ਸ਼ੇਖ ਫ਼ਰੀਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ੇਖ ਫ਼ਰੀਦ  :     ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਚਿਸ਼ਤੀ ਸੰਪ੍ਰਦਾਇ ਦੇ ਇਸ ਮਸ਼ਹੂਰ ਸੂਫ਼ੀ ਫ਼ਕੀਰ ਦਾ ਜਨਮ 1173 ਈ. ਵਿਚ ਕਸਬਾ ਖੋਤਵਾਲ (ਚਾਵਲੀ ਮਸਾਇਖ਼), ਜ਼ਿਲ੍ਹਾ ਮੁਲਤਾਨ ਵਿਖੇ ਕਾਜ਼ੀ ਜਮਾਲਉੱਦੀਨ ਦੇ ਘਰ ਹੋਇਆ। ਆਪ ਦਾ ਪਰਿਵਾਰਕ ਨਾਂ ਫ਼ਰੀਦੁੱਦੀਨ ਮਸਊਦ ਸੀ। ਆਪ ਨੇ ਮੁਢਲੀ ਸਿੱਖਿਆ ਖੋਤਵਾਲ ਵਿਚ ਪ੍ਰਾਪਤ ਕੀਤੀ ਅਤੇ ਫਿਰ ਮੁਲਤਾਨ ਆ ਕੇ ਮੌਲਵੀਂ ਮਨਹਾਜ਼ਉੱਦੀਨ ਦੇ ਸ਼ਾਗਿਰਦ ਬਣ ਗਿਆ ਅਤੇ ਉਸ ਕੋਲੋਂ ਕੁਰਾਨ ਮਜੀਦ ਹਦੀਸ, ਤਫ਼ਸੀਰ ਆਦਿ ਪੜ੍ਹੇ। ਬਾਅਦ ਵਿਚ ਇਹ ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ਸਾਹਿਬ ਵਫ਼ਾਤ ਪਾ ਗਏ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਗੱਦੀ ਆਪਣੇ ਮੁਰੀਦ ਮਸਊਦ ਨੂੰ ਸੌਂਪ ਦਿੱਤੀ। ਇਹੀ ਮਸਊਦ ਬਾਅਦ ਵਿਚ 'ਬਾਬਾ ਫ਼ਰੀਦ' ਬਣ ਕੇ ਪ੍ਰਸਿੱਧ ਹੋਏ। ਅਜਮੇਰ ਵਿਚ ਖਵਾਜਾ ਜੀ ਦੇ ਮਜ਼ਾਰ ਦੀ ਇਕ ਗੁੱਝ ਵਿਚ 'ਚਿੱਲਾ ਸ਼ੇਖ਼ ਫ਼ਰੀਦ' ਵੀ ਹੈ।

         ਸ਼ੇਖ ਫ਼ਰੀਦ                                                                                                                     

ਬਾਬਾ ਫ਼ਰੀਦ ਨੂੰ 'ਸ਼ਕਰਗੰਜ' ਦਾ ਲਕਬ ਪ੍ਰਾਪਤ ਸੀ। ਰਵਾਇਤ ਹੈ ਕਿ ਜਦੋਂ ਇਹ ਹਾਲੀ ਛੋਟੇ ਹੀ ਸਨ ਤਾਂ ਇਨ੍ਹਾਂ ਦੀ ਮਾਂ ਇਨ੍ਹਾਂ ਨੂੰ ਨਮਾਜ਼ ਪੜ੍ਹਨ ਦੀ ਆਦਤ ਪਾਉਣ ਲਈ ਮੁਸੱਲੇ ਹੇਠ ਸ਼ੱਕਰ ਰੱਖ ਦਿੰਦੀ ਸੀ। ਇਹ ਜਦੋਂ ਨਮਾਜ਼ ਪੜ੍ਹ ਕੇ ਉਠਦੇ ਤਾਂ ਮੁਸੱਲੇ ਹੇਠੋਂ ਸ਼ੱਕਰ ਨਿਕਲਦੀ ਤੇ ਇਹ ਖਾਂ ਲੈਂਦੇ।ਇਸ ਪ੍ਰਕਾਰ ਫ਼ਰੀਦ ਜੀ ਨੂੰ 'ਸ਼ਕਰਗੰਜ' ਕਿਹਾ ਜਾਣ ਲਗ ਪਿਆ।

           ਦਿੱਲੀ ਨੂੰ ਛੱਡ ਕੇ ਬਾਬਾ ਫ਼ਰੀਦ ਹਾਂਸੀ ਚਲੇ ਗਏ ਸੀ। ਹਾਂਸੀ ਵੀ ਦਿਲ ਨਾ ਲੱਗਿਆ ਤਾਂ ਮੁੜ ਖੋਤਵਾਲ ਆ ਡੇਰਾ ਲਾਇਆ; ਉਥੋਂ ਵੀ ਤੁਰ ਪਏ ਤੇ ਅਖ਼ੀਰ ਅਜੋਧਣ ਵਿਚ ਜਾ ਨਿਵਾਸ ਕੀਤਾ। ਇਹ ਇਕ ਅਪ੍ਰਸਿੱਧ ਤੇ ਅਗਿਅਾਤ ਥਾਂ ਸੀ ਅਤੇ ਇਥੇ ਹੀ ਸੰਨ 1266 ਵਿਚ ਆਪ ਦਾ ਦੇਹਾਂਤ ਹੋਇਆ। ਇਥੇ ਬਾਬਾ ਫ਼ਰੀਦ ਦਾ ਮਜ਼ਾਰ ਬਣਿਆ ਹੋਇਆ ਹੈ।

             ਫ਼ਰੀਦਕੋਟ ਸ਼ਹਿਰ ਦਾ ਨਾਂ ਫ਼ਰੀਦ ਸਾਹਿਬ ਦੇ ਨਾਂ ਉੱਤੇ ਪਿਆ ਹੈ। ਇਨ੍ਹਾਂ ਦੇ ਇਥੇ ਪਧਾਰਣ ਤੋਂ ਪਹਿਲਾਂ ਸ਼ਹਿਰ ਦਾ ਨਾਂ ਮੋਕਲਹਰ ਸੀ। ਬਾਬਾ ਜੀ ਦਿੱਲੀ ਤੋਂ ਪਾਕਪਟਨ ਨੂੰ ਜਾਂਦਿਆਂ ਇਥੇ ਪਧਾਰੇ ਸਨ। ਫ਼ਰੀਦਕੋਟ ਸ਼ਹਿਰ ਦੇ ਅੰਦਰ ਗੁਰਦੁਆਰਾ ਚਿੱਲਾ ਬਾਬਾ ਫ਼ਰੀਦ ਅਤੇ ਸ਼ਹਿਰ ਦੇ ਬਾਹਰ ਕੋਟਕਪੂਰੇ ਵਾਲੀ ਸੜਕ ਉੱਤੇ ਗੁਰਦੁਆਰਾ ਮਾਤਾ ਗੋਦੜੀ ਸਾਹਿਬ ਬਾਬਾ ਫ਼ਰੀਦ ਜੀ ਦੀ ਯਾਦ ਵਿਚ ਸੁਸ਼ੋਭਿਤ ਹਨ। ਇਥੇ ਸਤੰਬਰ ਦੇ ਮਹੀਨੇ ਹਰ ਸਾਲ ਭਾਰੀ ਮੇਲਾ ਲਗਦਾ ਹੈ। ਇਸ ਮੇਲੇ ਨੂੰ ਹੁਣ ਪੰਜਾਬ ਸਰਕਾਰ ਸਰਕਾਰੀ ਤੌਰ ਤੇ ਮਨਾਉਂਦੀ ਹੈ।

            ਸ਼ੇਖ ਫ਼ਰੀਦ ਦੇ ਦੇਹਾਂਤ ਨੂੰ ਸੱਤ ਸੌ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਇਨ੍ਹਾਂ ਦੇ ਸਲੋਕ ਅੱਜ ਤਕ ਵੀ ਆਮ ਪੰਜਾਬੀ ਜੀਵਨ ਦਾ ਇੱਸਾ ਬਣੇ ਹੋਏ ਹਨ। ਲੋਕ-ਭਾਸ਼ਾ ਤੇ ਲੋਕ-ਗੀਤਾਂ ਦੇ ਬਹੁਤ ਨੇੜੇ ਹੋਣ ਕਰ ਕੇ ਇਨ੍ਹਾਂ ਸਲੋਕਾਂ ਨੂੰ ਇੰਨੀ ਪ੍ਰਸਿੱਧੀ ਮਿਲੀ । ਇਨ੍ਹਾਂ ਵਿਚ ਮਿਠਾਸ ਹੈ ਅਤੇ ਭਾਸ਼ਾ ਨਿਰੋਲ ਲਹਿੰਦੀ ਹੈ। 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਚ ਫ਼ਰੀਦ ਜੀ ਦੇ 112 ਸਲੋਕ ਅਤੇ ਚਾਰ ਸ਼ਬਦ ਦਰਜ ਹਨ।

           ਸ਼ੇਖ ਫ਼ਰੀਦ ਨੇ ਆਪਣੇ ਸ਼ਲੋਕਾਂ ਰਾਹੀਂ ਸੂਫ਼ੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਹੈ। ਇਹ ਮਨੁੱਖ ਨੂੰ ਨਿਮਰ ਰਹਿਣ, ਭਲੇ, ਕੰਮ ਕਰਨ, ਰੱਬ ਦੀ ਰਜ਼ਾ ਨੂੰ ਮੰਨਣ ਤੇ ਉਸ ਦੀ ਬੰਦਗੀ ਕਰਨ ਦੀ ਪ੍ਰੇਰਨਾ ਦਿੰਦੇ ਹਨ। ਮਨੁੱਖੀ ਪਿਆਰ ਅਤੇ ਧਾਰਮਿਕ ਸਹਿਣਸ਼ੀਲਤਾ ਆਪ ਦੀ ਬਾਣੀ ਦਾ ਮੁੱਖ ਧੁਰਾ ਹੈ।


ਲੇਖਕ : ਰਾਮ ਸਰੂਪ ਅਣਖੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-11-43-06, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਸ਼ਾ. ਤਜ਼: 33-38; ਪੰ. ਸਾ. ਇ-ਭਾ. ਵਿ. ਪੰ. 1-8; ਪੰ. ਸਾ. ਇ. 1-69-93-ਸੀਤਲ; ਪੰ. ਸਾ. ਇ. -ਕੋਹਲੀ 261

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.