ਸਰਸਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਸਾ [ਨਾਂਇ] ਰਸ ਸਹਿਤ, ਜਲ ਸਹਿਤ, ਹਰਿਆ-ਭਰਿਆ; ਇੱਕ ਨਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਸਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਸਾ. ਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰੁਦ੍ਵਾਰਾ ਹੈ, ਅਤੇ ਦਸ਼ਮੇਸ਼ ਜੀ ਦਾ ਇੱਕ ਪ੍ਰਸਿੱਧ ਅਸਥਾਨ ਹੈ, ਜਿੱਥੇ ਮਾਲਵੇ ਤੋਂ ਦੱਖਣ ਨੂੰ ਜਾਂਦੇ ਵਿਰਾਜੇ ਹਨ. ਨਾਭਾਪਤੀ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨੇ ਬਹੁਤ ਰੁਪਯਾ ਖਰਚ ਕੇ ਇਸ ਥਾਂ ਸੁੰਦਰ ਮੰਦਿਰ ਬਣਵਾਇਆ ਹੈ. ਗੁਰੁਦ੍ਵਾਰੇ ਨੂੰ ੩੨੫) ਰੁਪਯੇ ਪਟਿਆਲੇ ਤੋਂ ਅਤੇ ੨੬) ਰੁਪਯੇ ਨਾਭੇ ਤੋਂ ਸਾਲਾਨਾ ਮਿਲਦੇ ਹਨ. ਕਈ ਪਿੰਡਾਂ ਵਿੱਚ ਪ੍ਰੇਮੀਆਂ ਦੀ ਅਰਪਨ ਕੀਤੀ ਬਾਰਾਨੀ ਜ਼ਮੀਨ ਭੀ ਹੈ. ਸਰਸਾ ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਲਵੇ ਦੀ ਰਿਵਾੜੀ ਫ਼ਾਜ਼ਿਲਕਾ ਲੈਨ ਦਾ ਸਟੇਸ਼ਨ ਹੈ। ੨ ਇੱਕ ਪਾਣੀ ਦਾ ਨਾਲਾ, ਜੋ ਆਨੰਦਪੁਰ ਅਤੇ ਚਮਕੌਰ ਦੇ ਵਿੱਚ ਹੈ, ਜਦ ਦਸ਼ਮੇਸ਼ ਆਨੰਦ ਪੁਰ ਛੱਡਕੇ ਚਮਕੌਰ ਨੂੰ ਗਏ ਹਨ, ਤਦ ਇਸ ਨਾਲੇ ਵਿੱਚ ਬਹੁਤ ਸਾਰੇ ਸਿੱਖ ਰੁੜ੍ਹ ਗਏ ਅਤੇ ਜੰਗ ਦਾ ਬਹੁਤ ਸਾਮਾਨ ਵਹਿ ਗਿਆ. ਸਿੱਖਾਂ ਵਿੱਚ ਇਸ ਦਾ ਨਾਉਂ “ਗੁਰੁਮਾਰਿਆ” ਪ੍ਰਸਿੱਧ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਸਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰਸਾ/ਸਿਰਸਾ (ਨਗਰ): ਹਰਿਆਣਾ ਪ੍ਰਾਂਤ ਦਾ ਇਕ ਪ੍ਰਸਿੱਧ ਨਗਰ, ਜਿਸ ਨੂੰ ‘ਸਾਰਸ’ ਨਾਂ ਦੇ ਰਾਜਪੂਤ ਨੇ ਛੇਵੀਂ ਸਦੀ ਵਿਚ ਵਸਾਇਆ ਸੀ। ਇਥੇ ਕਦੇ ਸੂਫ਼ੀ ਫ਼ਕੀਰਾਂ ਦਾ ਵੱਡਾ ਕੇਂਦਰ ਰਿਹਾ ਹੈ। ਸਿੱਖ ਧਰਮ ਨਾਲ ਸੰਬੰਧਿਤ ਇਥੇ ਦੋ ਗੁਰੂ-ਧਾਮ ਹਨ।
