ਸ਼ਾਹਮੁਖੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਾਹਮੁਖੀ : ਸ਼ਾਹਮੁਖੀ ਇੱਕ ਲਿਪੀ ਦਾ ਨਾਂ ਹੈ ਜਿਸ ਵਿੱਚ ਪੰਜਾਬੀ ਲਿਖੀ ਜਾਂਦੀ ਸੀ ਤੇ ਅੱਜ ਵੀ ਪਾਕਿਸਤਾਨ ਵਿੱਚ ਪੰਜਾਬੀ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਉਰਦੂ, ਜਿਸ ਦੀ ਆਪਣੀ ਕੋਈ ਲਿਪੀ ਨਹੀਂ, ਸ਼ਾਹਮੁਖੀ ਵਿੱਚ ਹੀ ਲਿਖਿਆ ਜਾਂਦਾ ਹੈ। ਸ਼ਾਹਮੁਖੀ ਅਰਬੀ ਫ਼ਾਰਸੀ ਨੂੰ ਲਿਖਣ ਲਈ ਵਰਤੀ ਜਾਂਦੀ ਲਿਪੀ ਤੋਂ ਵਿਕਸਿਤ ਹੋਈ ਹੈ ਤੇ ਇਸ ਨੂੰ ਪੰਜਾਬੀ ਧੁਨੀ ਪ੍ਰਬੰਧ ਦੇ ਅਨੁਸਾਰ ਢਾਲਿਆ ਗਿਆ ਹੈ। ਕਈ ਧੁਨੀਆਂ ਅਰਬੀ ਫ਼ਾਰਸੀ ਵਿੱਚ ਨਹੀਂ ਹਨ, ਜਿਵੇਂ / ਭ, ਧ, ਝ, ਫ ਤੇ ਘ / ਇਸ ਤਰ੍ਹਾਂ / ਫ਼, ਜ਼, ਖ਼, ਗ਼ / ਆਦਿ ਧੁਨੀਆਂ ਪੰਜਾਬੀ ਵਿੱਚ ਫ਼ਾਰਸੀ ਆਦਿ ਤੋਂ ਉਧਾਰ ਆਏ ਸ਼ਬਦਾਂ ਨੂੰ ਲਿਖਣ ਤੇ ਦਰਸਾਉਣ ਲਈ ਬਣਾਈਆਂ ਗਈਆਂ ਹਨ। ਫ਼ਾਰਸੀ ਵਿੱਚ / ਜ / ਤੇ / ਜ਼ / ਦੋ ਅਰਥਵਤ ਧੁਨੀਆਂ ਹਨ ਜਿਵੇਂ ‘ਜੰਗ`, (ਲੜਾਈ) ਤੇ ‘ਜ਼ੰਗ`। ਇਸੇ ਤਰ੍ਹਾਂ ਫ਼ਾਰਸੀ ਵਿੱਚ / ਔ, ਐ/ਧੁਨੀਆਂ ਵੀ ਨਹੀਂ ਹਨ ਤੇ ਇਹਨਾਂ ਪੰਜਾਬੀ ਧੁਨੀਆਂ ਨੂੰ ਦਰਸਾਉਣ ਲਈ ਵੀ ਕਈ ਤਰੀਕੇ ਅਪਣਾਏ ਗਏ ਹਨ।
ਵਾਸਤਵ ਵਿੱਚ ਫ਼ਾਰਸੀ, ਉਰਦੂ ਤੇ ਸ਼ਾਹਮੁਖੀ ਦੀ ਆਧਾਰ ਲਿਪੀ ਅਰਬੀ ਹੈ ਤੇ ਇਹ ਲਿਪੀ ਅਰਬੀ ਲਈ ਹੀ ਮੂਲ ਰੂਪ ਵਿੱਚ ਢੁੱਕਵੀਂ ਹੈ। ਇਸ ਲਿਪੀ ਵਿੱਚ ਸ੍ਵਰਾਂ ਨੂੰ ਦਰਸਾਉਣ ਲਈ ਵੱਖਰੇ ਚਿੰਨ੍ਹ ਨਹੀਂ ਹਨ ਤੇ ਇਸ ਦਾ ਕਾਰਨ ਹੈ ਅਰਬੀ ਭਾਸ਼ਾ ਦੀ ਆਪਣੀ ਪ੍ਰਕਿਰਤੀ। ਅਰਬੀ ਵਿੱਚ ਸ੍ਵਰ ਉਸ ਸ਼ਬਦ ਦੀ ਰਚਨਾ, ਸ਼੍ਰੇਣੀ ਜਾਂ ਵਰਗ ਤੇ ਨਿਰਭਰ ਹੈ।
