ਸਮਾਨਾਰਥਕਤਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਮਾਨਾਰਥਕਤਾ : ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ ਬਹੁਤ ਸਾਰੇ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇੱਕੋ ਅਰਥ ਹੁੰਦਾ ਹੈ। ਇਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਇਹਨਾਂ ਦੇ ਬਾਹਰੀ ਅਰਥ ਇੱਕੋ ਜਿਹੇ ਹੀ ਹੁੰਦੇ ਹਨ ਪਰ ਅੰਦਰੂਨੀ ਅਰਥਾਂ ਵਿੱਚ ਕੁਝ ਕੁ ਵੱਖਰੇਵਾਂ ਜ਼ਰੂਰ ਹੁੰਦਾ ਹੈ, ਜਿਵੇਂ ਕਠਨ, ਔਖਾ, ਮੁਸ਼ਕਲ ਅਤੇ ਤਾਰੀਫ਼, ਪ੍ਰਸੰਸਾ ਅਤੇ ਵਡਿਆਈ ਆਦਿ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਸ ਤਰ੍ਹਾਂ ਦੇ ਇੱਕੋ ਅਰਥਾਂ ਵਾਲੇ ਵੱਖ-ਵੱਖ ਸ਼ਬਦ ਵੱਖ-ਵੱਖ ਬੋਲੀਆਂ, ਭਾਸ਼ਾਵਾਂ ਤੋਂ ਆਏ ਹੁੰਦੇ ਹਨ।
ਉਲਮਾਨ ਅਰਥ-ਵਿਗਿਆਨੀ ਅਨੁਸਾਰ ਜੇਕਰ ਸ਼ਬਦਾਂ ਦਾ ਕੋਈ ਸਮੂਹ ਕੁਝ ਖ਼ਾਸ ਪ੍ਰਸੰਗਾਂ ਵਿੱਚ ਇੱਕੋ ਅਰਥ ਦਿੰਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਮੁਕੰਮਲ ਤੌਰ ਤੇ ਸਮਾਨਾਰਥਕ ਸ਼ਬਦਾਂ ਦੇ ਵਰਗ ਜਾਂ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਪਰ ਜੇਕਰ ਸ਼ਬਦਾਂ ਦਾ ਕੋਈ ਸਮੂਹ ਪ੍ਰਯੋਗ ਹੋਣ ਵਾਲੇ ਸਾਰੇ ਹੀ ਪ੍ਰਸੰਗਾਂ ਵਿੱਚ ਇੱਕੋ ਹੀ ਅਰਥ ਦਾ ਪ੍ਰਗਟਾਵਾ ਕਰਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਸਰਬ- ਅਧਿਕਾਰੀ ਸਮਾਨਾਰਥਕ ਸ਼ਬਦ ਦਾ ਨਾਂ ਦਿੱਤਾ ਜਾਂਦਾ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਮੁਕੰਮਲ ਸਮਾਨਾਰਥਤਾ ਬਹੁਤ ਹੀ ਘੱਟ ਮਿਲਦੀ ਹੈ ਜਦੋਂ ਕਿ ਸਰਬ-ਅਧਿਕਾਰੀ ਸਮਾਨਾਰਥਕਤਾ ਸੰਭਵ ਹੀ ਨਹੀਂ। ਕਈ ਵਾਰੀ ਇਹ ਸਮਝਿਆ ਜਾਂਦਾ ਹੈ ਕਿ ਅਸਲ ਵਿੱਚ ਸਮਾਨਾਰਥਕ ਸ਼ਬਦ ਨਹੀਂ ਹੁੰਦੇ ਕਿਉਂਕਿ ਹਰੇਕ ਸ਼ਬਦ ਦੀ ਵਰਤੋਂ ਇੱਕ ਨਿਸ਼ਚਿਤ ਪ੍ਰਸੰਗ ਵਿੱਚ ਹੀ ਹੋ ਸਕਦੀ ਹੈ। ਜਿਵੇਂ ਉੱਚਾ ਅਤੇ ਲੰਮਾ/ਲੰਬਾ ਦਿੱਲੀ ਦਾ ਕੁਤੱਬ ਮੀਨਾਰ ਬਹੁਤ ‘ਉੱਚਾ’ ਹੈ। ‘ਲੰਮਾ’ ਵਿਅਕਤੀ ਸੁੰਦਰ ਲੱਗਦਾ ਹੈ। ਭਾਵੇਂ ‘ਉੱਚਾ’ ਅਤੇ ਲੰਮਾ ਸਮਾਨਾਰਥਕ ਸ਼ਬਦ ਹਨ ਪਰੰਤੂ ਇਹ ਵਾਕ ਵਿੱਚ ਵੱਖੋ-ਵੱਖਰੇ ਅਰਥਾਂ ਦਾ ਪ੍ਰਗਟਾਵਾ ਕਰਦੇ ਹਨ।
ਭਾਸ਼ਾ-ਵਿਗਿਆਨੀਆਂ ਨੇ ਸਮਾਨਾਰਥਕਤਾ ਦੇ ਸੰਕਲਪ ਤੇ ਵਿਸਤਾਰ ਸਹਿਤ ਚਰਚਾ ਕੀਤੀ ਹੈ। ਇਸ ਨੁਕਤੇ ਤੇ ਉਹ ਲਗਪਗ ਸਹਿਮਤ ਹਨ ਕਿ ਭਾਸ਼ਾ ਵਿੱਚ ਪੂਰਨ ਪਰਿਆਇ ਸੰਭਵ ਹੀ ਨਹੀਂ ਹੈ। ਜੇ ਕਿਸੇ ਭਾਸ਼ਾ ਪ੍ਰਬੰਧ ਵਿੱਚ ਪਰਿਆਇ ਉਪਲਬਧ ਹੋਣ ਵੀ ਤਾਂ ਉਹਨਾਂ ਨੂੰ ਆਂਸ਼ਿਕ ਜਾਂ ਅਪੂਰਨ ਪਰਿਆਇ ਹੀ ਆਖਿਆ ਜਾਵੇਗਾ। ਜੌਨ ਲਾਇਨਜ਼ ਭਾਸ਼ਾ-ਵਿਗਿਆਨੀ ਸਮਾਨਾਰਥਕਤਾ ਦੀ ਧਾਰਨਾ ਤੇ ਵਿਚਾਰ ਕਰਦਾ ਹੋਇਆ ਇਸ ਨੂੰ ਤਿੰਨ ਵਰਗਾਂ ਵਿੱਚ ਵੰਡਦਾ ਹੈ :
1. ਲਗਪਗ ਸਮਾਨਾਰਥਕਤਾ : ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਭਾਸ਼ਾ ਪ੍ਰਬੰਧ ਵਿੱਚ ਮੁਕੰਮਲ ਪਰਿਆਇ ਬਹੁਤ ਹੀ ਘੱਟ ਉਪਲਬਧ ਹੁੰਦੇ ਹਨ। ਲਗਪਗ ਅਰਥ ਅਪੂਰਨ ਪਰਿਆਇ ਭਾਸ਼ਾ ਪ੍ਰਬੰਧ ਵਿੱਚ ਆਮ ਦ੍ਰਿਸ਼ਟੀਗੋਚਰ ਹੁੰਦੇ ਹਨ। ਮਿਸਾਲ ਵਜੋਂ- ਸ਼ਬਦ ‘ਮਕਾਨ’ ਅਤੇ ‘ਘਰ’ ਕਈ ਵਾਕਾਂ ਵਿੱਚ ਸਮਾਨਾਰਥਕ ਪ੍ਰਤੀਤ ਹੁੰਦੇ ਹਨ, ਜਿਵੇਂ ਅੱਜ-ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਕੋਲ ਆਪਣਾ ਮਕਾਨ/ਘਰ ਹੋਣਾ ਜ਼ਰੂਰੀ ਹੈ। ਇਸ ਵਾਕ ਵਿੱਚ ਅਰਥ ਸਮਾਨਤਾ ਕਾਰਨ ਦੋਵੇਂ ਸ਼ਬਦ ਸਮਾਨਾਰਥਕ ਹਨ। ਪਰ ਕਈ ਥਾਂ ਇਹ ਵੱਖਰੇ- ਵੱਖਰੇ ਦਿਖਾਈ ਦਿੰਦੇ ਹਨ। ਜਿਵੇਂ ਮੇਰੇ ਲਈ ਕੋਈ ਮਕਾਨ ਕਿਰਾਏ ਤੇ ਲੈ ਦਿਓ।
