ਸ਼ਰਤਚੰਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਰਤਚੰਦਰ (1876–1938) : ਬੰਗਲਾ ਦਾ ਸਿਰਮੌਰ ਨਾਵਲਕਾਰ ਤੇ ਚਿੰਤਕ ਸ਼ਰਤਚੰਦਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਵਿੱਚ ਨਵੇਕਲਾ ਸਥਾਨ ਰੱਖਦਾ ਹੈ। ਬਚਪਨ, ਕਿਸ਼ੋਰ ਅਵਸਥਾ ਤੇ ਜਵਾਨੀ ਦੀ ਉਮਰ ਵਿੱਚ ਉਸ ਨੇ ਰੱਜ ਕੇ ਅਨੁਭਵ ਗ੍ਰਹਿਣ ਕੀਤੇ ਤੇ ਚੰਗੇ-ਮਾੜੇ ਸੁਭਾਅ ਤੋਂ ਜਾਣੂ ਹੋ ਕੇ ਉਹਨਾਂ ਨੂੰ ਆਪਣੇ ਪਾਤਰਾਂ ਵਿੱਚ ਢਾਲਿਆ। ਸ਼ਰਤਚੰਦਰ ਦਾ ਸੰਘਰਸ਼, ਉਸ ਦੀ ਘਾਲਣਾ ਤੇ ਵੇਖਣ-ਸਮਝਣ ਦੀ ਤਾਕਤ ਨੇ ਉਸਨੂੰ ਸਮਰੱਥਾ ਪ੍ਰਦਾਨ ਕੀਤੀ। ਸ਼ਰਤਚੰਦਰ ਨੇ ਆਪਣੇ ਲਿਖੇ ਹੋਏ ਇੱਕ-ਇੱਕ ਅੱਖਰ ਨੂੰ ਆਪਣੇ ਜੀਵਨ ਵਿੱਚ ਉਤਾਰਿਆ। ਸਾਮਤਾਬੇੜ ਦੇ ਦੀਨ ਦਲਿੱਦਰ ਨਿਵਾਸੀ ਉਸ ਨੂੰ ਨਾਵਲ-ਸਮਰਾਟ ਸ਼ਰਤਚੰਦਰ ਦੇ ਰੂਪ ਵਿੱਚ ਨਹੀਂ ਸਨ ਜਾਣਦੇ। ਉਹ ਤਾਂ ਉਸ ਨੂੰ ਗ਼ਰੀਬਾਂ ਦਾ ਮਾਂ-ਪਿਓ ਹੀ ਸਮਝਦੇ ਸਨ। ਹਮਦਰਦੀ, ਦਇਆ, ਤਰਸ ਜਿਹੇ ਭਾਵਾਂ ਦਾ ਸਵਾਮੀ ਹੋਣ ਕਰ ਕੇ ਹੀ ਸ਼ਰਤ ਦੀਆਂ ਲਿਖਤਾਂ `ਚ ਬਰੀਕੀ, ਸੂਖਮ ਸ਼ਬਦ ਚਿੱਤਰ ਤੇ ਪਾਤਰ ਉਸਾਰੀ ਮਿਲਦੀ ਹੈ। ਲੋਕ ਉਸ ਨੂੰ ਬੜੇ ਬਾਬੂ ਅਤੇ ਦੇਵਤਾ ਕਹਿ ਕੇ ਸੰਬੋਧਨ ਕਰਦੇ ਸਨ।

      15 ਸਤੰਬਰ 1876 ਨੂੰ ਸ਼ਰਤ ਦਾ ਜਨਮ ਹੋਇਆ। ਇਹ ਜਾਗਰਨ ਵੇਲਾ ਸੀ। ਨਾਰੀ ਤੇ ਅਛੂਤ ਜਾਗ੍ਰਿਤ ਹੋ ਰਹੇ ਸਨ, ਕਿਰਸਾਣ ਜਾਗ ਰਹੇ ਸਨ। ਉਹ ਪੂਰਨਮਾਸ਼ੀ ਵਾਲੇ ਦਿਨ ਪੈਦਾ ਹੋਇਆ, ਪੂਰਨਮਾਸ਼ੀ ਨੂੰ ਚੰਨ ਪੂਰਾ ਨਿਕਲਦਾ ਹੈ। ਸ਼ਰਤਚੰਦਰ ਨਾਂ ਵੀ ਚੰਨ ਦਾ ਚੇਤਾ ਕਰਵਾਉਂਦਾ ਹੈ। ਉਸ ਵਰ੍ਹੇ ਜ਼ੋਰਦਾਰ ਕਾਲ ਪਿਆ ਸੀ ਜੋ ਕਈ ਸਾਲਾਂ ਤੱਕ ਲਗਾਤਾਰ ਸ਼ਰਤ ਨੂੰ ਪਰੇਸ਼ਾਨ ਕਰਦਾ ਰਿਹਾ ਤੇ ਉਹ ਇਸ ਨਾਲ ਜੂਝਦਾ, ਸੰਘਰਸ਼ ਕਰਦਾ ਰਿਹਾ। ਹੁਹਾਲੀ ਜ਼ਿਲ੍ਹੇ ਦਾ ਨਿੱਕਾ ਜਿਹਾ ਪਿੰਡ ਸੀ ਦੇਵਾਨੰਦਪੁਰ। ਪ੍ਰਾਚੀਨ ਕਾਲ ਦੇ ਸੱਤ ਪਿੰਡਾਂ ਵਿੱਚ ਇਸ ਦਾ ਨਾਂ ਆਉਂਦਾ ਹੈ, ਜਿਸ ਦੇ ਪੱਛਮ ਵੱਲ ਸਰਸਵਤੀ ਦਾ ਪ੍ਰਵਾਹ ਸੀ। ਸਰਸਵਤੀ ਪੁੱਤਰ ਨੇ ਆਪਣੀ ਸਾਹਿਤ ਸਾਧਨਾ ਸਦਕਾ ਹੀ ਆਪਣਾ ਨਾਂ ਰੋਸ਼ਨ ਕੀਤਾ।

     ਸ਼ਰਤਚੰਦਰ ਰਚਿਤ ਪਥ ਕੇ ਦਾਵੇਦਾਰ, ਸ਼ੇਸ਼ ਪਰਿਚੈ, ਸ੍ਰੀ ਕਾਂਤ, ਚਰਿੱਤਰਹੀਨ ਅਤੇ ਗ੍ਰਹਿ-ਦਾਨ ਆਦਿ ਅਨੇਕ ਨਾਵਲ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ। ਇਹਨਾਂ ਵਿੱਚ ਸਪਸ਼ਟ, ਸਾਫ਼ ਕਥਾਨਕ ਕਥਾ ਪ੍ਰਵਾਹ ਅਤੇ ਦਿਲਚਸਪ ਰਵਾਨੀ ਮਿਲਦੀ ਹੈ। ਸਮਾਜ, ਘਰ ਪਰਿਵਾਰ ਅਤੇ ਮਨੁੱਖੀ ਸੰਵੇਦਨਾ ਦੀਆਂ ਸਥਿਤੀਆਂ ਦਾ ਵੇਰਵਾ ਇਹਨਾਂ ਨਾਵਲਾਂ `ਚ ਆਉਂਦਾ ਹੈ।ਪਾਠਕ ਸ਼ਰਤ ਦੇ ਨਾਵਲਾਂ ਨੂੰ ਅੱਧ ਵਿਚਕਾਰ ਨਹੀਂ ਛੱਡਦਾ, ਅੰਤ ਤੱਕ ਪੜ੍ਹ ਕੇ ਹੀ ਰਸ ਲੈਂਦਾ ਜਾਂਦਾ ਹੈ। ਪ੍ਰੇਰਨਾ, ਸਿੱਖਿਆ ਤੇ ਸਿੱਟੇ ਵਾਲੇ ਇਹ ਨਾਵਲ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ।

     ਵਿਸ਼ਨੂੰ ਪ੍ਰਭਾਕਰ ਹਿੰਦੀ ਦਾ ਚੋਟੀ ਦਾ ਸਾਹਿਤਕਾਰ ਹੈ, ਜਿਸ ਨੇ ਅਵਾਰਾ ਮਸੀਹਾ ਨਾਂ ਨਾਲ ਉਸ ਦੀ ਜੀਵਨੀ ਰਚੀ ਹੈ ਜਿਸ ਉੱਤੇ ਉਸ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲੇ ਹਨ। ਸ਼ਰਤਚੰਦਰ ਜੀਵਨ ਦੀ ਵਿਸ਼ਾਲਤਾ ਅਤੇ ਬਿਆਨ-ਵਰਣਨ ਦੀ ਪੁਖ਼ਤਗੀ ਵਾਲਾ ਲਿਖਾਰੀ ਸੀ। ਪੜ੍ਹਾਈ ਦੇ ਨਾਲ ਹੀ ਬਾਲ ਅਵਸਥਾ `ਚ ਸ਼ਰਤਚੰਦਰ ਨੂੰ ਅਖਾੜੇ ਦਾ ਸ਼ੌਕ ਵੀ ਸੀ। ਭਾਵੇਂ ਖੇਡਣਾ, ਕੁਸ਼ਤੀ ਕਰਨਾ ਚੰਗੇ ਬੱਚਿਆਂ ਦਾ ਕੰਮ ਨਹੀਂ ਸਮਝਿਆ ਜਾਂਦਾ ਸੀ, ਪਰ ਸ਼ਰਤ ਦੀ ਆਪਣੀ ਸੁਰਤ ਸੀ : ਗਾਉਣਾ, ਬੰਸਰੀ ਵਜਾਉਣਾ, ਕਿਸ਼ਤੀ ਚਲਾਉਣਾ, ਮੱਛੀਆਂ ਫੜਨਾ, ਨਾਟਕਾਂ `ਚ ਐਕਟਿੰਗ ਕਰਨ ਵਰਗੇ ਸ਼ੌਕਾਂ ਸਦਕਾ ਉਹ ਮੁਢਲੀ ਉਮਰ ਵਿੱਚ ਹੀ ਵਧੇਰੇ ਅਨੁਭਵ ਪ੍ਰਾਪਤ ਕਰ ਸਕਿਆ। 18 ਸਾਲ ਦੀ ਉਮਰ `ਚ, ਦਸੰਬਰ 1894 `ਚ ਸ਼ਰਤ ਨੇ ਇੰਟਰ ਪਾਸ ਕੀਤਾ ਤੇ ਸਾਹਿਤ ਵੱਲ ਮੁੜ ਪਿਆ। ਪਹਿਲਾ ਨਾਵਲ ਲਿਖਿਆ, ਉਸ ਨੂੰ ਫਾੜ ਸੁੱਟਿਆ ਕਿਉਂਕਿ ਉਸ ਨੂੰ ਰਚਨਾ ਪਸੰਦ ਨਹੀਂ ਆਈ। ਕੁਝ ਹੋਰ ਲਿਖਤਾਂ ਫਾੜੀਆਂ। ਉਹ ਆਪ ਇੱਕ ਤਕੜਾ ਪਾਠਕ ਸੀ। ਲਾਇਬਰੇਰੀ ਦੀਆਂ ਪੁਸਤਕਾਂ ਪੜ੍ਹ ਕੇ ਉਸ ਨੇ ਆਪਣੇ ਗਿਆਨ `ਚ ਅਮੀਰੀ ਪ੍ਰਾਪਤ ਕੀਤੀ। ਰਾਬਿੰਦਰਨਾਥ ਟੈਗੋਰ ਤੋਂ ਇਲਾਵਾ ਅੰਗਰੇਜ਼ੀ ਦੇ ਵੱਡੇ-ਵੱਡੇ ਲਿਖਾਰੀ ਵੀ ਉਸ ਨੇ ਪੜ੍ਹੇ। ਅਨੁਵਾਦ ਜਾਂ ਰੂਪਾਂਤਰ ਰਾਹੀਂ ਰਚਨਾਵਾਂ ਪਾਠਕਾਂ ਤੱਕ ਪਹੁੰਚਾਈਆਂ। ਬਂਕਿਮ ਗ੍ਰੰਥਾਵਲੀ ਤੋਂ ਇਲਾਵਾ ਬੰਗਦਰਸ਼ਨ ਪਤ੍ਰਿੱਕਾ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ।

     ਸ਼ਰਤ ਇੱਕੋ ਵੇਲੇ ਪਹਿਲੇ ਦਰਜੇ ਦਾ ਖਿਡਾਰੀ, ਲੜਾਕੂ, ਸ਼ਰਾਰਤੀ ਅਤੇ ਪਹਿਲੇ ਦਰਜੇ ਦਾ ਸਾਧਕ ਸੀ, ਸ਼ਰਤ ਦਾ ਲਾਡ ਦਾ ਘਰ ਦਾ ਨਾਂ ਨਿਆੜ ਸੀ। ਘਰ ਛੱਡ ਕੇ ਉਹ ਸੰਸਾਰ `ਚ ਭਟਕਣ ਲੱਗਾ। ਸੰਨਿਆਸੀ ਦਾ ਰੂਪ ਧਾਰ ਕੇ ਨਾਂਗੇ ਸਾਧੂਆਂ ਨਾਲ ਜਾ ਰਲਿਆ ਅਤੇ ਦੂਰ-ਦੂਰ ਤੱਕ ਘੁੰਮਦਾ ਰਿਹਾ। 1901 ਦੇ ਅੰਤ ਵਿੱਚ ਉਹ ਆਪਣੇ ਪਿਤਾ ਨਾਲ ਝਗੜਾ ਕਰ ਕੇ ਘਰੋਂ ਭੱਜਿਆ। 1902 `ਚ ਉਸ ਦੇ ਪਿਤਾ ਸੁਰਗ ਸਿਧਾਰ ਗਏ। ਸ਼ਰਤ ਨੇ ਆਪਣੇ ਮਾਮੇ ਦੇ ਨਾਂ ਤੇ ਆਪਣੀ ਇੱਕ ਮੁਢਲੀ ਕਹਾਣੀ ਮੰਦਰ  ਪ੍ਰਤਿਯੋਗਤਾ `ਚ ਭੇਜੀ। ਉਸ ਲਈ ਪੁਰਸਕਾਰ ਦੀ ਘੋਸ਼ਣਾ ਹੋਈ। ਪਰ ਓਦੋਂ ਉਹ ਰੰਗੂਨ ਜਾ ਚੁੱਕਿਆ ਸੀ। ਸਤਾਰਾਂ ਸਾਲ ਦੀ ਉਮਰ `ਚ ਸ਼ਰਤ ਨੇ ਲਿਖਣਾ ਸ਼ੁਰੂ ਕੀਤਾ ਤੇ ਛੱਬੀ ਸਾਲ ਦੀ ਉਮਰ `ਚ ਉਹ ਰੰਗੂਨ ਗਿਆ। ਬੋਝ, ਚੰਦਰਨਾਥ, ਦੇਵਦਾਸ, ਤੇ ਬੜੀ ਦੀਦੀ  ਆਦਿ ਉਸ ਦੀਆਂ ਇਸੇ ਦੌਰ ਦੀਆਂ ਕਿਰਤਾਂ ਹਨ। ਉਹ ਸਥਾਪਿਤ ਕੀਤੀ ਸਾਹਿਤ ਸਭਾ ਦਾ ਪ੍ਰਧਾਨ ਵੀ ਰਿਹਾ। ਸ਼ਰਤਚੰਦਰ ਕੁਲੀਆਂ, ਮਜ਼ਦੂਰਾਂ ਤੇ ਕਦੇ ਦੂਜੇ ਛੋਟੇ ਤੇ ਬਦਨਾਮ ਲੋਕਾਂ ਨਾਲ ਰਿਹਾ, ਪਰ ਚਰਿੱਤਰ ਤੋਂ ਨਹੀਂ ਡਿੱਗਿਆ। 1905 ਤੋਂ 1916 ਤੱਕ ਉਸ ਨੇ ਰੰਗੂਨ `ਚ ਨੌਕਰੀ ਕੀਤੀ। ਬਰਮਾ ਦੇ ਲੋਕਾਂ ਸੰਬੰਧੀ ਆਪਣੇ ਅਨੁਭਵ ਤੇ ਆਧਾਰਿਤ ਕਈ ਮਹਾਨ ਕਿਰਤਾਂ ਉਸ ਨੇ ਸਾਹਿਤ ਨੂੰ ਦਿੱਤੀਆਂ। ਸਮਾਜਿਕ ਸਚਾਈਆਂ ਬਾਰੇ ਉਹ ਸੁਚੇਤ ਸੀ। ਉਸ ਦੀ ਪਤਨੀ ਹਿਰਣਮਈ ਦੇਵੀ ਮਿੱਠੇ ਸੁਭਾਅ ਦੀ, ਵਿਸ਼ਾਲ ਹਿਰਦੇ ਵਾਲੀ, ਪੁੰਨਦਾਨ ਤੇ ਧਰਮ `ਚ ਯਕੀਨ ਰੱਖਣ ਵਾਲੀ ਨਾਰੀ ਸੀ। ਯਮੁਨਾ, ਪਰਚੇ ਵਿੱਚ ‘ਰਾਮੇਰ ਸੁਮਤੀ`, ‘ਪਦ ਨਿਰਦੇਸ਼` ਤੇ ‘ਬਿੰਦੀ ਦਾ ਲੱਲਾ` ਜਿਹੀਆਂ ਕਹਾਣੀਆਂ ਛਪੀਆਂ। ਨਾਮ ਤੇ ਸਨਮਾਨ ਨਾਲ ਲਿਖਾਰੀ ਦਾ ਵਿਰੋਧ ਵੀ ਵੱਧਦਾ ਹੈ। ਸ਼ਰਤ ਨਾਲ ਵੀ ਇਹੋ ਹੋਇਆ। ਸਮਕਾਲੀ ਲੇਖਕ ਉਸ ਨੂੰ ਘੱਟ ਹੀ ਝਲਦੇ ਸਨ।

     ਦੇਸਬੰਧੂ ਸਾਡੀ ਅਜ਼ਾਦੀ ਦੀ ਲੜਾਈ ਦਾ ਘੁਲਾਟੀਆ ਸੀ। ਉਸ ਨੇ ਦੇਸ ਲਈ ਸਭ ਕੁਝ ਦਾਅ ਤੇ ਲਗਾ ਦਿੱਤਾ ਸੀ। ਉਸ ਨੇ ਆਪਣੇ ਅਖ਼ਬਾਰ ਲਈ ਸ਼ਰਤ ਦੀ ਕਹਾਣੀ ਮੰਗੀ ਤੇ ਛਾਪ ਦਿੱਤੀ। ਉਸ ਤੋਂ ਬਾਅਦ ਦੇਸ਼ਬੰਧੂ ਨੇ ਇੱਕ ਕੋਰੇ ਚੈੱਕ ਤੇ ਹਸਤਾਖ਼ਰ ਕਰ ਕੇ ਸ਼ਰਤ ਨੂੰ ਭੇਜ ਦਿੱਤਾ ਤੇ ਕਿਹਾ, ‘ਤੇਰੀ ਕਹਾਣੀ ਲਈ ਕੀ ਦਿਆਂ? ਆਪਣੇ ਹੱਥੀ ਜੋ ਚਾਹੋ ਲਿਖ ਲਵੋ` ਸ਼ਰਤ ਦੇ ਆਪਣੇ ਮਾਨ-ਮੁੱਲ ਸਨ। ਉਸ ਨੇ ਸਿਰਫ਼ ਇੱਕ ਸੌ ਰੁਪਿਆ ਭਰਿਆ। ਸ਼ਰਤ ਏਨਾ ਮਸ਼ਹੂਰ ਹੋ ਗਿਆ ਸੀ ਕਿ ਉਸ ਦੀ ਇੱਕ ਲਿਖਤ ਲਈ ਲੋਕ ਕੁਝ ਵੀ ਦੇ ਸਕਦੇ ਸਨ। ਪਰ ਸ਼ਰਤ ਦਾ ਦਿਲ ਵੱਡਾ ਸੀ, ਮੂੰਹ ਵੱਡਾ ਨਹੀਂ ਸੀ।

     ਸ਼ਰਤਚੰਦਰ ਨੇ ਅਜ਼ਾਦੀ ਦੀ ਲੜਾਈ `ਚ ਹਿੱਸਾ ਲਿਆ। ਉਹ ਰਾਜਨੀਤੀ ਵਿੱਚ ਦੇਸ਼ਬੰਧੂ ਦਾਸ ਦੇ ਨਾਲ ਸੀ। ਸੁਭਾਸ਼ ਚੰਦਰ ਬੋਸ ਜਦੋਂ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਸਨ ਤਾਂ ਸ਼ਰਤ ਉੱਥੇ ਪੜ੍ਹਾਉਂਦਾ ਵੀ ਰਿਹਾ ਪਰ ਉਹ ਪੇਸ਼ੇਵਰ ਸਿਆਸੀ ਨਹੀਂ ਸੀ। ਪਥ ਕੇ ਦਾਵੇਦਾਰ  ਨਾਵਲ `ਚ ਉਸ ਨੇ ਉਸ ਸਮੇਂ ਦੇ ਕ੍ਰਾਂਤੀਕਾਰੀਆਂ ਦਾ ਚਿਤਰਨ ਕੀਤਾ ਹੈ। ਸਰਕਾਰ ਨੇ ਇਹ ਨਾਵਲ ਜ਼ਬਤ ਕਰ ਲਿਆ ਸੀ। 1932 `ਚ ਸ਼ਰਤ ਦਾ ਕਲਕੱਤਾ ਯੂਨੀਵਰਸਿਟੀ ਵੱਲੋਂ ‘ਜਗਤ ਤਾਰਣੀ ਸਵਰਨ ਪਦਕ` ਨਾਲ ਸਨਮਾਨ ਕੀਤਾ ਗਿਆ।

      16 ਜਨਵਰੀ 1938 ਨੂੰ ਭਾਰਤ ਦੇ ਇਸ ਮਹਾਨ ਕਥਾ ਸ਼ਿਲਪੀ ਨੇ ਆਖ਼ਰੀ ਸਾਹ ਲਿਆ ਪਰ ਸ਼ਰਤ ਜਿਹੇ ਲੇਖਕ ਕਦੇ ਮਰਦੇ ਨਹੀਂ। ਜਦੋਂ ਤੱਕ ਉਸ ਦਾ ਸਾਹਿਤ ਜਿਊਂਦਾ ਹੈ, ਇਹ ਪੱਕਾ ਹੈ ਕਿ ਉਹ ਜਿਊਂਦਾ ਰਹੇਗਾ, ਓਦੋਂ ਤੱਕ ਸ਼ਰਤ ਅਮਰ ਰਹੇਗਾ।


ਲੇਖਕ : ਫੂਲਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.