ਸ਼ੇਕਸਪੀਅਰ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ੇਕਸਪੀਅਰ (1964–1616) : ਸੰਸਾਰ ਵਿੱਚ ਸਾਹਿਤਕਾਰ, ਨਾਟਕਕਾਰ ਜਾਂ ਕਵੀ ਵਜੋਂ ਜਿਸ ਵਿਅਕਤੀ ਨੂੰ ਸਭ ਤੋਂ ਵੱਧ ਮਾਨਤਾ ਅਤੇ ਪ੍ਰਸਿੱਧੀ ਮਿਲੀ ਹੈ, ਉਹ ਵਿਲੀਅਮ ਸ਼ੇਕਸਪੀਅਰ (William Shakespeare) ਹੈ। ਜਿਹੜਾ ਸ਼ੇਕਸਪੀਅਰ ਦਾ ਨਾਂ ਨਹੀਂ ਜਾਣਦਾ, ਉਸਨੂੰ ਪੜ੍ਹਿਆ-ਲਿਖਿਆ ਹੀ ਨਹੀਂ ਮੰਨਿਆ ਜਾਂਦਾ। ਮਨੁੱਖ ਦੇ ਇਤਿਹਾਸ ਵਿੱਚ ਜਿਹੜੇ ਸਰਬੋਤਮ ਵਿਅਕਤੀ ਪੈਦਾ ਹੋਏ ਹਨ, ਉਹਨਾਂ ਵਿੱਚ ਸ਼ੇਕਸਪੀਅਰ ਦਾ ਨਾਂ ਉਘੜਵੇਂ ਰੂਪ ਵਿੱਚ ਸ਼ਾਮਲ ਹੈ। ਸ਼ੇਕਸਪੀਅਰ ਆਪਣੇ ਜਿਊਂਦੇ ਜੀਅ ਹੀ ਪ੍ਰਸਿੱਧ ਹੋ ਗਿਆ ਸੀ। ਸ਼ੇਕਸਪੀਅਰ ਇੰਗਲੈਂਡ ਦੀ ਪ੍ਰਸਿੱਧ ਮਹਾਰਾਣੀ ਐਲਿਜ਼ਾਬੈੱਥ ਦਾ ਸਮਕਾਲੀ ਸੀ। ਉਸ ਨੇ ਉਸ ਵੇਲੇ ਨਾਟਕ ਲਿਖੇ ਅਤੇ ਰੰਗ-ਮੰਚ ਉੱਤੇ ਪੇਸ਼ ਕੀਤੇ ਜਦੋਂ ਨਾਟਕ ਨੂੰ ਮਨੋਰੰਜਨ ਦਾ ਇੱਕ ਸਨਮਾਨਯੋਗ ਮਾਧਿਅਮ ਮੰਨਿਆ ਜਾ ਰਿਹਾ ਸੀ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਥੀਏਟਰ ਜਾਣ ਵਿੱਚ ਮਾਣ ਮਹਿਸੂਸ ਕਰਦੇ ਸਨ। ਉਸ ਨੇ ਆਪਣਾ ਸਾਰਾ ਜੀਵਨ ਥੀਏਟਰ ਦੇ ਲੇਖੇ ਲਾਇਆ ਅਤੇ ਜਦੋਂ ਥੀਏਟਰ ਦੀਆਂ ਪੇਸ਼ਕਾਰੀਆਂ ਰੁਕ ਜਾਂਦੀਆਂ ਸਨ ਤਾਂ ਹੀ ਉਸ ਨੇ ਨਾਟਕਾਂ ਤੋਂ ਬਾਹਰੀ ਕਾਵਿ-ਰਚਨਾਵਾਂ ਲਿਖੀਆਂ। ਅੰਗਰੇਜ਼ੀ ਨਾਟਕ ਦੇ ਖੇਤਰ ਵਿੱਚ ਇਸ ਵੇਲੇ ਇਤਿਹਾਸ ਸਿਰਜਿਆ ਜਾ ਰਿਹਾ ਸੀ ਅਤੇ ਕਰਿਸਟੋਫਰ ਮਾਰਲੋਅ, ਬੈੱਨ ਜਾਨਸਨ ਅਤੇ ਜਾਨ ਵੈਬਸਟਰ ਆਦਿ ਹੋਰ ਨਾਟਕਕਾਰ ਸਨ, ਜਿਹੜੇ ਉਸ ਸਮੇਂ ਇਸ ਖੇਤਰ ਵਿੱਚ ਸਰਗਰਮ ਸਨ।
ਸ਼ੇਕਸਪੀਅਰ ਦਾ ਜਨਮ 1564 ਵਿੱਚ ਸਟਰੈਟਫੋਰਡ ਵਿੱਚ ਵਾਰਵਿਕਸ਼ਾਇਰ ਨਾਂ ਦੇ ਨਗਰ ਵਿੱਚ ਹੋਇਆ। ਉਸ ਦੇ ਮਾਪੇ ਖੇਤੀ ਦੇ ਧੰਦੇ ਨਾਲ ਸੰਬੰਧਿਤ ਸਨ ਅਤੇ ਖੇਤੀ ਵਸਤਾਂ ਦੇ ਵਪਾਰੀ ਵੀ ਸਨ। ਜਦੋਂ ਸ਼ੇਕਸਪੀਅਰ ਪੈਦਾ ਹੋਇਆ, ਉਸ ਦਾ ਪਿਤਾ ਨਗਰ ਦਾ ਮੇਅਰ ਬਣਿਆ। ਸੰਨ 1576 ਤੋਂ ਸ਼ੇਕਸਪੀਅਰ ਨੂੰ ਮਾਇਕ ਔਕੜਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਹ ਔਕੜਾਂ ਉਸ ਦੇ ਪਿਤਾ ਦੇ ਜੀਵਨ ਦੇ ਅੰਤ 1601 ਤੱਕ ਜਾਰੀ ਰਹੀਆਂ। ਸ਼ੇਕਸਪੀਅਰ ਨੇ ਸਕੂਲੀ ਸਿੱਖਿਆ ਦੌਰਾਨ ਤਰਕ, ਭਾਸ਼ਣ ਕਲਾ, ਲਾਤੀਨੀ ਭਾਸ਼ਾ, ਕਵਿਤਾ ਲੇਖਨ ਅਤੇ ਰੋਮਨ ਸਾਹਿਤ ਆਦਿ ਵਿਸ਼ੇ ਪੜ੍ਹੇ। ਕਿਹਾ ਜਾਂਦਾ ਹੈ ਕਿ ਤੇਰ੍ਹਾਂ ਸਾਲ ਦੀ ਉਮਰ ਵਿੱਚ ਹੀ ਸ਼ੇਕਸਪੀਅਰ ਨੂੰ ਘਰੇਲੂ ਮਾਇਕ ਤੰਗੀਆਂ ਕਾਰਨ, ਪਿਤਾ ਨੂੰ ਉਸ ਦੇ ਕੰਮ ਵਿੱਚ ਸਹਿਯੋਗ ਦੇਣ ਲਈ ਪੜ੍ਹਾਈ ਛੱਡਣੀ ਪਈ। ਅਠਾਰ੍ਹਾਂ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਐਨ ਹਾਥਵੇ ਨਾਲ ਹੋਇਆ, ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਸ਼ੇਕਸਪੀਅਰ ਸਟਰੈਟਫ਼ੋਰਡ ਦੇ ਤਿਉਹਾਰਾਂ ਅਤੇ ਮੇਲਿਆਂ ਵਿੱਚ ਓਦੋਂ ਵੀ ਦਿਲਚਸਪੀ ਲੈਂਦਾ ਰਿਹਾ, ਜਦੋਂ ਉਹ ਲੰਦਨ ਰਿਹਾ ਕਰਦਾ ਸੀ। ਕੰਮਾਂ-ਕਾਜਾਂ ਤੋਂ ਵਿਹਲਾ ਹੋ ਕੇ ਉਹ ਅੰਤ ਵਿੱਚ ਵਾਪਸ ਆ ਕੇ ਸਟਰੈਟਫੋਰਡ ਵਿੱਚ ਟਿਕ ਗਿਆ।
ਸ਼ੇਕਸਪੀਅਰ ਦਾ ਪਹਿਲਾ ਨਾਟਕ ਦਾ ਕਮੇਡੀ ਆਫ਼ ਏਰਰਜ਼ (ਲਗਪਗ 1590 ਵਿੱਚ ਲਿਖਿਆ ਗਿਆ) ਇਹ ਇੱਕ ਹਾਸ-ਰਸੀ ਨਾਟਕ ਸੀ। ਅਗਲਾ ਹਾਸ-ਰਸ ਨਾਟਕ ਟੂ ਜੈਂਟਲਮੈਨ ਆਫ਼ ਵੀਰੋਨਾ (1591) ਸੀ। ਹਾਸ-ਰਸੀ ਨਾਟਕਾਂ ਦੀ ਤਿਕੜੀ ਦਾ ਤੀਜਾ ਨਾਟਕ ਲਵਜ਼ ਲੇਬਰ ਲਾਸਟ (1593) ਸੀ। ਉਸ ਦਾ ਪਹਿਲਾ ਦੁਖਾਂਤ ਨਾਟਕ ਟਾਈਟਸ ਐਂਡਰੋਨੀਕਸ 1593 ਵਿੱਚ ਖੇਡਿਆ ਗਿਆ। ਜਦੋਂ 1593-94 ਵਿੱਚ ਪਲੇਗ ਕਾਰਨ ਥੀਏਟਰ ਬੰਦ ਕਰ ਦਿੱਤੇ ਗਏ ਤਾਂ ਸ਼ੇਕਸਪੀਅਰ ਨੇ ਨਾਟਕਾਂ ਤੋਂ ਬਾਹਰੀ ਕਾਵਿ-ਰਚਨਾ ਕੀਤੀ। ਉਸ ਸਮੇਂ ਅਮੀਰ ਵਿਅਕਤੀਆਂ ਦੇ ਕਾਵਿਕ ਕਸੀਦੇ ਲਿਖਣ ਦਾ ਇਨਾਮ ਮਿਲਦਾ ਸੀ ਅਤੇ ਕਵੀਆਂ ਲਈ ਇਹ ਆਮਦਨ ਦਾ ਇੱਕ ਵਸੀਲਾ ਸੀ। ਸ਼ੇਕਸਪੀਅਰ ਨੇ ਅਰਲ ਆਫ਼ ਸਾਊਥੈਂਪਟਨ ਦੀ ਪ੍ਰਸੰਸਾ ਵਿੱਚ ਕਾਵਿ-ਰਚਨਾ ਕੀਤੀ। ਇਸ ਵਿਸ਼ੇ ਨਾਲ ਸੰਬੰਧਿਤ ਉਸ ਦੀ ਪ੍ਰਸਿੱਧ ਰਚਨਾ 154 ਸੋਨੈਟ ਹਨ, ਜਿਨ੍ਹਾਂ ਨੂੰ ਸੋਨੈਟ ਰਚਨਾ ਦੇ ਖੇਤਰ ਵਿੱਚ ਸਰਬੋਤਮ ਮੰਨਿਆ ਜਾਂਦਾ ਹੈ। ਸੋਨੈਟ ਚੋਦ੍ਹਾਂ ਲਾਈਨਾਂ ਦੀ ਕਵਿਤਾ ਹੁੰਦੀ ਹੈ। ਇਹ ਇੱਕ ਭੇਤ ਹੈ ਕਿ ਸ਼ੇਕਸਪੀਅਰ ਨੇ ਇਹ ਕਵਿਤਾਵਾਂ ਕਿਨ੍ਹਾਂ ਨੂੰ ਸੰਬੋਧਨ ਕਰ ਕੇ ਲਿਖੀਆਂ।
ਸੰਨ 1594 ਵਿੱਚ ਸ਼ੇਕਸਪੀਅਰ ਨੇ ਅਦਾਕਾਰਾਂ ਦੀ ਪ੍ਰਸਿੱਧ ਕੰਪਨੀ ‘ਲਾਰਡ ਚੈਂਬਰਲੇਨਜ਼ ਮੈਨ’ ਵਾਸਤੇ ਨਾਟਕ ਲਿਖਣੇ ਅਰੰਭ ਕੀਤੇ। ਇਸ ਕੰਪਨੀ ਨੇ 1599 ਵਿੱਚ ਥੇਮਸ ਦਰਿਆ ਦੇ ਕੰਢੇ ਪ੍ਰਸਿੱਧ ‘ਗਲੋਬ ਥੀਏਟਰ’ ਉਸਾਰਿਆ ਜਿਸ ਨਾਲ ਥੀਏਟਰ ਦੀ ਮਹਿਮਾ ਹੋਰ ਵੱਧ ਗਈ ਅਤੇ ਵਿਦੇਸ਼ੀ ਵੀ ਇਸ ਵੱਲ ਖਿੱਚੇ ਜਾਣ ਲੱਗ ਪਏ। ਇਸ ਕੰਪਨੀ ਜਾਂ ਥੀਏਟਰ ਲਈ ਸ਼ੇਕਸਪੀਅਰ ਨੇ ਨਿਰੰਤਰ ਨਾਟਕ ਲਿਖੇ, ਜਿਨ੍ਹਾਂ ਵਿੱਚ ਪਰਿਹਾਸ, ਸੁਖਾਂਤ ਅਤੇ ਦੁਖਾਂਤ ਸ਼ਾਮਲ ਸਨ। ਪ੍ਰਸਿੱਧ ਨਾਟਕ ਦਾ ਮਰਚੈਂਟ ਆਫ਼ ਵੈਨਿਸ 1596 ਵਿੱਚ ਲਿਖਿਆ ਗਿਆ ਅਤੇ 1600 ਵਿੱਚ ਹੋਰ ਨਾਟਕਾਂ ਤੋਂ ਇਲਾਵਾ ਸ਼ੇਕਸਪੀਅਰ ਨੇ ਐਜ਼ ਯੂ ਲਾਈਕ ਇਟ ਲਿਖਿਆ। ਸ਼ੇਕਸਪੀਅਰ ਨੇ ਭਾਵੇਂ ਸਭ ਪ੍ਰਕਾਰ ਦੇ ਨਾਟਕ ਲਿਖੇ, ਪਰ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਉਸ ਦੇ ਦੁਖਾਂਤ ਨਾਟਕਾਂ : ਰੋਮੀਓ ਐਂਡ ਜੂਲੀਅਟ (1596), ਹੈਮਲਟ (1601) ਅਤੇ ਜੂਲੀਅਸ ਸੀਜ਼ਰ ਨਾਲ ਫੈਲੀ। ਇਹਨਾਂ ਦੁਖਾਂਤਾਂ ਰਾਹੀਂ ਸ਼ੇਕਸਪੀਅਰ ਨੇ ਜੀਵਨ ਦੇ ਹਰੇਕ ਪੱਖ ਨੂੰ ਬੜੀ ਸਫਲਤਾ ਨਾਲ ਪੇਸ਼ ਕੀਤਾ। ਸ਼ੇਕਸਪੀਅਰ ਨੇ ਇਤਿਹਾਸਿਕ ਨਾਟਕ ਵੀ ਰਚੇ, ਜਿਵੇਂ ਰਿਚਰਡ ਸੈਕੰਡ (1595), ਹੈਨਰੀ ਫੋਰਥ (1597) ਆਦਿ। ਸ਼ੇਕਸਪੀਅਰ ਦੇ ਨਾਟਕ ਉਥੈਲੋ (1601) ਰਾਹੀਂ ਕਾਮ-ਸੰਬੰਧਾਂ ਦੀ ਸ਼ੁੱਧਤਾ ਦਾ ਵਿਸ਼ਾ ਛੋਹਿਆ ਗਿਆ। ਇਵੇਂ ਹੀ ਉਸ ਨੇ ਨਿੱਜੀ ਦੁਖਾਂਤ ਦੇ ਵੇਰਵੇ ਕਿੰਗ ਲੀਅਰ ਵਿੱਚ ਪੇਸ਼ ਕੀਤੇ। ਕਈ ਆਲੋਚਕ ਕਿੰਗ ਲੀਅਰ (1605) ਨੂੰ ਉਸ ਦੀ ਸ਼ਾਹਕਾਰ ਰਚਨਾ ਮੰਨਦੇ ਹਨ। ਮੈਕਬਥ ਸੰਨ 1606 ਵਿੱਚ ਲਿਖਿਆ ਗਿਆ, ਜਿਸ ਵਿੱਚ ਬਦੀ ਦੀ ਸਮੱਸਿਆ ਨੂੰ ਪ੍ਰਗਟਾਇਆ ਗਿਆ ਹੈ। ਸ਼ੇਕਸਪੀਅਰ ਨੇ ਆਪਣੇ ਸਮੇਂ ਵਿੱਚ ਪ੍ਰਚਲਿਤ ਪ੍ਰਸਿੱਧ ਲੋਕ-ਕਹਾਣੀਆਂ ਨੂੰ ਐਨਟਨੀ ਐਂਡ ਕਲਿਓਪੈਟਰਾ ਅਤੇ ਕੋਰਿਊਲੇਨਿਸ ਰਾਹੀਂ 1607-1608 ਵਿੱਚ ਪੇਸ਼ ਕੀਤਾ। ਸ਼ੇਕਸਪੀਅਰ ਨੇ ਰੁਮਾਂਟਿਕ ਨਾਟਕ ਵੀ ਲਿਖੇ, ਜਿਵੇਂ ਦਾ ਵਿੰਟਰਜ਼ ਟੇਲ (1611) ਅਤੇ ਦੀ ਟੈਂਪੈਸਟ (1611) ਵਿੱਚ ਉਸ ਨੇ ਕਲਪਨਾ ਦੇ ਨਵੇਂ ਨਮੂਨੇ ਉਸਾਰੇ। ਇੰਞ ਲੱਗਦਾ ਹੈ ਕਿ ਜਿਵੇਂ ਜੀਵਨ ਦਾ ਹਰੇਕ ਵਿਸ਼ਾ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਪ੍ਰਸਤੁਤ ਹੋਇਆ ਹੈ।
ਐਲਿਜ਼ਾਬੈੱਥ ਦੇ ਰਾਜ-ਕਾਲ ਦੇ ਅੰਤ ਨਾਲ ਸੰਬੰਧਿਤ ਤਿੰਨ ਨਾਟਕ ਜਿਨ੍ਹਾਂ ਨੂੰ ‘ਸਮੱਸਿਆ ਨਾਟਕ’ ਵੀ ਕਿਹਾ ਜਾਂਦਾ ਹੈ, ਇਸ ਗੱਲ ਦਾ ਪ੍ਰਮਾਣ ਹਨ ਕਿ ਸ਼ੇਕਸਪੀਅਰ ਆਪਣੇ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਵਿੱਚ ਵੀ ਰੁਚੀ ਰੱਖਦਾ ਸੀ। ਆਲ ਇਜ਼ ਵੈੱਲ ਦੈਟ ਏੱਨਡਜ਼ ਵੈੱਲ (1602) ਇੱਕ ਰੁਮਾਂਟਿਕ ਸੁਖਾਂਤ ਹੈ, ਜਿਸ ਵਿਚਲੇ ਗੁਣਾਂ ਪ੍ਰਤਿ ਆਲੋਚਨਾਤਮਿਕ ਵਾਦ-ਵਿਵਾਦ ਛਿੜਿਆ ਸੀ। ਇਸ ਦਾ ਕਾਰਨ ਇਹ ਸੀ ਕਿ ਇਸ ਨਾਟਕ ਵਿੱਚ ਕਾਮ-ਸੰਬੰਧਾਂ ਨੂੰ ਪੇਸ਼ ਕੀਤਾ ਗਿਆ ਸੀ। ਟਰੋਇਲਸ ਐਂਡ ਕਰੈਸੀਡਾ (1602) ਬੜਾ ਜਟਿਲ ਨਾਟਕ ਹੈ ਕਿਉਂਕਿ ਇਸ ਦੀ ਭਾਸ਼ਾ ਦਾਰਸ਼ਨਿਕ ਅਤੇ ਡੂੰਘੇ ਅਰਥਾਂ ਵਾਲੀ ਹੈ। ਮਈਯਰ ਫ਼ਾਰ ਮਈਯਰ ਦੁਖਾਂਤਿਕ-ਸੁਖਾਂਤ ਹੈ, ਜਿਸ ਵਿੱਚ ਕਾਮੁਕ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ।
1603 ਵਿੱਚ ਕਿੰਗ ਜੇਮਜ਼ ਪਹਿਲੇ ਦੇ ਤਖ਼ਤ ’ਤੇ ਬੈਠਣ ਨਾਲ ਥੀਏਟਰ ਨੂੰ ਵੱਧਣ-ਫੁੱਲਣ ਦਾ ਅਵਸਰ ਮਿਲਿਆ। ਇਸ ਬਾਦਸ਼ਾਹ ਨੇ ‘ਲਾਰਡ ਚੈਂਬਰਲੈਨਜ਼ ਮੈਨ’ ਨਾਂ ਦੀ ਥੀਏਟਰ ਕੰਪਨੀ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ। ਆਪਣੇ ਜੀਵਨ ਦੇ ਅੰਤਲੇ ਸਾਲਾਂ ਵਿੱਚ ਭਾਵੇਂ ਸ਼ੇਕਸਪੀਅਰ ਨੇ ਪਹਿਲੇ ਸਾਲਾਂ ਦੇ ਮੁਕਾਬਲੇ ਘੱਟ ਨਾਟਕ ਲਿਖੇ, ਪਰ ਜਿਹੜੇ ਨਾਟਕ ਲਿਖੇ, ਉਹਨਾਂ ਦੀ ਪੱਧਰ ਉੱਚੀ ਅਤੇ ਵਿਸ਼ਾ-ਪੱਖ ਬੜਾ ਮਜ਼ਬੂਤ ਸੀ। ਲਗਪਗ ਸਾਰੇ ਦੁਖਾਂਤ- ਨਾਟਕ ਇਸ ਅੰਤਲੇ ਦਹਾਕੇ ਨਾਲ ਸੰਬੰਧਿਤ ਹਨ। ਇਹਨਾਂ ਨਾਟਕਾਂ ਦੇ ਨਾਇਕ ਵਧੇਰੇ ਜੋਸ਼ੀਲੇ ਹਨ ਅਤੇ ਜਿਨ੍ਹਾਂ ਸਥਿਤੀਆਂ ਦਾ ਉਹ ਸਾਮ੍ਹਣਾ ਕਰਦੇ ਹਨ ਉਹ ਵਧੇਰੇ ਗੁੰਝਲਦਾਰ ਅਤੇ ਸ਼ਕਤੀਸ਼ਾਲੀ ਹਨ, ਸੋ ਸੁਭਾਵਿਕ ਹੀ ਇਹਨਾਂ ਨਾਟਕਾਂ ਵਿੱਚ ਟੱਕਰ ਵਧੇਰੇ ਪ੍ਰਭਾਵਸ਼ਾਲੀ ਹੈ। ਆਪਣੇ ਦੁਖਾਂਤਾਂ ਵਿੱਚ ਸ਼ੇਕਸਪੀਅਰ ਨੇ ਮਨੁੱਖ ਦੀਆਂ ਸਦੀਵੀ ਸਮੱਸਿਆਵਾਂ ਨੂੰ ਬੜੀ ਸ਼ਿੱਦਤ ਨਾਲ ਕਲਪਨਾ ਦੀ ਸਿਖਰ ਤੇ ਲੈ ਜਾ ਕੇ ਪੇਸ਼ ਕੀਤਾ ਹੈ।
