ ਸਿੰਘ ਅੰਬਾਲਵੀ, ਜਸਵੰਤ ਸਿੰਘ ਨੇਕੀ , ਗੁਰਮੀਤ ਸਿੰਘ, ਸਤਬੀਰ ਸਿੰਘ , ਭਾਈ ਹਰਬੰਸ ਲਾਲ ਅਤੇ ਇੰਦੌਰ (ਹੁਣ ਭੋਪਾਲ) ਦੇ ਡਾ. ਸੰਤੋਖ ਸਿੰਘ। ਹੋਰ ਵੀ ਕਈ ਸਿੱਖ ਨੇਤਾ ਸਨ ਜਿਹੜੇ ਆਪਣੇ-ਆਪਣੇ ਖੇਤਰ ਵਿਚ ਪ੍ਰਸਿੱਧ ਸਨ। ਇਸ ਤਰ੍ਹਾਂ ਸ਼ਾਇਦ ਹੀ ਕੋਈ ਸਿੱਖ ਲੀਡਰ ਹੋਵੇ ਜਿਹੜਾ ਫੈਡਰੇਸ਼ਨ ਅਤੇ ਇਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਇਥੋਂ ਤਕ ਕਿ ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ (ਹੁਣ ਪ੍ਰਧਾਨ ਮੰਤਰੀ) ਨੇ ਵੀ ਇਹਨਾਂ ਕੈਂਪਾਂ ਵਿਚ ਹਿੱਸਾ ਲਿਆ। ਸਿੱਖ ਨੌਜਵਾਨਾਂ ਦੀ ਪੁਨਰਜਾਗਰਤੀ ਦਾ ਇਹ ਇਕ ਬਹੁਤ ਸ਼ਾਨਦਾਰ ਸਮਾਂ ਸੀ ਅਤੇ ਇਸ ਨਾਲ ਸਿੱਖ ਨੌਜਵਾਨ ਬਹੁਤ ਗਤੀਸ਼ੀਲ ਹੋਏ। ਇਸ ਤਰ੍ਹਾਂ ਇਹ ਸਿੱਖ ਨੌਜਵਾਨ ਪੀੜ੍ਹੀ ਲਈ ਬਹੁਤ ਹੀ ਮਹੱਤਵਪੂਰਨ ਸਮਾਂ ਸੀ ਅਤੇ ਇਸ ਦਾ ਪ੍ਰਭਾਵ ਅੱਜ ਤਕ ਵੀ ਚਲਿਆ ਆ ਰਿਹਾ ਹੈ। ਫੈਡਰੇਸ਼ਨ ਦੇ ਪ੍ਰਮੁਖ ਮੈਂਬਰਾਂ ਵਿਚੋਂ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਇਕ ਸੀਨੀਅਰ ਮੈਂਬਰ ਦੀ ਪੱਕੀ ਇੱਛਾ ਇਸਦਾ ਇਤਿਹਾਸ ਲਿਖਣ ਦੀ ਹੈ।
ਇਸ ਰਾਜਨੀਤਿਕ ਜਾਗਰਣ ਤੋਂ ਇਲਾਵਾ ਸਿੱਖ ਨੌਜਵਾਨਾਂ ਨੇ ਇਕ ਤਾਜ਼ਾ ਧਾਰਮਿਕ ਜਾਗ ਲਾਉਣ ਵਾਲਾ ਪ੍ਰਭਾਵ ਗ੍ਰਹਿਣ ਕੀਤਾ। ਇਸ ਤਰ੍ਹਾਂ ਨਵੀਂ ਜੀਵਨ-ਯਾਤਰਾ ਲਈ ਬੜੀ ਤੇਜੀ ਨਾਲ ਅਗੇ ਵਧਦੇ ਜਾਣ ਦਾ ਤਜਰਬਾ ਇਹਨਾਂ ਨੇ ਮਹਿਸੂਸ ਕੀਤਾ।
ਸਵੇਰ-ਸ਼ਾਮ ਇਹਨਾਂ ਕੈਂਪਾਂ ਵਿਚ ਧਾਰਮਿਕ ਨਿਤਨੇਮ ਹੁੰਦਾ ਸੀ। ਦਰਿਆ ਦੇ ਕਲਕਲ ਕਰਦੇ ਪਾਣੀ ਦੀ ਮਿੱਠੀ ਧੁਨੀ ਨਾਲ ਅਰਦਾਸ ਦੀ ਧੁਨ ਮਿਲ ਜਾਂਦੀ ਸੀ। ਗੁਰੂ ਕਾ ਲੰਗਰ ਵਰਤਾਏ ਜਾਣ ਲਈ ਹਮੇਸ਼ਾਂ ਤਿਆਰ ਰਹਿੰਦਾ ਸੀ। ਉਹੀ ਅਰਦਾਸ ਅਤੇ ਸਿਮਰਨ ਦੀ ਵਿਧੀ ਸ਼ਾਮ ਨੂੰ ਹੁੰਦੀ ਸੀ।
ਲੇਖਕ : ਸਰ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First