ਸਾਖੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਖੀ (ਨਾਂ,ਇ) ਅੱਖੀਂ ਡਿੱਠੀ ਕਹੀ ਗਈ ਕਥਾ; ਵਾਰਤਾ; ਸਿੱਖ ਗੁਰੂ ਸਾਹਿਬਾਨ ਦੀ ਜੀਵਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਖੀ [ਨਾਂਇ] ਸਿੱਖਿਆਦਾਇੱਕ ਕਥਾ; ਗਵਾਹੀ; ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ਼ ਸੰਬੰਧਿਤ ਕੋਈ ਕਹਾਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8941, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਖੀ. ਸੰਗ੍ਯਾ—ਇਤਿਹਾਸ ਅਥਵਾ ਕਥਾ , ਜੋ ਅੱਖੀਂ ਡਿੱਠੀ ਕਹੀ ਗਈ ਹੋਵੇ. “ਸੁਣਹੁ ਜਨ ਭਾਈ , ਹਰਿ ਸਤਿਗੁਰ ਕੀ ਇਕ ਸਾਖੀ.” (ਮ: ੪ ਵਾਰ ਸ੍ਰੀ) “ਸੁਣਿ ਸਾਖੀ ਮਨ ਜਪਿ ਪਿਆਰ.” (ਬਸੰ ਅ: ਮ: ੫) ੨ ਭਾਵ—ਸਿਖ੍ਯਾ. ਨਸੀਹਤ. “ਗੁਰਸਾਖੀ ਜੋਤਿ ਪਰਗਟੁ ਹੋਇ.” (ਸੋਹਿਲਾ) ੩ ਸੰ. साक्षिन्—ਸਾ.ਗਵਾਹ. “ਗੁਰੁ ਥੀਆ ਸਾਖੀ ਤਾਂ ਡਿਠਮੁ ਆਖੀ.” (ਆਸਾ ਛੰਤ ਮ: ੫) “ਪਾਪ ਪੁੰਨ ਦੁਇ ਸਾਖੀ ਪਾਸਿ.” (ਆਸਾ ਮ: ੧) “ਤਬ ਸਾਖੀ ਪ੍ਰਭੁ ਅਸਟ ਬਨਾਏ.” (ਵਿਚਿਤ੍ਰ) ਦੇਖੋ, ਅਸਟਸਾਖੀ। ੪ ਸਾ. ਗਵਾਹੀ. ਸ਼ਹਾਦਤ. “ਸਚ ਬਿਨ ਸਾਖੀ ਮੂਲੋ ਨ ਬਾਕੀ.” (ਸਵਾ ਮ: ੧) “ਸੰਤਨ ਕੀ ਸੁਣ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ ॥” (ਰਾਮ ਮ: ੫) ੫ ਸੰ. शाखिन्—ਸ਼ਾਖੀ. ਦਰਖ਼ਤ. ਬਿਰਛ. ਟਾਹਣੀਆਂ ਵਾਲਾ. “ਜ੍ਯੋਂ ਅਵਨੀ ਪਰ ਸਫਲ੍ਯੋ ਸਾਖੀ.” (ਨਾਪ੍ਰ) ੬ ਵੇਦ , ਜਿਸ ਦੀਆਂ ਬਹੁਤ ਸ਼ਾਖਾ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਖੀ (ਸੰ.। ਦੇਸ਼ ਭਾਸ਼ਾ ਸੰਸਕ੍ਰਿਤ ਸਾਕਸ਼ੀੑ ਸ+ਅਕਸ਼ੀੑ=ਜੋ ਅੱਖ ਦੇ ਸਾਹਮਣੇ ਹੋਵੇ) ੧. ਅੱਖੀਂ ਡਿੱਠੀ ਗੱਲ ਦਾ ਦੱਸਣਾ, ਇਸ ਤੋਂ ਅਗੇ ਕਥਾ , ਵਾਰਤਾ, ਅਰਥ ਬਣੇ ਹਨ। ਇਸੇ ਤੋਂ ਦੇਖਣਹਾਰ ਪ੍ਰਗਟ, ਸਾਖ੍ਯਾਤਕਾਰ ਅਰਥ ਬਣਦੇ ਹਨ ਤੇ ਸਿਖ੍ਯਾ, ਗਵਾਹੀ ਅਰਥ ਬੀ ਹਨ। ਦੇਖੋ , ‘ਸਚ ਬਿਨੁ ਸਾਖੀ’
ਯਥਾ-‘ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ’ ਹੇ ਹਰੀ ਦੇ ਸੰਤੋ ਭਾਈ! ਗੁਰੂ ਦੀ ਕਥਾ ਸ਼੍ਰਵਣ ਕਰੋ। ‘ਗੁਰ ਸਾਖੀ ਅੰਤਰਿ ਜਾਗੀ’ ਜਦ ਗੁਰੂ ਦੀ ਸਿਖ੍ਯਾ ਰਿਦੇ ਵਿਚ ਪ੍ਰਗਟ ਹੋਈ।
੨. ਪ੍ਰਗਟ, ਸਾਖ੍ਯਾਤਕਾਰ। ਯਥਾ-‘ਗੁਰ ਥੀਆ ਸਾਖੀ ਤਾ ਡਿਠਮੁ ਆਖੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਾਖੀ : ‘ਸਾਖੀ’ ਪੁਰਾਤਨ ਪੰਜਾਬੀ ਦਾ ਇਕ ਮਹੱਤਵਪੂਰਨ ਸਾਹਿੱਤ–ਰੂਪ ਹੈ।ਇਹ ਆਮ ਤੌਰ ਤੇ ਵਾਰਤਕ ਵਿਚ ਲਿਖੀ ਜਾਂਦੀ ਰਹੀ ਹੈ ਪਰ ਇਹ ਵਾਰਤਕ ਤੇ ਕਾਵਿ ਦੀ ਮਿਸ਼੍ਰਿਤ ਸ਼ੈਲੀ ਵਿਚ ਉਪਲਬਧ ਹੈ।
‘ਸਾਖੀ’ ਸ਼ਬਦ ਸੰਸਕ੍ਰਿਤ ਦੇ ’ਸਾਕੑਸ਼ਧੀ’ ਤੋਂ ਬਣਿਆ ਹੈ ਜਿਸ ਦੇ ਸ਼ਾਬਦਿਕ ਅਰਥ ਹਨ ‘ਗਵਾਹੀ’। ਇਸ ਵਾਰਤਕ ਵਿਧਾ ਦਾ ‘ਸਾਖੀ’ਨਾਮਕਰਣ ਇਸ ਲਈ ਕੀਤਾ ਲੱਗਦਾ ਹੈ ਕਿ ਇਸ ਤੋਂ ਪਾਠਕ ਨੂੰ ਰਚਨਾ ਦੇ ਪ੍ਰਰਮਾਣਿਕ ਤੇ ਇਤਿਹਾਸਕ ਹੋਣ ਦੀ ਪੁਸ਼ਟੀ ਹੋਵੇ ‘ਸਾਖੀ’ ਨਾਮ ਤੋਂ ਪਾਠਕ ਉੱਤੇ ਉਸ ਵਿਚਲੀ ਕਹਾਣੀ ਦੇ ਸੱਚੇ ਹੋਣ ਦਾ ਸਿੱਧਾ ਪ੍ਰਭਾਵ ਪੈਂਦਾ ਹੈ। ਗੁਰੂ ਸਾਹਿਬ ਲਿਖਦੇ ਹਨ ‘ਸੰਤਨ ਕੀ ਸੁਣਿ ਸਾਚੀ ਸਾਖੀ’(ਆ.