ਸਖਤ ਤਾਲੂ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਸਖਤ ਤਾਲੂ: ਉਚਾਰਨ ਧੁਨੀ ਵਿਗਿਆਨ ਵਿਚ ਉਚਾਰਨ ਅੰਗਾਂ ਨੂੰ ਅੱਗੋਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ ਸਥਾਨ। ਜਿਹੜੇ ਉਚਾਰਨ ਅੰਗ ਧੁਨੀਆਂ ਦੇ ਉਚਾਰਨ ਵੇਲੇ ਆਪਣੇ ਸਥਾਨ ਤੋਂ ਹਿਲ ਕੇ ਉਚਾਰਨ ਸਥਾਨਾਂ ਨਾਲ ਸੰਪਰਕ ਕਰਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ ਅਤੇ ਜਿਸ ਸਥਾਨ ਤੇ ਉਚਾਰਕ ਜਾ ਕੇ ਲਗਦੇ ਹਨ, ਉਨ੍ਹਾਂ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਉਚਾਰਕਾਂ ਵਿਚ ਜੀਭ ਇਕ ਮੁੱਖ ਉਚਾਰਕ ਹੈ ਅਤੇ ਉਪਰਲੇ ਦੰਦਾਂ ਤੇ ਬੁੱਟਾਂ ਤੋਂ ਲੈ ਕੇ ਸੰਘ ਤੱਕ ਇਕ ਗੁਬੰਦ ਵਰਗੀ ਸ਼ਕਲ ਵਾਲੇ ਭਾਗ ਨੂੰ ਤਾਲੂ ਕਿਹਾ ਜਾਂਦਾ ਹੈ। ਤਾਲੂ, ਉਚਾਰਨ ਸਥਾਨ ਹੈ ਜਿੱਥੇ ਜੀਭ ਦੇ ਵੱਖੋ ਵੱਖਰੇ ਭਾਗ ਉਸ ਨਾਲ ਸੰਪਰਕ ਪੈਦਾ ਕਰਦੇ ਹਨ। ਤਾਲੂ ਦੇ ਅਤੇ ਜੀਭ ਦੇ ਸੰਪਰਕ ਦੇ ਅਧਾਰ ’ਤੇ ਵਿਅੰਜਨ ਧੁਨੀਆਂ ਦੀ ਵਰਗ-ਵੰਡ ਕੀਤੀ ਜਾਂਦੀ ਹੈ। ਤਾਲੂ ਨੂੰ ਇਸ ਦੀ ਬਣਤਰ ਦੇ ਅਧਾਰ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਸਖਤ ਤਾਲੂ ਅਤੇ (ii) ਕੋਮਲ ਤਾਲੂ। ਸਖਤ ਤਾਲੂ ਅਤੇ ਕੋਮਲ ਤਾਲੂ ਦੀ ਪਛਾਣ ਲਈ ਜੇ ਇਕ ਉਂਗਲ ਨੂੰ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਤੋਂ ਲਗਾਤਾਰ ਸਰਕਾਇਆ ਜਾਵੇ ਤਾਂ ਅੱਧ ਤੋਂ ਪਿਛੋਂ ਉਂਗਲ ਤਾਲੂ ਵਿਚ ਖੁੱਭ ਜਾਵੇਗੀ। ਜਿਸ ਸਥਾਨ ਤੋਂ ਉਂਗਲ ਤਾਲੂ ਵਿਚ ਖੁੱਭਣੀ ਅਰੰਭ ਹੋ ਜਾਵੇ ਉਸ ਸਥਾਨ ਤੋਂ ਕੋਮਲ ਤਾਲੂ ਸ਼ੁਰੂ ਹੋ ਜਾਂਦਾ ਹੈ। ਤਾਲੂ ਦੇ ਇਨ੍ਹਾਂ ਦੋਹਾਂ ਹਿੱਸਿਆਂ ਦੀਆਂ ਧੁਨੀਆਂ ਦੇ ਉਚਾਰਨ ਵਿਚ ਇਕ ਖਾਸ ਮਹੱਤਤਾ ਹੈ। ਸਖਤ ਤਾਲੂ ਨਾਲ ਸਬੰਧਤ ਪੰਜਾਬੀ ਵਿਚ ਦੋ ਧੁਨੀ ਵਰਗ ਹਨ : ਉਲਟ-ਜੀਭੀ ਧੁਨੀਆਂ ਦਾ ਉਚਾਰਨ ਸਖਤ ਤਾਲੂ ਦੇ ਸਥਾਨ ’ਤੇ ਹੁੰਦਾ ਹੈ। ਜਦੋਂ ਜੀਭ ਦੀ ਨੋਕ ਪੁੱਠੀ ਹੋ ਕੇ ਇਸ ਨਾਲ ਖਹਿੰਦੀ ਜਾਂ ਸਪਰਸ਼ ਕਰਦੀ ਹੈ ਤਾਂ ਇਸ ਭਾਂਤ ਦੀਆਂ ਧੁਨੀਆਂ ਪੈਦਾ ਹੁੰਦੀਆਂ ਹਨ ਪੰਜਾਬੀ ਵਿਚ (ਟ, ਠ, ਡ, ਣ, ਲ, ੜ) ਇਸ ਵਰਗ ਦੀਆਂ ਧੁਨੀਆਂ ਹਨ। ਇਸ ਸਥਾਨ ’ਤੇ ਪੈਦਾ ਹੋਣ ਵਾਲੀਆਂ ਧੁਨੀਆਂ ਦਾ ਵਰਗ ਹੈ : ਤਾਲਵੀ ਧੁਨੀਆਂ। ਤਾਲਵੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਸਖਤ ਤਾਲੂ ਨਾਲ ਜੁੜਦਾ, ਖਹਿੰਦਾ ਜਾਂ ਸਪਰਸ਼ ਕਰਦਾ ਹੈ। ਪੰਜਾਬੀ ਵਿਚ (ਚ, ਛ, ਜ) ਇਸ ਵਰਗ ਦੀਆਂ ਡੱਕਵੀਆਂ ਧੁਨੀਆਂ (ਞ) ਨਾਸਕੀ (ਸ਼) ਸੰਘਰਸ਼ੀ ਅਤੇ (ਯ) ਅਰਧ ਸਵਰ ਧੁਨੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First