ਸ਼ਬਦ ਬਣਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਸ਼ਬਦ ਬਣਤਰ: ਪਰੰਪਰਾਵਾਦੀ ਵਿਆਕਰਨਾ ਵਿਚ ਸ਼ਬਦ ਨੂੰ ਛੋਟੀ ਤੋਂ ਛੋਟੀ ਵਿਆਕਰਨ ਦੀ ਇਕਾਈ ਸਵੀਕਾਰਿਆ ਜਾਂਦਾ ਹੈ। ਭਾਵਾਂਸ਼-ਵਿਉਂਤ ਅਨੁਸਾਰ ਸ਼ਬਦ ਤੋਂ ਛੋਟੀ ਵਿਆਕਰਨ ਇਕਾਈ ਭਾਵਾਂਸ਼ ਹੈ। ਸ਼ਬਦ ਦੀ ਪਰਿਭਾਸ਼ਾ ਸਥਾਪਤੀ ਬਾਰੇ ਭਾਵੇਂ ਕਈ ਔਕੜਾਂ ਹਨ ਪਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕ ਸਹਿਜੇ ਹੀ ਸ਼ਬਦ ਦੀ ਪਹਿਚਾਣ ਕਰ ਲੈਂਦੇ ਹਨ, ਭਾਵੇਂ ਇਹ ਪਛਾਣ ਭਾਸ਼ਾ ਵਿਗਿਆਨਕ ਦਰਿਸ਼ਟੀ ਤੋਂ ਕਈ ਵਾਰ ਸਹੀ ਵੀ ਨਾ ਹੋਵੇ। ਵਰਤੋਂ ਪੱਖ ਤੋਂ ਸ਼ਬਦਾਂ ਨੂੰ ਦੋ ਭਾਂਤ ਦੇ ਮੰਨਿਆ ਜਾਂਦਾ ਹੈ : (i) ਕੋਸ਼ਗਤ ਸ਼ਬਦ ਅਤੇ (ii) ਵਿਆਕਰਨ ਸ਼ਬਦ। ਕੋਸ਼ਗਤ ਸ਼ਬਦ ਤੋਂ ਭਾਵ ਹੈ ਉਹ ਇਕਾਈ ਜਿਸ ਨੂੰ ਕੋਸ਼ ਵਿਚ ਅੰਦਰਾਜ਼ ਵੇਲੇ ਮੁੱਢਲੀ ਇਕਾਈ ਮੰਨਿਆ ਜਾਂਦਾ ਹੈ ਜਿਵੇਂ : ‘ਸੋਹਣਾ’ ਸ਼ਬਦ ਕੋਸ਼ ਵਿਚ ਵਿਸ਼ੇਸ਼ਣ ਵਜੋਂ ਰੱਖਿਆ ਜਾਂਦਾ ਪਰੰਤੂ ਵਿਆਕਰਨ ਦ੍ਰਿਸ਼ਟੀ ਤੋਂ ਇਸ ਸ਼ਬਦ ਦੀ ਵਰਤੋਂ ਕਿਰਿਆ ਵਿਸ਼ੇਸ਼ਣ ਵਜੋਂ ਵੀ ਹੋ ਸਕਦੀ ਹੈ ਜਿਵੇਂ : ‘ਮੁੰਡਾ ਸੋਹਣਾ ਖੇਡਿਆ’ ਇਸ ਤਰ੍ਹਾਂ ਵਿਆਕਰਨ ਸ਼ਬਦਾਂ ਅਤੇ ਕੋਸ਼ਗਤ ਸ਼ਬਦਾਂ ਵਿਚ ਮੁੱਢਲਾ ਅੰਤਰ ਵਰਤੋਂ ਨਾਲ ਜੁੜਿਆ ਹੋਇਆ ਹੈ। ਬਣਤਰ ਅਤੇ ਸਿਰਜਨਾ ਦੇ ਪੱਖ ਤੋਂ ਸ਼ਬਦਾਂ ਨੂੰ (i) ਸਧਾਰਨ (ii) ਸੰਯੁਕਤ ਅਤੇ (iii) ਮਿਸ਼ਰਤ ਸ਼ਬਦ ਸਿਰਜਨਾ ਵਿਚ ਵੰਡਿਆ ਜਾਂਦਾ ਹੈ। ਸਧਾਰਨ ਸ਼ਬਦ ਦੀ ਬਣਤਰ ਦੋ ਪਰਕਾਰ ਦੀ ਹੁੰਦੀ ਹੈ ; ਧਾਤੂ-ਮੂਲਕ ਅਤੇ ਗੈਰ ਧਾਤੂ-ਮੂਲਕ। ਧਾਤੂ-ਮੂਲਕ ਸ਼ਬਦਾਂ ਦੀ ਬਣਤਰ ਵਿਚ ਕੇਵਲ ਮੂਲ ਰੂਪ ਹੀ ਵਿਚਰਦੇ ਹਨ ਅਤੇ ਉਨ੍ਹਾਂ ਦੀ ਬਣਤਰ ਵਿਚ ਵਧੇਤਰਾਂ ਨੂੰ ਜੋੜਿਆ ਜਾ ਸਕਦਾ ਹੈ ਜਿਵੇਂ : ਖਾ, ਕਰ, ਮੁੰਡਾ, ਲਾਲ, ਪੀਲਾ, ਕਦ ਆਦਿ। ਸਧਾਰਨ ਸ਼ਬਦਾਂ ਦੀ ਦੂਜੀ ਸ਼ਰੇਣੀ ਗੈਰ ਧਾਤੂ-ਮੂਲਕ ਹੈ। ਇਸ ਪਰਕਾਰ ਦੇ ਸ਼ਬਦ ਵਾਕਾਤਮਕ ਪੱਧਰ ’ਤੇ ਆਪਣਾ ਕਾਰਜ ਕਰਦੇ ਹਨ ਜੋ ਇਸ ਪਰਕਾਰ ਹਨ : ਨੇ, ਨੂੰ, ਤੋਂ, ਵਿਚ, ਕਿ, ਜੇ, ਅਤੇ, ਤੇ, ਪਰ, ਨਾ, ਹੀ ਆਦਿ। ਗੈਰ-ਧਾਤੂ ਸ਼ਬਦਾਂ ਵਿਚ ‘ਸਬੰਧਕ, ਯੋਜਕ, ਪਾਰਟੀਕਲਜ਼’ ਸ਼ਰੇਣੀ ਦੇ ਸ਼ਬਦਾਂ ਨੂੰ ਰੱਖਿਆ ਜਾਂਦਾ ਹੈ। ਸੰਯੁਕਤ ਸ਼ਬਦਾਂ ਦੀ ਬਣਤਰ ਵਿਚ ਦੋ ਸੁਤੰਤਰ ਧਾਤੂ ਵਿਚਰਦੇ ਹਨ ਜਿਵੇਂ : ਖੰਡ+ਖੀਰ=ਖੰਡਖੀਰ, ਜਲ+ਜੀਵ=ਜਲਜੀਵ। ਮਿਸ਼ਰਤ ਸ਼ਬਦਾਂ ਦੀ ਬਣਤਰ ਵਿਚ ਦੋ ਜਾਂ ਦੋ ਤੋਂ ਵਧੇਰੇ ਭਾਵਾਂਸ਼ ਵਿਚਰ ਸਕਦੇ ਹਨ ਪਰ ਇਨ੍ਹਾਂ ਦੀ ਬਣਤਰ ਵਿਚ ਘੱਟੋ ਘੱਟ ਇਕ ਸੁਤੰਤਰ ਭਾਵਾਂਸ਼ ਹੋਣਾ ਚਾਹੀਦਾ ਹੈ ਜਿਵੇਂ : ਵੈਰ+ਨਿਰ=ਨਿਰਵੈਰ, ਬਲ+ਨਿਰ=ਨਿਰਬਲ, ਧੋਤੀ+ਅਣ=ਅਣਧੋਤੀ ਆਦਿ। ਸੰਯੁਕਤ ਅਤੇ ਮਿਸ਼ਰਤ ਸ਼ਬਦ ਬਣਤਰਾਂ ਵਿਚ ‘ਸਮਾਸੀ ਸ਼ਬਦ’ ਅਤੇ ‘ਦੁਹਰੁਕਤੀ’ ਨੂੰ ਵੀ ਰੱਖਿਆ ਜਾਂਦਾ ਹੈ। ਸ਼ਬਦ ਬਣਤਰ ਦਾ ਤੀਜਾ ਭਾਗ ਸ਼ਬਦ ਦੀ ਸਿਰਜਨਾ ਨਾਲ ਸਬੰਧਤ ਹੈ। ਉਹ ਸ਼ਬਦ ਜਿਨ੍ਹਾਂ ਦੀ ਬਣਤਰ ਵਿਚ ਧਾਤੂ ਤੋਂ ਇਲਾਵਾ ਸ਼ਰੇਣੀ ਬਦਲੂ ਅਤੇ ਸ਼ਰੇਣੀ ਰੱਖਿਅਕ ਵਧੇਤਰਾਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਸ਼ਬਦ ਬਣਤਰਾਂ ਨੂੰ ‘ਸ਼ਬਦ ਸਿਰਜਨਾ’ ਦੇ ਘੇਰੇ ਵਿਚ ਰੱਖਿਆ ਜਾਂਦਾ ਹੈ। ਜਦੋਂ ਕਿਸੇ ਧਾਤੂ ਨਾਲ ਜਾਂ ਸਰੋਤ ਸ਼ਬਦ ਨਾਲ ਅਗੇਤਰਾਂ ਜਾਂ ਪਿਛੇਤਰਾਂ ਦੀ ਵਰਤੋਂ ਹੋਵੇ ਅਤੇ ਉਨ੍ਹਾਂ ਦਾ ਸ਼ਰੇਣੀਗਤ ਸਰੂਪ ਬਦਲ ਜਾਵੇ ਇਸ ਪਰਕਾਰ ਦੀ ਸ਼ਬਦ ਸਿਰਜਨਾ ਨੂੰ ਸ਼ਰੇਣੀ ਬਦਲੂ ਸ਼ਬਦ ਸਿਰਜਨਾ ਕਿਹਾ ਜਾਂਦਾ ਹੈ ਦੂਜੇ ਪਾਸੇ ਜਦੋਂ ਕਿਸੇ ਸਰੋਤ ਸ਼ਬਦ ਨਾਲ ਵਧੇਤਰ ਦੀ ਵਰਤੋਂ ਵੀ ਹੋਵੇ ਅਤੇ ਸਿਰਜੇ ਹੋਏ ਰੂਪ ਦਾ ਸ਼ਰੇਣੀਗਤ ਸਰੂਪ ਉਹੀ ਰਹੇ, ਉਸ ਨੂੰ ਸ਼ਰੇਣੀ ਰੱਖਿਅਕ ਸ਼ਬਦ ਸਿਰਜਨਾ ਕਿਹਾ ਜਾਂਦਾ ਹੈ, ਜਿਵੇਂ : ਪੜ੍ਹ ਅਤੇ ਅਨਪੜ੍ਹ, ਵਧੀ ਤੋਂ ਵਧੀਕ ਪਹਿਲੀ ਪਰਕਾਰ ਦੇ ਰੂਪ ਹਨ ਅਤੇ ਪੜ ਤੋਂ ਪੜਦਾਦਾ, ਅਸੀਸ ਤੋਂ ਬਦਅਸੀਸ ਦੂਜੀ ਪਰਕਾਰ ਦੇ ਸਿਰਜਕ ਰੂਪ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 14335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.