ਗ੍ਰੰਥ, ਪੰਨਾ ੮੯੪) । ‘ਸੁਣਹੁ ਜਨ ਭਾਈ, ਗੁਰੂ ਸਤਿਗੁਰੂ ਕੀ ਇਕ ਸਾਖੀ’। ਭਾਗਤ ਕਬੀਰ ਦੇ ਸ਼ਲੋਕਾਂ ਨੂੰ ‘ਸਾਖੀ’ ਕਿਹਾ ਗਿਆ ਹੈ।ਇਹ ਭਗਤ ਕਬੀਰ ਦੇ ਅਧਿਆਤਮਿਕ ਸੂਖਮ ਅਨੁਭਵ ਦੀ ਗਵਾਹੀ ਮਾਤਰ ਹਨ।
ਸਾਖੀ–ਸਾਹਿੱਤ–ਪਰੰਪਰਾ ਸਤਾਰ੍ਹਵੀਂ ਸਦੀ ਵਿਚ ਗੁਰੂ ਘਰ ਦੇ ਅਨਿਲ ਸਿਦਕਵਾਨਾਂ ਤੇ ਸਿੱਖ ਪ੍ਰੇਮੀਆਂ ਗੁਰੂ–ਭਗਤੀ ਦੀ ਭਾਵਨਾ ਤੇ ਲਗਨ ਨਾਲ ਪੈਦਾ ਹੋਈ ਅਤੇ ਇਨ੍ਹਾਂ ਦੇ ਗੁਰਮਤਿ ਦੇ ਪ੍ਰਚਾਰ ਲਈ ਆਪਣੇ ਅਹਿਮ ਭੂਮਿਕਾ ਨਿਭਾਈ। ਹਰ ਪ੍ਰਸੰਗ, ਕਹਾਣੀ ਜਾਂ ਬਾਤ ਨੂੰ ਸਾਖੀ ਨਹੀਂ ਆਖਦੇ, ਕੇਵਲ ਗੁਰੂ ਸਾਹਿਬਾਨ ਜਾਂ ਭਗਤਾਂ ਨਾਲ ਸੰਬੰਧਿਤ ਘਟਨਾ–ਵਰਣਨ ਨੂੰ ਹੀ ਸਾਖੀ ਆਖਿਆ ਜਾਂਦਾ ਹੈ।
‘ਪਰਚੀ’ ਵੀ ‘ਸਾਖੀ’ ਦਾ ਬਦਲਵਾਂ ਰੂਪ ਹੈ। ਸੇਵਾ ਪੰਥੀ ਸੰਪ੍ਰਦਾਇ ਦੇ ਲੇਖਕਾਂ ਨੇ ਜੋ ਵਾਰਤਕ ਰਚਨਾਵਾਂ, ‘ਪਰਚੀਆਂ’ ਦੇ ਨਾਂ ਹੇਠ ਲਿਖੀਆਂ ਹਨ, ਉਹ ਰੂਪ ਅਤੇ ਸੁਭਾਅ ਵੱਲੋਂ ‘ਸਾਖੀਆਂ’ ਹੀ ਹਨ। ਉਨ੍ਹਾਂ ਦਾ ਨਾ ‘ਪਰਚੀ’ ਸ਼ਾਇਦ ਇਸ ਲਈ ਪੈ ਗਿਆ ਹੈ ਕਿ ਉਹ ਕਿਸੇ ਮਹਾਨ ਵਿਅਕਤੀ ਦੇ ਜੀਵਨ ਸੰਬੰਧੀ ਪਰਿਚੈ ਦਿੰਦੀਆਂ ਹਨ। ‘ਪਰਿਚਯ’ ਸ਼ਬਦ ‘ਪਰਚਈ’ ਤਦਭਵ ਰੂਪ ਵਿਚ ਬਦਲਿਆ, ਫਿਰ ‘ਪਰਚਈ’ ਤੋਂ ਪਰਚੀ ਬਣ ਗਿਆ ਪ੍ਰਤੀਤ ਹੁੰਦਾ ਹੈ। ‘ਜਨਮ–ਸਾਖੀ’ ਨੂੰ ਵੀ ਕੇਵਲ ਸਾਖੀ ਨਾਂ ਹੇਠ ਲਿਖਿਆ ਜਾਂਦਾ ਰਿਹਾ (ਵੋਖੋ ‘ਜਨਮ–ਸਾਖੀ’ ) , ਜਦੋਂ ਸਾਖੀ ਆਮ ਤੌਰ ਤੇ ਜਨਮ–ਸਾਖੀਦਾ ਇਕ ਅੰਗ ਹੀ ਹੁੰਦੀ ਹੈ। ‘ਗੋਸਟਿ’ ਨੂੰ ਵੀ ਸਾਖੀ ਦੇ ਅਰਥਾਂ ਵਿਚ ਵਰਤਿਆ ਜਾਂਦਾ ਰਿਹਾ ਹੈ ਜਿਵੇਂ ਮਿਹਰਬਾਨ ਵਾਲੀ ਜਨਮ ਸਾਖੀ ਵਿਚ ਮਿਹਰਬਾਨ ਨੇ ਸਾਖੀ ਨੂੰ ‘ਗੋਸਟਿ’ ਨਾਲ ਸੰਗਯਾ ਦਿੱਤੀ ਹੈ । ਕਈ ਸਾਖੀਆਂ ਸੰਵਾਦਾਂ ਦੇ ਰੂਪ ਵਿਚ ਹੀ ਲਿਖੀਆਂ ਹੋਈਆਂ ਹਨ, ਇਸ ਤਰ੍ਹਾਂ ਇਨ੍ਹਾਂ ਨੂੰ ‘ਗੋਸਟਿ’ ਕਹਿਣਾ ਹੋਰ ਵੀ ਢੁੱਕਵਾਂ ਹੈ। ਜਨਮ–ਸਾਖੀ ਵਿਚ ਇਕ ਸਾਖੀ ਅਜਿਤੇ ਰੰਧਾਵੇ ਦੀ ਗੋਸਟਿ ਦੇ ਨਾ ਹੇਠ ਉਪਲਬਧ ਹੈ।
ਸਾਖੀ ਦਾ ਅਕਾਰ ਨਿਸ਼ਚਿਤ ਨਹੀਂ।ਆਮ ਤੌਰ ਤੇ ਇਹ ਲਘੂ ਆਕਾਰ ਦੀ ਰਚਨਾ ਹੁੰਦੀ ਹੈ । ਸਾਖੀ ਵਿਚ ਪਾਤਰ, ਘਟਨਾ, ਵਾਰਤਾਲਾਪ, ਵਾਯੂ–ਮੰਡਲ ਆਦਿ ਹੁੰਦਾ ਹੈ। ਇਸ ਵਿਚ ਲੇਖਕ ਸ਼ਰਧਾ ਅਤੇ ਭਗਤੀ–ਭਾਵਨਾ ਨਾਲ ਓਤਪ੍ਰੋਤ ਹੋ ਕੇ ਨਾਇਕ ਦੀ ਜੀਵਨ–ਘਟਨਾ ਜਾਂ ਉਸਦੇ ਵਿਚਾਰਾਂ ਨੂੰ ਚਿਤਰਦਾ ਹੈ। ਉਹ ਸਾਖੀ ਵਿਚ ਆਪਣੇ ਮੱਤ ਤੇ ਖਿਆਲ ਦੀ ਪੁਸ਼ਟੀ ਲਈ ਦੂਜੇ ਗੁਰੂ ਸਾਹਿਬਾਨ ਦੀ ਬਣੀ ਦੀਆਂ ਟੂਕਾਂ ਵੀ ਦਿੰਦਾ ਹੈ ਅਤੇ ਉਸਦੀ ਵਿਆਖਿਆ ਕਰਕੇ ਪਰਮਾਰਥ ਦੀ ਦਸਦਾ ਹੈ। ਸਾਖੀ ਵਿਚ ਕਥਾ–ਰਸ ਹੁੰਦਾ ਹੈ। ਕਹਾਣੀ ਨੂੰ ਕਈ ਵਾਰ ਨਾਟਕੀ ਢੰਗ ਨਾਲ ਪੇਸ਼ ਕੀਤਾ ਹੁੰਦਾ ਹੈ ਕਈ ਵਾਰ ਸਿੱਧਾ ਸਪਸ਼ਟ ਵੀ। ਸਾਖੀਆਂ ਦੀ ਭਾਸ਼ਾ ਪੁਰਾਤਨ ਪੰਜਾਬੀ ਭਾਸ਼ਾ ਦਾ ਬੇਹਤਰੀਨ ਨਮੂਨਾ ਹੈ। ਇਸ ਵਿਚ ਸਾਧ–ਭਾਸ਼ਾ ਦਾ ਅੰਸ਼ ਵੀ ਮਿਲਿਆ ਹੋਇਆ ਹੈ।
ਡਾ. ਮੋਹਨ ਸਿੰਘ ਦੀਵਾਨਾ ਸਾਖੀ ਨੂੰ ਆਧੁਨਿਕ ਨਿੱਕੀ ਕਹਾਣੀ ਦਾ ਆਧਾਰ ਸਮਝਦੇ ਹਨ। ਸਾਖੀ ਵਿਚ ਦੂਜ਼ੇ ਧਰਮ ਵਿਚ ਪ੍ਰਚਲਿਤ ਧਾਰਮਿਕ ਕਥਾਵਾਂ ਅਤੇ ਲੋਕ–ਰੂੜ੍ਹੀਆਂ ਨੂੰ ਮਹਾਂਦਰਾ ਬਦਲ ਕੇ ਨਵੇਂ ਰੂਪ ਵਿਚ ਪੇਸ਼ ਵੀ ਕੀਤਾ ਗਿਆ ਹੁੰਦਾ ਹੈ ਤਾਂ ਕਿ ਲੋਕ ਚਿੱਤਵ੍ਰਿੱਤੀ ਇਕਦਮ ਇਸ ਨੂੰ ਆਪਣਾ ਲਵੇ ਅਤੇ ਜਲਦੀ ਹਰਮਨ ਪਿਆਰੀ ਹੋ ਸਕੇ।
ਸਾਖੀਆਂ ਦੇ ਸੰਗ੍ਰਿਹ ਦਾ ਨਾਮ–ਕਰਣ ਢੰਗਾਂ ਨਾਲ ਕੀਤਾ ਗਿਆ, ਜਿਵੇਂ ‘ਜਨਮਸਾਖੀ ਭਾਈ ਬਾਲਾ’, ‘ਪੁਰਾਤਨ ਜਨਮ–ਸਾਖੀ’, ‘ਆਦਿ ਸਾਖੀਆਂ’,ਆਦਿ। ਸਾਖੀਆਂ ਦੇ ਸੰਗ੍ਰਹਿ ਦੇ ਗਿਣਤੀ ਦੇ ਆਧਾਰ ਉੱਤੇ ਵੀ ਨਾਮ ਕਰਣ ਕੀਤੇ ਗਏ ਹਨ। ‘ਸਿੱਖ ਦੀ ਭਗਤਮਾਲਾ’,‘ਗੁਰੂ ਜੀ ਕੀਆਂ ਦਖਣ ਕੀਆਂ ਸਾਖੀਆਂ’ ਆਦਿ ਸਾਖੀ ਸੰਗ੍ਰਹਿਆਂ ਦੇ ਹੋਰ ਨਾਂ ਹਨ। ਸਾਖੀ ਪੁਰਤਾਨ ਪੰਜਾਬੀ ਵਾਰਤਕ ਦਾ ਅਜਿਹਾ ਰੂਪ ਹੈ ਜਿਸ ਵਿਚ ਕਹਾਣੀ, ਗੋਸਟਿ ਤੇ ਬਚਨ ਆਦਿ ਸਾਰੀਆਂ ਪਰੰਪਰਾਵਾਂ ਦਾ ਮਿਸ਼ਰਣ ਹੋ ਗਿਆ ਹੈ। ਭਾਈ ਸਾਹਿਬ ਕਪੂਰ ਸਿੰਘ ਨੇ ‘ਸਾਚੀ ਸਾਖੀ’ ਆਧੁਨਿਕ ਗੱਦ ਨਾਮ ਦੀ ਪੁਸਤਕ ਲਿਖੀ, ਭਾਵੇਂ ਇਸ ਦਾ ਰੂਪ ਅਤੇ ਭਾਵ ਦੇ ਪੱਖ ਤੋਂ ‘ਸਾਖੀ’ ਸਾਹਿੱਤ ਰੂਪ ਨਾਲ ਕੋਈ ਸਬੰਧ ਨਹੀਂ (ਵੇਖੋ ‘ਪਰਚੀਆਂ’) ਭਾਵੇਂ ਇਸ ਦਾ ਰੂਪ ਅਤੇ ਭਾਵ ਦੇ ਪੱਖ ਤੋਂ ‘ਸਾਖੀ’ ਸਾਹਿੱਤ ਰੂਪ ਨਾਲ ਕੋਈ ਸੰਬੰਧ ਨਹੀਂ (ਵੇਖੋ ‘ਪਰਚੀਆਂ’)
[ਸਹਾ. ਗ੍ਰੰਥ–ਡਾ. ਸੁਰਿੰਦਰ ਸਿੰਘ ਕੋਹਲੀ (ਸੰਪ.) : ‘ਸਾਹਿਤ ਕੋਸ਼’ (ਭਾਗ–1); ਡਾ. ਕਿਰਪਾਲ ਸਿੰਘ (ਸੰਪ.); ‘ਜਨਮ–ਸਾਖੀ ਪਰੰਪਰਾ’]
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-06, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਖੀ : ʻਸਾਖੀʼ ਸ਼ਬਦ ਸੰਸਕ੍ਰਿਤ ਸ਼ਬਦ ʻਸਾਕਸ਼ੀʼ ਦਾ ਵਿਕਰਿਤ ਰੂਪ ਹੈ, ਜਿਸ ਦਾ ਅਰਥ ਹੈ ਗਵਾਹੀ। ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਾਖੀ ਵਿਚ ਕੋਈ ਇਕ ਪ੍ਰਕਾਰ ਦਾ ਇਤਿਹਾਸਕ ਤੱਥ, ਜੀਵਨ ਬਿਰਤਾਂਤ ਦਾ ਪ੍ਰਸੰਗ ਹੁੰਦਾ ਹੈ ਜਿਸ ਨੂੰ ਕਿਸੇ ਨੇ ਸਾਖਿਆਤ ਵੇਖਿਆ ਹੁੰਦਾ ਹੈ ਪਰ ਪਰੰਪਰਾ ਦੀ ਧਾਰਨੀ ਅਤੇ ਤੱਥਾਂ, ਮਨੌਤਾਂ, ਵਿਸ਼ਵਾਸਾਂ ਦੀ ਮਿਸ ਹੋਣ ਕਾਰਨ ਇਹ ਲੋਕ ਸੱਚ ਤਾਂ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਵਾਸਤਵਿਕ ਜਾਂ ਇਤਿਹਾਸਕ ਸੱਚ ਵੀ ਹੋਵੇ। ਸੋ ਸਾਖੀ ਕਿਸੇ ਸਾਧ, ਸੰਤ, ਗੁਰ–ਵਿਅਕਤੀ ਆਦਿ ਦੇ ਜੀਵਨ ਦੇ ਕਿਸੇ ਲੋਕ ਸੱਚ ਦਾ ਬਿਰਤਾਂਤ ਹੈ ਜੋ ਪਰੰਪਰਾ ਅਨੁਸਾਰ ਵਿਕਸਿਤ ਹੋਇਆ ਹੁੰਦਾ ਹੈ । ਸਾਖੀਆਂ ਦੇ ਲੇਖਕਾਂ ਨੇ ਇਹ ਸਾਖੀਆਂ ਲੋਕਾਂ ਪਾਸੋਂ ਸੁਣ ਕੇ ਲਿਖੀਆਂ ਜਿਸ ਕਾਰਨ ਸਤਿ ਤੇ ਅਸਤਿ, ਯਥਾਰਥ ਤੇ ਕਲਪਨਾ ਦਾ ਸੁੰਦਰ ਸੁਮੇਲ ਸਹਿਜ ਸੁਭਾ ਹੀ ਹੋ ਗਿਆ। ਇਨ੍ਹਾਂ ਸਾਖੀਆਂ ਦੀ ਬੁਨਿਆਦੀ ਭਾਵਨਾ ਸਾਧਾਰਣ ਨੂੰ ਆਸਾਧਾਰਣ, ਲੌਕਿਕ ਨੂੰ ਅਲੌਕਿਕ ਤੇ ਮਾਨਵੀ ਨੂੰ ਅਮਾਨਵੀ ਬਣਾ ਕੇ ਪੇਸ਼ ਕਰਨਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਸਾਖੀਆਂ ਦੇ ਨਾਇਕ ਵਾਸਤਵਿਕ ਨਹੀਂ ਪੌਰਾਣਿਕ ਜਾਪਦੇ ਹਨ।
ਇਹ ਸਾਖੀਆਂ ਲੋਕ–ਮਨ ਦੀ ਅਭਿਵਿਅਕਤੀ ਹਨ। ਇਨ੍ਹਾਂ ਦਾ ਨਿਰਮਾਣ ਇਤਿਹਾਸਕ ਤੱਥ, ਕਥਾਨਕ ਰੂੜ੍ਹੀਆਂ, ਸੰਪ੍ਰਦਾਇਕ ਸੰਕਲਪਾਂ ਤੇ ਮਨੌਤਾਂ ਦੀ ਸੰਜੋਗਾਤਮਿਕ ਪ੍ਰਕਿਰਿਆ ਵਿਚੋਂ ਦੀ ਹੋਣ ਕਾਰਨ ਇਹ ਮੱਧ ਕਾਲੀਨ ਦੀ ਪੁਰਾਣ–ਸਿਰਜਨ ਪ੍ਰਵਿਰਤੀ ਦਾ ਸਹਿਜ ਵਿਕਾਸ ਆਖੀਆਂ ਜਾ ਸਕਦੀਆਂ ਹਨ। ਇਹ ਵਿਕਾਸ ਪ੍ਰਵਿਰਤੀ ਦੇਵ ਤੋਂ ਮਨੁੱਖ ਅਤੇ ਮਿੱਥ ਤੋਂ ਤੱਥ ਵੱਲ ਦੀ ਯਾਤਰਾ ਵਿਚ ਇਕ ਨਰੋਆ ਉੱਦਮ ਸੀ।
ਮੱਧ ਕਾਲੀਨ ਮਨੁੱਖ ਨੇ ਦੇਵਤਿਆਂ ਦੀ ਥਾਂ ਸੰਤਾਂ ਮਹਾਤਮਾਵਾਂ ਤੇ ਗੁਰੂ–ਪੀਰਾਂ ਦੀ ਸਿਫ਼ਤ ਤੇ ਉਨ੍ਹਾਂ ਵਿਚ ਅਲੌਕਿਕ ਸ਼ਕਤੀਆਂ ਦੀ ਕਲਪਨਾ ਕਰਨ ਵਿਚ ਸੁਖ ਮਹਿਸੂਸ ਕੀਤਾ। ਦੇਵਤਿਆਂ ਨਾਲ ਜੁੜੀਆਂ ਸਾਖੀਆਂ ਜਾਂ ਅਲੌਕਿਕ ਸਾਖੀਆਂ ਦੇ ਨਾਇਕ ਵੀ ਦੇਵਤਿਆਂ ਵਾਂਗ ਕਾਲ, ਸਥਾਨ, ਪ੍ਰਾਕਿਰਤਕ ਬੰਧਨ, ਦ੍ਰਿਸ਼ਟ, ਅਦ੍ਰਿਸ਼ਟ ਦੇ ਯਥਾਰਥ ਤੋਂ ਮੁਕਤ ਮੰਨੇ ਗਏ। ਸੰਤਾਂ, ਮਹਾਤਮਾਵਾਂ ਤੇ ਗੁਰੂ–ਪੀਰਾਂ ਨਾਲ ਵੀ ਕਰਮਾਤਾਂ ਜੋੜ ਦਿੱਤੀਆਂ ਗਈਆਂ।
ਸਾਖੀਆਂ ਤੇ ਲੋਕ–ਕਹਾਣੀਆਂ ਦਾ ਬਹੁਤ ਪ੍ਰਭਾਵ ਹੈ। ਦੋਹਾਂ ਦਾ ਮਨੋਰਥ ਹੈ ਸਦਾਚਾਰਕ ਤੇ ਨੈਤਿਕ ਕੀਮਤਾਂ ਨੂੰ ਉਜਾਗਰ ਕਰਨਾ । ਇਹੀ ਕਾਰਨ ਹੈ ਕਿ ਕਈ ਲੋਕ–ਕਹਾਣੀਆਂ ਹੂ–ਬ–ਹੂ ਸਾਖੀ ਸਾਹਿਤ ਵਿਚ ਅਪਣਾ ਲਈਆਂ ਗਈਆਂ ਹਨ।
ਸਾਖੀਆਂ ਵਿਚ ਕਾਲਪਨਿਕ ਜਾਂ ਅਲੌਕਿਕ ਤੱਤ ਹੋਣ ਦੇ ਬਾਵਜੂਦ ਇਨ੍ਹਾਂ ਦਾ ਆਪਣਾ ਯਥਾਰਥ ਹੈ ਤੇ ਇਹ ਹੀ ਇਸ ਨੂੰ ਰਹੱਸਮਈ ਬਣਾਉਂਦਾ ਹੈ। ਸਾਖੀ ਵਿਚ ਦੀ ਮੂਲ ਆਤਮਾ ਅਤੇ ਸ਼ਕਤੀ ਉਸ ਦੀ ਉਸਾਰੂ ਨੈਤਿਕਤਾ ਵਿਚ ਬੀਜ ਰੂਪ ਸਮਾਈ ਹੋਈ ਹੈ, ਨਾ ਕਿ ਅਦਭੁਤ ਤੇ ਅਲੌਕਿਕ ਤੱਤਾਂ ਵਿਚ ਜੋ ਕਿ ਉੱਪਰਲਾ ਗਲੇਫਣ ਹੈ।