ਇਸ ਵਾਕ ਵਿੱਚ ਅਸੀਂ ਮਕਾਨ ਦੀ ਥਾਂ ਘਰ ਦਾ ਪ੍ਰਯੋਗ ਨਹੀਂ ਕਰ ਸਕਦੇ। ਇਸੇ ਤਰ੍ਹਾਂ ‘ਘਰ ਦਾ ਪਿਆਰ’ ਪ੍ਰਯੋਗ ਬਿਲਕੁਲ ਠੀਕ ਹੈ ਪਰ ‘ਮਕਾਨ ਦਾ ਪਿਆਰ’ ਪ੍ਰਯੋਗ ਅਰਥ ਦੀ ਦ੍ਰਿਸ਼ਟੀ ਤੋਂ ਢੁੱਕਵਾਂ ਨਹੀਂ ਜਾਪਦਾ। ਇਹਨਾਂ ਸਥਿਤੀਆਂ ਵਿੱਚ ‘ਘਰ’ ਅਤੇ ‘ਮਕਾਨ’ ਸਮਾਨਾਰਥਕ ਨਹੀਂ ਹਨ। ਇਸ ਤਰ੍ਹਾਂ ਅਸੀਂ ਇਸ ਨਤੀਜੇ ਤੇ ਪੁੱਜਦੇ ਹਾਂ ਕਿ ਭਾਸ਼ਾ ਵਿੱਚ ਲਗਪਗ ਸਮਾਨਾਰਥਕਤਾ ਉਪਲਬਧ ਹੁੰਦੀ ਹੈ ਪਰ ਪੂਰਨ ਸਮਾਨਾਰਥਕਤਾ ਵਿਰਲੀ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ।
2. ਆਂਸ਼ਿਕ ਸਮਾਨਾਰਥਕਤਾ : ਜਦੋਂ ਕਿਸੇ ਭਾਸ਼ਾ ਪ੍ਰਬੰਧ ਦੇ ਸਮਾਨਾਰਥਕ ਸ਼ਬਦਾਂ ਦੇ ਸਾਰੇ ਅਰਥ-ਭੇਦ ਸਮਾਨ ਨਾ ਹੋਣ, ਕੇਵਲ ਕੁਝ ਕੁ ਹੀ ਸਾਂਝੇ ਹੋਣ ਤਾਂ ਉਹਨਾਂ ਸ਼ਬਦਾਂ ਨੂੰ ਆਂਸ਼ਿਕ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ‘ਖ਼ੂਨ’ ਅਤੇ ‘ਲਹੂ’ ਸ਼ਬਦਾਂ ਨੂੰ ਵਿਚਾਰਿਆ ਜਾ ਸਕਦਾ ਹੈ।
ਪੰਜਾਬੀ ਕੋਸ਼ ਵਿੱਚ ‘ਖ਼ੂਨ’ ਅਤੇ ‘ਲਹੂ’ ਸ਼ਬਦਾਂ ਦੇ ਅਰਥ ਹੇਠਾਂ ਦਿੱਤੇ ਗਏ ਹਨ :
i. ਖ਼ੂਨ : ਲਾਲ ਰੰਗ ਦਾ ਤਰਲ ਪਦਾਰਥ ਜਿਹੜਾ ਸਰੀਰ ਵਿੱਚ ਦੌਰਾ ਕਰਦਾ ਹੈ। ਲਹੂ, ਰਕਤ ਅਤੇ ਰੱਤ
ii. ਖ਼ੂਨ : ਕਤਲ ਜਾਂ ਹੱਤਿਆ ਕਰਨੀ।
iii. ਖ਼ੂਨ : ਨਸਲ।
ਲਹੂ : ਸਰੀਰ ਦੀਆਂ ਰਗਾਂ ਵਿੱਚ ਫਿਰਨ ਵਾਲਾ ਲਾਲ ਰੰਗ ਦਾ ਤਰਲ ਪਦਾਰਥ।
ਇਹਨਾਂ ਸ਼ਬਦਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ‘ਖ਼ੂਨ’ ਦੇ ਤਿੰਨ ਅਰਥ-ਭੇਦ ਹਨ ਅਤੇ ‘ਲਹੂ’ ਦਾ ਕੇਵਲ ਇੱਕ ਹੀ ਅਰਥ ਹੈ। ਇਸ ਇੱਕੋ ਅਰਥ ਦੀ ਅਰਥ-ਸਮਾਨਤਾ ਕਰ ਕੇ ਹੀ ਇਹਨਾਂ ਸ਼ਬਦਾਂ ਨੂੰ ਆਂਸ਼ਿਕ ਸਮਾਨਾਰਥਕ ਸ਼ਬਦ ਆਖਿਆ ਜਾਂਦਾ ਹੈ।
