ਵੈਸ਼ੇਸ਼ਿਕ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੈਸ਼ੇਸ਼ਿਕ ਦਰਸ਼ਨ : ਮੁਨੀ ਕਣਾਦ ਵੈਸ਼ੇਸ਼ਿਕ ਦਰਸ਼ਨ ਦੇ ਕਰਤਾ ਹਨ। ਇਸ ਗ੍ਰੰਥ ਵਿੱਚ ਦਸ ਅਧਿਆਇ ਅਤੇ ਹਰ ਅਧਿਆਇ ਵਿੱਚ ਦੋ-ਦੋ ਆਹਨਿਕ (ਇੱਕ ਦਿਨ ਦਾ ਪਾਠ) ਹਨ। ਗ੍ਰੰਥ ਦੇ ਕੁੱਲ ਸੂਤਰਾਂ ਜਾਂ ਸਲੋਕਾਂ ਦੀ ਗਿਣਤੀ 370 ਹੈ। ਇਸ ਦਰਸ਼ਨ ਦਾ ਮੁੱਖ ਉਦੇਸ਼ ‘ਨਿਸ਼ਰੇਯਸ’ ਅਰਥਾਤ ਮੋਕਸ਼ ਦੀ ਪ੍ਰਾਪਤੀ ਕਿਹਾ ਗਿਆ ਹੈ।

 

     ਵੈਸ਼ੇਸ਼ਿਕ ਦਾ ਅਰਥ ਸ਼ੁਰੂ ਦੇ ਸੂਤਰ ਵਿੱਚ ਹੀ ਦਿੱਤਾ ਗਿਆ ਹੈ। 'विशेष पदार्थमधिकृत्य कृतं शास्त्रां वैशेषिकम  ਅਰਥਾਤ ਧਰਤੀ, ਅੱਗ, ਹਵਾ, ਪਾਣੀ ਆਦਿ ਪਰਮ ਸਮਰੱਥ ਭੂਤ ਤੱਤ ਨਾਮਕ ਪਦਾਰਥਾਂ ਨੂੰ ਸ੍ਰਿਸ਼ਟੀ ਨਿਰਮਾਣ ਦਾ ਮੂਲ ਮੰਨਣ ਦੇ ਕਾਰਨ ਹੀ ਇਸ ਵਿਚਾਰਧਾਰਾ ਨੂੰ ਵੈਸ਼ੇਸ਼ਿਕ ਕਿਹਾ ਗਿਆ ਹੈ।

     ਵੈਸ਼ੇਸ਼ਿਕ ਦਰਸ਼ਨ ਦੇ ਅਨੁਸਾਰ ਸ੍ਰਿਸ਼ਟੀ ਦਾ ਮੂਲ ਪਦਾਰਥ ਦ੍ਰਵ ਹੈ। ਇਹੀ ਸਾਰੀਆਂ ਭੌਤਿਕ ਅਤੇ ਅਭੌਤਿਕ ਘਟਨਾਵਾਂ ਜਾਂ ਹੋਂਦ ਵਿੱਚ ਆਉਣ ਵਾਲੀਆਂ ਚੀਜ਼ਾਂ ਦਾ ਕਾਰਨ ਹੈ। ਦਰਸ਼ਨ ਦਾ ਕਰਤਾ ਮੰਨਦਾ ਹੈ ਕਿ ਦ੍ਰਵ ਉਹ ਪਦਾਰਥ ਹੈ, ਜਿਸ ਵਿੱਚ ਗੁਣ ਤੇ ਕਿਰਿਆਵਾਂ ਹੁੰਦੀਆਂ ਹਨ। ਇਹ ਕਿਸੇ ਪ੍ਰਭਾਵ ਵਿੱਚ ਹੋਣ ਵਾਲਾ ਭੌਤਿਕ ਕਾਰਨ ਹੈ।

