ਸ਼ੀਰੀ ਫ਼ਰਹਾਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ੀਰੀ ਫ਼ਰਹਾਦ : ਸ਼ੀਰੀ ਫ਼ਰਹਾਦ ਈਰਾਨੀ ਮੂਲ ਦੀ ਪ੍ਰੀਤ ਕਹਾਣੀ ਹੈ। ਇਸ ਲੋਕ ਗਾਥਾ ਦੇ ਇੱਕ ਤੋਂ ਵਧੇਰੇ ਰੂਪ ਪ੍ਰਚਲਿਤ ਹਨ। ਫ਼ਿਰਦੌਸੀ ਰਚਿਤ ਸ਼ਾਹਨਾਮਾ ਜੋ 1011 ਵਿੱਚ ਮੁਕੰਮਲ ਹੋਇਆ। ਇਸ ਵਿੱਚ ਸ਼ੀਰੀ ਤੇ ਖ਼ੁਸਰੋ ਦੀ ਕਹਾਣੀ ਦਰਜ ਹੈ। ਖ਼ੁਸਰੋ ਪ੍ਰਵੇਜ਼ ਮਸ਼ਹੂਰ ਬਾਦਸ਼ਾਹ ਨੌਸ਼ੇਰਵਾਂ ਦਾ ਪੋਤਾ ਸੀ, ਜਿਸ ਦੀਆਂ ਦੋ ਰਾਣੀਆਂ ਵਿੱਚੋਂ ਇੱਕ ਸ਼ੀਰੀ ਅਤੇ ਦੂਜੀ ਮਰੀਅਮ ਜੋ ਰੂਮ ਦੇ ਕੈਸਰ ਦੇਸ ਦੀ ਸ਼ਹਿਜ਼ਾਦੀ ਸੀ। ਮਰੀਅਮ ਨੇ ਸ਼ੇਰੂਏ ਨਾਂ ਦੇ ਬੇਟੇ ਨੂੰ ਜਨਮ ਦਿੱਤਾ। ਸ਼ੀਰੀ ਜ਼ਹਿਰ ਦੇ ਕੇ ਆਪਣੀ ਸੌਂਕਣ ਮਰੀਅਮ ਨੂੰ ਮਾਰ ਦਿੰਦੀ ਹੈ ਅਤੇ ਸ਼ੇਰੂਏ ਨੂੰ ਕੈਦ ਕਰ ਲਿਆ ਜਾਂਦਾ ਹੈ, ਪਰੰਤੂ ਜਦ ਉਹ ਰੂਮ ਦੇ ਸ਼ਹਿਨਸ਼ਾਹ ਦੀ ਸਹਾਇਤਾ ਨਾਲ ਕੈਦ ਤੋਂ ਛੁੱਟਿਆ ਤਾਂ ਉਹ ਆਪਣੇ ਬਾਪ ਖ਼ੁਸਰੋ ਦਾ ਕਤਲ ਕਰ ਕੇ, ਰਾਜ- ਗੱਦੀ ਉਪਰ ਬੈਠ ਜਾਂਦਾ ਹੈ। ਜਦ ਉਹ ਆਪਣੀ ਮਤੇਈ ਮਾਂ ਸ਼ੀਰੀ ਨੂੰ ਆਪਣੀ ਰਾਣੀ ਬਣਾ ਕੇ ਹਰਮ ਵਿੱਚ ਦਾਖ਼ਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜ਼ਹਿਰ ਖਾ ਕੇ ਮਰ ਜਾਂਦੀ ਹੈ। ਇੱਥੇ ਹੀ ਕਹਾਣੀ ਦਾ ਅੰਤ ਹੋ ਜਾਂਦਾ ਹੈ। ਇਸ ਕਹਾਣੀ ਵਿੱਚ ਫ਼ਰਹਾਦ ਦਾ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ।