3. ਪੂਰਨ ਸਮਾਨਾਰਥਕਤਾ : ਕਿਸੇ ਭਾਸ਼ਾ ਪ੍ਰਬੰਧ ਦੇ ਦੋ ਸ਼ਬਦਾਂ ਵਿੱਚ ਪੂਰਨ ਸਮਾਨਾਰਥਕਤਾ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ। ਪੂਰਨ ਤੌਰ ਤੇ ਸਮਾਨਾਰਥਕ ਸ਼ਬਦਾਂ ਨੂੰ ਹੇਠ ਲਿਖੇ ਚਾਰ ਲੱਛਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਸਮਾਨਾਰਥਕ ਸ਼ਬਦ ਪੂਰਨ ਰੂਪ ਵਿੱਚ ਤਾਂ ਹੀ ਸਮਾਨਾਰਥਕ ਸ਼ਬਦ ਹੋਣਗੇ :
- ਜੇ ਇਹਨਾਂ ਦੇ ਸਾਰੇ ਅਰਥ, ਅਰਥ-ਭੇਦ ਅਤੇ ਉਪ-ਅਰਥ ਸਮਾਨ ਹੋਣ।
- ਜੇ ਇਹ ਸਾਰੇ ਪ੍ਰਸੰਗਾਂ ਵਿੱਚ ਇੱਕ-ਦੂਜੇ ਦਾ ਬਦਲ ਬਣਨ ਦੀ ਸਮਰੱਥਾ ਰੱਖਦੇ ਹੋਣ।
- ਜੇ ਇਹ ਅਰਥ ਦੇ ਸਾਰੇ ਪ੍ਰਸਾਰਾਂ ਵਿੱਚ ਸਮਾਨਾਰਥਕ ਰਹਿੰਦੇ ਹੋਣ।
- ਜੇ ਸਮਾਨਾਰਥਕ ਸ਼ਬਦਾਂ ਦੇ ਵਿਪਰੀਤਾਰਥਕ ਸ਼ਬਦ ਸਮਾਨ ਹੋਣ।
ਇਹਨਾਂ ਚਾਰੇ ਲੱਛਣਾਂ ਦੇ ਧਾਰਨੀ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਪਰੰਤੂ ਜਿਹੜੇ ਸਮਾਨਾਰਥਕ ਸ਼ਬਦਾਂ ਦੇ ਇਹਨਾਂ ਵਿੱਚੋਂ ਇੱਕ ਜਾਂ ਦੋ ਲੱਛਣ ਸਮਾਨ ਹੋਣ, ਉਹਨਾਂ ਨੂੰ ਆਂਸ਼ਿਕ ਸਮਾਨਾਰਥਕ ਆਖਿਆ ਜਾਂਦਾ ਹੈ। ਉਲਮਾਨ ਅਨੁਸਾਰ ਪੂਰਨ ਸਮਾਨਾਰਥਕਤਾ ਬਹੁਤ ਹੀ ਮੁਸ਼ਕਲ ਨਾਲ ਮਿਲਦੀ ਹੈ। ਇਹ ਇੱਕ ਅਜਿਹਾ ਕਠਨ ਕਾਰਜ ਹੈ ਜੋ ਭਾਸ਼ਾ ਵਿੱਚ ਸੰਭਵ ਨਹੀਂ ਹੈ। ਸਮਾਨਾਰਥਕ ਸ਼ਬਦਾਂ ਨੂੰ ਕੁਝ ਪ੍ਰਸੰਗਾਂ ਵਿੱਚ ਤਾਂ ਇੱਕ ਦੂਜੇ ਦੀ ਥਾਂ ਰੱਖਿਆ ਜਾ ਸਕਦਾ ਹੈ ਪਰੰਤੂ ਸਾਰੇ ਪ੍ਰਸੰਗਾਂ ਵਿੱਚ ਨਹੀਂ, ਜਿਵੇਂ ਪੰਜਾਬੀ ਵਿੱਚ ‘ਮੱਲ’ ਅਤੇ ‘ਭਲਵਾਨ’ (ਕੁਸ਼ਤੀ ਕਰਨ ਵਾਲਾ) ਦੇ ਅਰਥਾਂ ਵਿੱਚ ਤਾਂ ਅਰਥ-ਸਮਾਨਤਾ ਹੈ ਪਰ ਜਦੋਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਬਲਾਉਂਦੀ ਹੋਈ ਕਹਿੰਦੀ ਹੈ ‘ਮੇਰੇ ਮੱਲ ਐਨੀ ਜਿਦ ਨਹੀਂ ਕਰੀਦੀ’ ਜਾਂ ‘ਮੱਲ ਬਣ ਕੇ ਮੇਰਾ ਕੰਮ ਕਰਦੇ’ ਤਾਂ ਇਹਨਾਂ ਵਾਕਾਂ ਵਿੱਚ ‘ਮੱਲ’ ਦੀ ਥਾਂ ‘ਭਲਵਾਨ’ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First