     ਕਣਾਦ ਮੁਨੀ ਦੇ ਮੁਤਾਬਕ ਸ੍ਰਿਸ਼ਟੀ ਦੇ ਮੂਲ ਪਦਾਰਥ ਛੇ ਹਨ :

     1. ਦ੍ਰਵ : ਵੈਸ਼ੇਸ਼ਿਕ ਦੇ ਅਨੁਸਾਰ ਨੌਂ ਦ੍ਰਵ ਹਨ-ਧਰਤੀ, ਪਾਣੀ, ਅੱਗ, ਹਵਾ, ਅਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ।

     2. ਗੁਣ : ਚੌਵੀ ਗੁਣ ਹਨ : ਰੂਪ, ਰਸ, ਗੰਧ, ਸਪਰਸ਼, ਸੰਥਿਆ, ਪਰਿਮਾਣ, ਪ੍ਰਥਕਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤ੍ਵ, ਗੁਰੁਤ੍ਵ, ਦ੍ਰਵਤ੍ਵ, ਸਨੇਹ, ਸ਼ਬਦ, ਬੁਧਿ, ਸੁਖ, ਦੁੱਖ, ਇੱਛਾ, ਦ੍ਵੇਸ਼, ਪ੍ਰਯਤਨ, ਧਰਮ, ਅਧਰਮ, ਸੰਸਕਾਰ।

     3. ਕਰਮ : ਵੈਸ਼ੇਸ਼ਿਕ ਦਰਸ਼ਨ ਵਿੱਚ ਕਰਮ ਪੰਜ ਪ੍ਰਕਾਰ ਦੇ ਹਨ-ਉਤਕਸ਼ੇਪਣ, ਅਪਕਸ਼ੇਪਣ, ਅਕੁੰਚਨ, ਪ੍ਰਸਾਰਨ, ਗਮਨ।

     4. ਸਾਮਾਨਯ (ਜਾਤਿ) : ਇਹ ਦੋ ਪ੍ਰਕਾਰ ਦਾ ਹੈ - ਪਰ ਅਤੇ ਅਪਰ। ਇਹਨਾਂ ਦੋ ਪ੍ਰਕਾਰਾਂ ਨੂੰ ਸੱਤਾ ਸਾਮਾਨਯ ਅਤੇ ਦ੍ਵੈਤ ਸਾਮਾਨਯ ਵੀ ਕਹਿੰਦੇ ਹਨ।

     5. ਵਿਸ਼ੇਸ਼ : ਕਿਸੇ ਪਦਾਰਥ ਦਾ ਉਹ ਗੁਣ ਹੈ, ਜੋ ਉਸ ਨੂੰ ਬਾਕੀ ਪਦਾਰਥਾਂ ਤੋਂ ਅਲੱਗ ਕਰਦਾ ਹੈ। ਜਿੰਨੇ ਨਿਤ ਦ੍ਰਵ ਹਨ, ਉਹਨਾਂ ਨੂੰ ਵੱਖ-ਵੱਖ ਰੱਖਣ ਵਾਲੇ ਓਨੇ ਹੀ ਵਿਸ਼ੇਸ਼ ਪਦਾਰਥ ਹਨ।

     6. ਸਮਵਾਯ : ਉਤਪਤੀ ਅਤੇ ਕਾਰਜ ਦਾ ਆਪਸੀ ਸੰਬੰਧ ਸਮਵਾਯ ਹੈ। ਇਹ ਸੰਬੰਧ ਨਿੱਤ ਹੁੰਦਾ ਹੈ, ਜਿਵੇਂ ਗੁਲਾਬ ਤੇ ਸੁਗੰਧ ਜਾਂ ਮਨੁੱਖ ਤੇ ਮਨੁੱਖਤਾ।

     ਇਹ ਛੇ ਪਦਾਰਥ ਨਿੱਤ ਅਤੇ ਅਨਿੱਤ ਹਨ। ਧਰਤੀ, ਪਾਣੀ, ਅਗਨੀ ਅਤੇ ਹਵਾ, ਪਰਮਾਣ ਰੂਪ ਵਿੱਚ ਨਿੱਤ ਹਨ ਅਤੇ ਸਥੂਲ ਰੂਪ ਵਿੱਚ ਅਨਿੱਤ। ਇਸੇ ਤਰ੍ਹਾਂ ਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਨਿੱਤ ਹਨ, ਅਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਅਨਿੱਤ ਹਨ। ਸਾਮਾਨਯ, ਵਿਸ਼ੇਸ਼, ਸਮਵਾਯ, ਇਹ ਤਿੰਨੇ ਨਿੱਤ ਹਨ। ਜੀਵਾਤਮਾ ਸਭ ਸਰੀਰਾਂ ਵਿੱਚ ਭਿੰਨ ਹੈ, ਪਰਮਾਤਮਾ ਜੀਵਾਤਮਾ ਤੋਂ ਵੱਖਰੀ ਹੈ। ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਦੀ ਇੱਛਾ ਅਨੁਸਾਰ ਪਰਮਾਣੂਆਂ ਤੋਂ ਹੁੰਦੀ ਹੈ, ਜਿਸ ਨੂੰ ਇਹਨਾਂ ਛੇ ਪਦਾਰਥਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ, ਉਹ ਮੁਕਤ ਹੁੰਦਾ ਹੈ।

     ਕੁਝ ਵਿਦਵਾਨਾਂ ਨੇ ਬਾਅਦ ਵਿੱਚ ‘ਅਭਾਵ’ ਨਾਮਕ ਇੱਕ ਸੱਤਵਾਂ ਪਦਾਰਥ ਵੀ ਸਵੀਕਾਰ ਕੀਤਾ ਹੈ। ਵੈਸੇਸਿਕ ਦਰਸ਼ਨ ਦੇ ਸਿਧਾਂਤ ਅਤੇ ਉਹਨਾਂ ਦੀ ਵਿਆਖਿਆ ਇਸ ਪ੍ਰਕਾਰ ਹੈ :

     1. ਪਰਮਾਣੂਵਾਦ : ਵੈਸ਼ੇਸ਼ਿਕ ਅਨੁਸਾਰ ਇਸ ਜਗਤ ਦੀ ਉਤਪਤੀ ਦਾ ਕਾਰਨ ਪ੍ਰਮਾਣੂ ਹਨ। ਅਲੱਗ-ਅਲੱਗ ਪਰਮਾਣੂਆਂ ਦੇ ਸੰਯੋਗ ਨਾਲ ਸਭ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ।

     2. ਅਨੇਕਾਤਮਵਾਦ : ਆਤਮਾਵਾਂ ਪਰਮਾਤਮਾ ਦਾ ਅੰਸ਼ ਨਹੀਂ, ਸਗੋਂ ਅਨੇਕ ਅਤੇ ਅਲੱਗ-ਅਲੱਗ ਹਨ। ਸਭ ਆਤਮਾਵਾਂ ਆਪਣੇ ਕਰਮਾਂ ਦੇ ਫਲ ਭੋਗਣ ਭਿੰਨ-ਭਿੰਨ ਸਰੀਰ ਧਾਰਨ ਕਰਦੀਆਂ ਹਨ।

     3. ਅਸਤਕਾਰਜਵਾਦ : ਵੈਸ਼ੇਸ਼ਿਕ ਦਾ ਮੱਤ ਹੈ ਕਿ ਕਾਰਨ ਦੇ ਨਾਲ ਹੀ ਕਾਰਜ ਪੈਦਾ ਹੁੰਦਾ ਹੈ ਤੇ ਕਾਰਜ ਨਿੱਤ ਰਹਿਣ ਵਾਲਾ ਨਹੀਂ ਹੁੰਦਾ। ਇਹ ਨਾਸਵਾਨ ਹੈ।

     4. ਪਰਮਾਣੂ : ਪਰਮਾਣੂ ਨਿੱਤ ਰਹਿਣ ਵਾਲੇ ਹਨ। ਸਥੂਲਤਾ ਕਾਰਨ ਉਹਨਾਂ ਦਾ ਨਾਸ ਨਹੀਂ ਹੁੰਦਾ।

     5. ਸ੍ਰਿਸ਼ਟੀਵਾਦ : ਸ੍ਰਿਸ਼ਟੀ ਵਿੱਚ ਕਾਰਨਾਂ ਦੇ ਬਿਨਾਂ ਕੋਈ ਕਾਰਜ ਨਹੀਂ ਹੁੰਦਾ। ਜਗਤ ਕਾਰਜ ਹੈ ਅਤੇ ਇਸ ਦਾ ਕਰਤਾ ਜਾਂ ਕਾਰਨ ਪਰਮਾਤਮਾ ਹੈ।

     6. ਮੋਕਸ਼ਵਾਦ : ਆਵਾਗਮਨ ਦੇ ਚੱਕਰ ਤੋਂ ਛੁੱਟ ਕੇ ਮੋਕਸ਼ ਪ੍ਰਾਪਤ ਕਰਨਾ ਜੀਵਾਤਮਾ ਦਾ ਪਰਮ/ਅੰਤਿਮ ਉਦੇਸ਼ ਹੈ। ਇਸ ਤਰ੍ਹਾਂ ਵੈਸ਼ੇਸ਼ਿਕ ਪਦਾਰਥ ਨੂੰ ਵਿਸ਼ੇਸ਼ ਮੰਨਦਿਆਂ ਹੋਇਆਂ ਸ੍ਰਿਸ਼ਟੀ ਦੀ ਵਿਵੇਚਨਾ ਕਰ ਕੇ ਮੁਕਤੀ ਨੂੰ ਮਨੁੱਖ ਦੀ ਵਿਸ਼ੇਸ਼ ਪ੍ਰਾਪਤੀ ਸਮਝਦਾ ਹੈ।

     ਵੈਸ਼ੇਸ਼ਿਕ ਅਸਲ ਵਿੱਚ ਪਦਾਰਥਵਾਦੀ ਜਾਂ ਭੌਤਿਕ ਦਰਸ਼ਨ ਹੈ। ਧਰਮ ਦੀ ਵਿਆਖਿਆ ਅਤੇ ਮੋਕਸ਼ ਦੀ ਪ੍ਰਾਪਤੀ ਦਾ ਸਾਧਨ ਦੱਸਣਾ ਇਸ ਦਾ ਮੂਲ ਮੁੱਦਾ ਸੀ। ਈਸ਼ਵਰ ਅਤੇ ਜੀਵ, ਇਹ ਦੋ ਨਿੱਤ ਰਹਿਣ ਵਾਲੇ ਤੱਤ ਹਨ। ਜੀਵ ਦਾ ਪਰਮ ਕਰਤੱਵ ਹੈ ਕਿ ਉਹ ਦੁਨੀਆ ਵਿੱਚ ਧਰਮ ਦਾ ਪਾਲਣ ਕਰੇ; ਇਸ ਦੇ ਨਾਲ ਉਸ ਨੂੰ ਪਰਮ ਉੱਨਤੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ।

