ਸਪੈਂਸਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਪੈਂਸਰ (1552–1599) : ਸੋਲ੍ਹਵੀਂ ਸਦੀ ਦੇ ਅੰਗਰੇਜ਼ੀ ਕਵੀਆਂ ਵਿੱਚੋਂ ਐਡਮੰਡ ਸਪੈਂਸਰ (Edmund Spencer) ਪ੍ਰਮੁੱਖ ਹੈ। ਉਹ ਆਪਣੇ ਅਧੂਰੇ ਮਹਾਂਕਾਵਿ ਦਾ ਫੇਇਰੀ ਕਵੀਨ ਦੇ ਲੇਖਕ ਵਜੋਂ ਮਸ਼ਹੂਰ ਹੈ। ਸਪੈਂਸਰ ਦਾ ਜਨਮ 1552 ਵਿੱਚ ਲੰਦਨ ਵਿਖੇ ਜਾਹਨ ਅਤੇ ਐਲਿਜ਼ਾਬੈਥ ਸਪੈਂਸਰ ਦੇ ਘਰ ਹੋਇਆ। 1561 ਵਿੱਚ ਸਪੈਂਸਰ ਨੇ ਮਰਚੈਂਟ ਟੇਅਲਰਜ਼ ਸਕੂਲ ਵਿੱਚ ਦਾਖ਼ਲਾ ਲਿਆ। ਇਸ ਸਕੂਲ ਦੇ ਸਿਲੇਬਸ ਵਿੱਚ ਯੂਨਾਨੀ, ਹੀਬਰੀਊ, ਅੰਗਰੇਜ਼ੀ, ਲਾਤੀਨੀ ਭਾਸ਼ਾਵਾਂ ਤੇ ਸੰਗੀਤ ਪੜ੍ਹਾਇਆ ਜਾਂਦਾ ਸੀ ਅਤੇ ਵਿਦਿਆਰਥੀ ਨਾਟਕ ਕਲਾ ਦਾ ਅਭਿਆਸ ਵੀ ਕਰਦੇ ਸਨ।
ਸਕੂਲ ਵਿੱਚ ਪੜ੍ਹਦਿਆਂ ਹੋਇਆ ਸਪੈਂਸਰ ਦੀ ਪਹਿਲੀ ਕਵਿਤਾ ਏ ਥੀਏਟਰ ਵਿੱਚ ਛਪੀ ਜਿਸ ਵਿੱਚ ਵਾਸ਼ਨਾਮਈ ਜ਼ਿੰਦਗੀ ਦੇ ਦੁੱਖਾਂ ਬਾਰੇ ਲਿਖਿਆ। ਸੱਤ ਸਾਲ ਉਸ ਨੇ ਵਿਸ਼ਵਵਿਦਿਆਲੇ ਵਿੱਚ ਬਿਤਾਏ। 1572 ਵਿੱਚ ਉਸ ਨੂੰ ਬੀ.ਏ. ਦੀ ਡਿਗਰੀ ਅਤੇ 1576 ਵਿੱਚ ਐਮ.ਏ. ਦੀ ਡਿਗਰੀ ਮਿਲੀ। ਕਾਲਜ ਵਿੱਚ ਉਹ ਇੱਕ ਵਿਦਵਾਨ ਵਜੋਂ ਨਹੀਂ ਬਲਕਿ ਆਪਣੀ ਪੜ੍ਹਾਈ ਵਿੱਚ ਰੁਚੀ ਕਾਰਨ ਪ੍ਰਸਿੱਧ ਸੀ। ਉਸ ਦੇ ਮਨ ਭਾਉਂਦੇ ਲੇਖਕ ਸਨ-ਪਲੈਟੋ, ਅਰਸਤੂ, ਵਰਜਿਲ, ਚਾਸਰ ਅਤੇ ਲੁਡੋਵਿਕੋ ਅਰਿਅੋਸਟੋ। ਉਸ ਨੇ ਇਤਾਲਵੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਸਿੱਖੀਆਂ ਅਤੇ ਲਾਤੀਨੀ ਭਾਸ਼ਾ ਵਿੱਚ ਕੁਝ ਕਵਿਤਾਵਾਂ ਵੀ ਲਿਖੀਆਂ।
ਪੜ੍ਹਾਈ ਖ਼ਤਮ ਕਰ ਕੇ ਸਪੈਂਸਰ ਨੇ ਕੁਝ ਸਮਾਂ ਆਪਣੇ ਰਿਸ਼ਤੇਦਾਰਾਂ ਕੋਲ ਲੈਂਕਾਸ਼ਾਇਰ ਵਿੱਚ ਬਿਤਾਇਆ। ਉੱਤਰ ਦੇ ਇਸ ਪਾਸੇ ਕੁਝ ਸਮਾਂ ਰਹਿਣ ਕਰ ਕੇ ਉਹ ਉੱਤਰੀ ਖੇਤਰ ਦੀ ਉਪਭਾਸ਼ਾ ਤੋਂ ਜਾਣੂ ਹੋ ਗਿਆ ਜਿਸਨੇ ਬਾਅਦ ਵਿੱਚ ਉਸ ਦੀ ਕਵਿਤਾ ਦਾ ਸ਼ੈਫਰਡਜ਼ ਕੈਲੰਡਰ ਨੂੰ ਕਾਫੀ ਪ੍ਰਭਾਵਿਤ ਕੀਤਾ।
ਸਪੈਂਸਰ ਦੀਆਂ ਕੁਝ ਚਿੱਠੀਆਂ ਅਤੇ ਕੁਝ ਲਿਖਤਾਂ ਤੋਂ ਪਤਾ ਚੱਲਦਾ ਹੈ ਕਿ ਉਹ ਲੈਸਟਰ ਦੇ ਰਾਜਦੂਤ ਵਜੋਂ 1577 ਵਿੱਚ ਆਇਰਲੈਂਡ, ਸਪੇਨ, ਫ਼੍ਰਾਂਸ ਅਤੇ ਇਟਲੀ ਗਿਆ। 1579 ਵਿੱਚ ਉਸ ਦੀ ਪੁਸਤਕ ਦਾ ਸ਼ੈਫਰਡਜ਼ ਕੈਲੰਡਰ ਪ੍ਰਕਾਸ਼ਿਤ ਹੋਈ ਜੋ ਗੁਮਨਾਮ ਸੀ ਅਤੇ ਜਿਸਦੀ ਟੀਕਾ ਈ.ਕੇ. ਦੇ ਹਸਤਾਖਰਾਂ ਹੇਠ ਛਪੀ ਸੀ ਜਿਸਨੂੰ ਵਿਦਵਾਨ ਸਪੈਂਸਰ ਦੇ ਦੋਸਤ ਐਡਵਰਡ ਕਿਰ ਕ ਦੇ ਹਸਤਾਖ਼ਰ ਮੰਨਦੇ ਹਨ। ਇਸ ਲਿਖਤ ਵਿੱਚ ਬਾਰਾਂ ਪੇਂਡੂ ਕਾਵਿ-ਖੰਡ ਹਨ ਅਤੇ ਪੇਂਡੂ ਪ੍ਰਥਾ ਦਾ ਰੂਪਕ ਵਜੋਂ ਪ੍ਰਯੋਗ ਕੀਤਾ ਗਿਆ ਹੈ। ਇਸ ਵਿੱਚ ਸਮਕਾਲੀ ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਵੱਲ ਸੰਕੇਤ ਵੀ ਕੀਤੇ ਗਏ ਹਨ।
ਇਸ ਲਿਖਤ ਉੱਤੇ ਕਈ ਵਿਦੇਸ਼ੀ ਅਤੇ ਅੰਗਰੇਜ਼ੀ ਲੇਖਕਾਂ ਦੇ ਪ੍ਰਭਾਵ ਨੂੰ ਕਵੀ ਨੇ ਸਵੀਕਾਰਿਆ ਹੈ ਅਤੇ ਅੰਗਰੇਜ਼ੀ ਦੀਆਂ ਕਈ ਕਾਵਿ-ਵਿਧਾਵਾਂ ਦੀ ਵਰਤੋਂ ਕੀਤੀ ਹੈ। ਸਪੈਂਸਰ ਦੇ ਇਸ ਸਮੇਂ ਦੇ ਲਿਖੇ ਕੁਝ ਪੱਤਰਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਈ ਸਾਹਿਤਿਕ ਪ੍ਰਾਜੈਕਟਸ ਤੇ ਕੰਮ ਕਰ ਰਿਹਾ ਸੀ। ਉਸ ਨੇ ਆਪਣੀ ਪੁਸਤਕ ਦਾ ਫੇਇਰੀ ਕਵੀਨ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਕਈ ਹੋਰ ਕਵਿਤਾਵਾਂ ਵੀ ਜੋ ਬਾਅਦ ਵਿੱਚ ਉਸ ਦੇ ਕਾਵਿ- ਸੰਗ੍ਰਹਿ ਕਮਪਲੇਂਟਸ ਵਿੱਚ ਛਪੀਆਂ।
1589 ਵਿੱਚ ਜਦੋਂ ਸਰ ਵਾਲਟਰ ਰੈਲੇ ਉਸ ਨੂੰ ਮਿਲਣ ਮੁਨਸਟਰ ਆਇਆ ਓਦੋਂ ਤੱਕ ਉਸ ਨੇ ਦਾ ਫੇਇਰੀ ਕਵੀਨ ਦੀਆਂ ਤਿੰਨ ਜਿਲਦਾਂ ਮੁਕੰਮਲ ਕਰ ਲਈਆਂ ਸਨ ਜਿਸ ਦੀਆਂ ਉਹ ਕੁੱਲ ਬਾਰਾਂ ਜਿਲਦਾਂ ਲਿਖਣਾ ਚਾਹੁੰਦਾ ਸੀ ਅਤੇ ਜਿਨ੍ਹਾਂ ਵਿੱਚ ਉਹ ਅਰਸਤੂ ਵੱਲੋਂ ਦੱਸੇ ਬਾਰਾਂ ਉੱਤਮ ਗੁਣਾਂ ਜੋ ਇੱਕ ਦਰਬਾਰੀ (ਨਾਈਟ) ਵਿੱਚ ਹੋਣੇ ਚਾਹੀਦੇ ਹਨ, ਬਾਰੇ ਦੱਸਣਾ ਚਾਹੁੰਦਾ ਸੀ। ਉਸ ਦਾ ਟੀਚਾ ਇਸ ਪੁਸਤਕ ਵਿੱਚ ਰੁਮਾਂਸ ਅਤੇ ਬਹਾਦਰੀ ਦਾ ਮੇਲ ਵਿਖਾਉਣਾ, ਨੈਤਿਕਤਾ ਤੇ ਸ਼ਿਸ਼ਟਾਚਾਰ ਬਾਰੇ ਪੁਸਤਕ ਤਿਆਰ ਕਰਨਾ ਅਤੇ ਇੱਕ ਰਾਸ਼ਟਰੀ ਮਹਾਂਕਾਵਿ ਲਿਖਣਾ ਸੀ। ਸਰ ਵਾਲਟਰ ਰੈਲੇ ਇਹਨਾਂ ਤਿੰਨ ਪੁਸਤਕਾਂ ਤੋਂ ਬਹੁਤ ਆਕਰਸ਼ਿਤ ਹੋਇਆ ਅਤੇ ਸਪੈਂਸਰ ਨੂੰ ਵਾਪਸ ਇੰਗਲੈਂਡ ਲੈ ਗਿਆ। ਅਗਲੇ ਸਾਲ ਇਹ ਤਿੰਨ ਪੁਸਤਕਾਂ ਛਪੀਆਂ ਜਿਸ ਵਿੱਚ ਰਾਣੀ ਐਲਿਜ਼ਾਬੈੱਥ ਪ੍ਰਤਿ ਇੱਕ ਬਹੁਤ ਵੱਡਾ ਸਮਰਪਣ ਸੀ। ਇਹਨਾਂ ਤਿੰਨ ਪੁਸਤਕਾਂ ਦੇ ਛਪਣ ਤੇ ਸਪੈਂਸਰ ਦੀ ਬਹੁਤ ਪ੍ਰਸਿੱਧੀ ਹੋਈ। ਉਹ ਲੰਦਨ ਵਿੱਚ ਇੱਕ ਸਾਲ ਰਿਹਾ ਤੇ ਕਾਫ਼ੀ ਦੋਸਤ ਵੀ ਬਣਾਏ ਪਰ ਸਿਆਸਤ ਵਿੱਚ ਕੋਈ ਲਾਹੇਵੰਦ ਅਸਾਮੀ ਲੈਣ ਵਿੱਚ ਸਫਲ ਨਹੀਂ ਹੋ ਸਕਿਆ।
ਸਪੈਂਸਰ ਦਾ ਕਾਵਿ-ਸੰਗ੍ਰਹਿ ਕਮਪਲੇਂਟਸ ਜਿਸਦਾ ਉਪਸਿਰਲੇਖ ਹੈ ਸਨਡਰੀ ਸਮਾਲ ਪੋਇਮਜ਼ ਆਫ਼ ਦਾ ਵਰਲਡਜ਼ ਵੈਨਿਟੀ 1591 ਵਿੱਚ ਛਪਿਆ।ਇਸੇ ਹੀ ਸਾਲ ਆਇਰਲੈਂਡ ਵਾਪਸ ਪਰਤ ਕੇ ਸਪੈਂਸਰ ਨੇ ਆਪਣੀ ਕਾਵਿ ਆਤਮ-ਕਥਾ ਕੋਲਿਨ ਕਲਾਉਟਸ ਕਮ ਹੋਮ ਅਗੇਨ ਲਿਖੀ ਜਿਸ ਵਿੱਚ ਉਸ ਨੇ ਰੂਪਕ ਦੀ ਵਿਧਾ ਅਪਣਾ ਕੇ ਲੰਦਨ ਵਿਖੇ ਆਪਣੇ ਸਵਾਗਤ ਬਾਰੇ ਅਤੇ ਉੱਥੋਂ ਦੀ ਦਰਬਾਰੀ ਜ਼ਿੰਦਗੀ ਬਾਰੇ ਲਿਖਿਆ। ਇਸ ਤੋਂ ਕੁਝ ਦੇਰ ਬਾਅਦ ਉਸ ਨੇ ਆਪਣੀ ਪੁਸਤਕ ਏਸਟਰੋਫੈਲ ਵਿੱਚ ਕਵਿਤਾਵਾਂ ਦਾ ਸੰਕਲਨ ਕੀਤਾ।
1594 ਵਿੱਚ ਸਪੈਂਸਰ ਦੀ ਸ਼ਾਦੀ ਇੱਕ ਐਂਗਲੋ ਆਇਰਿਸ਼ ਔਰਤ ਐਲਿਜ਼ਾਬੈੱਥ ਬਾਐਲੇ ਨਾਲ ਹੋ ਗਈ ਜੋ ਇੱਕ ਉਚੇਰੇ ਖ਼ਾਨਦਾਨ ਤੋਂ ਸੀ ਅਤੇ ਜਿਸਨੂੰ ਉਹ ਕਈ ਸਾਲਾਂ ਤੋਂ ਪਿਆਰ ਕਰ ਰਿਹਾ ਸੀ। ਆਪਣੀ ਕੋਰਟਸ਼ਿਪ, ਪਿਆਰ ਅਤੇ ਸ਼ਾਦੀ ਦੀ ਖ਼ੁਸ਼ੀ ਦਾ ਇਜ਼ਹਾਰ ਉਸ ਨੇ ਆਪਣੇ ਸੋਨਿਟ ਅਮੋਰੈਟੀ ਅਤੇ ਸ਼ਾਦੀ ਦੇ ਗੀਤ ਐਪੀਥੈਲੇਮੀਅਨ ਵਿੱਚ ਕੀਤਾ। 