ਸਤਿ ਸ੍ਰੀ ਅਕਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਤਿ ਸ੍ਰੀ ਅਕਾਲ [ਵਾਕਾਂਸ਼] ਕਾਲ ਰਹਿਤ ਕਲਿਆਣਕਾਰੀ ਸੱਚ; ਮਿਲ਼ਨ/ਵਿਛੜਨ ਸਮੇਂ ਸਤਿਕਾਰ ਵਿੱਚ ਬੋਲੇ ਜਾਣ ਵਾਲ਼ੇ ਸ਼ਬਦ; ਖਾਲਸੇ ਦਾ ਜੈਕਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਤਿ ਸ੍ਰੀ ਅਕਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿ ਸ੍ਰੀ ਅਕਾਲ 1. ਵਾ—ਖ਼ਾਲਸੇ ਦੀ ਜੈਕਾਰ ਧੁਨਿ, ਜਿਸ ਦਾ ਅਰਥ ਹੈ ਸਤ੍ਯ ਹੈ ਸਾਰੀ ਵਿਭੂਤੀ ਦਾ ਪਤੀ ਅਵਿਨਾਸ਼ੀ. ਕਾਰਯਾਂ ਦਾ ਆਰੰਭ ਵਿੱਚ ਭੀ ਇਹ ਮੰਗਲਕਾਰੀ ਪਦ ਵਰਤੀਦਾ ਹੈ, ਪਰ ਵਿਸ਼ੇ੄ ਕਰਕੇ ਦੀਵਾਨ ਦੀ ਸਮਾਪਤੀ, ਕੂਚ ਅਤੇ ਝਟਕਾ ਕਰਨ ਦੇ ਵੇਲੇ ਖਾਲਸਾ “ਸਤਿ ਸ੍ਰੀ ਅਕਾਲ” ਗਜਾਉਂਦਾ ਹੈ. ਕਈ ਆਪੋ ਵਿੱਚੀ ਮਿਲਣ ਸਮੇਂ ਭੀ ਇਸ ਪਦ ਨੂੰ ਵਰਤਦੇ ਹਨ, ਪਰ ਵਾਹਗੁਰੂ ਜੀ ਕੀ ਫਤਹ ਦੀ ਥਾਂ ਇਸ ਦਾ ਵਰਤਣਾ ਵਿਧਾਨ ਨਹੀਂ. ਦੇਖੋ, ਵਾਹਗੁਰੂ ਜੀ ਕੀ ਫਤਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਤਿ ਸ੍ਰੀ ਅਕਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਿ ਸ੍ਰੀ ਅਕਾਲ: ਇਹ ਉਕਤੀ ਖ਼ਾਲਸੇ ਦੇ ਜੈਕਾਰੇ ਦਾ ਉਤਰਾਰਧ ਹੈ। ਹਰ ਇਕ ਧਰਮ ਵਿਚ ਜੈਘੋਸ਼ ਕਰਨ ਵੇਲੇ ਕੋਈ ਨ ਕੋਈ ‘ਜੈਕਾਰਾ ’ ਪ੍ਰਚਲਿਤ ਰਿਹਾ ਹੈ, ਜਿਵੇਂ ਮੁਸਲਮਾਨਾਂ ਵਿਚ ‘ਅਲਾਹ ਹੂ ਅਕਬਰ’, ਹਿੰਦੂਆਂ ਵਿਚ ‘ਹਰਿ ਹਰ ਮਹਾਦੇਵ’ ਆਦਿ। ਇਸ ਪ੍ਰਕਾਰ ਦੇ ਜੈਕਾਰਿਆਂ ਨਾਲ ਸੈਨਿਕਾਂ ਦਾ ਉਤਸਾਹ ਵਧਾਇਆ ਜਾਂਦਾ ਸੀ। ਇਸ ਪਰੰਪਰਾਗਤ ਬਿਰਤੀ ਅਧੀਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖ਼ਾਲਸੇ ਲਈ ਜਿਸ ਜੈਕਾਰੇ ਦਾ ਵਿਧਾਨ ਕੀਤਾ, ਉਸ ਦਾ ਪੂਰਾ ਰੂਪ ਇਸ ਪ੍ਰਕਾਰ ਸੀ — ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਇਨ੍ਹਾਂ ਦੋ ਵਾਕਾਂਸ਼ਾਂ ਵਿਚੋਂ ਪਹਿਲਾ ਵਾਕਾਂਸ਼ ਕੋਈ ਸਿੰਘ ਉੱਚੀ ਸੁਰ ਵਿਚ ਬੋਲਦਾ ਹੈ ਅਤੇ ਦੂਜਾ ਵਾਕਾਂਸ਼ ਸਾਰਾ ਜੱਥਾ ਅਥਵਾ ਉਪਸਥਿਤ ਸਮਾਜ ਉੱਚੀ ਸੁਰ ਵਿਚ ਪੂਰਦਾ ਹੈ। ਇਸ ਦੀ ਵਰਤੋਂ ਸਸ਼ਸਤ੍ਰ ਅਤੇ ਨਿਸ਼ਸਤ੍ਰ ਦੋਹਾਂ ਤਰ੍ਹਾਂ ਦੇ ਸੰਘਰਸ਼ਾਂ ਵੇਲੇ ਕੀਤੀ ਜਾ ਸਕਦੀ ਹੈ। ‘ਸਸ਼ਸਤ੍ਰ’ ਸੰਘਰਸ਼ ਯੁੱਧ ਦਾ ਸੂਚਕ ਹੈ ਅਤੇ ‘ਨਿਸ਼ਸਤ੍ਰ’ ਸੰਘਰਸ਼ ਸ਼ਾਂਤਮਈ ਅੰਦੋਲਨ ਦਾ ਵਾਚਕ ਹੈ। ਗੁਰਦੁਆਰਾ ਸੁਧਾਰ ਲਹਿਰ ਵੇਲੇ ਨਿਸ਼ਸਤ੍ਰ ਸੰਘਰਸ਼ ਲਈ ਇਸ ਜੈਕਾਰੇ ਦੀ ਵਰਤੋਂ ਹੁੰਦੀ ਸੀ।

            ਪਰ ਹੁਣ ਸਿੱਖ ਸਮਾਜ ਵਿਚ ਇਸ ਵਾਕਾਂਸ਼ ਦੀ ਵਰਤੋਂ ਪਰਸਪਰ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫਤਹਿ ’ ਉਕਤੀ ਲਈ ਕੀਤੀ ਜਾ ਰਹੀ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ‘ਸਤਿ ਸ੍ਰੀ ਅਕਾਲ’ ਗੁਰਮਤਿ ਅਤੇ ਦਸਮ ਗੁਰੂ ਦੁਆਰਾ ਪ੍ਰਵਾਨਿਤ ਉਕਤੀ ਹੈ, ਪਰ ਇਸ ਦਾ ਮਰਯਾਦਿਤ ਪ੍ਰਯੋਗ ਜੈਕਾਰੇ ਨਾਲ ਸੰਬੰਧਿਤ ਹੈ। ਇਸ ਜੈਕਾਰੇ ਨੂੰ ਹੁਣ ਯੁੱਧ-ਕਰਮ ਕਰਨ ਵੇਲੇ ਤੋਂ ਇਲਾਵਾ ਦੀਵਾਨ ਦੀ ਸਮਾਪਤੀ ਸਮੇਂ , ਪ੍ਰਸਥਾਨ ਕਰਨ ਵੇਲੇ, ਝਟਕਾ ਕਰਨ ਸਮੇਂ, ਕਿਸੇ ਵਿਖਿਆਨ ਦੌਰਾਨ ਵਿਸ਼ੇਸ਼ ਕਥਨ ਦੀ ਸਰਾਹਨਾ ਕਰਨ ਵੇਲੇ, ਕਿਸੇ ਮਤੇ/ਗੁਰਮਤੇ ਦੀ ਪੁਸ਼ਟੀ ਕਰਨ ਸਮੇਂ ਵੀ ਵਰਤਿਆ ਜਾ ਰਿਹਾ ਹੈ। ਪਰਸਪਰ ਮਿਲਣ ਵੇਲੇ ਫਤਹਿ ਬੁਲਾਉਣ ਦਾ ਵਿਧਾਨ ਹੈ, ਪਰ ਫਤਹਿ ਵੀ ਪੂਰੀ ਉਕਤੀ ਦੇ ਉੱਚਾਰਣ ਰਾਹੀਂ ਸੰਪੰਨ ਕਰਨੀ ਚਾਹੀਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਤਿ ਸ੍ਰੀ ਅਕਾਲ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਿ ਸ੍ਰੀ ਅਕਾਲ : ‘ਸਤਿ ਸ੍ਰੀ ਅਕਾਲ’ ਅਸਲ ਵਿਚ ਸਿੱਖ ਧਰਮ ਦਾ ਜੈਕਾਰਾ, ਜਯ–ਕਾਰ, ਅਥਵਾ ਜਿਤ ਦੀ ਧੁਨੀ ਹੈ, ਜਿਸ ਦਾ ਸੰਪੂਰਣ ਰੂਪ ‘ਬੋਲੇ ਸੋ ਨਿਹਾਲ–ਸਤਿ ਸ੍ਰੀ ਅਕਾਲ ਹੈ’। ਸਿੱਖ ਧਰਮ ਦੀ ਸਥਾਪਨਾ ਸਮੇਂ ਭਾਰਤ ਵਿਚ ਦੋ ਵੱਡੇ ਧਰਮ ਸਨ ਜਿਨ੍ਹਾਂ ਦੇ ਯੁੱਧ–ਪਰਕ ਆਪਣੇ ਵੱਖਰੇ ਵੱਖਰੇ ਨਾਅਰੇ ਸਨ, ਜਿਵੇਂ ਹਿੰਦੂਆਂ ਦਾ ‘ਹਰਿ ਹਰਿ ਮਹਾਦੇਵ’ ਅਤੇ ਮੁਸਲਮਾਨਾਂ ਦਾ ‘ਅੱਲਾ ਹੂ ਅਕਬਰ’। ਅਸਲ ਵਿਚ ਹਰੇਕ ਕੌਮ ਦਾ ਯੁੱਧ–ਭੂਮੀ ਸੰਬੰਧੀ ਜਯਘੋਸ਼ ਦਾ ਆਪਣਾ ਵੱਖਰਾ, ਵਿਸ਼ੇਸ਼ ਤੇ ਉਤਸਾਹ–ਵਰਧਕ ਨਾਅਰਾ ਹੁੰਦਾ ਹੈ। ਉਪਰੋਕਤ ਨਾਅਰਿਆਂ ਦੇ ਸਮਾਨਾਂਤਰ ਇਹ ਜੈਕਾਰਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਚੱਲਿਤ ਕੀਤਾ ਗਿਆ ਅਤੇ ਜਿਸ ਦੀ ਵਰਤੋਂ ਸਸ਼ਤ੍ਰ ਅਤੇ ਨਿਸ਼ਸਤ੍ਰ ਦੋਹਾਂ ਤਰ੍ਹਾਂ ਦੇ ਯੁੱਧਾਂ ਸਮੇਂ ਕਰਨ ਦਾ ਆਦੇਸ਼ ਦਿੱਤਾ ਗਿਆ। ਹੁਣ ਇਸ ਦੀ ਵਰਤੋਂ ਸਿੱਖ ਜੱਥੇਬੰਦੀ ਦੇ ਕਈ ਪ੍ਰਕਾਰ ਦੇ ਸੰਘਰਸ਼ਾਂ ਅਤੇ ਮੋਰਚਿਆਂ ਦੇ ਅਵਸਰ ਤੇ ਆਮ ਕੀਤੀ ਜਾਂਦੀ ਹੈ। ਪਰ ਅੱਜ ਕੱਲ੍ਹ ਸਿੱਖ ਸਮਾਜ ਵਿਚ ਇਸ ਦੀ ਵਰਤੋਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਦੀ ਥਾਂ ਇਕ ਦੂਜੇ ਨੂੰ ਮਿਲਣ ਸਮੇਂ ਪ੍ਰਣਾਮ ਕਰਨ ਲਈ ਸਤਿਕਾਰ ਦੇ ਰੂਪ ਵਿਚ ਵੀ ਕਰ ਲਈ ਜਾਂਦੀ ਹੈ ਅਤੇ ਇਸ ਤਰ੍ਹਾਂ ਇਹ ਉਕਤੀ ‘ਵਾਹਿਗੁਰੂ ਫਤਹ’ ਦੀ ਸਥਾਨ–ਪੂਰਕ ਬਣਦੀ ਜਾ ਰਹੀ ਹੈ ਜੋ ਸਿੱਖ ਮਰਯਾਦਾ ਅਨੁਸਾਰ ਠੀਕ ਨਹੀਂ। ਕਿਉਂਕਿ ‘ਗਯਾਨ ਰਤਨਾਵਲੀ’ ਦੀ ਤੀਜੀ ਪਉੜੀ ਵਿਚ ਦਸਮ ਪਾਤਸ਼ਾਹ ਵੱਲੋਂ ਇਉਂ ਫੁਰਮਾਇਆ ਗਿਆ ਮੰਨਿਆ ਹੈ ਕਿ ਜੋ ਕੋਈ ਸਿੱਖ ਨੂੰ ਅੱਗੋਂ ‘ਵਾਹਿਗੁਰੂ ਜੀ ਕੀ ਫਤਹਿ’ ਬਲਾਉਂਦਾ ਹੈ ਉਸ ਵਲ ਮੇਰਾ ਸੱਜਾ ਮੋਢਾ ਹੁੰਦਾ ਹੈ, ਜੋ ਪਿੱਛੋਂ ਹੋਲੀ ਬੁਲਾਂਵਦਾ ਹੈ ਉਸ ਵਲ ਮੇਰਾ ਖੱਬਾ ਮੋਢਾ ਹੁੰਦਾ ਹੈ ਪਰ ਜੋ ਪਿੱਛੋਂ ਭੀ ਨਹੀਂ ਬੁਲਾਂਵਦਾ ਉਸ ਵਲ ਮੇਰੀ ਪਿੱਠ ਹੁੰਦੀ ਹੈ। ਇਸ ਤਰ੍ਹਾਂ ‘ਰਹਿਤਨਾਮਾ ਭਾਈ ਦੇਸਾ ਸਿੰਘ’ ਵਿਚ ਲਿਖਿਆ ਹੈ :

                   ’ਅਗੇ ਆਵਤ ਸਿੰਘ ਜੁ ਪਾਵੈ, ਵਾਹਗੁਰੂ ਕੀ ਫਤੈ ਬੁਲਾਵੈ।’

‘ਰਹਤਨਾਮਾ ਭਾਈ ਚੋਪਾ ਸਿੰਘ’ ਵਿਚ ਵੀ ਇਸ ਦੀ ਪੁਸ਼ਟੀ ਮਿਲ ਜਾਂਦੀ ਹੈ––“ਗੁਰੂ ਕੀ ਫਤੇ ਮਿਲਣੇ ਵਖਤ ਬੁਲਾਵੈ, ਸਿੱਖ ਕੋ ਦੇਖਕੇ ਪਹਿਲੇ ਫਤੇ ਬੁਲਾਏ, ਜੋ ਫਤੇ ਨਾ ਮੰਨੇ ਸੋ ਤਨਖਾਹੀਆ।”

          ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਜਦ ਕੋਈ ਸਿੰਘ ਕਿਸੇ ਦੂਜੇ ਸਿੰਘ ਨੂੰ ਮਿਲੇ ਤਾਂ ਗੱਜ ਕੇ ਫਤਹਿ ਬੁਲਾਵੇ ਪਰ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜਦ ਕੋਈ ਸਿੰਘ ਗੁਰਦਵਾਰੇ ਜਾਂ ਕਿਸੇ ਦੀਵਾਨ ਵਿਚ ਜਾਏ ਤਾਂ ਕਥਾ ਕੀਰਤਨ ਹੋਣ ਦੇ ਸਮੇਂ ਫਤਹਿ ਗੱਜ ਕੇ ਨਹੀਂ ਬੁਲਾਉਣੀ ਚਾਹੀਦੀ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੜੇ ਅਦਬ ਨਾਲ ਸਾਰੀ ਸੰਗਤ ਨੂੰ ਹੱਥ ਜੋੜ ਕੇ, ਪਰ ਚੁਪ ਰਹਿ ਕੇ ਫਤਹਿ ਬੁਲਾਉਣੀ ਚਾਹੀਦੀ ਹੈ।