ਇੱਥੇ ਅਰਬੀ ਭਾਸ਼ਾ ਬਾਰੇ ਕੁਝ ਸ਼ਬਦ ਕਹਿਣੇ ਜ਼ਰੂਰੀ ਹਨ। ਅਰਬੀ ਦੀ ਕਿਰਿਆ ਧਾਤੂ ਤ੍ਰਿਵਿਅੰਜਨਕ ਹੈ ਅਰਥਾਤ ਇਸ ਵਿੱਚ ਤਿੰਨ ਵਿਅੰਜਨ ਹੁੰਦੇ ਹਨ। ਆਉ, ਅਸੀਂ ਇੱਕ ਧਾਤੂ ਵੱਲ ਵੇਖੀਏ / ਅ ਲ ਮ / ਜੇ ਅਸੀਂ ਇਸ ਧਾਤੂ ਤੋਂ ਕਰਤਰੀ ਨਾਂਵ ਬਣਾਉਣਾ ਚਾਹੁੰਦੇ ਹਾਂ ਤਾਂ / ਅ / ਦੇ ਉਪਰੰਤ ਦੀਰਘ ਸ੍ਵਰ ਲਾਉਂਦੇ ਹਨ ਤੇ ਇਹ ਬਣ ਜਾਂਦਾ ਹੈ ‘ਆਲਮ` ਭਾਵ ‘ਵਿਦਵਾਨ`, ‘ਪੜ੍ਹਨ ਲਿਖਣ ਵਾਲਾ ਆਦਮੀ`। ਜੇ ਅਸੀਂ ਧਾਤੂ ਦਾ ਮੂਰਿਤ ਭਾਵ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਅਸੀਂ / ਅ / ਤੋਂ ਪਹਿਲਾਂ / ਮ / ਲਾਉਂਦੇ ਹਾਂ ਤੇ / ਲ / ਦੇ ਥੱਲੇ ਦੂਲੈਂਕੜੇ ( ੂ ) ਲਾਉਂਦੇ ਹਾਂ ਤੇ ਇਹ ਬਣ ਜਾਂਦਾ ਹੈ ਮਾਲੂਮ (ਪੰਜਾਬੀ ਮਲੂਮ) ਤੇ ਅਸੀਂ ਇਸੇ ਧਾਤੂ ਤੋਂ ਭਾਵਵਾਚੀ ਨਾਂਵ ਬਣਾਉਣਾ ਚਾਹੁੰਦੇ ਹਾਂ ਤਾਂ / ਅ / ਦੀ ਥਾਂ / ਇ / ਲਾਉਂਦੇ ਹਾਂ ਤੇ ਇਹ ‘ਇਲਮ` ਬਣ ਜਾਂਦਾ ਹੈ। ਇਸ ਤਰ੍ਹਾਂ ਅਰਬੀ ਦਾ ਸ਼ਬਦ ਰਚਨ ਢੰਗ ਇੱਕ ਸ੍ਵਰ ਦੀ ਚੋਣ ਕਰਦਾ ਹੈ। ਪੰਜਾਬੀ ਜਾਂ ਹੋਰ ਅਜੋਕੀਆਂ ਭਾਰਤੀ ਭਾਸ਼ਾਵਾਂ ਵਿੱਚ ਇਹੋ ਜਿਹਾ ਕੁੱਝ ਨਹੀਂ ਮਿਲਦਾ।
ਜਦੋਂ ਇਸਲਾਮ ਈਰਾਨ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਹੀ ਅਰਬ ਵਿਚਾਰਧਾਰਾ (ਜਾਂ ਇਸਲਾਮੀ ਵਿਚਾਰਧਾਰਾ) ਤੇ ਅਰਬੀ ਲਿਪੀ ਈਰਾਨ ਵਿੱਚ ਆਈ। ਕਿਉਂਕਿ ਇਹ ਲਿਪੀ ਫ਼ਾਰਸੀ ਦੀਆਂ ਧੁਨੀਆਂ ਲਈ ਅਪੂਰਨ ਸੀ ਤੇ ਇਸ ਲਈ ਨਵੇਂ ਚਿੰਨ੍ਹ ਘੜੇ ਗਏ।