ਫ਼ਾਰਸੀ ਜ਼ਬਾਨ ਵਿੱਚ ਇਸ ਲੋਕ-ਗਾਥਾ ਨੂੰ ਕਲਮਬੱਧ ਕਰਨ ਵਾਲਾ ਦੂਜਾ ਪ੍ਰਸਿੱਧ ਕਿੱਸਾਕਾਰ ਨਿਜ਼ਾਮੀ ਮੰਜਵੀ ਹੋਇਆ ਹੈ, ਜਿਸ ਨੇ ਆਪਣੀ ਰਚਨਾ 1171 ਵਿੱਚ ਮੁਕੰਮਲ ਕੀਤੀ, ਪਰੰਤੂ ਇਸ ਦਾ ਢਾਂਚਾ ਫਿਰਦੌਸੀ ਤੋਂ ਕਾਫ਼ੀ ਭਿੰਨ ਹੈ। ਇਸ ਕਹਾਣੀ ਅਨੁਸਾਰ ਸ਼ਾਹਪੂਰ ਨਾਂ ਦੇ ਚਿੱਤਰਕਾਰ ਦੁਆਰਾ ਦੱਸਣ ਤੇ ਖ਼ੁਸਰੋ ਪ੍ਰਵੇਜ਼ ਇਰਮਾਨ ਦੇਸ਼ ਦੀ ਸ਼ਹਿਜ਼ਾਦੀ ਸ਼ੀਰੀ ਦਾ ਦੀਵਾਨਾ ਬਣ ਜਾਂਦਾ ਹੈ। ਸ਼ੀਰੀ ਆਪਣਾ ਸ਼ਹਿਰ ਛੱਡ ਕੇ ਖ਼ੁਸਰੋ ਦੇ ਸ਼ਹਿਰ ਪੁੱਜ ਜਾਂਦੀ ਹੈ। ਪਰ ਖ਼ੁਸਰੋ ਪਿਤਾ ਨਾਲ ਨਰਾਜ਼ ਹੋ ਕੇ ਰੂਮ ਦੇਸ਼ ਵੱਲ ਭੱਜ ਜਾਂਦਾ ਹੈ। ਸ਼ਹਿਜਾਦੀ ਮਰੀਅਮ ਨਾਲ ਸ਼ਾਦੀ ਉਪਰੰਤ ਵਾਪਸ ਆਪਣੇ ਦੇਸ ਪੁੱਜ ਜਾਂਦਾ ਹੈ। ਇਸੇ ਦੌਰਾਨ ਫ਼ਰਹਾਦ ਜੋ ਪੇਸ਼ੇ ਵਜੋਂ ਲੁਹਾਰ ਸੀ, ਸ਼ੀਰੀ ਨੂੰ ਵੇਖਦਿਆਂ ਹੀ ਉਸ ਦੇ ਪ੍ਰੇਮ ਵਿੱਚ ਮਸਤ ਹੋ ਜਾਂਦਾ ਹੈ। ਖ਼ੁਸਰੋ ਨੂੰ ਪਤਾ ਲੱਗਦਾ ਹੈ ਤਾਂ ਉਹ ਫ਼ਰਹਾਦ ਦੁਆਰਾ ਸ਼ੀਰੀ ਨੂੰ ਹਾਸਲ ਕਰਨ ਲਈ ਪਹਾੜ ਕੱਟ ਕੇ ਸ਼ੀਰੀ ਦੇ ਬਾਗ਼ ਲਈ ਨਹਿਰ ਪੁੱਟ ਕੇ ਲਿਆਉਣ ਦੀ ਸ਼ਰਤ ਰੱਖਦਾ ਹੈ। ਜਦੋਂ ਫ਼ਰਹਾਦ ਆਪਣੇ ਮਿਸ਼ਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਖ਼ੁਸਰੋ ਕੋਝੀ ਚਾਲ ਚੱਲਦਿਆਂ ਕਾਸਦ ਰਾਹੀਂ ਫ਼ਰਹਾਦ ਨੂੰ ਸੰਦੇਸ਼ ਭੇਜਦਾ ਹੈ ਕਿ ਸ਼ੀਰੀ ਦੀ ਮੌਤ ਹੋ ਚੁੱਕੀ ਹੈ। ਫ਼ਰਹਾਦ ਇਹ ਮਨਹੂਸ ਖ਼ਬਰ ਸੁਣਦਿਆਂ ਹੀ ਹੱਥ ਵਿੱਚ ਫੜਿਆ ਤੇਸਾ ਆਪਣੇ ਸਿਰ ਤੇ ਮਾਰ ਕੇ ਸਦਾ ਦੀ ਨੀਂਦ ਸੌਂ ਜਾਂਦਾ ਹੈ। ਕਹਾਣੀ ਦਾ ਬਾਕੀ ਭਾਗ ਫਿਰਦੌਸੀ ਵੱਲੋਂ ਬਿਆਨ ਕੀਤੀ ਕਹਾਣੀ ਨਾਲ ਮੇਲ ਖਾਂਦਾ ਹੈ। ਫ਼ਾਰਸੀ ਵਿੱਚ ਹੋਰ ਵੀ ਬਹੁਤ ਸਾਰੇ ਕਿੱਸੇ ਲਿਖੇ ਗਏ ਹਨ, ਪਰੰਤੂ ਸ਼ੀਰੀ ਫ਼ਰਹਾਦ ਦੀ ਥਾਂ ਬਹੁਤਾ ਚੱਕਰ ਖ਼ੁਸਰੋ ਸ਼ੀਰੀ ਦੁਆਲੇ ਹੀ ਘੁੰਮਦਾ ਹੈ।
ਸੁਭਾਵਿਕ ਹੀ ਇਸ ਪ੍ਰੇਮ ਗਾਥਾ ਨੂੰ ਪੰਜਾਬ ਦੇ ਲੋਕ ਜੀਵਨ ਵਿੱਚ ਪ੍ਰਚਲਿਤ ਹੋਣ ਤੇ ਲੋਕ ਮਾਨਸ ਦਾ ਹਿੱਸਾ ਬਣਦਿਆਂ ਇੱਕ ਹਜ਼ਾਰ ਸਾਲ ਦਾ ਸਫ਼ਰ ਤਹਿ ਕਰਨਾ ਪਿਆ ਹੈ। ਪੰਜਾਬ ਵਿੱਚ ਸ਼ੀਰੀ ਖ਼ੁਸਰੋ ਜਾਂ ਖ਼ੁਸਰੋ ਸ਼ੀਰੀ ਦੀ ਪ੍ਰੀਤ ਕਹਾਣੀ ਦੀ ਥਾਂ ਇਹ ਲੋਕ-ਗਾਥਾ ਸ਼ੀਰੀ ਫ਼ਰਹਾਦ ਦੇ ਨਾਂ ਨਾਲ ਪ੍ਰਚਲਿਤ ਹੈ। ਲਗਪਗ ਇੱਕ ਦਰਜਨ ਜਿਨ੍ਹਾਂ ਕਵੀਆਂ ਨੇ ਇਸ ਕਿੱਸੇ ਨੂੰ ਲਿਖਿਆ ਹੈ, ਉਹਨਾਂ ਵਿੱਚੋਂ ਹਾਸ਼ਮ, ਇਮਾਮ ਬਖ਼ਸ਼, ਕਿਸ਼ਨ ਸਿੰਘ ਆਰਿਫ, ਮੁਹੰਮਦ ਬੂਟਾ ਗੁਜਰਾਤੀ, ਮੀਆਂ ਮੁਹੰਮਦ ਬਖ਼ਸ਼ ਅਤੇ ਗਿਆਨੀ ਦਿੱਤ ਸਿੰਘ ਦੇ ਨਾਂ ਖ਼ਾਸ ਵਰਣਨਯੋਗ ਹਨ। ਇਹਨਾਂ ਸਾਰਿਆਂ ਵਿੱਚੋਂ ਸ਼ੀਰੀ ਫ਼ਰਹਾਦ ਦਾ ਕਿੱਸਾ ਲਿਖਣ ਵਾਲਾ ਪਹਿਲਾ ਨਾਂ ਹਾਸ਼ਮ ਸ਼ਾਹ ਦਾ ਹੈ। ਹਾਸ਼ਮ ਨੇ ਜਿਸ ਵਾਰਤਾ ਨੂੰ ਆਧਾਰ ਬਣਾਇਆ ਹੈ ਅਤੇ ਜਿਸ ਰੂਪ ਵਿੱਚ ਪੰਜਾਬ ਵਿੱਚ ਸ਼ੀਰੀ ਫ਼ਰਹਾਦ ਦੀ ਕਹਾਣੀ ਪ੍ਰਚਲਿਤ ਹੈ, ਉਸ ਦਾ ਸੰਖੇਪ ਸਾਰ ਇਸ ਪ੍ਰਕਾਰ ਹੈ :
