ਸ਼ਹਿ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਹਿ (ਨਾਂ,ਇ) ਚੁੱਕ; ਸਾਜ਼ਿਸ਼ ਭਰੀ ਹੱਲਾਸ਼ੇਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਹਿ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਹਿ [ਨਾਂਇ] ਉਕਸਾਉਣ ਦਾ ਭਾਵ, ਹੱਲਾਸ਼ੇਰੀ, ਚੁੱਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਹਿ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Abetment_ਸ਼ਹਿ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (i) ਵਿਚ ‘ਸ਼ਹਿ ਦੇਣਾ’ ਨੂੰ ਪਰਿਭਾਸ਼ਤ ਕਰਦੇ ਹੋਏ ਕਿਹਾ ਗਿਆ ਹੈ ਕਿ ‘‘ਸ਼ਹਿ ਦੇਣਾ’’ ਦਾ, ਉਸਦੇ ਵਿਆਰਕਣਕ ਰੂਪਾਂਤਰਾਂ ਅਤੇ ਸਜਾਤੀ ਪਦਾ ਸਹਿਤ, ਉਹ ਹੀ ਮਤਲਬ ਹੋਵੇਗਾ ਜੋ ਭਾਰਤੀ ਦੰਡ ਸੰਘਤਾ ਵਿਚ ਹੈ।’’
ਸਾਧਾਰਨ ਖੰਡ ਐਕਟ ਦੀ ਧਾਰਾ 4(2) ਉਪਬੰਧ ਕੀਤਾ ਗਿਆ ਹੈ ਕਿ ਧਾਰਾ 3 (i) ਵਿਚ ‘ਸ਼ਹਿ ਦੇਣਾ’ ਦੀ ਪਰਿਭਾਸ਼ਾ 14 ਜਨਵਰੀ 1887 ਨੂੰ ਅਤੇ ਉਸਤੋਂ ਪਿਛੋਂ ਬਣਾਏ ਗਏ ਸਭ ਕੇਂਦਰੀ ਐਕਟਾਂ ਅਤੇ ਵਿਨਿਯਮਾਂ ਨੂੰ ਲਾਗੂ ਹੋਵੇਗੀ।
ਭਾਰਤੀ ਦੰਡ ਸੰਘਤਾ ਦੀ ਧਾਰਾ 107 ਅਧੀਨ ਮੁੱਖ ਧਿਰ ਅਰਥਾਤ ਅਪਰਾਧੀ ਅਤੇ ਸ਼ਹਿ ਦੇਣ ਵਾਲੇ ਵਿਚ ਫ਼ਰਕ ਕੀਤਾ ਗਿਆ ਹੈ। ਇਸ ਧਾਰਾ ਅਨੁਸਾਰ ਸ਼ਹਿ ਤਿੰਨ ਤਰੀਕਿਆਂ ਨਾਲ ਦਿੱਤੀ ਜਾਂਦੀ ਹੈ, ਅਰਥਾਤ-
(i) ਕੋਈ ਅਪਰਾਧ ਕਰਨ ਲਈ ਕਿਸੇ ਵਿਅਕਤੀ ਨੂੰ ਉਕਸਾਉਣ ਦੁਆਰਾ;
(ii) ਕੋਈ ਅਪਰਾਧ ਕਰਨ ਲਈ ਸਾਜ਼ਸ਼ ਵਿਚ ਸ਼ਾਮਲ ਹੋ ਕੇ; ਅਤੇ
(iii) ਕਿਸੇ ਵਿਅਕਤੀ ਨੂੰ ਅਪਰਾਧ ਕਰਨ ਲਈ ਇਰਾਦਤਨ ਸਹਾਇਤਾ ਦੇ ਕੇ।
ਉਪਰੋਕਤ ਤੋਂ ਸਪਸ਼ਟ ਹੈ ਕਿ ਇਸ ਪਰਿਭਾਸ਼ਾ ਵਿਚ ਕਿਸੇ ਗੱਲ ਜਾਂ ਅਪਰਾਧ ਦੇ ਕੀਤੇ ਜਾਣ ਤੋਂ ਪਹਿਲਾਂ ਸ਼ਹਿ ਦੇਣ ਦੀ ਸ਼ਮੂਲੀਅਤ ਚਿਤਵੀ ਗਈ ਹੈ। ਇਸ ਵਿਚ ਤੱਥ ਉਪਰੰਤ ਦੇ ਸਹਾਇਕ ਸ਼ਾਮਲ ਨਹੀਂ ਕੀਤੇ ਗਏ। ਭਾਰਤੀ ਕਾਨੂੰਨ ਵਿਚ ਅਪਰਾਧੀਆਂ ਨੂੰ ਪਨਾਹ ਦੇਣਾ ਇਕ ਸਬਸਟੈਂਟਿਵ ਅਪਰਾਧ ਬਣਾਇਆ ਗਿਆ ਹੈ। (ਵੇਖੋ ਭਾਰਤੀ ਦੰਡ ਸੰਘਤਾ ਦੀ ਧਾਰਾ 130, 136, 201, 212, 216 ਅਤੇ 217 (ੳ)।
ਉਕਸਾਹਟ ਦੁਆਰਾ ਸ਼ਹਿ ਦੇਣਾ-ਧਾਰਾ 107 ਦੀ ਪਹਿਲੀ ਖੰਡ ਅਨੁਸਾਰ ‘‘ਕੋਈ ਵਿਅਕਤੀ ਜੋ ਕਿਸੇ ਵਿਅਕਤੀ ਨੂੰ ਕੋਈ ਗੱਲ ਕਰਨ ਲਈ ਉਕਸਾਉਂਦਾ ਹੈ ਉਹ ਉਸ ਨੂੰ ਸ਼ਹਿ ਦਿੰਦਾ ਹੈ।’’ ਇਹ ਇਕ ਲਿਹਾਜ਼ ਨਾਲ ਸ਼ਹਿ ਦੇਣ ਦੀ ਪਰਿਭਾਸ਼ਾ ਦਾ ਇਕ ਭਾਗ ਹੈ। ਲੇਕਿਨ ਸਵਾਲ ਉਠਦਾ ਹੈ ਕਿ ਉਕਸਾਉਣ ਦਾ ਅਰਥ ਕੀ ਹੈ? ਇਸ ਧਾਰਾ ਦੇ ਹੇਠਾਂ ਦਿੱਤੀ ਵਿਆਖਿਆ 1 ਵਿਚ ਕਿਹਾ ਗਿਆ ਹੈ ਕਿ ‘ਕੋਈ ਵਿਅਕਤੀ ਜੋ ਜਾਣ ਬੁੱਝ ਕੇ ਗ਼ਲਤ ਦਰਸਾਵੇ ਦੁਆਰਾ ਜਾਂ ਅਹਿਮ ਤੱਥ, ਜੋ ਪ੍ਰਗਟ ਕਰਨ ਲਈ ਉਹ ਪਾਬੰਦ ਹੋ, ਜਾਣ ਬੁਝ ਕੇ ਲੁਕੋਣ ਦੁਆਰਾ, ਸਵੈ-ਇੱਛਾ ਨਾਲ , ਕਿਸੇ ਗੱਲ ਦਾ ਕੀਤਾ ਜਾਣਾ ਕਾਰਤ ਕਰਦਾ ਜਾਂ ਹਾਸਲ ਕਰਦਾ ਹੈ, ਜਾਂ ਕਾਰਤ ਕਰਨ ਜਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਸ ਗੱਲ ਦੇ ਕਰਨ ਲਈ ਉਕਸਾਉਂਦਾ ਹੈ। ਇਸ ਵਿਆਖਿਆ ਦੇ ਹੇਠਾਂ ਦਿੱਤੇ ਦ੍ਰਿਸ਼ਟਾਂਤ ਵਿਚ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਗਿਆ ਹੈ। ਉਸ ਦ੍ਰਿਸ਼ਟਾਂਤ ਵਿਚ ‘ਅ’ ਦੋਹਾਂ ਵਿਅਕਤੀਆਂ ਅਰਥਾਤ ‘ੲ’ ਅਤੇ ‘ਪ’ ਨੂੰ ਜਾਣਦਾ ਹੈ, ਲੇਕਿਨ ਉਹ ਚਾਹੁੰਦਾ ਹੈ ਕਿ ਲੋਕ ਅਫ਼ਸਰ ‘ੲ’ ਨੂੰ ਗ੍ਰਿਫ਼ਤਾਰ ਕਰੇ ਜਦ ਕਿ ਉਸ ਲੋਕ ਅਫ਼ਸਰ ਕੋਲ ‘ਪ’ ਦੀ ਗ੍ਰਿਫ਼ਤਾਰੀ ਦੇ ਵਰੰਟ ਹਨ। ‘ਅ’ ਜਾਣ ਬੁੱਝ ਕੇ ‘ੳ’ ਕੋਲ ਇਹ ਗ਼ਲਤ ਦਰਸਾਵਾ ਕਰਦਾ ਹੈ ਕਿ ‘ੲ’ ‘ਪ’ ਹੈ। ‘ੳ’ ਉਸ ਗ਼ਲਤ ਦਰਸਾਵੇ ਅਨੁਸਾਰ ‘ੲ’ ਨੂੰ ਗ੍ਰਿਫ਼ਤਾਰ ਕਰ ਲੈਂਦਾ ਹੈ। ਇਸ ਤਰ੍ਹਾਂ ‘ਅ’ ਜਾਣ ਬੁੱਝ ਕੇ ਗ਼ਲਤ ਦਰਸਾਵਾ ਕਰਕੇ ਸਵੈ-ਇੱਛਾ ਨਾਲ ‘ਪ’ ਦੀ ਥਾਂ ‘ੲ’ ਨੂੰ ਗ੍ਰਿਫ਼ਤਾਰ ਕਰਵਾ ਦਿੰਦਾ ਹੈ। ਪੰਜਾਬ ਦੇ ਪਿੰਡਾਂ ਵਿਚ, ਜਿਥੇ ਹੱਡ ‘ਵੈਰ ਪਾਲੇ ਜਾਂਦੇ ਹਨ ਅਤੇ ਜੱਦੀ ਦੁਸ਼ਮਣੀਆਂ ਦੇ ਬਦਲੇ ਲਏ ਜਾਂਦੇ ਹਨ, ਉਕਸਾਹਟ ਦੁਆਰਾ ਦਿੱਤੀ ਸ਼ਹਿ ਦੇਣ ਦੀਆਂ ਮਿਸਾਲਾਂ ਦੀ ਕੋਈ ਘਾਟ ਨਹੀਂ। ਇਸ ਤਰ੍ਹਾਂ ਦੀ ਉਕਸਾਹਟ ਦੇਣ ਵਾਲੇ, ਜਿਨ੍ਹਾਂ ਨੂੰ ਚੁੱਕ ਦੇਣ ਵਾਲੇ ਵੀ ਕਿਹਾ ਜਾਂਦਾ ਹੈ, ਸੱਚ ਝੂਠ ਬੋਲ ਕੇ ਅਤੇ ਝੂਠ ਨੂੰ ਸੱਚ ਬਣਾ ਕੇ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਬਦਲਾ ਲੈਣ ਵਾਲੇ ਦੇ ਡੌਲ੍ਹੇ ਫੜਕ ਉਠਦੇ ਹਨ ਅਤੇ ਉਹ ਅਜਿਹਾ ਕੁਝ ਕਰ ਗੁਜ਼ਰਦਾ ਹੈ ਜੋ ਚੁੱਕ ਦੇਣ ਵਾਲੇ ਦੀ ਇੱਛਾ ਹੁੰਦੀ ਹੈ ਕਿ ਉਹ ਉਸ ਤਰ੍ਹਾਂ ਕਰੇ। ਇਸ ਤਰ੍ਹਾਂ ਕੋਈ ਵਿਅਕਤੀ ਜੋ ਕਿਸੇ ਵਿਅਕਤੀ ਨੂੰ ਕੋਈ ਗੱਲ ਕਰਨ ਲਈ ਚੁੱਕਦਾ ਹੈ, ਪ੍ਰੇਰਤ ਕਰਦਾ ਹੈ, ਭੜਕਾਹਟ ਦਿੰਦਾ ਹੈ ਅਤੇ ਕਈ ਸੂਰਤਾਂ ਵਿਚ ਹੁਕਮ ਤਕ ਵੀ ਦਿੰਦਾ ਹੈ ਉਹ ਉਸ ਨੂੰ ਸ਼ਹਿ ਦਿੰਦਾ ਹੈ। ਪੰਜਾਬ ਵਿਚ ਅਣਖ , ਗ਼ੈਰਤ ਅਤੇ ਇਜ਼ਤ ਦੇ ਨਾਂ ਤੇ ਕੀਤੇ ਗ਼ਲਤ ਦਰਸਾਵਿਆਂ ਦੁਆਰਾ ਸ਼ਹਿ ਦੇਣਾ ਇਕ ਆਮ ਗੱਲ ਹੈ।
ਜੇ ਇਕ ਵਿਅਕਤੀ ਕਿਸੇ ਹੋਰ ਨੂੰ ਅਜਿਹਾ ਅਪਰਾਧ ਕਰਨ ਦੀ ਸ਼ਹਿ ਦਿੰਦਾ ਹੈ ਅਤੇ ਅਜਿਹੀ ਸ਼ਹਿ ਦੇਣ ਵਾਲੇ ਨੂੰ ਭਾਰਤੀ ਦੰਡ ਸੰਘਤਾ ਵਿਚ ਸਜ਼ਾ ਦਾ ਉਪਬੰਧ ਨਹੀਂ ਕੀਤਾ ਗਿਆ ਤਾਂ ਸ਼ਹਿ ਦੇਣ ਵਾਲੇ ਨੂੰ ਉਹ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਉਸ ਅਪਰਾਧ ਲਈ ਮੁਕਰਰ ਹੈ; ਪਰ ਇਹ ਤਦ ਜੇ ਸ਼ਹਿ ਦੇ ਫਲਸਰੂਪ ਉਹ ਅਪਰਾਧ ਕੀਤਾ ਜਾਂਦਾ ਹੈ।
ਸਾਜ਼ਸ਼ ਦੁਆਰਾ ਸ਼ਹਿ ਦੇਣਾ-ਇਸ ਧਾਰਾ ਦੇ ਦੂਜੇ ਖੰਡ ਅਨੁਸਾਰ ‘ਉਹ ਵਿਅਕਤੀ ਕਿਸੇ ਗੱਲ ਦੇ ਕੀਤੇ ਜਾਣ ਦੀ ਸ਼ਹਿ ਦਿੰਦਾ ਹੈ, ਜੋ ਉਸ ਗੱਲ ਨੂੰ ਕਰਨ ਲਈ ਕਿਸੇ ਸਾਜ਼ਸ਼ ਵਿਚ ਇਕ ਜਾਂ ਵੱਧ ਹੋਰ ਵਿਅਕਤੀ ਜਾਂ ਵਿਅਕਤੀਆਂ ਨਾਲ ਸ਼ਾਮਲ ਹੁੰਦਾ ਹੈ, ਜੇ ਉਸ ਸਾਜ਼ਸ਼ ਦੇ ਅਨੁਸਰਣ ਵਿਚ ਅਤੇ ਉਸ ਗੱਲ ਨੂੰ ਕਰਨ ਦੇ ਮੰਤਵ ਨਾਲ, ਕੋਈ ਕਾਰਜ ਜਾਂ ਗ਼ੈਰ-ਕਾਨੂੰਨੀ ਉਕਾਈ ਹੋ ਜਾਵੇ।’ ਸਪਸ਼ਟ ਹੈ ਕਿ ਸਾਜ਼ਸ ਦੁਆਰਾ ਸ਼ਹਿ ਦੇਣ ਦਾ ਆਧਾਰ ਸ਼ਹਿ ਦੇਣ ਵਾਲੇ ਅਤੇ ਹੋਰ ਵਿਅਕਤੀ ਜਾਂ ਵਿਅਕਤੀਆਂ ਦਾ ਉਹ ਗੱਲ ਕਰਨ ਲਈ ਸਾਜ਼ਸ਼ ਵਿਚ ਸ਼ਾਮਲ ਹੋਣਾ ਹੈ। ਇਸ ਦੇ ਮੁਕਾਬਲੇ ਵਿਚ ਧਾਰਾ 129 ੳ ਵਿਚ ਅਪਰਾਧਕ ਸਾਜ਼ਸ ਦੀ ਪਰਿਭਾਸ਼ਾ ਅਨੁਸਾਰ ਕੇਂਦਰੀ ਨੁਕਤਾ ਸਾਜ਼ਸ਼ ਵਿਚ ਸ਼ਾਮਲ ਹੋਣਾ ਨਹੀਂ ਸਗੋਂ ਕੋਈ ਕੰਮ (ਉਸ ਧਾਰਾ ਦੀ ਅਨੁਸਾਰਤਾ ਵਿਚ) ਕਰਨ ਲਈ ਸਹਿਮਤ ਹੋਣਾ ਹੈ। ਸਹਿਮਤ ਹੋਣ ਦਾ ਮਤਲਬ ਉਸ ਇਰਾਦੇ ਨੂੰ ਅਮਲੀ ਰੂਪ ਦੇਣਾ ਹੈ ਅਤੇ ਇਸ ਦਾ ਕੁਦਰਤੀ ਸਿੱਟਾ ਉਸ ਕੇਸ ਬਾਬਤ ਹਰ ਗੱਲ ਤੋਂ ਸਭ ਸਾਜ਼ਸੀਆਂ ਦਾ ਜਾਣੂ ਹੋਣਾ ਹੈ। ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਅਰਥ ਸਮਝਣ ਲਈ ਸਾਨੂੰ ਧਾਰਾ 108 ਦੀ ਵਿਆਖਿਆ-5 ਅਤੇ ਉਸਦੇ ਹੇਠਾਂ ਦਿੱਤੇ ਦ੍ਰਿਸ਼ਟਾਂਤ ਦਾ ਸਹਾਰਾ ਲੈਣਾ ਪਵੇਗਾ। ਇਸ ਧਾਰਾ ਦੇ ਪ੍ਰਯੋਜਨ ਲਈ ਅਰਥਾਤ ਸਾਜ਼ਸ਼ ਦੁਆਰਾ ਸ਼ਹਿ ਦੇਣ ਲਈ ਉਸ ਸਾਜ਼ਸ਼ ਵਿਚ ਸ਼ਾਮਲ ਹੋਣਾ ਕਾਫ਼ੀ ਹੈ, ਜਿਸ ਦੇ ਅਨੁਸਰਣ ਵਿਚ ਅਪਰਾਧ ਕੀਤਾ ਜਾਂਦਾ ਹੈ।
ਸਹਾਇਤਾ ਦੁਆਰਾ ਸ਼ਹਿ ਦੇਣਾ-ਧਾਰਾ 107 ਦੇ ਤੀਜੇ ਖੰਡ ਅਨੁਸਾਰ ‘‘ਉਹ ਵਿਅਕਤੀ ਕਿਸੇ ਗੱਲ ਦੇ ਕੀਤੇ ਜਾਣ ਦੀ ਸ਼ਹਿ ਦਿੰਦਾ ਹੈ ਜੋ ਇਰਾਦੇ ਨਾਲ ਉਸ ਗੱਲ ਦੇ ਕੀਤੇ ਜਾਣ ਵਿਚ, ਕਿਸੇ ਕਾਰਜ ਜਾਂ ਗ਼ੈਰ-ਕਾਨੂੰਨੀ ਉਕਾਈ ਦੁਆਰਾ ਸਹਾਇਤਾ ਕਰਦਾ ਹੈ।’’ ਸਹਾਇਤਾ ਕਰਨ ਦੇ ਵਿਚਾਰ ਨੂੰ ਇਸ ਧਾਰਾ ਦੇ ਹੇਠਾਂ ਦਿੱਤੀ ਵਿਆਖਿਆ ਵਿਚ ਸਪਸ਼ਟ ਕੀਤਾ ਗਿਆ ਹੈ। ਉਸ ਵਿਆਖਿਆ ਅਨੁਸਾਰ ਜੇ ਕੋਈ ਕਿਸੇ ਕਾਰਜ ਦੇ ਕੀਤੇ ਜਾਣ ਤੋਂ ਪਹਿਲਾਂ ਜਾਂ ਕੀਤੇ ਜਾਣ ਸਮੇਂ , ਉਸ ਕਾਰਜ ਦੇ ਕੀਤੇ ਜਾਣ ਨੂੰ ਸੌਖਾ ਬਣਾਉਣ ਦੇ ਮੰਤਵ ਲਈ ਕੋਈ ਗੱਲ ਕਰਦਾ ਹੈ, ਅਤੇ ਉਸ ਦੁਆਰਾ ਉਸ ਦੇ ਕੀਤੇ ਜਾਣ ਨੂੰ ਸੌਖਾ ਬਣਾਉਂਦਾ ਹੈ, ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਸ ਕਾਰਜ ਦੇ ਕਰਨ ਵਿਚ ਸਹਾਇਤਾ ਕਰਦਾ ਹੈ।’’ ਇਸ ਤਰ੍ਹਾਂ ਸਹਾਇਤਾ ਦੁਆਰਾ ਸ਼ਹਿ ਦੇਣ ਦਾ ਅਪਰਾਧ ਗਠਤ ਕਰਨ ਲਈ ਕੇਵਲ ਸਹਾਇਤਾ ਕਰਨਾ ਕਾਫ਼ੀ ਨਹੀਂ, ਸਗੋਂ ਉਹ ਸਹਾਇਤਾ ਸਹਿਵਨ ਨ ਹੋ ਕੇ ਇਰਾਦਤਨ ਹੋਣੀ ਜ਼ਰੂਰੀ ਹੈ। ਤ੍ਰਿਲੋਕ ਚੰਦ ਬਨਾਮ ਦਿਲੀ ਰਾਜ (ਏ ਆਈ ਆਰ. 1977 ਐਸ ਸੀ 666) ਅਨੁਸਾਰ ਸ਼ਹਿ ਦੇਣ ਦਾ ਅਪਰਾਧ ਗਠਤ ਕਰਨ ਲਈ ਸ਼ਹਿ ਦੇਣ ਵਾਲੇ ਦੁਆਰਾ ਕੰਮ ਨੂੰ ਸੌਖਾ ਬਣਾ ਦੇਣਾ ਕਾਫ਼ੀ ਨਹੀਂ, ਸਗੋਂ ਉਸ ਪਿਛੇ ਇਰਾਦਤਨ ਸਹਾਇਤਾ ਦੇ ਵਿਚਾਰ ਦਾ ਕੰਮ ਕਰ ਰਿਹਾ ਹੋਣਾ ਜ਼ਰੂਰੀ ਹੈ। ਇਕ ਆਦਮੀ ਕਿਸੇ ਨੂੰ ਆਪਣੇ ਘਰ ਨਿੰਮਤਰਤ ਕਰਦਾ ਹੈ ਅਤੇ ਉਥੇ ਉਸਦਾ ਦਾ ਕੋਈ ਦੁਸ਼ਮਣ ਨਿਮੰਤਰਤ ਵਿਅਕਤੀ ਨੂੰ ਕਤਲ ਕਰ ਦਿੰਦਾ ਹੈ। ਇਸ ਨਾਲ ਨਿਮੰਤਰਤ ਕਰਨ ਵਾਲਾ ਵਿਅਕਤੀ ਸ਼ਹਿ ਦੇਣ ਦਾ ਕਸੂਰਵਾਰ ਨਹੀਂ ਬਣ ਜਾਂਦਾ। ਉਹ ਇਸ ਅਪਰਾਧ ਦਾ ਕਸੂਰਵਾਰ ਤਦ ਬਣ ਸਕਦਾ ਹੈ ਜੇ ਉਸ ਨੇ ਨਿਮੰਤਰਣ ਹੀ ਇਸ ਇਰਾਦੇ ਨਾਲ ਦਿੱਤਾ ਹੋਵੇ ਕਿ ਉਥੇ ਉਸ ਦਾ ਕਤਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸਹਾਇਤਾ ਕੋਈ ਕੰਮ ਕਰਕੇ ਜਾਂ ਕੋਈ ਗ਼ੈਰ-ਕਾਨੂੰਨੀ ਉਕਾਈ ਕਰਕੇ ਕੀਤੀ ਜਾਣੀ ਜ਼ਰੂਰੀ ਹੈ ਅਤੇ ਉਹ ਵੀ ਕਿਸੇ ਕਾਰਜ ਦੇ ਕੀਤੇ ਜਾਣ ਤੋਂ ਪਹਿਲਾਂ ਜਾਂ ਕੀਤੇ ਜਾ ਰਹੇ ਹੋਣ ਦੇ ਦੌਰਾਨ ਕੀਤੀ ਜਾਣੀ ਚਾਹੀਦੀ ਹੈ। ਕੰਮ ਕਰ ਲਏ ਜਾਣ ਪਿਛੋਂ ਦੀ ਸਹਾਇਤਾ ਇਸ ਅਪਰਾਧ ਦੇ ਘੇਰੇ ਅੰਦਰ ਨਹੀਂ ਆਉਂਦੀ। ਵਿਆਖਿਆ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਹ ਕੰਮ ਜਾਂ ਗ਼ੈਰ-ਕਾਨੂੰਨੀ ਉਕਾਈ ਅਜਿਹੀ ਹੋਣੀ ਚਾਹੀਦੀ ਹੈ ਜੋ ਚਿਤਵੇ ਗਏ ਕੰਮ ਨੂੰ ਸੌਖਾ ਬਣਾਉਂਦੀ ਹੋਵੇ। ਫ਼ਰਜ ਕਰੋ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋ ਰਿਹਾ ਹੈ। ਕੋਲੋਂ ਲੰਘਿਆ ਜਾਂਦਾ ‘ੳ’ ਇਕ ਧਿਰ ਨੂੰ ਲਲਕਾਰ ਕੇ ਕਹਿੰਦਾ ਹੈ ‘ਮਾਰ ਐਸੇ ਤੈਸੇ ਨੂੰ।’ ਅਤੇ ‘ਅ’ ਉਸ ਹੀ ਧਿਰ ਦੇ ਇਕ ਵਿਅਕਤੀ ਦੇ ਹੱਥ ਵਿਚ ਗੰਡਾਸਾ ਫੜਾ ਦਿੰਦਾ ਹੈ। ਇਸ ਦੇ ਫਲਸਰੂਪ ਲੜਾਈ ਤੇਜ਼ ਹੋ ਜਾਂਦੀ ਹੈ ਅਤੇ ਗੰਡਾਸੇ ਵਾਲਾ ਵਿਅਕਤੀ ਇਕ ਬੰਦੇ ਨੂੰ ਮਾਰ ਦਿੰਦਾ ਹੈ। ਇਥੇ ‘ੳ’ ਉਕਸਾਉਣ ਦੁਆਰਾ ਸ਼ਹਿ ਦੇਣ ਦੇ ਅਪਰਾਧ ਦਾਅਤੇ ‘ਅ’ ਸਹਾਇਤਾ ਦੁਆਰਾ ਸ਼ਹਿ ਦੇਣ ਦੇ ਅਪਰਾਧ ਦਾ ਕਸੂਰਵਾਰ ਹੋਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਸ਼ਹਿ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਹਿ, (ਫ਼ਾਰਸੀ) / ਇਸਤਰੀ ਲਿੰਗ : ਉਕਸਾਉਟ, ਚੁੱਕ, ਹੌਸਲਾ, ਮੱਦਤ, ਹੱਲਾਸ਼ੇਰੀ (ਲਾਗੂ ਕਿਰਿਆ : ਹੋਣਾ, ਦੇਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-27-03-07-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First