          ਪਹਿਲਾਂ ਬੁੱਧ ਦਰਸ਼ਨ ਨਾਲ ਗੂੜ੍ਹਾ ਸੰਬੰਧ ਹੋਣ ਕਾਰਨ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੂੰ ਅਰਧ-ਵੈਨਾਸ਼ਿਕ ਜਾਂ ਅਰਧ-ਬੋਧ ਕਿਹਾ ਜਾਂਦਾ ਸੀ। ਬਾਅਦ ਵਿੱਚ ਵੈਸ਼ੇਸ਼ਿਕ ਦਾ ਗਹਿਰਾ ਸੰਬੰਧ ਨਿਆਇ ਦਰਸ਼ਨ ਨਾਲ ਜੁੜ ਗਿਆ ਅਤੇ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੇ ਬੁੱਧ ਧਰਮ ਦਾ ਖੰਡਨ ਕੀਤਾ, ਜਿਸ ਨਾਲ ਬੋਧਾਂ ਨਾਲ ਇਸ ਦਾ ਸੰਬੰਧ ਟੁੱਟ ਗਿਆ। ਹੁਣ ਇਹ ਇੱਕ ਸੁਤੰਤਰ ਦਰਸ਼ਨ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ     ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵੈਸ਼ੇਸ਼ਿਕ ਦਰਸ਼ਨ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵੈਸ਼ੇਸ਼ਿਕ ਦਰਸ਼ਨ : ਕਣਾਦ ਰਿਸ਼ੀ ਦੁਆਰਾ ਸਥਾਪਿਤ ਦਰਸ਼ਨ ਜਿਹੜਾ ਵਿਸ਼ੇਸ਼ ਰੂਪ ਵਿਚ ਤਰਕ ਅਨੁਸਾਰੀ ਹੈ ਅਤੇ ‘ਵਿਸ਼ੇਸ਼’ ਨਾਂ ਦੇ ਪਦਾਰਥ ਨੂੰ ਸਵੀਕਾਰ ਕਰਦਾ ਹੈ। ਇਸ ਦਰਸ਼ਨ ਦੇ ਮੋਢੀ ਅਤੇ ਸਿਧਾਂਤ ਦੇ ਮੂਲ ਬਿੰਦੂ ਦਾ ਉਲੇਖ ਭਾਈ ਗੁਰਦਾਸ ਜੀ ਨੇ ਕੀਤਾ ਹੈ-  ‘‘ਜੈਸਾ ਕਰਿ ਤੈਸਾ ਲਹੈ ਰਿਖਿ ਕਣਾਦਿਕ ਭਾਖ ਸੁਣਾਵੇ’’ ਇਹ ਦਰਸ਼ਨ ਹੋਰ ਦਰਸ਼ਨਾਂ ਵਿਸ਼ੇਸ਼ ਕਰ ਕੇ ਸਾਂਖਯ ਦਰਸ਼ਨ ਤੋਂ ਬਹੁਤ ਭਿੰਨ ਹੈ ਪਰ ਨਿਆਂ ਦਰਸ਼ਨ ਨਾਲ ਇਸ ਦੀ ਕਾਫ਼ੀ ਸਮਾਨਤਾ ਹੈ। ਇਹ ਦੋਵੇਂ ਦਰਸ਼ਨ ਆਤਮਾ, ਜਗਤ, ਮੁਕਤੀ ਅਤੇ ਮੁਕਤੀ ਪ੍ਰਾਪਤੀ ਦੀ ਸਾਧਨਾ ਪ੍ਰਣਾਲੀ ਲਈ ਇਕ ਮਤ ਹਨ ਪਰ ਕਈ ਥਾਂਈ ਇਨ੍ਹਾਂ ਵਿਚ ਭਿੰਨਤਾ ਵੀ ਹੈ, ਨਿਆਂ ਦਰਸ਼ਨ ਪ੍ਰਤੱਖ, ਅਨੁਮਾਨ, ਉਪਮਾਨ ਅਤੇ ਸ਼ਬਦ ਨੂੰ ਪ੍ਰਮਾਣ ਮੰਨਦਾ ਹੈ ਪਰ ਵੈਸ਼ੇਸ਼ਿਕ ਕੇਵਲ ਪ੍ਰਤੱਖ ਅਤੇ ਅਨੁਮਾਨ ਨੂੰ ਹੀ ਪ੍ਰਮਾਣ ਮੰਨਦਾ ਹੈ। ਨਿਆਂ ਦਰਸ਼ਨ ਜਿਥੇ ਸੋਲ੍ਹਾਂ ਪਦਾਰਥ ਮੰਨਦਾ ਹੈ ਉਥੇ ਵੈਸ਼ੇਸ਼ਿਕ ਕੇਵਲ ਸੱਤ ਪਦਾਰਥਾਂ-ਦ੍ਰਵਯ, ਗੁਣ, ਕਰਮ, ਸਾਮਨਯ, ਵਿਸ਼ੇਸ਼, ਸਮਵਾਯ ਅਤੇ ਅਭਾਵ ਹੀ ਸਵੀਕਾਰ ਕਰਦਾ ਹੈ। 

ਦ੍ਰਵ ਨੌਂ ਪ੍ਰਕਾਰ ਦੇ ਹੁੰਦੇ ਹਨ ਧਰਤੀ, ਜਲ, ਅਗਨੀ, ਵਾਯੂ, ਆਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ। ਇਨ੍ਹਾਂ ਵਿੱਚੋਂ ਪਹਿਲੇ ਪੰਜ ਭੌਤਿਕ ਤੱਤ ਹਨ ਅਤੇ ਗੰਧ, ਰਸ, ਰੂਪ, ਸਪਰਸ਼ ਅਤੇ ਸ਼ਬਦ ਇਨ੍ਹਾਂ ਦੇ ਕ੍ਰਮਵਾਰ ਗੁਣ ਹਨ। ਦ੍ਰਵ ਗੁਣਾਂ ਅਤੇ ਕਰਮ ਦਾ ਆਧਾਰ ਵੀ ਹੈ ਅਤੇ ਉਨ੍ਹਾਂ ਤੋਂ ਵੱਖ ਵੀ ਹੈ। ਧਰਤੀ, ਜਲ, ਅਗਨੀ ਅਤੇ ਵਾਯੂ ਚਾਰ ਤਰ੍ਹਾਂ ਦੇ ਪ੍ਰਮਾਣੂਆਂ (ਉਹ ਛੋਟੇ ਤੋਂ ਛੋਟਾ ਕਣ ਜਿਸ ਦੀ ਅੱਗੇ ਵੰਡ ਸੰਭਵ ਨਹੀਂ) ਨਾਲ ਬਣੇ ਹੋਏ ਹਨ ਜੋ ਭੌਤਿਕ ਅਤੇ ਨਿੱਤ ਹੋਣ ਕਾਰਨ ਕਦੇ ਨਾਸ਼ ਨਹੀਂ ਹੁੰਦੇ। ਆਕਾਸ਼, ਦਿਸ਼ਾ ਅਤੇ ਕਾਲ-ਅਪ੍ਰਤੱਖ ਦ੍ਰਵ ਹਨ। ਇਹ ਤਿੰਨੋ ਨਿਤ ਅਤੇ ਸਰਬ ਵਿਆਪੀ ਹਨ। ਮਨ ਦ੍ਰਵ ਵੀ ਨਿੱਤ ਹੈ ਪਰ ਸਰਬ ਵਿਆਪੀ ਨਹੀਂ ਸਗੋਂ ਇਹ ਅੰਦਰਲੀ ਇੰਦਰੀ ਹੈ ਜਿਹੜੀ ਬੁੱਧੀ, ਭਾਵਨਾ ਅਤੇ ਸੰਕਲਪ ਵਰਗੀਆਂ ਮਾਨਸਿਕ ਕ੍ਰਿਆਵਾਂ ਦੀ ਸਹਾਇਕ ਹੈ। ਮਨ ਵਿਚ ਇਕ ਸਮੇਂ ਤੇ ਕੇਵਲ ਇਹ ਹੀ ਅਹਿਸਾਸ ਜਾਂ ਮਾਨੁਭੂਤੀ ਹੁੰਦੀ ਹੈ ਕਿਉਂਕਿ ਇਹ ਅਤਿ ਸੂਖ਼ਮ ਹੁੰਦਾ ਹੈ। ਆਤਮਾ ਨਿੱਤ ਅਤੇ ਸਰਬ ਵਿਆਪੀ ਹੈ ਅਤੇ ਚੇਤਨਤਾ ਦੀਆਂ ਸਾਰੀਆਂ ਅਵਸਥਾਵਾਂ ਦਾ ਆਧਾਰ ਹੈ। ਆਤਮਾ ਦੀ ਮਾਨੁਭੂਤੀ ਵੀ ਮਨ ਰਾਹੀਂ ਹੀ ਹੁੰਦੀ ਹੈ। ਸ੍ਰਿਸ਼ਟੀ ਦੇ ਕਰਤਾ ਈਸ਼ਵਰ ਦੀ ਹੋਂਦ ਅਨੁਮਾਨ ਰਾਹੀਂ ਸਿੱਧ ਹੁੰਦੀ ਹੈ। 