ਸ਼ਾਮ ਦੇਸ਼ ਦੇ ਸ਼ਹਿਰ ਇਸਤੰਬੋਲ ਵਿੱਚ ਅਜ਼ੀਜ਼ ਨਾਂ ਦਾ ਬਾਦਸ਼ਾਹ ਰਾਜ ਕਰਦਾ ਸੀ। ਉਸ ਦੀ ਬਹੁਤ ਹੀ ਖ਼ੂਬਸੂਰਤ ਬੇਟੀ ਸ਼ੀਰੀ ਸੀ। ਇਸੇ ਸ਼ਹਿਰ ਵਿੱਚ ਇੱਕ ਕਾਰੀਗਰ (ਤਰਖਾਣ) ਵੀ ਵੱਸਦਾ ਸੀ। ਉਸ ਦੇ ਬੇਟੇ ਦਾ ਨਾਂ ਫ਼ਰਹਾਦ ਸੀ। ਪਿਉ-ਪੁੱਤਰ ਦੋਨੋਂ ਹੀ ਸ਼ਾਹੀ ਮਹਿਲ ਵਿੱਚ ਦਿਵਾਰਾਂ ਨੂੰ ਬੇਲ ਬੂਟਿਆਂ ਰਾਹੀਂ ਸਜਾਉਣ ਦਾ ਕੰਮ ਕਰਦੇ ਸਨ। ਇਹ ਮਹਿਲ ਉਚੇਚੇ ਤੌਰ ਤੇ ਸ਼ੀਰੀ ਲਈ ਬਣਵਾਇਆ ਗਿਆ ਸੀ। ਫ਼ਰਹਾਦ ਸ਼ੀਰੀ ਨੂੰ ਫਿਰਦਿਆਂ ਵੇਖ ਕੇ ਯਕ-ਦਮ ਉਸ ਤੇ ਮੋਹਤ ਹੋ ਜਾਂਦਾ ਹੈ। ਇਹ ਪਹਿਲੀ ਨਜ਼ਰ ਦਾ ਪਿਆਰ ਸੀ। ਫ਼ਰਹਾਦ ਕੰਧਾਂ ਉਪਰ ਬੂਟਿਆਂ ਦੀ ਥਾਂ ਸ਼ੀਰੀ ਦੀਆਂ ਤਸਵੀਰਾਂ ਬਣਾਉਣ ਲੱਗ ਪਿਆ। ਫ਼ਰਹਾਦ ਪਾਗਲਾਂ ਵਾਂਗ ਗੇੜੇ ਕੱਢਣ ਲੱਗ ਪਿਆ। ਉਸ ਦਾ ਬਾਪ ਭਾਂਪ ਗਿਆ ਕਿ ਫ਼ਰਹਾਦ ਨੂੰ ਕਿਸ ਪਾਗਲਪੁਣੇ ਨੇ ਗ੍ਰੱਸ ਲਿਆ ਹੈ। ਉਹ ਫ਼ਰਹਾਦ ਨੂੰ ਹਕੀਮ ਪਾਸ ਲੈ ਗਿਆ, ਪਰ ਹਕੀਮ ਦੀ ਦਵਾਈ ਦਾ ਕੋਈ ਅਸਰ ਨਾ ਹੋਇਆ। ਜਦ ਫ਼ਰਹਾਦ ਮਹਿਲ ਤੋਂ ਬਾਹਰ ਗਲੀਆਂ ਬਜ਼ਾਰਾਂ ਵਿੱਚ ਘੁੰਮਦਾ ਤਾਂ ਲੋਕ ਵੀ ਉਸਨੂੰ ਪਾਗਲ ਹੀ ਸਮਝਦੇ। ਹੌਲੀ-ਹੌਲੀ ਇਹ ਖ਼ਬਰ ਸ਼ੀਰੀ ਦੇ ਬਾਪ ਪਾਸ ਵੀ ਪੁੱਜ ਗਈ। ਬਾਦਸ਼ਾਹ ਨੇ ਬਦਨਾਮੀ ਤੋਂ ਡਰਦਿਆਂ ਕਈ ਤਦਬੀਰਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਧਨ ਦੌਲਤ ਰਾਹੀਂ ਮਾਲਾਮਾਲ ਕਰਨ ਦਾ ਲਾਲਚ ਦਿੱਤਾ ਗਿਆ। ਉਸਨੂੰ ਫਾਹੇ ਲਾਉਣ ਲਈ ਸੂਲੀ ਗੱਡੀ ਗਈ। ਸੂਲੀ ਨੂੰ ਵੇਖ ਕੇ ਉਹ ਪਹਿਲਾਂ ਹੱਸਿਆ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਪੁੱਛਣ ਤੇ ਉਸ ਨੇ ਦੱਸਿਆ ਕਿ ਹੱਸਿਆ ਉਹ ਇਸ ਲਈ ਹੈ ਕਿ ਮੌਤ ਨਾਲ ਉਸ ਦੇ ਦੁੱਖਾਂ ਦਾ ਅੰਤ ਹੋ ਜਾਏਗਾ। ਰੋਇਆ ਉਹ ਇਸ ਕਰ ਕੇ ਹੈ ਕਿ ਸ਼ੀਰੀ, ਜਿਸ ਦੇ ਪਿਆਰ ਦੀ ਖ਼ਾਤਰ ਉਹ ਆਪਣੀ ਜਾਨ ਦੀ ਆਹੂਤੀ ਦੇ ਰਿਹਾ ਹੈ, ਉਹ ਸਾਮ੍ਹਣੇ ਨਹੀਂ ਹੋਵੇਗੀ। ਵਜ਼ੀਰਾਂ ਤੇ ਅਹਿਲਕਾਰਾਂ ਉਪਰ ਇਹਨਾਂ ਗੱਲਾਂ ਦਾ ਬਹੁਤ ਅਸਰ ਹੋਇਆ। ਉਹਨਾਂ ਨੇ ਬਾਦਸ਼ਾਹ ਨੂੰ ਕੋਈ ਹੋਰ ਵਿਉਂਤ ਸੋਚਣ ਲਈ ਰਾਇ ਦਿੱਤੀ। ਸ਼ੀਰੀ ਆਪਣੀਆਂ ਸਹੇਲੀਆਂ ਰਾਹੀਂ ਹਰ ਗੱਲ ਦੀ ਜਾਣਕਾਰੀ ਹਾਸਲ ਕਰਦੀ ਸੀ। ਬਾਦਸ਼ਾਹ ਨੂੰ ਵੀ ਸ਼ੀਰੀ ਦੀ ਫ਼ਰਹਾਦ ਪ੍ਰਤਿ ਖਿੱਚ ਬਾਰੇ ਕੋਈ ਭੁਲੇਖਾ ਨਹੀਂ ਸੀ।
ਅਜ਼ੀਜ਼ ਨੇ ਵਜ਼ੀਰਾਂ ਨੂੰ ਬੁਲਾ ਕੇ ਦੁਬਾਰਾ ਮਸ਼ਵਰਾ ਕੀਤਾ। ਆਖ਼ਰ ਇਹ ਫ਼ੈਸਲਾ ਲਿਆ ਗਿਆ ਕਿ ਫ਼ਰਹਾਦ ਪਹਾੜ ਤੋਂ ਪਾਰ ਵਗਦੀ ਨਦੀ ਵਿੱਚੋਂ ਨਹਿਰ ਪੁੱਟ ਕੇ ਲਿਆਵੇ, ਜਿਸ ਦੇ ਪਾਣੀ ਨਾਲ ਸ਼ੀਰੀ ਦਾ ਸੁੱਕਾ ਬਾਗ਼ ਹਰਿਆ ਹੋ ਜਾਏਗਾ ਅਤੇ ਇਵਜ਼ਾਨੇ ਵਿੱਚ ਉਹ ਸ਼ੀਰੀ ਨੂੰ ਹਾਸਲ ਕਰ ਲਵੇਗਾ। ਫ਼ਰਹਾਦ ਇੱਕ ਫਾਲੂਦਾ ਵੇਚਣ ਵਾਲੇ ਦੀ ਦੁਕਾਨ ਉਪਰ “ਸ਼ੀਰੀ ਫਾਲੂਦਾ” ਦੀ ਧੁਨ ਸੁਣ ਕੇ ਝੂਮ ਰਿਹਾ ਸੀ ਕਿ ਉਸਨੂੰ ਸ਼ਾਹੀ ਸੰਦੇਸ਼ ਅਤੇ ਨਾਲ ਪਹਾੜ ਕੱਟਣ ਲਈ ਲੋੜੀਂਦੇ ਸੰਦ (ਤੇਸਾ, ਹਥੌੜਾ ਆਦਿ) ਉਸ ਦੇ ਹਵਾਲੇ ਕਰ ਦਿੱਤੇ ਗਏ। ਫ਼ਰਹਾਦ ਦੀ ਸਿਦਕ ਦਿਲੀ, ਦ੍ਰਿੜ੍ਹਤਾ ਅਤੇ ਲਗਨ ਨੂੰ ਵੇਖ ਕੇ ਗ਼ੈਬੀ ਸ਼ਕਤੀਆਂ (ਫਰਿਸ਼ਤੇ ਆਦਿ) ਉਸ ਦੀ ਸਹਾਇਤਾ ਲਈ ਹਾਜ਼ਰ ਹੋ ਗਏ ਅਤੇ ਅਸੰਭਵ ਕਾਰਜ ਸਹਿਜੇ ਹੀ ਨੇਪਰੇ ਚੜ੍ਹ ਗਿਆ। ਜਦੋਂ ਬਾਦਸ਼ਾਹ ਨੂੰ ਇਹ ਖ਼ਬਰ ਮਿਲੀ ਤਾਂ ਘਬਰਾ ਗਿਆ। ਸਲਾਹ ਦੇਣ ਵਾਲੇ ਵਜ਼ੀਰਾਂ ਨੂੰ ਕੈਦੀ ਬਣਾ ਦਿੱਤਾ। ਇਸ ਵੇਲੇ ਇੱਕ ਬੁੱਢੀ ਔਰਤ ਫਫੇਕੁਟਣੀ ਦੇ ਭੇਸ ਵਿੱਚ ਫ਼ਰਹਾਦ ਕੋਲ ਪੁੱਜ ਕੇ ਕਹਿਣ ਲੱਗੀ ਕਿ “ਜਿਸ ਸ਼ੀਰੀ ਲਈ ਤੂੰ ਐਨੇ ਜਫਰ ਜਾਲੇ ਹਨ, ਉਹ ਤਾਂ ਮਰ ਚੁੱਕੀ ਹੈ।" ਨਾਲ ਹੀ ਉਸ ਦੀ ਅੰਤਿਮ ਰਸਮ ਵਜੋਂ ਹਲਵਾ ਤੇ ਨਾਨ (ਜੋ ਉਸ ਨੇ ਬਜ਼ਾਰ ਵਿੱਚੋਂ ਖ਼ਰੀਦੇ ਸਨ) ਸਬੂਤ ਵਜੋਂ ਵਿਖਾਏ। ਫ਼ਰਹਾਦ ਨੇ ਜਿਉਂ ਹੀ ਇਹ ਖ਼ਬਰ ਸੁਣੀ, ਉਹ ਇਸ ਅਸਹਿ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਹੱਥ ਵਿੱਚ ਫੜੇ ਤੇਸੇ ਨੂੰ ਸਿਰ ਵਿੱਚ ਮਾਰ ਕੇ ਹਮੇਸ਼ਾ ਦੀ ਨੀਂਦ ਸੌਂ ਗਿਆ। ਸ਼ੀਰੀ ਵੀ ਇਸ ਖ਼ਬਰ ਨੂੰ ਸੁਣ ਕੇ ਦਮ ਤੋੜ ਗਈ।
ਜਦੋਂ ਸ਼ੀਰੀ ਨੂੰ ਦਫ਼ਨਾਉਣ ਲਈ ਕਬਰ ਪਾਸ ਲਿਜਾਇਆ ਗਿਆ ਤਾਂ ਵੇਖਿਆ ਕਿ ਕਫਨ (ਜਿਸ ਕੱਪੜੇ ਵਿੱਚ ਲਪੇਟਿਆ ਸੀ) ਖਾਲੀ ਹੈ। ਸਾਰੇ ਹੈਰਾਨ ਹੋਏ। ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਫ਼ਰਹਾਦ ਦੀ ਕਬਰ ਫੋਲ ਲਈ ਜਾਏ। ਜਿਵੇਂ ਹੀ ਕਬਰ ਫੋਲੀ ਗਈ ਤਾਂ ਸ਼ੀਰੀ ਤੇ ਫ਼ਰਹਾਦ ਦੋਹਾਂ ਨੂੰ ਇੱਕੋ ਕਬਰ ਵਿੱਚ ਗਲਵਕੜੀ ਪਾਏ ਵੇਖਿਆ ਗਿਆ।
ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First