1595 ਵਿੱਚ ਲੰਦਨ ਪਰਤ ਕੇ ਉਸ ਨੇ ਦਾ ਫੇਇਰੀ ਕਵੀਨ ਦੀਆਂ ਤਿੰਨ ਪੁਸਤਕਾਂ ਹੋਰ ਲਿਖੀਆਂ ਜੋ 1596 ਵਿੱਚ ਛਪੀਆਂ। ਇਹਨਾਂ ਛੇ ਪੁਸਤਕਾਂ ਵਿੱਚ ਪਾਵਨਤਾ, ਸਹਿਨਸ਼ੀਲਤਾ, ਪਵਿੱਤਰਤਾ, ਦੋਸਤੀ, ਨਿਆਂ ਅਤੇ ਨਿਮਰਤਾ ਦੇ ਗੁਣਾਂ ਦਾ ਵਰਣਨ ਹੈ। ਸੱਤਵੀਂ ਅਧੂਰੀ ਕਿਤਾਬ ਜਿਸਦਾ ਸਿਰਲੇਖ ਦਾ ਮਓਟੇਬਿਲਿਟੀ ਕੈਂਟੋਜ਼ ਹੈ ਵਿੱਚ ਵਫ਼ਾਦਾਰੀ ਬਾਰੇ ਲਿਖਿਆ ਹੈ। ਦਾ ਫੇਇਰੀ ਕਵੀਨ ਨੂੰ ਕਈ ਪੱਧਰਾਂ ਤੋਂ ਵਾਚਿਆ ਜਾ ਸਕਦਾ ਹੈ। ਇੱਕ ਰੂਪਕ ਦੇ ਰੂਪ ਵਿੱਚ ਇਹ ਹਰ ਕਿਸਮ ਦੀ ਚੰਗਿਆਈ ਤੇ ਬੁਰਾਈ ਦੇ ਸਦੀਵੀ ਸੰਘਰਸ਼ ਨੂੰ ਦੱਸਦੀ ਹੈ। ਨੀਤੀ ਢਾਂਚੇ ਬਾਰੇ ਇਹ ਇੱਕ ਕਾਵਿ-ਲੇਖ ਹੈ ਅਤੇ ਇਤਿਹਾਸਿਕ ਰੂਪਕ ਵਜੋਂ ਇੰਗਲੈਂਡ ਦੀਆਂ ਪਵਿੱਤਰ ਪਰੰਪਰਾਵਾਂ ਅਤੇ ਇੰਗਲੈਂਡ ਨੂੰ ਰੋਮਨ ਕੈਥੋਲਿਕ ਪੜੋਸੀ ਦੇਸ਼ਾਂ ਤੋਂ ਕਈ ਤਰ੍ਹਾਂ ਦੇ ਖ਼ਤਰਿਆਂ ਕਾਰਨ ਸੰਘਰਸ਼ ਨੂੰ ਚਿਤਰਿਤ ਕਰਦੀ ਹੈ। ਇਸ ਵਿੱਚ ਸਮਕਾਲੀ ਸਮਾਜਿਕ ਅਤੇ ਧਾਰਮਿਕ ਪ੍ਰਤਿਵਾਦ ਦੇ ਹਵਾਲੇ ਵੀ ਹਨ। ਇਹ ਪੁਸਤਕ ਈਸਾਈ ਮਤ ਅਤੇ ਪੁਰਾਤਨ ਪਰੰਪਰਾਵਾਂ ਦੇ ਸੰਭਾਵਿਤ ਗੱਠ-ਜੋੜ ਦਾ ਇੱਕ ਬਹੁਤ ਵਧੀਆ ਉਦਾਹਰਨ ਹੈ ਜੋ ਪੁਨਰ-ਜਾਗ੍ਰਿਤੀ ਕਾਲ ਦੀਆਂ ਉੱਤਮ ਲਿਖਤਾਂ ਦੀ ਖ਼ਾਸੀਅਤ ਹੈ। ਸਪੈਂਸਰ ਦੀ ਸ਼ੈਲੀ ਆਪਣੀ ਹੀ ਕਿਸਮ ਦੀ ਸੀ। ਉਸ ਨੇ ਅਪ੍ਰਚਲਿਤ ਭਾਸ਼ਾ ਅਤੇ ਸੂਰਬੀਰਤਾ ਦੇ ਲੁਪਤ ਹੋ ਚੁੱਕੇ ਸ਼ਬਦਾਂ ਦੀ ਵਰਤੋਂ ਕਰ ਕੇ ਇੱਕ ਦੂਰਵਰਤੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ।