          ਬੇਸ਼ਕ ‘ਸਤਿ ਸ੍ਰੀ ਅਕਾਲ’ ਵੀ ਗੁਰਮਤਿ ਦਾ ਹੀ ਵਾਕ ਹੈ ਪਰ ਗੁਰਮਤਿ ਵਿਚ ਮਿਲਣ ਦੇ ਅਵਸਰ ਤੇ ਫਤਹਿ ਬੁਲਾਉਣ ਦਾ ਹੁਕਮ ਹੈ ਕਿ ਨਾ ਕਿ ‘ਸਤਿ ਸ੍ਰੀ ਅਕਾਲ’ ਬੁਲਾਉਣ ਦਾ। ਰਵਾਇਤ ਅਨੁਸਾਰ ਯੁੱਧ ਤੋਂ ਇਲਾਵਾ ਇਸ ਜੈਕਾਰੇ ਨੂੰ ਦੀਵਾਨ ਦੀ ਸਮਾਪਤੀ ਸਮੇਂ, ਕਿਸੇ ਇਕ ਥਾਂ ਤੋਂ ਦੂਜੀ ਥਾਂ ਲਈ ਕੂਚ ਕਰਨ ਸਮੇਂ, ਝੱਟਕਾ ਕਰਨ ਸਮੇਂ, ਕਿਸੇ ਵਿਖਿਆਨ ਦੇ ਦੌਰਾਨ ਕਿਸੇ ਉਚੇਚੇ ਕਥਨ ਪ੍ਰਥਾਇ, ਅਤੇ ਕਿਸੇ ਮੱਤੇ ਦੀ ਪੁਸ਼ਟੀ ਸਮੇਂ ਵੀ ਵਰਤਿਆ ਜਾਂਦਾ ਹੈ। ਪਰ ਇੱਥੇ ਇਹ ਧਿਆਨ ਰੱਖਿਆ ਜਾਵੇ ਕਿ ਇੱਥੇ ਪੂਰਾ ਜੈਕਾਰਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਹੀ ਗਜਾਉਣਾ ਚਾਹੀਦਾ ਹੈ। ਕੇਵਲ ‘ਸਤਿ ਸ੍ਰੀ ਅਕਾਲ’ ਕਹਿਣ ਦੀ ਸਿੱਖ ਧਰਮ ਵਿਚ ਰੀਤ ਨਹੀਂ, ਇਹ ਕਿਸੇ ਸਿੰਘ ਦੇ ਅੱਧਾ ਨਾਂ ਲੈਣ ਵਾਂਗ ਮਨਮਤ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਫਤਹਿ ਦਾ ਬੋਲਾ ਵੀ ਅਧੂਰਾ ਨਹੀਂ ਵਰਤਣਾ ਚਾਹੀਦਾ ਸਗੋਂ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਹੀ ਬੁਲਾਉਣੀ ਚਾਹੀਦੀ ਹੈ।

[ਸਹਾ. ਗ੍ਰੰਥ––ਮ. ਕੋ.; ਗੁ. ਮਾ.; ਭਾਈ ਮਨੀ ਸਿੰਘ : ‘ਗਿਆਨ ਰਤਨਾਵਲੀ’; ‘ਸਿੱਖ ਰਹਤਨਾਮੇ’]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First