ਇਕ ਗੁਰੂ ਧਾਮ ਹੈ ‘ਗੁਰਦੁਆਰਾ ਚਿਲ੍ਹਾ ਸਾਹਿਬ ਪਾਤਿਸ਼ਾਹੀ ਪਹਿਲੀ’। ਇਹ ਗੁਰੂ-ਧਾਮ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਸੂਫ਼ੀ ਦਰਵੇਸ਼ ਨਾਲ ਸੰਸਾਰਿਕਤਾ ਨੂੰ ਤਿਆਗ ਕੇ ਨਿਰਜਨ ਸਥਾਨ ਵਿਚ ਬੰਦਗੀ ਕਰਨ ਦੀ ਨਿਰਸਾਰਤਾ ਬਾਰੇ ਸੰਵਾਦ ਕੀਤਾ ਸੀ। ਇਹ ਧਾਮ ਪੰਜ ਪੀਰਾਂ ਦੀ ਖ਼ਾਨਕਾਹ ਦੇ ਨੇੜੇ ਹੈ। ਦੇਸ਼ ਵੰਡ ਤੋਂ ਪਹਿਲਾਂ ਖ਼ਾਨਕਾਹ ਦੇ ਮੁਜ਼ਾਵਰ ਹੀ ਇਸ ਦੀ ਵਿਵਸਥਾ ਕਰਦੇ ਸਨ। ਪਰ ਮੁਸਲਮਾਨਾਂ ਦੇ ਪਾਕਿਸਤਾਨ ਚਲੇ ਜਾਣ ਤੋਂ ਬਾਦ ਇਸ ਸਥਾਨ ਦਾ ਪ੍ਰਬੰਧ ਸਥਾਨਕ ਸਿੱਖਾਂ ਨੇ ਆਪਣੇ ਹੱਥ ਵਿਚ ਲੈ ਕੇ ਉਥੇ ਨਵੀਂ ਇਮਾਰਤ ਬਣਵਾਈ ਹੈ।
ਦੂਜਾ ਗੁਰੂ-ਧਾਮ ਹੈ ‘ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ’। ਤਲਵੰਡੀ ਸਾਬੋ (ਦਮਦਮਾ ਸਾਹਿਬ) ਤੋਂ ਦੱਖਣ ਨੂੰ ਜਾਣ ਵੇਲੇ ਦਸਮ ਗੁਰੂ ਜੀ ‘ਲੱਖੀ ਤਲਾਉ’ ਦੇ ਕੰਢੇ ਕੁਝ ਸਮੇਂ ਲਈ ਠਹਿਰੇ ਸਨ। ਨਾਭਾ-ਪਤਿ ਮਹਾਰਾਜਾ ਹੀਰਾ ਸਿੰਘ ਨੇ ਇਥੇ ਸਭ ਤੋਂ ਪਹਿਲਾਂ ਗੁਰੂ-ਧਾਮ ਬਣਵਾਇਆ। ਸੰਨ 1928 ਈ. ਵਿਚ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਗਿਆ। ਸੰਨ 1958 ਈ. ਵਿਚ ਸੰਤ ਬਘੇਲ ਸਿੰਘ ਨੇ ਨਵੇਂ ਸਿਰਿਓਂ ਗੁਰਦੁਆਰੇ ਦੀ ਇਮਾਰਤ ਅਤੇ ਸਰੋਵਰ ਬਣਵਾਇਆ ਹੈ। ਇਸ ਗੁਰਦੁਆਰੇ ਦੇ ਪਰਿਸਰ ਵਿਚ ਹੁਣ ਇਕ ਹਾਈ ਸਕੂਲ ਵੀ ਚਲ ਰਿਹਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਰਸਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਰਸਾ : ਜਿਲ੍ਹਾ––ਇਹ ਹਰਿਆਣਾ ਰਾਜ (ਭਾਰਤ) ਦਾ ਇਕ ਜ਼ਿਲ੍ਹਾ ਹੈ। ਇਸ ਜ਼ਿਲ੍ਹੇ ਦੀ ਧਰਾਤਲ ਪੱਧਰੀ ਅਤੇ ਰੇਤਲੀ ਹੈ। ਜ਼ਿਲ੍ਹੇ ਵਿਚ ਕੋਈ ਵੀ ਬਾਰਾਂਮਾਸੀ ਦਰਿਆ ਨਹੀਂ ਵਗਦਾ ਕੇਵਲ ਘੱਗਰ ਹੀ ਬਰਸਾਤਾਂ ਵਿਚ ਵਗਦਾ ਹੈ। ਇਥੋਂ ਦੀ ਔਸਤ ਸਾਲਾਨਾ ਵਰਖਾ ਵੀ ਕਾਫ਼ੀ ਘੱਟ ਹੈ। ਸਾਲ 1971-72 ਵਿਚ ਹੋਣ ਵਾਲੀ ਕੁੱਲ ਵਰਖਾ ਦੀ ਮਾਤਰਾ ਕੇਵਲ 7 ਸੈਂ. ਮੀ. ਹੀ ਸੀ। ਜ਼ਿਲ੍ਹੇ ਵਿਚ ਸਿੰਜਾਈ ਸਰਹਿੰਦ, ਜਮਨਾ, ਗਰਬੀ ਅਤੇ ਭਾਖੜਾ ਨਹਿਰਾਂ ਦੁਆਰਾ ਕੀਤੀ ਜਾਂਦੀ ਹੈ। ਇਹ ਜ਼ਿਲ੍ਹਾ ਦਸੰਬਰ, 1975 ਨੂੰ ਹੋਂਦ ਵਿਚ ਆਇਆ। ਜ਼ਿਲ੍ਹੇ ਦਾ ਕੁਲ ਖੇਤਰਫਲ 4,279 ਵੀ. ਕਿ. ਮੀ. ਹੈ ਜੋ ਹਰਿਆਣੇ ਰਾਜ ਦਾ 1/10 ਹਿੱਸਾ ਹੈ ਅਤੇ ਕਾਸ਼ਤ ਅਧੀਨ ਕੁਲ ਰਕਬਾ 4 ਲਖ ਹੈਕਟੇਅਰ ਅਤੇ ਕੁਲ ਆਬਾਦੀ 5.33 ਲੱਖ (1971) ਹੈ। ਜ਼ਿਲ੍ਹੇ ਵਿਚ ਦੋ ਤਹਿਸੀਲਾਂ, ਸਰਸਾ ਅਤੇ ਡੱਬਵਾਲੀ ਅਤੇ ਚਾਰ ਬਲਾਕ, ਸਰਸਾ, ਤਰਗੁੱਧਾ, ਰਾਣੀਆਂ ਅਤੇ ਡੱਬਵਾਲੀ ਹਨ। ਜ਼ਿਲ੍ਹੇ ਵਿਚ 3 ਕਸਬੇ ਅਤੇ 323 ਪਿੰਡ ਹਨ। ਪਿੰਡ ਸਾਰੇ ਹੀ ਵੱਡੇ ਵੱਡੇ ਹਨ ਅਤੇ ਇਕ ਦੂਜੇ ਤੋਂ ਲਗਭਗ ਪੰਜ ਮੀਲ ਦੀ ਦੂਰੀ ਤੇ ਵੱਸੇ ਹੋਏ ਹਨ। ਇਸ ਦਾ ਸਦਰ ਮੁਕਾਮ ਸਰਸਾ ਸ਼ਹਿਰ ਹੈ।
ਸ਼ਹਿਰ––ਸਰਸਾ (ਸਿਰਸਾ ਜਾਂ ਸਰਸਤੀ ਜਾਂ ਸਰਸਵਤੀ) ਬਹੁਤ ਪੁਰਾਣੇ ਸਮੇਂ ਤੋਂ ਵੱਸਿਆ ਹੋਇਆ ਹੈ। ਰਵਾਇਤ ਅਨੁਸਾਰ ਇਸ ਸ਼ਹਿਰ ਨੂੰ ਕੋਈ 1,350 ਸਾਲ ਪਹਿਲਾਂ ਵਸਾਇਆ ਗਿਆ ਸੀ, ਇਸ ਥਾਂ ਦਾ ਹਵਾਲਾ ਇਤਿਹਾਸ ਵਿਚ ਸਰਸਵਤੀ ਦੇ ਨਾਂ ਨਾਲ ਆਉਂਦਾ ਹੈ ਜਿਥੇ 1192 ਈ. ਵਿਚ ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ ਤੋਂ ਹਾਰਨ ਉਪਰੰਤ ਫੜਿਆ ਗਿਆ ਸੀ। ਵਸਾਫ ਅਨੁਸਾਰ ਇਹ ਚੌਦ੍ਹਵੀਂ ਸਦੀ ਵਿਚ ਉੱਤਰੀ ਭਾਰਤ ਦਾ ਇਕ ਮਹੱਤਵਪੂਰਨ ਸ਼ਹਿਰ ਸੀ। ਫ਼ੀਰੋਜ਼ਸ਼ਾਹ ਤੁਗ਼ਲਕ ਦੇ ਸਮੇਂ ਇਸਨੂੰ ਹਿਸਾਰ ਵਿਚ ਸ਼ਾਮਲ ਕਰ ਲਿਆ ਗਿਆ ਸੀ। ਕੁਝ ਸਮੇਂ ਲਈ ਇਹ ਤੈਮੂਰ ਦੇ ਕਬਜ਼ੇ ਵਿਚ ਵੀ ਰਿਹਾ। ਸ਼ੇਰ ਸ਼ਾਹ ਸੂਰੀ ਦੇ ਸਮੇਂ ਸਰਸਾ ਕੁਝ ਸਮੇਂ ਲਈ ਬੀਕਾਨੇਰ ਦੇ ਰਾਓ ਕਲਿਆਣ ਸਿੱਘ ਦਾ ਸਦਰ ਮੁਕਾਮ ਰਿਹਾ ਜਿਸਨੂੰ ਜੋਧਪੁਰ ਦੇ ਰਾਜੇ ਨੇ ਇਧਰ ਭਜਾ ਦਿੱਤਾ ਸੀ। ਅਠਾਰ੍ਹਵੀਂ ਸਦੀ ਵਿਚ ਇਹ ਭੱਟੀ ਖ਼ਾਨਦਾਨ ਦਾ ਗੜ੍ਹ ਰਿਹਾ ਹੈ। ਸੰਨ 1774 ਵਿਚ ਸਰਸਾ ਨੂੰ ਪਟਿਆਲਾ ਦੇ ਮਹਾਰਾਜਾ ਅਮਰ ਸਿੰਘ ਨੇ ਜਿੱਤਿਆ ਪਰ 1781 ਈ. ਵਿਚ ਦਿੱਲੀ ਸਰਕਾਰ ਨੇ ਸਰਸਾ ਅਤੇ ਫ਼ਤਿਹਬਾਦ ਦਾ ਇਲਾਕਾ ਮੁੜ ਭੱਟੀਆਂ ਦੇ ਹਵਾਲੇ ਕਰ ਦਿੱਤਾ। ਇਸੇ ਸਾਲ ਇਥੇ ਕਾਲ ਪੈ ਗਿਆ ਅਤੇ ਸਾਰਾ ਸ਼ਹਿਰ ਉਜੜ ਗਿਆ। ਸੰਨ 1810 ਵਿਚ ਇਹ ਸਾਰਾ ਇਲਾਕਾ ਭੱਟੀਆਂ ਦੇ ਅਧੀਨ ਹੀ ਰਿਹਾ। ਸੰਨ 1810 ਵਿਚ ਹੀ ਇਥੇ ਅਮਨ ਸਥਾਪਤ ਕਰਨ ਲਈ ਬਰਤਾਨੀਆਂ ਸਰਕਾਰ ਨੇ ਐਡਵਰਡ ਗਾਰਡੀਨਰ ਨੂੰ ਨਿਯੁਕਤ ਕਰਕੇ ਇਥੇ ਭੇਜਿਆ। ਭਿਵਾਨੀ ਨੂੰ ਹਾਸਲ ਕਰ ਲੈਣ ਬਾਅਦ ਬਰਤਾਨਵੀ ਫ਼ੌਜ ਹਾਂਸੀ ਹਿਸਾਰ ਦੇ ਰਸਤਿਉਂ ਫ਼ਤਿਹਬਾਦ ਪਹੁੰਚੀ ਅਤੇ ਭੱਟੀ ਖ਼ਾਨ ਬਹਾਦਰ ਖ਼ਾਨ ਨੂੰ ਜ਼ਬਰਦਸਤ ਹਾਰ ਦਿੱਤੀ। ਸੰਨ 1818 ਵਿਚ ਇਥੋਂ ਦੇ ਨਵਾਬ ਜ਼ਾਬਤ ਖ਼ਾਨ ਨੇ ਸਰਸਾ ਵਿਖੇ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕੀਤਾ ਸੀ। ਸੰਨ 1837 ਵਿਚ ਸਰਸਾ ਮੰਡੀ ਇਕ ਵੇਰ ਫਿਰ ਉਜੜ ਗਈ ਪਰ ਸੰਨ 1838 ਵਿਚ ਹੀ ਕਪਤਾਨ ਥਾਰਸਬਾਈ (Captain Thoresby) ਨੇ ਇਸਨੂੰ ਮੁੜ ਵਸਾ ਦਿੱਤਾ। ਸੰਨ 1856 ਵਿਚ ਭੱਟੀਆਨਾ ਜ਼ਿਲ੍ਹਾ ਪੰਜਾਬ ਨੂੰ ਦੇ ਦਿੱਤਾ ਗਿਆ ਅਤੇ ਇਸ ਸਾਲ ਤੋਂ ਇਸ ਸ਼ਹਿਰ ਦਾ ਨਾਂ ਸਰਸਾ ਪੈ ਗਿਆ। ਸੰਨ 1858 ਤੋਂ 1884 ਤਕ ਸਰਸਾ ਹਿਸਾਰ ਜ਼ਿਲ੍ਹੇ ਵਿਚ ਸ਼ਾਮਲ ਰਿਹਾ ਹੈ। 1887 ਵਿਚ ਇਸ ਸ਼ਹਿਰ ਵਿਚ ਮਿਉਂਸਪਲ ਕਮੇਟੀ ਸਥਾਪਤ ਕੀਤੀ ਗਈ।
ਆਬਾਦੀ––13,725 (1981)
29˚ 30' ਉ. ਵਿਥ.; 75˚ 00' ਪੂ. ਲੰਬ.
ਕਸਬਾ––ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਜ਼ਿਲ੍ਹੇ ਦੀ ਮੇਜਾ ਤਹਿਸੀਲ ਦਾ ਇਕ ਕਸਬਾ ਹੈ ਜੋ ਈਸਟ ਇੰਡੀਅਨ ਰੇਲਵੇ ਤੇ ਸਥਿਤ ਹੈ। ਇਹ ਅਲਾਹਾਬਾਦ ਤੋਂ ਦੂਜਾ ਵੱਡਾ ਵਪਾਰਕ ਕੇਂਦਰ ਹੈ। ਇਥੋਂ ਬੰਗਾਲ ਤੇ ਬਿਹਾਰ ਨੂੰ ਅਨਾਜ ਅਤੇ ਤੇਲਾਂ ਦੇ ਬੀਜ ਭੇਜੇ ਜਾਂਦੇ ਹਨ।
25˚ 15' ਉ. ਵਿਥ.; 82° 6' ਪੂ. ਲੰਬ.
ਸ਼ਹਿਰ––ਮਹਾਰਾਸ਼ਟਰ ਦੇ ਅਨੰਦ ਤਅੱਲੁਕੇ ਦਾ ਇਕ ਸ਼ਹਿਰ ਹੈ। ਸ਼ਹਿਰ ਵਿਚ 1044 ਈ. ਦੇ ਦੋ ਖੂਹ ਹਨ ਅਤੇ ਇਕ 1156 ਈ. ਦਾ ਮੰਦਰ ਹੈ ਅਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਇਸੇ ਸਾਲ ਹੀ ਇਹ ਸ਼ਹਿਰ ਹੋਂਦ ਵਿਚ ਆਇਆ।
22° 33' ਉ. ਵਿਥ.; 73˚ 4' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 22 : 199; 23 : 45.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਸਰਸਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਰਸਾ : ਜ਼ਿਲ੍ਹਾ –– ਇਹ ਹਰਿਆਣਾ ਰਾਜ ਦਾ ਇਕ ਪ੍ਰਸਿੱਧ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਦਸੰਬਰ, 1975 ਨੂੰ ਹੋਂਦ ਵਿਚ ਆਇਆ ਅਤੇ ਇਸ ਦਾ ਖੇਤਰਫਲ 4,276 ਵ. ਕਿ. ਮੀ. ਹੈ। ਇਸ ਜ਼ਿਲ੍ਹੇ ਦੀ ਜ਼ਮੀਨ ਪੱਧਰੀ ਅਤੇ ਰੇਤਲੀ ਹੈ। ਇਥੋਂ ਦੀ ਔਸਤ ਸਾਲਾਨਾ ਵਰਖਾ ਕਾਫ਼ੀ ਘੱਟ ਹੈ। ਇਸ ਜ਼ਿਲ੍ਹੇ ਵਿਚ ਕੋਈ ਵੀ ਬਾਰਾਮਾਸੀ ਦਰਿਆ ਨਹੀਂ ਵਗਦਾ, ਕੇਵਲ ਘੱਗਰ ਹੀ ਬਰਸਾਤਾਂ ਵਿਚ ਵਗਦਾ ਹੈ। ਇਸ ਜ਼ਿਲ੍ਹੇ ਵਿਚ ਸਿੰਜਾਈ ਸਰਹਿੰਦ, ਮਗਰਬੀ ਅਤੇ ਭਾਖੜਾ ਨਹਿਰਾਂ ਦੁਆਰਾ ਕੀਤੀ ਜਾਂਦੀ ਹੈ। ਇਸ ਜ਼ਿਲ੍ਹੇ ਵਿਚ ਚਾਰ ਤਹਿਸੀਲਾਂ ਸਰਸਾ, ਏਲਨਾਬਾਦ, ਰਾਣੀਯਾ ਅਤੇ ਡੱਬਵਾਲੀ ਹਨ ਅਤੇ ਸੱਤ ਬਲਾਕ ਸਰਸਾ, ਬਰਗੁੱਧਾ, ਰਾਣੀਯਾ, ਏਲਨਾਬਾਦ, ਓਢਾਂ, ਨਥੂਸਰੀ ਅਤੇ ਡੱਬਵਾਲੀ ਹਨ। ਇਸ ਜ਼ਿਲ੍ਹੇ ਵਿਚ 3 ਕਸਬੇ ਅਤੇ 323 ਪਿੰਡ ਸ਼ਾਮਲ ਹਨ। ਇਸ ਦਾ ਸਦਰ ਮੁਕਾਮ ਸਰਸਾ ਸ਼ਹਿਰ ਹੈ।
ਆਬਾਦੀ –– 9,03,536 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-03-09-02, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4:197
ਸਰਸਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਰਸਾ : ਸ਼ਹਿਰ –– ਇਹ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਪੁਰਾਣੇ ਸਮੇਂ ਵਿਚ ਇਸ ਦੇ ਕਈ ਨਾਂ ਸਨ ਜਿਵੇ ਸਿਰਸਾ, ਸਰਸਤੀ ਅਤੇ ਸਰਸਵਤੀ। ਇਤਿਹਾਸ ਵਿਚ ਇਸ ਥਾਂ ਦਾ ਹਵਾਲਾ ਸਰਸਵਤੀ ਦੇ ਨਾਂ ਨਾਲ ਆਉਂਦਾ ਹੈ ਜਿਥੇ 1192 ਈ. ਵਿਚ ਪ੍ਰਿਥਵੀ ਰਾਜ ਚੌਹਾਨ, ਮੁੰਹਮਦ ਗੌਰੀ ਤੋਂ ਹਾਰਨ ਮਗਰੋਂ ਫੜਿਆ ਗਿਆ ਸੀ। ਵਸਾਫ਼ ਅਨੁਸਾਰ ਇਹ ਚੌਦਵੀਂ ਸਦੀ ਵਿਚ ਉੱਤਰੀ ਭਾਰਤ ਦਾ ਇਕ ਮਹੱਤਵਪੂਰਨ ਸ਼ਹਿਰ ਸੀ। ਫਿਰੋਜ਼ਸ਼ਾਹ ਤਗ਼ਲਕ ਦੇ ਸਮੇਂ ਇਸ ਨੂੰ ਹਿਸਾਰ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ। ਅਠਾਰ੍ਹਵੀਂ ਸਦੀ ਵਿਚ ਇਹ ਭੱਟੀ ਖ਼ਾਨਦਾਨ ਦਾ ਗੜ੍ਹ ਰਿਹਾ। ਸੰਨ 1774 ਵਿਚ ਸਰਸਾ ਨੂੰ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੇ ਜਿੱਤਿਆ ਪਰ 1781 ਈ. ਵਿਚ ਦਿੱਲੀ ਸਰਕਾਰ ਨੇ ਸਰਸਾ ਅਤੇ ਫ਼ਤਿਹਾਬਾਦ ਦਾ ਇਲਾਕਾ ਮੁੜ ਭੱਟੀਆਂ ਦੇ ਹਵਾਲੇ ਕਰ ਦਿੱਤਾ। ਇਸੇ ਸਾਲ ਇਥੇ ਕਾਲ ਪੈ ਗਿਆ ਅਤੇ ਸਾਰਾ ਸ਼ਹਿਰ ਉੱਜੜ ਗਿਆ। ਸੰਨ 1810 ਵਿਚ ਇਥੇ ਅਮਨ ਸਥਾਪਤ ਕਰਨ ਲਈ ਬਰਤਨੀਆ ਸਰਕਾਰ ਨੇ ਐਡਵਰਡ ਗਾਰਡੀਨਰ ਨੂੰ ਨਿਯੁਕਤ ਕਰਕੇ ਭੇਜਿਆ। ਭਿਵਾਨੀ ਨੂੰ ਹਾਸਲ ਕਰਨ ਤੋਂ ਬਾਅਦ ਬਰਤਾਨਵੀ ਫ਼ੌਜ ਹਾਂਸੀ ਹਿਸਾਰ ਦੇ ਰਸਤਿਉਂ ਫ਼ਤਿਹਾਬਾਦ ਪਹੁੰਚੀ ਅਤੇ ਭੱਟੀ ਖ਼ਾਨ ਬਹਾਦਰ ਖ਼ਾਨ ਨੂੰ ਜ਼ਬਰਦਸਤ ਹਾਰ ਦਿੱਤੀ। ਸੰਨ 1818 ਵਿਚ ਇਥੋਂ ਦੇ ਨਵਾਬ ਜ਼ਾਬਤ ਖ਼ਾਨ ਨੇ ਸਰਸਾ ਵਿਖੇ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ।
ਸੰਨ 1837 ਵਿਚ ਸਰਸਾ ਮੰਡੀ ਇਕ ਵਾਰ ਫਿਰ ਉੱਜੜ ਗਈ ਪਰ 1838 ਈ. ਵਿਚ ਕਪਤਾਨ ਥਾਰਸਥਾਈ (Captain Thoresby) ਨੇ ਇਸ ਨੂੰ ਮੁੜ ਵਸਾ ਦਿੱਤਾ। ਸੰਨ 1856 ਵਿਚ ਭੱਟਿਆਨਾ ਜ਼ਿਲ੍ਹਾ ਪੰਜਾਬ ਨੂੰ ਦੇ ਦਿੱਤਾ ਗਿਆ ਅਤੇ ਇਸੇ ਸਾਲ ਤੋਂ ਇਸ ਦਾ ਨਾਂ ਸਰਸਾ ਪੈ ਗਿਆ। ਸੰਨ 1887 ਵਿਚ ਇਸ ਸ਼ਹਿਰ ਵਿਚ ਮਿਉਂਸਪਲ ਕਮੇਟੀ ਸਥਾਪਤ ਕੀਤੀ ਗਈ।
ਆਬਾਦੀ – 1,12,841 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-03-09-44, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4:197.
ਸਰਸਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਸਾ, ਵਿਸ਼ੇਸ਼ਣ : ੧. ਰਸ ਸਹਿਤ, ਜਲ ਸਹਿਤ, ਸਰ ਸਬਜ਼, ਹਰਿਆ ਭਰਿਆ; ੨. ਇੱਕ ਤਰ੍ਹਾਂ ਦੀ ਕੜਛੀ ਜਿਸ ਨੂੰ ਹਲਵਾਈ ਵਰਤਦੇ ਹਨ; ੩. ਇੱਕ ਨਦੀ; ੪. ਜ਼ਿਲ੍ਹਾ ਹਿਸਾਰ ਦਾ ਇੱਕ ਸ਼ਹਿਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-37-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First