1597 ਵਿੱਚ ਸਪੈਂਸਰ ਫੇਰ ਵਾਪਸ ਆਇਰਲੈਂਡ ਚਲਾ ਗਿਆ ਅਤੇ ਦਾ ਫੇਇਰੀ ਕਵੀਨ ਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਦੋ ਖੰਡ ਲਿਖੇ ਜੋ ਉਸ ਦੀ ਮੌਤ ਤੋਂ ਬਾਅਦ 1609 ਵਿੱਚ ਛਪੇ। ਪਰ ਇਸ ਦੌਰਾਨ ਜੋ ਕੁਝ ਵੀ ਉਸ ਨੇ ਲਿਖਿਆ ਉਹ ਉਪਲਬਧ ਨਹੀਂ ਹੈ। ਕੁਝ ਦੇਰ ਲਈ ਸਪੈਂਸਰ ਨੂੰ ਰਾਜਨੀਤੀ ਵਿੱਚ ਕੋਈ ਅਸਾਮੀ ਨਹੀਂ ਸੀ ਮਿਲੀ। 1598 ਵਿੱਚ ਉਸ ਨੂੰ ਕੋਰਕ ਦਾ ਸ਼ੈਰਿਫ ਨਾਮਜ਼ਦ ਕਰ ਦਿੱਤਾ ਗਿਆ। ਹਾਲੇ ਉਸ ਨੇ ਆਫ਼ਿਸ ਸੰਭਾਲਿਆ ਹੀ ਸੀ ਕਿ 1598 ਵਿੱਚ ਅਰਲ ਆਫ਼ ਟਾਈਰੋਨ ਦੇ ਵਿਦਰੋਹ ਵਿੱਚ ਜੋ ਵਾਸਤਵ ਵਿੱਚ ਆਇਰਲੈਂਡ ਦੇ ਲੋਕਾਂ ਦਾ ਹੀ ਵਿਦਰੋਹ ਸੀ, ਜੋ ਮੁਨਸਟਰ ਵਿੱਚ ਸ਼ੁਰੂ ਹੋਇਆ, ਉਹਨਾਂ ਦੇ ਕਿਲ੍ਹੇ ਨੂੰ ਸਾੜ ਦਿੱਤਾ ਗਿਆ। ਉਹ ਅਤੇ ਉਸ ਦਾ ਪਰਿਵਾਰ ਪਹਿਲੇ ਕੋਰਕ ਵੱਲ ਅਤੇ ਫੇਰ ਇੰਗਲੈਂਡ ਵੱਲ ਭੱਜ ਨਿਕਲੇ। ਇੰਗਲੈਂਡ ਆ ਕੇ ਸਪੈਂਸਰ ਕਾਫ਼ੀ ਬਿਮਾਰ ਹੋ ਗਿਆ ਅਤੇ ਇੱਕ ਮਹੀਨੇ ਦੇ ਅੰਦਰ 16 ਜਨਵਰੀ 1599 ਨੂੰ ਉਸ ਦੀ ਮੌਤ ਹੋ ਗਈ। ਉਸ ਨੂੰ ਕਵੀ ਚਾਸਰ ਦੀ ਕਬਰ ਦੇ ਨੇੜੇ ਜਿਸਨੂੰ ‘ਪੋਇਟਸ ਕਾਰਨਰ` ਕਿਹਾ ਜਾਂਦਾ ਹੈ ਵੈਸਟ- ਮਿਨਸਟਰ ਐਬੇ ਵਿੱਚ ਦਫ਼ਨਾ ਦਿੱਤਾ ਗਿਆ।
ਸਪੈਂਸਰ ਆਪਣੇ ਸਮੇਂ ਦੀ ਮਹਾਨ ਹਸਤੀ ਸੀ। ਅੰਗਰੇਜ਼ੀ ਸਾਹਿਤ ਨੂੰ ਵਡਮੁੱਲੀ ਦੇਣ ਕਾਰਨ ਉਸ ਨੂੰ ਵਿਲੀਅਮ ਸ਼ੇਕਸਪੀਅਰ ਅਤੇ ਜਾਹਨ ਮਿਲਟਨ ਦੇ ਬਰਾਬਰ ਦਰਜਾ ਦਿੱਤਾ ਜਾਂਦਾ ਹੈ।
ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First