ਸਲੈਂਗ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਲੈਂਗ: ਸਲੈਂਗ ਇਕ ਭਾਸ਼ਾਈ ਵਖਰੇਵਾਂ ਹੈ। ਹਰ ਇਕ ਭਾਸ਼ਾ ਵਿਚ ਇਸ ਭਾਸ਼ਾਈ ਵਖਰੇਵੇਂ ਦੀ ਵਰਤੋਂ ਹੁੰਦੀ ਹੈ। ਇਹ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਸ਼ਿਸਟਾਚਾਰ ਦੀ ਭਾਸ਼ਾ ਨਹੀਂ ਮੰਨਿਆਂ ਜਾਂਦਾ। ਇਕ ਭਾਸ਼ਾਈ ਸਮਾਜ ਵਿਚ ਵਿਅਕਤੀਆਂ ਵਿਚਕਾਰ ਵਿਚਾਰ-ਵਟਾਂਦਰਾ ਉਨ੍ਹਾਂ ਦੇ ਪਦ ਅਤੇ ਸਮਾਜਕ ਰੁਤਬੇ ਮੁਤਾਬਕ ਕੀਤਾ ਜਾਂਦਾ ਹੈ ਪਰ ਭਾਸ਼ਾ ਦੀ ਵਰਤੋਂ ਕੇਵਲ ਇਸ ਪਰਕਾਰ ਦੀ ਨਹੀਂ ਹੁੰਦੀ ਸਗੋਂ ਇਸ ਪੱਧਰ ’ਤੇ ਕਈ ਪਰਕਾਰ ਦੇ ਭਾਸ਼ਾਈ ਵਖਰੇਵੇਂ ਮਿਲਦੇ ਹਨ। ਆਮ ਬੋਲ-ਚਾਲ ਵਿਚ ਹਮਉਮਰ ਵਿਅਕਤੀ ਕਈ ਵਾਰ ਉਨ੍ਹਾਂ ਸ਼ਬਦਾਂ ਨੂੰ ਦੂਜੇ ਅਰਥਾਂ ਵਿਚ ਵਰਤਦੇ ਤੇ ਗ੍ਰਹਿਣ ਕਰਦੇ ਹਨ। ਸਲੈਂਗ ਅਜਿਹੇ ਉਚਾਰਨ ਹਨ ਜਿਸ ਨੂੰ ਹਰ ਭਾਸ਼ਾਈ ਬੁਲਾਰਾ ਸਮਝਦਾ ਹੈ ਪਰ ਇਸ ਦੀ ਵਰਤੋਂ ਰਸਮੀ ਨਹੀਂ ਹੁੰਦੀ ਅਤੇ ਨਾ ਹੀ ਇਸ ਪਰਕਾਰ ਦੇ ਉਚਾਰਨ ਜਾਂ ਸ਼ਬਦ ਮਿਆਰੀ ਭਾਸ਼ਾ ਵਿਚ ਵਰਤੇ ਜਾਂਦੇ ਹਨ। ਸਲੈਂਗ ਦਾ ਭਾਸ਼ਾ ਵਿਚ ਆਪਣਾ ਇਕ ਮੰਤਵ ਅਤੇ ਮਹੱਤਵ ਹੁੰਦਾ ਹੈ। ਸਲੈਂਗ ਆਮ ਤੌਰ ’ਤੇ ਅਪਭਾਸ਼ਾ ਜਾਂ ਅਸ਼ਲੀਲ ਭਾਸ਼ਾ ਨੂੰ ਕਿਹਾ ਜਾਂਦਾ ਹੈ ਪਰ ਇਹ ਹਮੇਸ਼ਾ ਅਸ਼ਲੀਲ ਭਾਸ਼ਾ ਨਹੀਂ ਹੁੰਦੀ। ਹਰ ਪੰਜਾਬੀ ਹਰ ਰੋਜ਼ ਗਾਲ੍ਹਾਂ ਕੱਢਦਾ ਹੈ। ਗਾਲ੍ਹਾਂ ਦਾ ਆਪਣਾ ਇਕ ਪਰਕਾਰਜ ਹੈ ਜੋ ਆਮ ਭਾਸ਼ਾ ਦੁਆਰਾ ਨਹੀਂ ਕੀਤਾ ਜਾ ਸਕਦਾ ਪਰ ਕਈ ਗਾਲ੍ਹਾਂ ਸਲੈਂਗ ਦੇ ਘੇਰੇ ਤੋਂ ਬਾਹਰ ਨਿਕਲ ਕੇ ਪਰਵਾਨਤ ਭਾਸ਼ਾ ਵਿਚ ਵਰਤੀਆਂ ਜਾਂਦੀਆਂ ਹਨ ਜਿਵੇਂ ‘ਸਾਲਾ’ ਹੁਣ ਹਰ ਵੇਲੇ ਗਾਲ੍ਹ ਦਾ ਸੂਚਕ ਨਹੀਂ। ਸਲੈਂਗ ਵਿਚ ਕਈ ਵਾਰ ਅਜਿਹੀਆਂ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਇਸਤਰੀ ਪੁਰਸ਼ ਦੇ ਗੁਪਤ ਅੰਗਾਂ ਦਾ ਵੇਰਵਾ ਹੁੰਦਾ ਹੈ, ਜਿਵੇਂ : ਤੇਰੀ ਮਾਂ ਦੀ..., ਤੇਰੀ ਭੈਣ ਦੀ..., ਤੈਨੂੰ ਚੋ ਦਿੱਤਾ ਆਦਿ। ਇਸ ਤੋਂ ਇਲਾਵਾ ਕੁੜੀ ਨੂੰ ਪੁਰਜਾ, ਮਾਲ, ਪੀਸ, ਟੋਟਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਗਸ਼ਤੀ ਵਾਸਤੇ ਟੈਕਸੀ, ਗੱਡੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਸ਼ਾ ਦੇ ਇਸ ਵਖਰੇਵੇਂ ਨੂੰ ਭਾਵੇਂ ਸਭ ਭਾਸ਼ਾਈ ਬੁਲਾਰੇ ਸਮਝਦੇ ਹਨ ਪਰ ਇਸ ਦੀ ਵਰਤੋਂ ਕੇਵਲ ਕਿਸੇ ਵਿਸ਼ੇਸ਼ ਸਥਿਤੀ ਵਿਚ ਹੀ ਕੀਤੀ ਜਾਂਦੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First