ਸਮਾਸ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਮਾਸ: ਦੁਹਰੁਕਤੀ (Reduplication) ਅਤੇ ਸਮਾਸ ਦੇ ਸੰਕਲਪ ਹਨ ਜਿਨ੍ਹਾਂ ਨੂੰ ਸ਼ਬਦਾਂ ਦੀ ਜੜ੍ਹਤ ਪਰਕਿਰਿਆ (Compounding Process) ਮੰਨਿਆ ਜਾ ਸਕਦਾ ਹੈ। ਜਦੋਂ ਦੋ ਸ਼ਾਬਦਕ ਰੂਪ ਇਕ ਬਣਤਰ ਵਿਚ ਇਕੱਠੇ ਵਿਚਰਦੇ ਹੋਣ ਅਤੇ ਇਕ ਸ਼ਾਬਦਕ ਇਕਾਈ ਵਜੋਂ ਕਾਰਜ ਕਰਦੇ ਹੋਣ ਇਸ ਪਰਕਾਰ ਦੇ ਸ਼ਾਬਦਕ ਰੂਪਾਂ ਨੂੰ ਜੜਤ ਰੂਪ ਆਖਿਆ ਜਾਂਦਾ ਹੈ। ਆਮ ਤੌਰ ’ਤੇ ਦੁਹਰੁਕਤੀ ਅਤੇ ਸਮਾਸ ਨੂੰ ਵਿਕਲਪੀ ਸੰਕਲਪਾਂ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਵਿਕਲਪ ਵਜੋਂ ਵੀ ਕਰ ਲਈ ਜਾਂਦੀ ਹੈ ਪਰ ਇਹ ਵਰਤੋਂ ਦਰੁਸਤ ਨਹੀਂ। ਦੁਹਰੁਕਤੀ ਇਕਾਈ ਦੀ ਬਣਤਰ ਵਿਚ ਸ਼ਬਦ ਦਾ ਦੁਹਰਾ ਹੁੰਦਾ ਹੈ ਜਾਂ ਦੁਹਰਾਏ ਗਏ ਸ਼ਬਦਾਂ ਵਿਚ ਧੁਨਾਤਮਕ ਸਾਂਝ ਹੁੰਦੀ ਹੈ, ਜਿਵੇਂ : ਘਰ ਘਰ, ਪਿੰਡੋ ਪਿੰਡ, ਗੱਪ ਸ਼ੱਪ, ਖਾ ਖੂ ਆਦਿ। ਦੂਜੇ ਪਾਸੇ ਸਮਾਸ ਸ਼ਬਦ ਜੁਗਤ ਨੂੰ ਘੜਨ ਵੇਲੇ ਦੋ ਵੱਖਰੀ ਭਾਂਤ ਦੇ ਸੁਤੰਤਰ ਜਾਂ ਬੰਧੇਜੀ ਭਾਵਾਂਸ਼ (ਸ਼ਬਦ) ਮਿਲਦੇ ਹਨ ਅਤੇ ਨਵੇਂ ਸ਼ਬਦਾਂ ਦੀ ਸਿਰਜਨਾ ਕਰਦੇ ਹਨ। ਪੰਜਾਬੀ ਵਿਚ ਸਮਾਸਾਂ ਦਾ ਨਿਰਮਾਣ ਦੋ ਸ਼ਬਦਾਂ ਦੇ ਮੇਲ ਤੋਂ ਹੁੰਦਾ ਹੈ। ਸਮਾਸਾਂ ਦੇ ਨਿਰਮਾਣ ਵੇਲੇ ਸਮਾਸ-ਸੂਚਕ ਚਿੰਨ੍ਹ ਜੋੜਨੀ (-) ਦੀ ਵਰਤੋਂ ਹੁੰਦੀ ਹੈ ਪਰ ਸਮਾਂ ਪਾ ਕੇ ਇਸ ਜੋੜਨੀ ਦੀ ਲੋੜ ਖਤਮ ਹੋ ਜਾਂਦੀ ਹੈ ਅਤੇ ਦੋਵੇਂ ਸ਼ਬਦ ਰੂਪ ਇਕ ਸ਼ਬਦ ਵਜੋਂ ਕਾਰਜ ਕਰਨ ਲੱਗ ਪੈਂਦੇ ਹਨ, ਜਿਵੇਂ : ਰੇਲਗੱਡੀ, ਭੂਖੰਡ, ਚਿੜੀਮਾਰ, ਜਗਤਾਰ, ਮਹਾਂਸਾਗਰ ਆਦਿ। ਪੰਜਾਬੀ ਸਮਾਸਾਂ ਨੂੰ ਬਣਤਰ ਦੇ ਅਧਾਰ ’ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਸੁਤੰਤਰ ਰੂਪ+ਸੁਤੰਤਰ ਰੂਪ, ਜਿਵੇਂ : ਮੂੰਗ+ਫਲੀਮੂੰਗਫਲੀ, ਲੋਕ+ਸਭਾਲੋਕਸਭਾ, ਟਿੱਡੀ+ਦਲਟਿੱਡੀਦਲ, ਸਾਫ+ਦਿਲਸਾਫਦਿਲ ਆਦਿ (ii) ਬੰਧੇਜੀ ਰੂਪ+ਸੁਤੰਤਰ ਰੂਪ, ਜਿਵੇਂ : ਘੋੜ+ਦੌੜਘੋੜਦੌੜ, ਘੋੜ+ਸਵਾਰਘੋੜਸਵਾਰ (ਇਸ ਪਰਕਾਰ ਦੇ ਸਮਾਸਾਂ ਦੀ ਗਿਣਤੀ ਸੀਮਤ ਹੈ) ਆਦਿ ਅਤੇ (iii) ਬੰਧੇਜੀ ਰੂਪ+ਬੰਧੇਜੀ ਰੂਪ ਜਿਵੇਂ : ਬਦੋ+ਬਦੀਬਦੋ-ਬਦੀ, ਕੰਨੋ+ਕੰਨੀਕੰਨੋ-ਕੰਨੀ, ਉਥਲ+ਪੁਥਲਉਥਲ-ਪੁਥਲ, ਉਘ+ਸੁਘਉਘ-ਸੁਘ, ਨਿਕ+ਸੁਕਨਿਕ-ਸੁਕ ਆਦਿ। ਸਮਾਸ ਸ਼ਬਦਾਂ ਦੀ ਸਿਰਜਨਾ ਕਰਨ ਲਈ ਦੂਜੀ ਭਾਸ਼ਾ ਦੇ ਸ਼ਬਦ ਰੂਪਾਂ ਨੂੰ ਵੀ ਵਰਤ ਲਿਆ ਜਾਂਦਾ ਹੈ ਜਿਵੇਂ : ਪੱਥਰ (ਪੰਜਾਬੀ)+ਦਿਲ (ਫ਼ਾਰਸੀ)ਪੱਥਰ-ਦਿਲ, ਪਾਰਟੀ (ਅੰਗਰੇਜ਼ੀ)+ਬਾਜ਼ੀ (ਫ਼ਾਰਸੀ)ਪਾਰਟੀਬਾਜ਼ੀ ਆਦਿ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 11627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਸਮਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਸ. ਸੰ. ਸੰਗ੍ਯਾ—ਸਮ—ਆਸ. ਇੱਕ ਥਾਂ ਬੈਠਣ ਦੀ ਕ੍ਰਿਯਾ। ੨ ਇਕੱਠਾ ਕਰਨਾ। ੩ ਵ੍ਯਾਕਰਣ ਅਨੁਸਾਰ ਅਨੇਕ ਪਦਾਂ ਨੂੰ ਇੱਕ ਬਣਾਉਣ ਵਾਲਾ ਸੰਸਕਾਰ. ਜਿਵੇਂ—ਗੁਰਸਿੱਖਰੀਤਿ ਆਦਿਕ ਪਦਾਂ ਵਿੱਚ ਸਮਾਸ ਹੈ।1 ੪ ਸੰਪ. ਖ਼ੁਲਾਸਾ. “ਦੂਜੇ ਹੁਇ ਵਿਤ ਵ੍ਯਾਸ ਸਮਾਸ.” (ਗੁਪ੍ਰਸੂ) ਵਕਤਾ ਦਾ ਦੂਜਾ ਗੁਣ ਹੈ ਕਿ ਵਿਸ੍ਤਾਰ ਅਤੇ ਸੰਖੇਪ ਕਰਨ ਦਾ ਜਾਣੂ ਹੋਵੇ. ੫. ਸੰ. ਸਮਾਸ਼. ਚੰਗੀ ਤਰ੍ਹਾਂ ਖਾਣ ਦੀ ਕ੍ਰਿਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਾਸ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮਾਸ, ਸੰਸਕ੍ਰਿਤ / ਪੁਲਿੰਗ : ਵਿਆਕਰਣ ਵਿੱਚ ਦੋ ਜਾਂ ਦੋ ਤੋਂ ਵਧ ਸ਼ਬਦਾਂ ਦਾ ਸੰਜੋਗ ਦੋ ਜਾਂ ਵਧੇਰੇ ਸ਼ਬਦਾਂ ਦਾ ਇਕੱਠ ਜਿਸ ਵਿਚੋਂ ਸਬੰਧਕ ਲੋਪ ਹੋਵੇ, ਜੜੁੱਤ, ਜੁੱਟ, ਸੰਯੁਕਤ ਸ਼ਬਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-36-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First