ਸਕੈਂਡੇਨੇਵੀਆ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Scandinavia (ਸਕੇਨਡਿਨੇਇਵਿਆ) ਸਕੈਂਡੇਨੇਵੀਆ: ਇਹ ਤਿੰਨ ਮੁਲਕਾਂ ਨਾਰਵੇ, ਸਵੀਡਨ ਅਤੇ ਡੈਨਮਾਰਕ ਦਾ ਗਠਜੋੜ ਹੈ ਜਿਹੜਾ ਭਾਸ਼ਾਵਾਂ, ਨਸਲ ਅਤੇ ਰਾਜਨੀਤਿਕ ਆਧਾਰਿਤ ਸਾਂਝਾ ਸੱਭਿਆਚਾਰਿਕ ਪਿਛੋਕੜ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸਕੈਂਡੇਨੇਵੀਆ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਕੈਂਡੇਨੇਵੀਆ: ਉੱਤਰੀ ਯੂਰਪ ਦੇ ਤਿੰਨ ਦੇਸ਼ਾਂ ਡੈਨਮਾਰਕ, ਸਵੀਡਨ ਅਤੇ ਨਾਰਵੇ ਨੂੰ ਮਿਲਾ ਕੇ ਸਕੈਂਡੇਨੇਵੀਆ ਦਾ ਨਾਂ ਦਿੱਤਾ ਗਿਆ ਹੈ। ਭਾਵੇਂ ਇਹ ਦੇਸ਼ ਇਤਿਹਾਸ ਅਨੁਸਾਰ ਕਦੇ ਵੀ ਇਕ ਰਾਜ ਅਧੀਨ ਨਹੀਂ ਰਹੇ ਪਰ ਰੀਤੀ, ਰਿਵਾਜਾਂ, ਬੋਲਚਾਲ ਅਤੇ ਸਾਂਝੇ ਹਿੱਤਾਂ ਦੇ ਪੱਖੋਂ ਇਕ ਸਦੀਵੀ ਸਾਂਝ ਮਹਿਸੂਸ ਕਰਦੇ ਰਹੇ ਹਨ। ਸਭਿਆਚਾਰਕ ਅਤੇ ਇਤਿਹਾਸਕ ਪੱਖ ਤੋਂ ਚੌਦਵੀਂ ਤੋਂ ਵੀਹਵੀਂ ਸਦੀ ਤੀਕ ਡੈਨਿਸ਼ ਰਾਜ ਦੇ ਅਧੀਨ ਆਈਸਲੈਂਡ ਨੂੰ ਵੀ ਇਨ੍ਹਾਂ ਕੌਮਾਂ ਦਾ ਹੀ ਹਿੱਸਾ ਸਮਝਿਆ ਜਾਂਦਾ ਹੈ ਅਤੇ ਉਨ੍ਹੀਵੀਂ ਸਦੀ ਤੋਂ ਛੇ ਸਦੀਆਂ ਪਹਿਲਾਂ ਫਿਨਲੈਂਡ ਵੀ ਰਾਜਨੀਤਿਕ ਪੱਖ ਤੋਂ ਸਵੀਡਨ ਦਾ ਹਿੱਸਾ ਹੀ ਰਿਹਾ ਹੈ। ਭੂਗੋਲਿਕ ਪੱਖ ਤੋਂ ਸਕੈਂਡੇਨੇਵੀਆ ਪ੍ਰਾਇਦੀਪ ਵਿਚ ਨਾਰਵੇ, ਸਵੀਡਨ ਅਤੇ ਕੁਝ ਹਿੱਸਾ ਫਿਨਲੈਂਡ ਦਾ ਹੀ ਸ਼ਾਮਲ ਹੈ ਜਦੋਂ ਕਿ ਡੈਨਿਸ਼ ਪ੍ਰਾਇਦੀਪ ਅਤੇ ਦੀਪ ਯੂਰਪ ਦੇ ਉੱਤਰੀ ਮੈਦਾਨ ਨਾਲ ਸਬੰਧ ਰਖਦੇ ਹਨ। (ਵਿਸਥਾਰ ਲਈ ਵੇਖੋ ਨਾਰਵੇ, ਸਵੀਡਨ ਅਤੇ ਫਿਨਲੈਂਡ) ਰਾਜਨੀਤਿਕ ਅਤੇ ਸਭਿਆਚਾਰਕ ਉੱਨਤੀ ਅਤੇ ਬੋਲੀਆਂ ਦੇ ਪੱਖੋਂ ਇਨ੍ਹਾਂ ਕੌਮਾਂ ਦੇ ਲੋਕਾਂ ਦਾ ਸਬੰਧ ਇਨ੍ਹਾਂ ਗੂੜ੍ਹਾ ਰਿਹਾ ਹੈ ਕਿ ਇਤਿਹਾਸ ਵਿਚ ਇਨ੍ਹਾਂ ਨੂੰ ਅਸੀਂ ਕਦੇ ਵੀ ਵੱਖ ਨਹੀਂ ਕਰ ਸਕਦੇ।
ਸਕੈਂਡੇਨੇਵੀਆਈ ਸਭਿਅਤਾ – ਖਿਆਲ ਕੀਤਾ ਜਾਂਦਾ ਹੈ ਕਿ ਜਦ ਹਿਮ-ਯੁੱਗ ਦੇ ਅੰਤ ਵਿਚ ਜਲਵਾਯੂ ਸਬੰਧੀ ਹਾਲਾਤ ਅਨੁਕੂਲ ਹੋਏ ਤਾਂ ਮਨੁੱਖ ਨੇ ਸਕੈਂਡੇਨੇਵੀਆ ਪ੍ਰਾਇਦੀਪ ਵਿਚ ਪ੍ਰਵੇਸ਼ ਕੀਤਾ ਪਰ ਇਸ ਦੇ ਸਮੇਂ ਬਾਰੇ ਬਹੁਤ ਮਤਭੇਦ ਹੈ, ਕਈ ਲੋਕ ਇਥੇ ਮਨੁੱਖੀ ਵਸੋ ਦਾ ਸਮਾਂ 10,000 ਈ. ਪੂ. ਅਤੇ ਕੋਈ 6,000 ਈ. ਪੂ. ਦਸਦੇ ਹਨ।
ਐਪੀਲੀਓਲਿਥਕ ਯੁੱਗ (ਪੂਰਾ-ਪੱਥਰ ਯੁੱਗ) – ਇਥੋਂ ਦੀ ਆਰੰਭਕ ਸਭਿਅਤਾ ਦਾ ਸਬੰਧ ਪੁਰਾ-ਪੱਥਰ ਯੁੱਗ ਨਾਲ ਹੈ ਜਿਸ ਦੀਆਂ ਡੈਨਮਾਰਕ ਵਿਚ ਦੋ ਵੱਖਰੀਆਂ ਵਿਵਸਥਾਵਾਂ ਵੇਖੀਆਂ ਜਾਂਦੀਆਂ ਹਨ। ਪਹਿਲੀ ਵਿਵਸਥਾ ਮੈਗਲੇਮੋਸ ਹੈ, ਜਿਸ ਵਿਚ ਮੱਛੇਰਿਆਂ ਦੀ ਪੀੜ੍ਹੀ ਸ਼ਾਮਲ ਹੈ ਜੋ ਬਾਲਟਿਕ ਸਾਗਰ ਦੇ ਕੰਢੇ ਉਤੇ ਜਿਹੜਾ ਉਸ ਵੇਲੇ ਐਨਸਾਇਕਲਸ ਝੀਲ ਸੀ, ਰਹਿੰਦੇ ਸਨ। ਇਸ ਸਮੇਂ ਦੇ ਹੱਡੀਆਂ, ਸਿੰਗਾਂ ਅਤੇ ਪੱਥਰਾਂ ਦੇ ਬਣੇ ਔਜ਼ਾਰ ਮਿਲਦੇ ਹਨ। ਦੂਜੀ ਵਿਵਸਥਾ ਜਿਸ ਨੂੰ ਐਰਟੇਬੋਲ ਆਖਦੇ ਹਨ, ਵਿਚ ਸਮੁੰਦਰ ਦੀ ਸਤ੍ਹਾ ਵਿਚ ਬਹੁਤ ਚੜਾਅ ਆਇਆ, ਜਿਸ ਨਾਲ ਬਾਲਟਿਕ ਸਾਗਰ ਭਰ ਗਿਆ। ਇਸ ਸਮੇਂ ਦੀਆਂ ਨਿਸ਼ਾਨੀਆਂ ਦੱਬੇ ਹੋਏ ਥੇਹਾਂ ਵਿਚੋਂ ਮਿਲਦੀਆਂ ਹਨ, ਜਿਨ੍ਹਾਂ ਵਿਚ ਘਰੇਲੂ ਬਰਤਨ ਅਤੇ ਕੰਘੇ ਆਦਿ ਮਿਲਦੇ ਹਨ। ਅਜਿਹੀਆਂ ਰਿਹਾਇਸ਼ਾਂ ਦਾ ਹੀ ਨਾਰਵੇ ਅਤੇ ਸਵੀਡਨ ਵਿਚ ਖਿਆਲ ਕੀਤਾ ਜਾਂਦਾ ਹੈ। ਇਸ ਸਮੇਂ ਖੇਤੀਬਾੜੀ ਦਾ ਕੋਈ ਚਿੰਨ੍ਹ ਨਹੀਂ ਮਿਲਦਾ।
ਨਵ-ਪੱਥਰ ਯੁੱਗ – ਇਸ ਯੁੱਗ ਦਾ ਗਿਆਨ ਇਸ ਸਮੇਂ ਦੀਆਂ ਕਬਰਾਂ ਅਤੇ ਝੌਂਪੜੀਆਂ ਤੋਂ ਪ੍ਰਾਪਤ ਕੀਤਾ ਗਿਆ ਹੈ। ਇਹ ਕਬਰਾਂ ਗਾਰੇ ਮਿੱਟੀ ਦੀਆਂ ਬਣੀਆਂ ਹੋਈਆਂ ਹਨ ਪਰ ਬਹੁਤੀਆਂ ਪੱਥਰ ਦੀਆਂ ਹੀ ਹਨ। ਇਕ ਹੀ ਕਬਰ ਵਿਚ ਕਈ ਆਦਮੀਆਂ ਦੇ ਪਿੰਜਰ ਮਿਲੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀਆ ਘਰੇਲੂ ਵਰਤੋਂ ਦੀਆਂ ਚੀਜ਼ਾਂ ਕੁਹਾੜੀ, ਖੇਡਾਂ, ਚਾਕੂ ਆਦਿ ਵੀ ਮਿਲੇ ਹਨ। ਕਈ ਇਕੱਲੇ ਆਦਮੀਆਂ ਦੀਆਂ ਕਬਰਾਂ ਵੀ ਮਿਲਦੀਆਂ ਹਨ। ਇਸੇ ਸਮੇਂ ਦੇ ਹੀ ਪਾਲਤੂ ਜਾਨਵਰਾਂ ਜਿਵੇਂ ਘੋੜੇ, ਭੇਡਾਂ, ਗਧੇ ਅਤੇ ਕੁੱਤਿਆਂ ਦੇ ਪਿੰਜਰ ਵੀ ਮਿਲਦੇ ਹਨ। ਇਸ ਸਮੇਂ ਵਿਚ ਖੇਤੀ ਕਰਨ ਦੀਆਂ ਕਈ ਨਿਸ਼ਾਨੀਆਂ ਵੀ ਮਿਲਦੀਆਂ ਹਨ। ਇਸ ਸਮੇਂ ਵਿਚ ਖੇਤੀ ਕਰਨ ਦੀਆਂ ਕਈ ਨਿਸ਼ਾਨੀਆਂ ਵੀ ਮਿਲਦੀਆਂ ਹਨ, ਇਹ ਵੀ ਯਕੀਨ ਕੀਤਾ ਜਾਂਦਾ ਹੈ ਕਿ ਇਹ ਲੋਕ ਆਪਸ ਵਿਚ ਵਟਾਂਦਰੇ ਦਾ ਕੰਮ ਵੀ ਕਰਦੇ ਸਨ ਕਿਉਂਕਿ ਕਈ ਸਕੈਂਡੇਨੇਵੀਆਂ ਦੀਆਂ ਬਣੀਆਂ ਚੀਜ਼ਾਂ ਬਰਤਾਨੀਆਂ ਵਿਚ ਪਾਈਆਂ ਜਾਂਦੀਆਂ ਹਨ। ਇਸ ਸਮੇਂ ਦੀਆਂ ਬਹੁਤੀਆਂ ਚੀਜ਼ਾਂ ਮੈਗਾਲਿਥਿਕ ਕਾਰੀਗਰਾਂ ਦੀਆਂ ਬਣੀਆਂ ਹੋਈਆਂ ਹਨ।
ਨਵ-ਪੱਥਰ ਅਤੇ ਕਾਂਸੀ ਯੁੱਗਾਂ ਦਾ ਮੱਧ – ਪ੍ਰੋਫ਼ੈਸਰ ਗੋਰਡਨ ਸਕੈਂਡੇਨੇਵੀਆ ਵਿਚ ਨਵ-ਪੱਥਰ ਯੁੱਗ ਦੇ ਸਮੇਂ ਨੂੰ ਚਾਰ ਕਾਲਾਂ ਵਿਚ ਵੰਡਦਾ ਹੈ: ਡੋਲਮਨ ਕਾਲ (2500-2200 ਈ. ਪੂ. ) , ਪੈਸੇਜਰਾਰੇਵ ਕਾਲ (2200-1650 ਈ. ਪੂ.), ਲਾਗ ਸਟੋਨ ਸਿਸਟਕਾਲ (1650-1500 ਈ. ਪੂ.) ਅਤੇ ਚੌਥੇ ਕਾਲ ਨੂੰ ਉਹ ਕਾਂਸੀ ਯੁੱਗ ਆਖਦਾ ਹੈ ਜਿਸ ਵਿਚ ਤਾਂਬੇ ਅਤੇ ਕਾਂਸੀ ਦੀਆਂ ਸੂਈਆਂ ਅਤੇ ਸੋਨੇ ਦੀਆਂ ਵਾਲੀਆਂ ਵੀ ਬਣਾਈਆਂ ਗਈਆਂ। ਮੌਨਟੇਲੀਅਸ ਕਾਂਸੀ ਯੁੱਗ ਨੂੰ ਨਿਮਨ ਦੋ ਭਾਗਾਂ ਵਿਚ ਵੰਡਦਾ ਹੈ: - ਪਹਿਲਾ ਕਾਂਸੀ ਯੁੱਗ – ਇਸ ਯੁੱਗ ਵਿਚ ਧਾਤਾਂ ਦੀਆਂ ਵੰਨਗੀਆਂ ਉੱਤਰੀ ਯੂਰਪ ਨਾਲ ਮਿਲਦੀਆਂ ਸਨ। ਇਸ ਯੁੱਗ ਦੇ ਵਿਸ਼ੇਸ਼ ਔਜ਼ਾਰ ਕੁਹਾੜੀ, ਭਾਲਾ, ਖੰਜਰ ਅਤੇ ਤਲਵਾਰ ਸਨ, ਜਿਨ੍ਹਾਂ ਵਿਚੋਂ ਬਹੁਤੇ ਪੱਥਰ ਦੇ ਬਣੇ ਹੋਏ ਸਨ। ਜ਼ੇਵਰਾਂ ਦੇ ਵਿਚ ਮੁੰਦਰੀ, ਕੰਗ਼ਣ, ਕਲਿੱਪ ਅਤੇ ਲਮਕਦੇ ਗਹਿਣੇ ਵਧੇਰੇ ਪ੍ਰਚਲਤ ਸਨ। ਇਨ੍ਹਾਂ ਜ਼ੇਵਰਾਂ ਤੇ ਕਢਾਈ ਕੀਤੀ ਹੁੰਦੀ ਸੀ। ਜੋ ਚੀਜ਼ਾਂ ਲੱਭੀਆਂ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਵੇਲੇ ਸਕੈਂਡੇਨੇਵੀਆ ਦੇ ਦੱਖਣ ਵਿਚ ਵੀ ਵੱਸੋਂ ਸੀ। ਮੁਰਦਿਆਂ ਨੂੰ ਅਣਜਲਾਏ ਹੀ ਪੱਥਰ ਜਾਂ ਲਕੜੀ ਦੇ ਕਫ਼ਨ ਵਿਚ ਦੱਬਿਆ ਜਾਂਦਾ ਸੀ। ਕਈ ਵਾਰ ਦਰਖ਼ਤ ਦੇ ਖ਼ੋਲ ਵਿਚ ਪਾ ਕੇ ਦੱਬ ਦਿੱਤਾ ਜਾਂਦਾ ਸੀ ਜਿਸ ਵਿਚ ਉਸ ਦੀਆਂ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਵੀ ਨਾਲ ਰਖੀਆਂ ਜਾਂਦੀਆਂ ਸਨ। ਪਿਛਲਾ ਕਾਂਸੀ ਯੁੱਗ – ਇਸ ਕਾਲ ਵਿਚ ਮ੍ਰਿਤਕ ਦੇ ਦਾਹ–ਸੰਸਕਾਰ ਦੀ ਰਸਮ ਵੀ ਚਾਲੂ ਕੀਤੀ ਗਈ ਮ੍ਰਿਤਕ ਦੀਆਂ ਜਲੀਆਂ ਹੱਡੀਆਂ ਨੂੰ ਕਿਸੇ ਬਰਤਨ ਵਿਚ ਪਾ ਕੇ ਦਬਾ ਦਿੱਤਾ ਜਾਂਦਾ ਸੀ। ਇਸ ਸਮੇਂ ਵਿਚ ਔਜ਼ਾਰ ਅਤੇ ਜ਼ੇਵਰਾਂ ਦੀ ਬਣਾਵਟ ਵਿਚ ਸੁਹਜ ਤੇ ਸਜਾਵਟ ਬਹੁਤ ਵੱਧ ਗਈ। ਘਰੇਲੂ ਵਰਤੋਂ ਲਈ ਵੀ ਕਾਂਸੀ ਦੇ ਬਰਤਨ ਬਣਾਉਂਣੇ ਸ਼ੁਰੂ ਕਰ ਦਿੱਤੇ ਗਏ ਸਨ। ਇਸ ਸਮੇਂ ਲੋਹੇ ਦੇ ਭਾਂਡੇ ਬਣਨੇ ਵੀ ਸ਼ੁਰੂ ਹੋ ਚੁਕੇ ਸਨ।
ਇਸ ਸਮੇਂ ਦੇ ਪੱਥਰਾਂ ਉੱਤੇ ਲੜਾਈ, ਕਾਸ਼ਤਕਾਰੀ ਅਤੇ ਸਮੁੰਦਰ ਦੇ ਚਿੱਤਰਾਂ ਦੀ ਖੁਦਾਈ ਮਿਲਦੀ ਹੈ। ਭਾਵੇਂ ਸਕੈਂਡੇਨੇਵੀਆ ਸਦਾ ਹੀ ਰੋਮਨ ਸਾਮਰਾਜ ਤੋਂ ਬਾਹਰ ਰਿਹਾ ਹੈ ਪਰ ਇਸ ਸਮੇਂ ਰੋਮਨਾ ਦਾ ਪ੍ਰਭਾਵ ਇਥੋਂ ਲੱਭਣ ਵਾਲੀਆਂ ਚੀਜ਼ਾਂ ਤੋਂ ਸਪੱਸ਼ਟ ਨਜਰ ਆਉਂਦਾ ਹੈ। ਇਥੋਂ ਦੀਆਂ ਦਲਦਲਾਂ ਵਿਚੋਂ ਰੋਮਨ – ਸਿੱਕੇ ਤੇ ਹੋਰ ਔਜ਼ਾਰ ਵੀ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਰੋਮਨਾਂ ਨਾਲ ਵਪਾਰਕ ਸਬੰਧ ਵੀ ਚੰਗਾ ਰਿਹਾ ਹੈ। ਇਸ ਸਮੇਂ ਦੀ ਇਕ 23 ਮੀ. ਲੰਬੀ ਬਾਲੂਤ ਦੀ ਬਣੀ ਕਿਸ਼ਤੀ ਵੀ ਮਿਲੀ ਹੈ। ਪਰਵਾਸ ਯੁੱਗ – ਰੋਮਨ ਅਤੇ ਪੱਛਮੀ ਸਾਮਰਾਜਾਂ ਦੀ ਜਦੋਜਹਿਦ ਤੋਂ ਬਾਅਦ ਸਕੈਂਡੇਨੇਵੀਆ ਸਭਿਅਤਾ ਨੇ ਟਿਊਟਨੀ ਸਭਿਅਤਾ ਦੇ ਸਬੰਧ ਵਿਚ ਹੀ ਉੱਨਤੀ ਕੀਤੀ। ਇਸ ਯੁੱਗ ਦੀ ਜਾਣਕਾਰੀ ਵੀ ਇਥੋਂ ਦੇ ਮ੍ਰਿਤਕਾਂ ਨੂੰ ਦੱਬਣ ਅਤੇ ਫੂਕਣ ਦੀਆਂ ਰਸਮਾਂ ਤੋਂ ਹੀ ਪ੍ਰਾਪਤ ਕੀਤੀ ਗਈ ਹੈ। ਇਸ ਸਮੇਂ ਘਰੇਲੂ ਬਰਤਨ, ਗਹਿਣੇ ਅਤੇ ਔਜ਼ਾਰਾਂ ਦੀ ਬਣਾਵਟ ਵਿਚ ਬਹੁਤ ਅੰਤਰ ਆ ਗਿਆ ਸੀ ਅਤੇ ਗਹਿਣਿਆਂ ਲਈ, ਕਾਂਸੀ, ਚਾਂਦੀ ਅਤੇ ਸੋਨਾ ਵੀ ਵਰਤਿਆ ਜਾਂਦਾ ਸੀ। ਤਲਵਾਰ ਅਤੇ ਢਾਲ ਇਥੋਂ ਦੇ ਮਹੱਤਵਪੂਰਨ ਹਥਿਆਰ ਸਨ। ਇਸ ਸਮੇਂ ਦੇ ਲਕੜੀ ਅਤੇ ਸ਼ੀਸ਼ੇ ਦੇ ਬਰਤਨ ਵੀ ਵੇਖਣ ਵਿਚ ਆਉਂਦੇ ਹਨ। ਵਾਈਕਿੰਗ ਯੁੱਗ – ਅੱਠਵੀ ਤੋਂ ਦੱਸਵੀਂ ਸਦੀ ਨੂੰ ਸਮੁੰਦਰੀ ਧਾੜਵੀਆਂ ਦਾ ਸਮਾਂ ਆਖਿਆ ਜਾਂਦਾ ਹੈ। ਇਹ ਲੋਕ ਜਦੋਂ ਆਪਸ ਦੇ ਝਗੜਿਆਂ ਤੋਂ ਮੁਕਤ ਹੋ ਗਏ ਤਾਂ ਇਨ੍ਹਾਂ ਨੇ ਸਮੁੰਦਰੀ ਸਰਹੱਦਾਂ ਉੱਤੇ ਧਾਵੇ ਕਰਨ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਇਨ੍ਹਾਂ ਨੇ ਲੁੱਟਮਾਰ ਹੀ ਸ਼ੁਰੂ ਕੀਤੀ ਸੀ ਪਰ ਬਾਅਦ ਵਿਚ ਇੰਗਲੈਂਡ, ਉੱਤਰੀ ਫ਼ਰਾਂਸ, ਆਇਰਲੈਂਡ, ਸਕਾਟਲੈਂਡ ਫਾਰੋਅ, ਸ਼ੱਟਲੈਂਡ, ਸਿਸਲੀ , ਰੂਸ, ਆਈਸਲੈਂਡ ਅਤੇ ਗ੍ਰੀਨਲੈਂਡ ਅੰਦਰ ਆਪਣੀਆਂ ਬਸਤੀਆਂ ਵੀ ਵਸਾ ਲਈਆਂ। ਇਨ੍ਹਾਂ ਨੇ ਲਗਭਗ ਸਾਰੇ ਯੂਰਪ ਤੇ ਹਮਲੇ ਕੀਤੇ ਅਤੇ ਕੋਚਕ ਅਤੇ ਉੱਤਰੀ ਅਫ਼ਰੀਕਾ ਵਿਚ ਵੀ ਆਪਣਾ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਇਸ ਯੁੱਗ ਵਿਚ ਜੋ ਅੰਤਰ ਖਾਸ ਵੇਖਣ ਵਿਚ ਆਇਆ ਉਹ ਇਹ ਸੀ ਕਿ ਬੇਸ਼ੁਮਾਰ ਕਿਸ਼ਤੀਆਂ ਅਤੇ ਜਹਾਜ਼ ਬਣਾਏ ਗਏ। ਇਸ ਸਮੇਂ ਦੇ ਵਿਸ਼ੇਸ਼ ਲੜਾਕਾ ਜਹਾਜ਼ ਅਤੇ ਸ਼ਾਹੀ ਜਹਾਜ਼ ਮਿਲੇ ਹਨ। ਲੜਾਕੇ ਜਹਾਜ਼ ਵਿਚ ਹਥਿਆਰ ਅਤੇ ਘੋੜੇ ਸਨ ਜਦੋਂ ਕਿ ਸ਼ਾਹੀ ਜਹਾਜ਼ ਵਿਚ ਰਾਣੀ ਦੀ ਸੇਜ ਤੇ ਉਸ ਦੇ ਸ਼ਿੰਗਾਰ ਦਾ ਸਮਾਨ ਸੀ। ਲੜਾਈ ਤੋਂ ਇਲਾਵਾ ਵਾਈਕਿੰਗਜ਼ ਦਾ ਮੁੱਖ ਕਿੱਤਾ ਖੇਤੀ ਕਰਨਾ ਸੀ, ਜਿਸ ਵਿਚ ਇਹ ਬਾਹਰਲੇ ਗੁਲਾਮਾਂ ਨੂੰ ਵਰਤਦੇ ਸਨ। ਜਦ ਤਕ ਦੇਵੀਪੂਜਾ (1000 ਈ.) ਰਹੀ, ਮ੍ਰਿਤਕ ਨੂੰ ਦੱਬਣ ਅਤੇ ਫੂਕਣ ਦਾ ਰਿਵਾਜ ਵੀ ਚਲਦਾ ਰਿਹਾ ਪਰ ਈਸਾਈ ਮੱਤ ਫੈਲਣ ਨਾਲ ਦੱਬਣ ਦਾ ਰਿਵਾਜ ਹੀ ਬਾਕੀ ਰਹਿ ਗਿਆ। ਇਸ ਸਮੇਂ ਕਈ ਵੇਰ ਤਾਂ ਮ੍ਰਿਤਕ ਨੂੰ ਜਹਾਜ਼ ਜਾਂ ਕਿਸ਼ਤੀ ਵਿਚ ਹੀ ਦੱਬ ਦਿੱਤਾ ਜਾਂਦਾ ਸੀ। ਇਸ ਯੁੱਗ ਨੇ ਦੂਜੀ ਉੱਨਤੀ ਸ਼ਾਨਦਾਰ ਹਥਿਆਰ ਬਣਾਉਣ ਵਿਚ ਵੀ ਕੀਤੀ। ਇਨ੍ਹਾਂ ਨੇ ਹਥਿਆਰ ਤਾਂ ਆਪਣੇ ਪੁਰਾਣੇ ਹੀ ਰੱਖੇ ਪਰ ਇਨ੍ਹਾਂ ਦੀ ਬਣਤਰ ਤੇ ਸਜਾਵਟ ਵਿਚ ਬਾਹਰਲੇ ਪ੍ਰਭਾਵ ਕਰਕੇ ਬਹੁਤ ਅੰਤਰ ਆ ਗਿਆ।
ਸਕੈਂਡੇਨੇਵੀਆਈ ਭਾਸ਼ਾਵਾਂ – ਇੰਡੋ ਯੂਰਪੀ ਪਰਿਵਾਰ ਦੀਆਂ ਉਨ੍ਹਾਂ ਜਰਮਨ-ਭਾਸ਼ਾਵਾਂ ਜੋ ਸਕੈਂਡੇਨੇਵੀਆਈ ਦੇਸ਼ਾਂ ਵਿਚ ਬੋਲੀਆਂ ਅਤੇ ਲਿਖੀਆਂ ਜਾਂਦੀਆਂ ਹਨ ਨੂੰ ਆਮ ਕਰ ਕੇ ਸਕੈਂਡੇਨੇਵੀਆਈ ਭਾਸ਼ਾਵਾਂ ਦਾ ਨਾਂ ਦਿੱਤਾ ਜਾਂਦਾ ਹੈ। ਸਕੈਂਡੇਨੇਵੀਆਈ ਵਿਚ ਛੇ ਵੱਖਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ: ਡੈਨਿਸ਼ ਭਾਸ਼ਾ (ਡੈਨਮਾਰਕ ਵਿਚ), ਫਾਰੋਅ ਭਾਸ਼ਾ (ਫਾਰੋਅ ਦੀਪਾਂ ਵਿਚ), ਆਈਸਲੈਂਡਿਕ ਭਾਸ਼ਾ (ਆਈਸਲੈਂਡ ਵਿਚ), ਸਵੀਡਿਸ਼ ਭਾਸਾ (ਸਵੀਡਨ ਅਤੇ ਫਿਨਲੈਂਡ ਦੇ 10% ਲੋਕਾਂ ਵਿਚ), ਨਾਰਵੇਜੀਅਨ ਭਾਸ਼ਾ (ਜੋ ਅੱਗੇ ਦੋ ਭਾਸ਼ਾਵਾਂ ਡੈਨੋ-ਨਾਰਵੇਜੀਅਨ ਅਤੇ ਨਿਊ ਨੋਰਸ ਵਿਚ ਵੰਡੀ ਜਾਂਦੀ ਹੈ)। ਸਕੈਂਡੇਨੇਵੀਆ ਤੋਂ ਬਾਹਰ ਡੇਨਿਸ਼ ਉੱਤਰੀ ਜਰਮਨੀ ਅਤੇ ਸਵੀਡਿਸ਼-ਐਸਥੋਨੀਆ ਅਤੇ ਪਰਵਾਸੀਆਂ ਦੁਆਰਾ ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚ ਬੋਲੀ ਜਾਂਦੀ ਹੈ। ਇਨ੍ਹਾਂ ਸਾਰਿਆਂ ਦੇਸ਼ਾਂ ਵਿਚ ਸਾਰੀਆਂ ਹੀ ਬੋਲੀਆਂ ਵਿਚ ਇਲਾਕਾਈ ਅਤੇ ਸ਼੍ਰੇਣੀ ਉਪ-ਭਾਸ਼ਾ ਵੀ ਆਮ ਕਰ ਕੇ ਮਿਲਦੀ ਹੈ। ਸ਼ਹਿਰੀਆਂ ਦੀ ਬੋਲੀ ਜ਼ਿਅਦਾ ਲਿਖਤ ਨਾਲ ਮਿਲਦੀ ਹੈ ਪਰ ਇਨ੍ਹਾਂ ਦੀ ਮਜ਼ਦੂਰ ਸ਼੍ਰੇਣੀ ਵਿਚ ਇਹ ਬਹੁਤ ਭੱਦੀ ਅਤੇ ਓਪਰੀ ਤਰ੍ਹਾਂ ਬੋਲੀ ਜਾਂਦੀ ਹੈ। ਇਥੋਂ ਤਕ ਕਿ ਹਰ ਸ਼ਹਿਰ ਵਿਚ ਬੋਲਣ ਦਾ ਅੰਦਾਜ਼ ਬਦਲਦਾ ਰਹਿੰਦਾ ਹੈ। ਪੇਂਡੂਆਂ ਦੀ ਬੋਲੀ ਸਾਧਾਰਣ ਅਤੇ ਮਿੱਠੀ ਹੈ ਪਰ ਲਿਖਤ ਤੋਂ ਬਹੁਤ ਦੂਰ ਹੈ। ਬੋਲੀ ਦਾ ਫ਼ਰਕ ਭਾਵੇਂ ਪੁਰਾਤਨ ਸਮੇਂ ਤੋ ਹੀ ਰਿਹਾ ਹੈ ਪਰ ਇਹ ਫ਼ਰਕ ਈਸਾਈ ਮੱਤ ਦੇ ਲਾਤੀਨੀ ਭਾਸ਼ਾ ਵਿਚ ਵਿਖਿਆਨ ਕਰਨ ਸਮੇਂ ਹੀ ਪ੍ਰਤੱਖ ਰੂਪ ਵਿਚ ਆਇਆ ਹੈ। ਬਾਰ੍ਹਵੀਂ ਤੇ ਤੇਰ੍ਹਵੀਂ ਸਦੀ ਦੀ ਇਨ੍ਹਾਂ ਬੋਲੀਆਂ ਦੀ ਹੱਥਲਿਖਤ ਵੀ ਮਿਲਦੀ ਹੈ ਅਤੇ ਇਸ ਸਮੇਂ ਨੂੰ ਇਨ੍ਹਾਂ ਭਾਸ਼ਾਵਾਂ ਦਾ ਪੁਰਾਤਨ ਸਮਾਂ ਆਖਦੇ ਹਨ। ਸੰਨ 1350 ਤਕ ਦਾ ਸਮਾਂ ਇਨ੍ਹਾਂ ਭਾਸ਼ਾਵਾਂ ਦਾ ਅਸਥਾਈ ਸਮਾਂ ਸਮਝਿਆ ਜਾਂਦਾ ਹੈ ਜਿਸ ਵਿਚ ਅਨੇਕਾਂ ਤਬਦੀਲੀਆਂ ਵੇਖਣ ਵਿਚ ਆਈਆਂ। ਸਕੈਂਡੇਨੇਵੀਆ ਦੀਆਂ ਭਾਸ਼ਾਵਾਂ ਦਾ ਆਧੁਨਿਕ ਕਾਲ 16ਵੀਂ ਸਦੀ ਦੇ ਅੱਧ ਵਿਚ ਸੁਧਾਰ ਸਮੇਂ ਤੋ ਗਿਣਿਆ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਤਿੰਨ ਨਵੀਆਂ ਕਿਸਮਾਂ ਹੋਂਦ ਵਿਚ ਆਈਆਂ: ਫਾਰੋਅ (1850), ਨਿਊ ਨੋਰਸ (1853, ਡੈਨੋਨਾਰਵੇਜੀਅਨ ਅੰਤ 19ਵੀਂ ਸਦੀ), ਆਈਸਲੈਂਡਿਕ ਅਤੇ ਕਿਸੇ ਹੱਦ ਤਕ ਫਾਰੋਅ ਆਮ ਸਕੈਂਡੇਨੇਵੀਆਈ ਕਾਲ ਵਿਚ ਅਜਿਹੀਆਂ ਭਾਸ਼ਾਵਾਂ ਰਹੀਆਂ ਹਨ ਜਿਨ੍ਹਾਂ ਨੇ ਵਿਆਕਰਣ ਅਤੇ ਸ਼ਬਦਾਵਲੀ ਉਤੇ ਜ਼ਿਆਦਾ ਜ਼ੋਰ ਦਿੱਤਾ ਅਤੇ ਸਿੱਟੇ ਵਜੋਂ ਸਹਿਜੇ ਸਹਿਜੇ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਇਹ ਹਰਮਨ ਪਿਆਰੀਆਂ ਨਾ ਬਣ ਸਕੀਆਂ ਪਰ ਫਿਰ ਵੀ ਇਕ ਤਰਾਂ ਨਾਲ ਇਨ੍ਹਾ ਸਾਰੀਆਂ ਭਾਸ਼ਾਵਾਂ ਨੇ ਇਕ ਸਾਂਝੀ ਉੱਨਤੀ ਕੀਤੀ ਹੈ। ਇਹੋ ਕਾਰਨ ਹੈ ਕਿ ਇਸ ਪ੍ਰਾਇਦੀਪ ਦੇ ਲੋਕਾਂ ਦੇ ਬਹੁਤ ਸਾਰੇ ਸ਼ਬਦ ਸਾਂਝੇ ਹੀ ਹਨ ਅਤੇ ਇਹ ਸਲੋਕ ਆਸਾਨੀ ਨਾਲ ਇਕ ਦੂਜੇ ਦੀ ਭਾਸ਼ਾ ਬੋਲਣ ਅਤੇ ਲਿਖਣ ਦੇ ਸਮਰੱਥ ਹਨ। ਧੁਨੀ ਦੇ ਪੱਖ ਤੋਂ ਡੈਨਿਸ਼ ਦਾ ਬਾਕੀ ਬੋਲੀਆਂ ਨਾਲੋਂ ਕਾਫ਼ੀ ਅੰਤਰ ਹੈ।
ਸਕੈਂਡੇਨੇਵੀਆਈ ਕਲਾ – ਸਕੈਂਡੇਨੇਵੀਆ ਦੀ ਕਲਾ ਦਾ ਇਤਿਹਾਸ ਹਿਮ–ਯੁੱਗ ਦੇ ਸਮਾਪਤ ਹੋਣ ਦੇ ਸਮੇਂ ਤੋਂ ਚਟਾਨਾਂ ਉੱਤੇ ਉਕਰੇ ਚਿੱਤਰਾਂ ਨਾਲ ਸ਼ੁਰੂ ਹੁੰਦਾ ਹੈ। ਇਸ ਦੇਸ਼ ਦੀ ਕਲਾ ਵਿਚ ਸ਼ਿਕਾਰੀਆਂ ਅਤੇ ਮਛੇਰਿਆਂ ਨੇ ਕਾਫ਼ੀ ਹਿੱਸਾ ਪਾਇਆ ਹੈ। ਦੱਖਣੀ ਯੂਰਪ ਵਿਚ ਬਰਫ਼ ਹਟਣ ਨਾਲ ਇਹ ਲੋਕ ਸ਼ਿਕਾਰ ਦੀ ਭਾਲ ਵਿਚ ਉੱਤਰ ਵੱਲ ਚਲੇ ਗਏ ਅਤੇ ਚਟਾਨੀ ਉਕਰਾਈ ਦੀ ਮੈਗਡੇਲੈਨੀ ਸ਼ੈਲੀ ਇਹ ਆਪਣੇ ਨਾਲ ਲੈ ਗਏ ਸਨ। ਇਨ੍ਹਾਂ ਦੀ ਚਟਾਨੀ ਉਕਰਾਈ ਵਿਚ ਪਸ਼ੂਆਂ ਅਤੇ ਆਦਮੀਆਂ ਦੇ ਸਜੀਵ ਚਿੱਤਰ ਮਿਲਦੇ ਹਨ। ਇਹ ਪੱਥਰ ਚਿੱਤਰ ਕਾਂਸੀ ਯੁੱਗ ਤਕ ਚਲਦੇ ਰਹੇ। ਕਾਂਸੀ ਯੁੱਗ ਦੇ ਚਿੱਤਰ ਦੱਖਣ ਵਿਚ ਖ਼ਾਸ ਕਰ ਕੇ ਓਸਲੋ ਅਤੇ ਯਟੈਬਾਰੀ ਦੇ ਜ਼ਿਲ੍ਹਿਆਂ ਵਿਚਕਾਰ ਵਧੇਰੇ ਮਿਲਦੇ ਹਨ। ਇਹ ਚਟਾਨੀ ਉਕਰਾਈਆਂ ਮਨੁੱਖੀ ਸਰਗਰਮੀਆਂ ਦੇ ਵਿਸ਼ਾਲ ਖੇਤਰ ਦੀ ਪ੍ਰਤਿਨਿਧਤਾ ਕਰਦੀਆਂ ਹਨ ਜਿਵੇਂ ਜਹਾਜ਼ਾਂ, ਬਰਫ਼-ਰੇੜ੍ਹੀਆਂ, ਘੋੜ-ਸਵਾਰਾਂ, ਲੜਾਈ ਦੇ ਨਜ਼ਾਰੇ, ਭੌਂ-ਵਹਾਈ, ਪਸ਼ੂ ਚਾਰਨਾ, ਹਥਿਆਰ ਆਦਿ। ਲਗਭਗ 1000 ਈ. ਪੂ. ਦੇ ਸਮੇਂ ਦੀ ਮਿਲੀ ਕਾਂਸੀ ਵਿਚ ਉਕਰੀ ਇਕ ਸੂਰਜ ਦੀ ਟਿੱਕੀ ਨੂੰ ਰੱਬ ਅਤੇ ਘੋੜੇ ਦੁਆਰਾ ਖਿਚਦਿਆਂ ਦਿਖਾਇਆ ਗਿਆ ਹੈ। ਕਲਾ ਦਾ ਇਹ ਅਦਭੁਤ ਨਮੂਨਾ ਕੋਪਨ-ਹੈਗਨ ਦੇ ਅਜਾਇਬ ਘਰ ਵਿਚ ਸੁਰੱਖਿਅਤ ਹੈ। ਇਸ ਉਪਰੰਤ ਲਗਭਗ 500 ਈ. ਪੂ. ਤੋਂ ਮਗਰੋਂ ਕਲਾ ਦਾ ਮਿਆਰ ਕਾਫ਼ੀ ਡਿਗ ਗਿਆ। ਇੰਜ ਜਾਪਦਾ ਹੈ ਕਿ ਅਜਿਹਾ ਸ਼ਾਇਦ ਵਾਯੂ-ਮੰਡਲੀ ਤਬਦੀਲੀਆਂ ਕਾਰਨ ਹੋਇਆ ਹੋਵੇ। 400 ਈ. ਦੇ ਲਾਗੇ ਜਾਨਵਰਾਂ ਦੀਆਂ ਮੂਰਤਾਂ ਸਬੰਧੀ ਸਜਾਵਟੀ ਕਲਾ ਦਾ ਮੁੱਢ ਬੱਝਿਆ । ਲਗਭਗ 800 ਈ. ਤੋਂ 1050 ਈ. ਦੇ ਵਿਚਕਾਰ ਦੇ ਸਮੇਂ ਵਿਚ ਜਿਸ ਨੂੰ ‘ਵਾਈਕਿੰਗ ਯੁੱਗ’ ਕਿਹਾ ਜਾਂਦਾ ਹੈ, ਸਕੈਂਡੇਨੇਵੀਆ ਨੇ ਲੁੱਟ ਖਸੁੱਟ ਅਤੇ ਵਪਾਰ ਦੇ ਪੱਖੋਂ ਬਹੁਤ ਤਰੱਕੀ ਕੀਤੀ। ਬਾਹਰਲੇ ਦੇਸ਼ਾਂ ਵਿਚੋਂ ਕਈ ਕਿਸਮ ਦੇ ਲੱਕੜੀ ਉੱਤੇ ਉਕਰੇ ਚਿੱਤਰ ਸਕੈਂਡੇਨੇਵੀਆ ਵਿਚ ਆਏ ਜਿਨ੍ਹਾਂ ਕਾਰਨ ਸਥਾਨਕ ਕਲਾ ਉੱਤੇ ਬਹੁਤ ਪ੍ਰਭਾਵ ਪਿਆ। ਪ੍ਰਾਚੀਨ ਰੋਮਨ ਕਾਲ ਦੌਰਾਨ ਬਣੇ ਲੱਕੜੀ ਦੇ ਗਿਰਜਾ ਘਰ ਆਪਣੀ ਜਟਿਲ ਉਸਾਰੀ ਕਾਰਨ ਸਕੈਂਡੇਨੇਵੀਆ ਦੀ ਕਲਾ ਦੇ ਦਿਲਚਸਪ ਨਮੂਨੇ ਹਨ। ਰਸਕਿਲੇ ਅਤੇ ਅਪਸਾਲਾ ਦੇ ਗਿਰਜਾ ਘਰ ਗਾੱਥੀ ਕਾਲ ਦੀਆਂ ਸਭ ਤੋਂ ਉੱਤਮ ਇਮਾਰਤਾਂ ਹਨ। ਇਹ ਗਿਰਜਾ ਘਰ ਇੱਟਾ ਦੇ ਬਣੇ ਸਨ ਪਰ ਫ਼ਰਾਂਸੀਸੀ ਨਮੂਨਿਆਂ ਤੇ ਆਧਾਰਿਤ ਸਨ। ਲਿਨਚਪਿੰਗ ਅਤੇ ਟਾੱਰਨਹੇਮ ਦੇ ਗਿਰਜਾ ਘਰ ਅੰਗਰੇਜ਼ੀ ਨਮੂਨਿਆਂ ਤੇ ਆਧਾਰਿਤ ਹਨ। ਗਾੱਥੀ ਕਾਲ ਦੇ ਲੱਕੜੀ ਦੇ ਚਿੱਤਰਾਂ ਉੱਤੇ ਜਰਮਨੀ ਦਾ ਕੁਝ ਪ੍ਰਭਾਵ ਅਤੇ ਫ਼ਰਾਂਸ ਦਾ ਪ੍ਰਤੱਖ ਪ੍ਰਭਾਵ ਵਿਖਾਈ ਦਿੰਦਾ ਹੈ। ਨਾਰਵੇਂ ਅਤੇ ਉੱਤਰੀ ਸਵੀਡਨ ਦੀ ਕਲਾ ਉੱਤੇ ਅੰਗਰੇਜ਼ੀ ਪ੍ਰਭਾਵ ਸਪੱਸ਼ਟ ਹੈ। ਪੁਨਰ-ਜਾਗ੍ਰਤੀ ਦੇ ਦੌਰਾਨ ਯੂਰਪ ਦੇ ਬਾਕੀ ਦੇਸ਼ਾਂ ਵਾਂਗ ਸਕੈਂਡੇਨੇਵੀਆ ਦੀ ਕਲਾ ਵਿਚ ਵੀ ਬਹੁਤ ਤਬਦੀਲੀ ਆਈ। ਸੰਨ 1530 ਦੇ ਲਾਗੇ ਪੁਨਰ-ਜਾਗ੍ਰਤੀ ਅਤੇ ਸੁਧਾਰਵਾਦੀ ਲਹਿਰ ਦੇ ਕਾਰਨ ਚਰਚ ਦੀ ਤਾਕਤ ਘਟਦੀ ਗਈ। ਰਾਜਿਆਂ, ਸ਼ਹਿਜ਼ਾਦਿਆਂ ਅਤੇ ਉਨ੍ਹਾਂ ਦੇ ਦਰਬਾਰਾਂ ਦੀ ਸ਼ਾਨ ਨੂੰ ਵਧਾਉਣ ਲਈ ਕਲਾਤਮਕ ਸਰਗਰਮੀਆਂ ਵੱਧ ਗਈਆਂ। ਡੈਨਮਾਰਕ ਅਤੇ ਸਵੀਡਨ ਦੇ ਬਾਦਸ਼ਾਹਾਂ ਨੇ ਨੀਦਰਲੈਂਡ ਅਤੇ ਜਰਮਨੀ ਤੋਂ ਮਕਾਨ ਉਸਾਰੀ ਮਾਹਰ, ਬੁੱਤਘਾੜੇ, ਚਿੱਤਰਕਾਰ ਅਤੇ ਹੋਰ ਕਲਾਕਾਰ ਤੇ ਕਾਰੀਗਰ ਮੰਗਵਾਏ। ਤੀਹ ਸਾਲਾ ਜੰਗ (1618-48 ਈ.) ਨੇ ਸਵੀਡਨ ਵਿਚ ਖੁਸ਼ਹਾਲੀ ਲੈ ਆਂਦੀ ਜੋ ਕਿ ਸਦੀ ਦੇ ਅੰਤ ਤਕ ਚਲਦੀ ਰਹੀ। ਮਹਾਰਾਣੀ ਕ੍ਰਿਸਟੀਨਾ (ਰਾਜਕਾਲ 1632-54 ਈ.) ਨੇ ਬਦੇਸ਼ਾਂ ਵਿਚੋਂ ਸਿੱਖੇ ਹੋਏ ਕਾਰੀਗਰ ਮੰਗਵਾਏ। ਨਿਕੋਡੈਮਸ ਟੈਸ਼ਨ ਅਤੇ ਉਸ ਦਾ ਲੜਕਾ ਇਸ ਦੇ ਰਾਜ ਦਰਬਾਰੀਆਂ ਵਿਚ ਸ਼ਾਮਲ ਸਨ। ਇਹ ਦੋਵੇਂ ਇਮਾਰਤ ਉਸਾਰੀ-ਕਲਾ ਵਿਚ ਮਾਹਿਰ ਸਨ ਅਤੇ ਇਨ੍ਹਾਂ ਨੇ ਸਵੀਡਨ ਦੇ ਕਲਾਤਮਕ ਵਿਕਾਸ ਵਿਚ ਬਹੁਤ ਹਿੱਸਾ ਪਾਇਆ। ਇਨ੍ਹਾਂ ਦੋਹਾਂ ਨੇ ਰਲ ਕੇ ਡਰਾਟਨਿੰਗਹੋਮ ਦਾ ਕਿਲਾ (1662-1700 ਈ.) ਤਿਆਰ ਕੀਤਾ। ਪੁੱਤਰ ਨੇ ਸਟਾਕੋਹਮ ਦੇ ਕਿਲੇ ਦੀ ਮੁੜ ਉਸਾਰੀ ਕਰਵਾਈ। ਇਸ ਦੇ ਮੁਕਾਬਲੇ ਤੇ ਨਾਰਵੇ ਵਿਚ ਜੋ ਕਿ 1380 ਈ. ਤੋਂ 1814 ਈ. ਡੈਨਮਾਰਕ ਦਾ ਇਕ ਪ੍ਰਾਂਤ ਸੀ, ਉਸਾਰੀ ਕਲਾ ਵਿਚ ਕੋਈ ਸ਼ਾਹਨਾ ਰੰਗ ਨਹੀਂ ਸੀ ਪਰ ਸਤ੍ਹਾਰਵੀਂ ਸਦੀ ਵਿਚ ਪੱਛਮੀ ਤੱਟਵਰਤੀ ਜ਼ਿਲ੍ਹਿਆਂ ਵਿਚ ਲੱਕੜੀ ਉੱਤੇ ਖੁਦਾਈ ਦੇ ਕੰਮ ਵਿਚ ਬਹੁਤ ਵਿਕਾਸ ਹੋਇਆ। ਜਦੋਂ ਰੋਕੋਕੋ ਸ਼ੈਲੀ ਨਾਰਵੇ ਵਿਚ ਪ੍ਰਚਲਿਤ ਹੋਈ ਤਾਂ ਇਸ ਨੇ ਕਾਫ਼ੀ ਹਦ ਤਕ ਸਥਾਨਕ ਰੰਗਣ ਗ੍ਰਹਿਣ ਕਰ ਲਈ। ਇਸ ਵਿਚ ਸਵੀਡਨ ਵਾਲੀ ਰੋਕੋਕੋ ਸ਼ੈਲੀ ਦੀ ਸ਼ਾਨ ਨਹੀਂ ਸੀ । ਮਗਰੋਂ ਜਾ ਕੇ ਫ਼ਰਾਂਸ ਵਾਂਗ ਸਵੀਡਨ ਵਿਚ ਵੀ ਰੋਕੋਕੋ ਸ਼ੈਲੀ ਨਵ-ਸਨਾਤਨਵਾਦ ਵਿਚ ਬਦਲ ਗਈ। ਕਈ ਸਵੀਡਿਸ਼ ਕਲਾਕਾਰਾਂ ਨੂੰ ਪੈਰਿਸ ਵਿਚ ਬਹੁਤ ਮਾਣ ਪ੍ਰਾਪਤ ਹੋਇਆ। ਫ਼ਿਨਲੈਂਡ ਜੋ 1809 ਈ. ਤੋਂ 1917 ਈ. ਤਕ ਰੂਸ ਦਾ ਇਕ ਪ੍ਰਾਂਤ ਸੀ, ਵਿੱਚ ਨਵ-ਸਨਾਤਨਵਾਦ ਨੇ ਇਕ ਨਵਾਂ ਹੀ ਰੂਪ ਧਾਰਨ ਕੀਤਾ। ਹੈਲਸਿੰਕੀ ਵਿਚ ਵਧੇਰੇ ਕਰ ਕੇ ਰੂਸੀ ਕਲਾ ਦਾ ਹੀ ਬੋਲਬਾਲਾ ਹੈ। ਸਵੀਡਨ ਵਿੱਚ ਚਿੱਤਰਕਲਾ ਅਤੇ ਬੁੱਤਕਲਾ ਦੇ ਆਧੁਨਿਕ ਰੂਪਾਂ ਦੀਆਂ ਕਈ ਕਿਸਮਾਂ ਸਨ। 1880 ਵੇਂ ਦਹਾਕੇ ਵਿਚ ਸਵੀਡਨ ਦੇ ਚਿੱਤਰਕਾਰਾਂ ਜੋਸਫਸਨ ਬਹੁਤ ਹੀ ਪ੍ਰਸਿੱਧ ਚਿੱਤਰਕਾਰ ਸੀ। ਡੈਨਮਾਰਕ ਦੀ ਕਲਾ ਦੇ ਇਤਿਹਾਸ ਵਿਚ ਵੀ ਇਹੋ ਸਮਾਂ ਆਧੁਨਿਕ ਕਲਾ ਦਾ ਸਮਾਂ ਮੰਨਿਆ ਜਾਂਦਾ ਸੀ। ਕਲਾ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸਕੈਂਡੇਨੇਵੀਆ ਨੇ ਮਕਾਨ-ਉਸਾਰੀ ਕਲਾ ਅਤੇ ਵਿਹਾਰਕ ਕਲਾਵਾਂ ਵਿਚ ਬਹੁਤ ਯੋਗਦਾਨ ਪਾਇਆ ਹੈ ਅਤੇ ਅੰਤਰਰਾਸ਼ਟਰੀ ਮਹੱਤਤਾ ਪ੍ਰਾਪਤ ਕੀਤੀ ਹੈ। ਹ. ਪੁ. – ਆਕ. ਕੰ. ਆ.: 1042 ; ਐਨ. ਬ੍ਰਿ. 20: 44; ਐਨ. ਅਮੈ. 24–350
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First