ਜਦੋਂ ਨੌਂਵੀਂ ਜਾਂ ਦਸਵੀਂ ਸਦੀ ਵਿੱਚ ਪੰਜਾਬੀ ਨੂੰ ਇਸ ਨਵੀਂ ਲਿਪੀ ਵਿੱਚ ਲਿਖੇ ਜਾਣ ਦੀ ਲੋੜ ਪਈ ਤਾਂ ਇਸ ਅਰਬੀ-ਫ਼ਾਰਸੀ ਲਿਪੀ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਤੇ ਇਸ ਨਵੀਂ ਲਿਪੀ ਨੂੰ ਸ਼ਾਹਮੁਖੀ ਲਿਪੀ ਕਿਹਾ ਗਿਆ (ਇਹ ਸ਼ਬਦ ਸ਼ਾਹਮੁਖੀ 18ਵੀਂ ਜਾਂ 19ਵੀਂ ਸਦੀ ਵਿੱਚ ਵਰਤਿਆ ਗਿਆ) ਇਸ ਵਿੱਚ ਨਵੇਂ ਸ੍ਵਰ ਤੇ ਵਿਅੰਜਨ ਚਿੰਨ੍ਹ ਸਥਾਪਿਤ ਹੋਏ। ਉਸ ਵੇਲੇ ਸ਼ਾਇਦ ਪੰਜਾਬੀ ਸ਼ਾਰਦਾ ਤੇ ਟਾਕਰੀ ਲਿਪੀ ਵਿੱਚ ਲਿਖੀ ਜਾਂਦੀ ਸੀ। ਕੋਈ 15ਵੀਂ ਸਦੀ ਦੇ ਅੰਤ ਵਿੱਚ ਇਹਨਾਂ ਲਿਪੀਆਂ ਨੂੰ ਸੁਧਾਰ ਕੇ ਤੇ ਨਵੇਂ ਚਿੰਨ੍ਹ ਘੜ ਕੇ ਤੇ ਨਵਾਂ ਦ੍ਰਿਸ਼ਟੀਕੋਣ ਦੇ ਕੇ ਗੁਰੂ ਅੰਗਦ ਦੇਵ ਨੇ ਗੁਰਮੁਖੀ ਲਿਪੀ ਦਾ ਪ੍ਰਚਲਨ ਕੀਤਾ ਤੇ ਪੁਰਾਣੀਆਂ ਪੋਥੀਆਂ ਇਸ ਨਵੀਂ (ਪੁਰਾਣੀ ਤੇ ਆਧਾਰਿਤ) ਲਿਪੀ ਵਿੱਚ ਲਿਖਵਾਈਆਂ।
ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ਼ਾਹਮੁਖੀ ਤੇ ਗੁਰਮੁਖੀ ਨਾਂ ਵਿੱਚ ਵੀ ਸਾਂਝ ਹੈ। ਸ਼ਾਹਮੁਖੀ ਨਾਂ ਗੁਰਮੁਖੀ ਦੀ ਰੀਸ ਤੇ ਪਿਆ ਤੇ ਇਹ ਨਾਂ ਓਦੋਂ ਪ੍ਰਚਲਿਤ ਹੋਇਆ, ਜਦੋਂ ਇਸ ਵਿੱਚ ਉਰਦੂ ਲਿਖਿਆ ਜਾਣ ਲੱਗਾ।
ਸ਼ਾਹਮੁਖੀ ਦਾ ਇਸਲਾਮ ਨਾਲ ਸੰਬੰਧ ਹੈ ਤੇ ਰਿਹਾ ਹੈ। ਪੰਜਾਬੀ ਦੇ ਕਿੱਸਾਕਾਰਾਂ ਤੇ ਸੂਫ਼ੀ ਮੁਸਲਮਾਨਾਂ ਨੇ ਆਪਣੀ ਰਚਨਾ ਸ਼ਾਹਮੁਖੀ ਵਿੱਚ ਲਿਖੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਵੇਲੇ ਕਿੱਸਾਕਾਰ ਤੇ ਸੂਫ਼ੀ ਆਪਣਾ ਸਾਹਿਤ ਰਚ ਰਹੇ ਸਨ ਤਾਂ ਉਸ ਵੇਲੇ ਗੁਰਮੁਖੀ ਜ਼ਿਆਦਾ ਪ੍ਰਚਲਿਤ ਨਹੀਂ ਹੋਈ ਸੀ। ਗੁਰੂ ਸਾਹਿਬਾਨ ਦੀ ਬਾਣੀ ਤੇ ਉਹਨਾਂ ਨਾਲ ਸੰਬੰਧਿਤ ਹੋਰ ਲਿਖਤਾਂ ਗੁਰਮੁਖੀ ਵਿੱਚ ਲਿਖੀਆਂ ਗਈਆਂ। ਇੱਕ ਵੱਖਰੀ ਲਿਪੀ, ਇੱਕ ਵੱਖਰਾ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਉਸ ਇਨਕਲਾਬੀ ਸਥਿਤੀ ਤੇ ਵਿਚਾਰਧਾਰਾ ਦਾ ਹਿੱਸਾ ਸੀ, ਜਿਸ ਨੇ ਮੁਗ਼ਲ ਸਾਮਰਾਜ ਨਾਲ ਡੱਟ ਕੇ ਮੁਕਾਬਲਾ ਕੀਤਾ ਤੇ ਇਸ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਇਹ ਗੁਰਮੁਖੀ ਲਿਪੀ ਪੰਜਾਬੀ ਲਈ ਬਹੁਤ ਢੁੱਕਵੀਂ ਹੈ। ਕਿੱਸਾਕਾਰਾਂ ਤੇ ਸੂਫ਼ੀਆਂ ਨੇ ਆਪਣੀਆਂ ਰਚਨਾਵਾਂ ਗੁਰਮੁਖੀ ਵਿੱਚ ਸ਼ਾਇਦ ਇਸ ਲਈ ਨਹੀਂ ਲਿਖੀਆਂ ਕਿਉਂਕਿ ਉਹ ਇਸ ਨਵੀਂ ਵਿਚਾਰਧਾਰਾ (ਸਿੱਖ) ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸਨ ਤੇ ਸ਼ਾਇਦ ਮਨੋਵਿਗਿਆਨਿਕ ਤੌਰ ਤੇ ਉਹ ਇਸਲਾਮੀ ਸਾਮਰਾਜ ਦੇ ਸਹਾਇਕ ਸਨ।
ਪਾਕਿਸਤਾਨ ਵਿੱਚ ਅੱਜ ਵੀ ਪੰਜਾਬੀ ਸ਼ਾਹਮੁਖੀ ਲਿਪੀ ਵਿੱਚ ਹੀ ਲਿਖੀ ਜਾਂਦੀ ਹੈ। ਸ਼ਾਇਦ ਭਵਿੱਖ ਵਿੱਚ ਪਾਕਿਸਤਾਨ ਵਿੱਚ ਵੀ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾਵੇ।
ਸ਼ਾਹਮੁਖੀ ਵਿੱਚ ਸਿੰਧੀ ਤੇ ਕਸ਼ਮੀਰੀ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਸਿੰਧੀ ਸ਼ਾਹਮੁਖੀ ਵਿੱਚ ਅਠਵੀਂ ਸਦੀ ਤੋਂ ਲਿਖੀ ਜਾ ਰਹੀ ਹੈ। ਕਸ਼ਮੀਰੀ ਪੰਦਰ੍ਹਵੀਂ ਜਾਂ ਸੋਲ੍ਹਵੀਂ ਸਦੀ ਤੋਂ ਸ਼ਾਹਮੁਖੀ ਵਿੱਚ ਲਿਖੀ ਜਾ ਰਹੀ ਹੈ ਤੇ ਸ਼ਾਹਮੁਖੀ ਕਸ਼ਮੀਰੀ ਲਿਖਣ ਲਈ ਬਿਲਕੁਲ ਅਨੁਚਿਤ ਹੈ। ਸ਼ਾਇਦ ਜੇ ਪੰਜਾਬੀ ਨੂੰ ਸ਼ਾਹਮੁਖੀ ਵਿੱਚ ਲਿਖਣਾ ਬਹੁਤ ਜਚਦਾ ਨਹੀਂ ਤਾਂ ਸਿੰਧੀ ਤੇ ਕਸ਼ਮੀਰੀ ਨੂੰ ਸ਼ਾਹਮੁਖੀ ਵਿੱਚ ਲਿਖਣਾ ਇੱਕ ਬਹੁਤ ਵੱਡੀ ਗ਼ਲਤੀ ਹੈ ਤੇ ਅਨਿਆਇ ਹੈ। ਮਜ਼ਹਬ ਦਾ ਭਾਸ਼ਾ ਤੇ ਲਿਪੀ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ।
ਲੇਖਕ : ਪ੍ਰੇਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First