1611 ਵਿੱਚ ਲਿਖੇ ਦਾ ਟੈਂਪੈਸਟ ਨੂੰ ਆਲੋਚਕ ਉਸ ਦਾ ਵਿਦਾਇਗੀ ਨਾਟਕ ਦੱਸਦੇ ਹਨ। ਇਸ ਉਪਰੰਤ ਸ਼ੇਕਸਪੀਅਰ ਆਪਣੇ ਪਿੱਤਰੀ ਕਸਬੇ ਜਾਂ ਨਗਰ ਵਿੱਚ ਰਹਿਣ ਲਈ ਚਲਿਆ ਗਿਆ ਅਤੇ ਫਿਰ 1613 ਵਿੱਚ ਦੋ ਨਾਟਕ ਹੈਨਰੀ ਏਟਥ ਅਤੇ ਟੂ ਨੋਬਲ ਕਿਨਜ਼ਮੈਨ ਲਈ ਉਹ ਲੰਦਨ ਆਇਆ। ਪਰ ਇਹਨਾਂ ਨਾਟਕਾਂ ਵਿੱਚੋਂ ਜੋਸ਼ੀਲਾ ਸ਼ੇਕਸਪੀਅਰ ਗਾਇਬ ਹੈ, ਸੋ ਇਹਨਾਂ ਨਾਟਕਾਂ ਨੂੰ ਕੋਈ ਪ੍ਰਸਿੱਧੀ ਨਾ ਮਿਲੀ। 1616 ਵਿੱਚ 52 ਸਾਲ ਦੀ ਉਮਰ ਵਿੱਚ ਸ਼ੇਕਸਪੀਅਰ ਦਾ ਦਿਹਾਂਤ ਹੋ ਗਿਆ ਅਤੇ ਵਿਸ਼ਵ ਥੀਏਟਰ ਅਤੇ ਨਾਟਕਕਲਾ ਦਾ ਇੱਕ ਚਮਕਦਾ ਸੂਰਜ ਸਦਾ ਲਈ ਡੁੱਬ ਗਿਆ। ਮਰਨ ਉਪਰੰਤ ਉਸ ਦੀ ਪ੍ਰਸਿੱਧੀ ਵਧੀ ਅਤੇ ਉਸ ਦੇ ਪ੍ਰਸੰਸਕਾਂ ਨੇ ਉਸ ਦੇ ਸਾਰੇ ਨਾਟਕਾਂ ਦਾ ਸੰਗ੍ਰਹਿ ਛਾਪਿਆ। ਇਵੇਂ ਉਸ ਦੇ ਨਾਟਕ ਸਦਾ ਲਈ ਸਾਂਭੇ ਗਏ। ਜਦੋਂ ਵੀ ਥੀਏਟਰ ਦਾ ਜ਼ਿਕਰ ਹੋਵੇਗਾ, ਸ਼ੇਕਸਪੀਅਰ ਦਾ ਨਾਂ ਉੱਚੀ ਸੁਰ ਵਿੱਚ ਲਿਆ ਜਾਵੇਗਾ। ਸਦੀਆਂ ਬੀਤ ਜਾਣ ਤੇ ਵੀ ਸ਼ੇਕਸਪੀਅਰ ਦਾ ਪ੍ਰਭਾਵ ਸੱਜਰਾ ਹੈ।
ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਸ਼ੇਕਸਪੀਅਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ੇਕਸਪੀਅਰ [ਨਿਪੁ] ਇੱਕ ਪ੍ਰਸਿੱਧ ਅੰਗਰੇਜ਼ੀ ਨਾਟਕਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First