ਸਬੇਗ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬੇਗ ਸਿੰਘ. ਇਹ ਪਿੰਡ ਜੰਬਰ ਇਲਾਕਾ ਲਹੌਰ ਦੇ ਵਸਨੀਕ ਫਾਰਸੀ ਵਿਦ੍ਵਾਨ, ਬਾਦਸ਼ਾਹੀ ਨੌਕਰ ਸਨ. ਸੰਮਤ ੧੭੯੦ ਵਿੱਚ ਖ਼ਾਨਬਹਾਦੁਰ (ਜ਼ਕਰੀਆ ਖ਼ਾਨ) ਸੂਬਾ ਲਹੌਰ ਨੇ ਇਨ੍ਹਾਂ ਨੂੰ ਆਪਣੀ ਵੱਲੋਂ ਵਕੀਲ ਬਣਾਕੇ ਲੱਖ ਰੁਪਯੇ ਦੀ ਜਾਗੀਰ ਦੀ ਸਨਦ , ਨਵਾਬੀ ਖਤਾਬ ਅਤੇ ਵਡਮੁੱਲਾ ਖ਼ਿਲਤ ਪੰਥ ਨੂੰ ਦੇਣ ਲਈ ਅਮ੍ਰਿਤਸਰ ਭੇਜਿਆ ਸੀ ਤਾਕਿ ਖਾਲਸਾ ਮਾਰ ਧਾੜ ਛੱਡਕੇ ਸ਼ਾਂਤਿ ਨਾਲ ਬੈਠੇ. ਇਨ੍ਹਾਂ ਨੇ ਇਸ ਵੇਲੇ ਕਪੂਰ ਸਿੰਘ ਜੀ ਨੂੰ ਨਵਾਬ ਪਦ ਦੇਕੇ ਆਪਣੀ ਵਕਾਲਤ ਪੂਰੀ ਕੀਤੀ, ਇਸ ਲਈ ਸਿੱਖ ਇਤਿਹਾਸ ਵਿੱਚ ਸਬੇਗ ਸਿੰਘ ਜੀ ਦਾ ਨਾਉਂ “ਵਕੀਲ” ਸੱਦੀਦਾ ਹੈ.
ਕੁਝ ਚਿਰ ਇਹ ਲਾਹੌਰ ਦੇ ਕੋਤਵਾਲ ਭੀ ਰਹੇ, ਜਿਸ ਸਮੇਂ ਕਈ ਸ਼ਹੀਦਗੰਜ ਅਤੇ ਗੁਰੁਦ੍ਵਾਰੇ ਬਣਾਏ. ਅੰਤ ਨੂੰ ਕਾਜੀਆਂ ਦੀ ਸ਼ਕਾਇਤ ਪੁਰ, ਪੁਤ੍ਰ ਸ਼ਾਹਬਾਜ਼ ਸਿੰਘ ਸਮੇਤ ਚਰਖੀ ਚੜ੍ਹਾਕੇ ਸੰਮਤ ੧੮੦੨ ਵਿੱਚ ਲਹੌਰ ਸ਼ਹੀਦ ਕੀਤੇ ਗਏ, ਦੇਖੋ, ਸਾਹਬਾਜ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਬੇਗ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਬੇਗ ਸਿੰਘ/ਸੁਬੇਗ ਸਿੰਘ (ਮ. 1745 ਈ.): ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਜੰਬਰ ਪਿੰਡ ਵਿਚ ਰਾਇ ਭਾਗਾ ਦੇ ਘਰ ਪੈਦਾ ਹੋਇਆ ਇਕ ਮਹਾਨ ਸਿੱਖ ਸ਼ਹੀਦ ਜੋ ਅਰਬੀ-ਫ਼ਾਰਸੀ ਦਾ ਚੰਗਾ ਵਿਦਵਾਨ ਸੀ। ਯੋਗਤਾ ਅਤੇ ਸਿਆਣਪ ਕਾਰਣ ਇਹ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਨ ਦੇ ਬਹੁਤ ਨੇੜੇ ਸੀ। ਸੰਨ 1733 ਈ. ਵਿਚ ਜ਼ਕਰੀਆ ਖ਼ਾਨ ਨੇ ਖ਼ਾਲਸੇ ਵਲੋਂ ਸ਼ਾਂਤੀ ਬਣਾਏ ਰਖਣ ਲਈ ਸੁਬੇਗ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਅੰਮ੍ਰਿਤਸਰ ਭੇਜਿਆ ਅਤੇ ਇਕ ਲੱਖ ਰੁਪਏ ਦੀ ਜਾਗੀਰ , ਨਵਾਬੀ ਦਾ ਖ਼ਿਤਾਬ ਅਤੇ ਕੀਮਤੀ ਖ਼ਿਲਤ ਨਜ਼ਰਾਨੇ ਵਜੋਂ ਭੇਜੇ। ਅਕਾਲ ਤਖ਼ਤ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖ਼ਾਲਸੇ ਨੇ ਪਹਿਲਾਂ ਤਾਂ ਇਹ ਸਭ ਕੁਝ ਸਵੀਕਾਰਨ ਤੋਂ ਸੰਕੋਚ ਕੀਤਾ, ਪਰ ਸੁਬੇਗ ਸਿੰਘ ਦੇ ਬਾਰ- ਬਾਰ ਕਹਿਣ ਅਤੇ ਸਮਝਾਉਣ’ਤੇ ਸ. ਕਪੂਰ ਸਿੰਘ ਨੂੰ ਨਵਾਬ ਦੀ ਪਦਵੀ ਦਿੱਤੀ ਗਈ ।
ਸ. ਸੁਬੇਗ ਸਿੰਘ ਨੂੰ ਜ਼ਕਰੀਆ ਖ਼ਾਨ ਨੇ ਲਾਹੌਰ ਦਾ ਕੋਤਵਾਲ ਵੀ ਨਿਯੁਕਤ ਕੀਤਾ। ਇਸ ਨੇ ਸਾਲ ਭਰ ਬੜੀ ਈਮਾਨਦਾਰੀ ਅਤੇ ਨਿਆਇਸ਼ੀਲਤਾ ਨਾਲ ਆਪਣਾ ਫ਼ਰਜ਼ ਨਿਭਾਇਆ। ਇਹ ਹਰ ਵਰਗ ਵਲੋਂ ਸਮਾਦਰਿਤ ਸੀ। ਜਦੋਂ ਜਦੋਂ ਵੀ ਲਾਹੌਰ ਵਿਚ ਸਿੱਖਾਂ ਨੂੰ ਕਤਲ ਕੀਤਾ ਜਾਂਦਾ, ਇਹ ਉਨ੍ਹਾਂ ਦਾ ਦਾਹ-ਸੰਸਕਾਰ ਬੜੀ ਸ਼ਰਧਾ ਨਾਲ ਕਰਦਾ ਅਤੇ ਉਨ੍ਹਾਂ ਦੇ ਸਮਾਰਕ ਬਣਵਾਉਂਦਾ।
ਜ਼ਕਰੀਆ ਖ਼ਾਨ ਦੇ ਦੇਹਾਂਤ ਤੋਂ ਬਾਦ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਉਹ ਮਨੋ ਸੁਬੇਗ ਸਿੰਘ ਨੂੰ ਪਸੰਦ ਨਹੀਂ ਸੀ ਕਰਦਾ। ਉਸ ਨੇ ਇਸ ਦੇ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਫਲਸਰੂਪ ਇਸ ਨੂੰ ਮੁਸਲਮਾਨ ਬਣਨ ਲਈ ਕਿਹਾ। ਇਨਕਾਰ ਕਰਨ’ਤੇ ਇਸ ਨੂੰ ਪੁੱਤਰ ਸ਼ਾਹਬਾਜ਼ ਸਿੰਘ ਸਮੇਤ ਕੈਦ ਕਰ ਲਿਆ। ਦੋਹਾਂ ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ। ਜਦੋਂ ਸੂਬੇਦਾਰ ਦਾ ਕੋਈ ਵਸ ਨ ਚਲਿਆ ਤਾਂ ਦੋਹਾਂ ਪਿਉ-ਪੁੱਤਰਾਂ ਨੂੰ ਚਰਖੀਆਂ ਉਤੇ ਚੜ੍ਹਾ ਕੇ ਬਹੁਤ ਬੇਰਹਿਮੀ ਨਾਲ ਲਾਹੌਰ ਵਿਚ ਸ਼ਹੀਦ ਕਰ ਦਿੱਤਾ। ਸਿੱਖ ਇਤਿਹਾਸ ਅਨੁਸਾਰ ਸ਼ਹਾਦਤ ਦਾ ਇਹ ਸਾਕਾ ਸੰਨ 1745 ਈ. ਵਿਚ ਵਾਪਰਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First