ਸਾਖੀ ਨੂੰ ਸ਼ਕਤੀ ਵਿਸ਼ਵਾਸ ਤੋਂ ਮਿਲਦੀ ਹੈ। ਧਰਮ ਨਾਲ ਜੁੜੀ ਹੋਣ ਕਰਕੇ ਇਹ ਪਵਿੱਤਰ ਹੈ। ਇਸ ਦੇ ਪੜ੍ਹਨ ਦਾ ਮਹਾਤਮ ਵੀ ਦਿੱਤਾ ਗਿਆ ਹੁੰਦਾ ਹੈ। ਪਰ ਸਾਖੀ ਦੀ ਆਸਥਾ ਸੀਮਿਤ ਹੁੰਦੀ ਹੈ, ਇਕ ਵਰਗ ਵਿਸ਼ੇਸ਼ ਬਿਨਾਂ ਬਾਕੀ ਇਸ ਨੂੰ ਲੋਕ–ਕਥਾ ਤੋਂ ਵੱਧ ਨਹੀਂ ਮੰਨਦੇ।
ਮੱਧ ਕਾਲੀਨ ਕਥਾ ਸਾਹਿਤ ਵਿਚ ਸਾਖੀਆਂ ਦਾ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਸ ਬਲਵਾਨ ਪਰੰਪਰਾ ਸਦਕਾ ਹੀ ਪੰਜਾਬੀ ਕਥਾ ਸਾਹਿਤ ਨੂੰ ਲਿਖਤ ਰੂਪ ਵਿਚ ਸੰਭਾਲਣ ਦੀ ਪਿਰਤ ਪਈ ਹੈ ਅਤੇ ਇਸੇ ਕਥਾ ਸਾਹਿਤ ਉਪਜ ਪੰਜਾਬੀ ਵਾਰਤਕ ਦੀ ਬੁਨਿਆਦ ਰੱਖੀ ਗਈ ਹੈ।
ਸਾਖੀਆਂ ਅਜੇ ਵੀ ਰਚੀਆਂ ਜਾ ਰਹੀਆਂ ਹਨ। ਕਥਾ ਕੀਰਤਨ ਵਲੇ ਕਥਾਕਾਰ ਕਈ ਕਥਾਨਿਕ ਰੂੜ੍ਹੀਆਂ ਨੂੰ ਗੁਰੂ–ਸਾਹਿਬਾਨ ਦੇ ਜੀਵਨ ਪ੍ਰਸੰਗ ਨਾਲ ਜੋੜ ਕੇ ਨਵੀਆਂ ਸਾਖੀਆਂ ਦੀ ਸਿਰਜਣਾ ਕਰ ਲੈਂਦੇ ਹਨ।
ਹ. ਪੁ.––ਮਧ ਕਾਲੀਨ ਪੰਜਾਬੀ ਕਥਾ : ਰੂਪ ਤੇ ਪਰੰਪਰਾ––
ਲੇਖਕ : ਡਾ. ਵਣਜਾਰਾ ਬੇਦੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸਾਖੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਖੀ, (ਸੰਸਕ੍ਰਿਤ : ਸਾਕਸ਼ੀ) / ਇਸਤਰੀ ਲਿੰਗ : ੧. ਕਥਾ, ਕਹਾਣੀ, ਵਾਰਤਾ, ਸਿੱਖ ਗੁਰੂ ਸਾਹਿਬਾਨ ਦੀ ਜੀਵਨੀ; ੨. ਗਵਾਹ; ੩. ਗਵਾਹੀ, ਸ਼ਾਹਦੀ, ਸ਼ਹਾਦਤ, (ਲਾਗੂ ਕਿਰਿਆ : ਭਰਨਾ) ੪. (ਪਦਾਰਥ ਵਿਗਿਆਨ) : ਅੱਖੀਂ ਦੇਖਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-12-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First