ਇਸ ਦਰਸ਼ਨ ਦਾ ਦੂਜਾ ਪਦਾਰਥ ਗੁਣ ਹੈ ਜੋ ਕੇਵਲ ਦ੍ਰਵ ਵਿਚ ਮਿਲਦਾ ਹੈ। ਇਸ ਵਿਚ ਕਰਮ ਅਤੇ ਗੁਣ ਦੋਵੇਂ ਨਹੀਂ ਹੁੰਦੇ। ਦ੍ਰਵ ਤੋਂ ਇਸ ਦੀ ਕੋਈ ਹਸਤੀ ਨਹੀਂ ਜਦੋਂ ਕਿ ਦ੍ਰਵ ਨੂੰ ਇਸ ਦੀ ਲੋੜ ਨਹੀਂ। ਗੁਣਾਂ ਦੀ ਕੁੱਲ ਗਿਣਤੀ ਚੌਵੀ ਹੈ-ਰੂਪ, ਰਸ, ਗੰਧ, ਸਪਰਸ਼, ਸ਼ਬਦ, ਸੰਖਿਆ, ਪਰਿਣਾਮ, ਪ੍ਰਿਥਕਤਾ, ਸੰਜੋਗ, ਵਿਭਾਗ, ਪਰਤਵ, ਮਾਪਰਤਵ, ਦ੍ਰਵਤਵ, ਸਨੇਹ, ਬੁੱਧੀ, ਸੁਖ, ਦੁੱਖ, ਇੱਛਾ, ਦੇਸ਼, ਪ੍ਰਯਤਨ, ਗੁਰੂਤਵ, ਸੰਸਕਾਰ, ਧਰਮ ਅਤੇ ਅਧਰਮ।

ਕਰਮ ਉਹ ਪਦਾਰਥ ਹੈ ਜਿਹੜਾ ਗਤੀਮਾਨ ਅਤੇ ਕੇਵਲ ਦ੍ਰਵ ਵਿਚ ਹੀ ਵਿਆਪਕ ਹੈ। ਇਸ ਦੀਆਂ ਪੰਜ ਕਿਸਮਾਂ ਹਨ-ਉਤਖੇਪਣ, ਅਵਖੇਪਣ, ਆਕੁੰਚਨ, ਪ੍ਰਸਾਰਣ ਅਤੇ ਗਮਨ। 

ਵੈਸ਼ੇਸ਼ਿਕ ਦਰਸ਼ਨ ਦਾ ਅਗਲਾ ਪਦਾਰਥ ਸਾਮਨੁਯ ਹੈ ਜੋ ਕਿਸੇ ਵਰਗ ਵਿਚਕਾਰਲੀ ਸਮਾਨਤਾ (ਧਰਮ) ਦਾ ਲਖਾਇਕ ਹੈ ਜਿਵੇਂ ਸਾਰੇ ਹਾਥੀਆਂ ਵਿਚ ਇਕ ਪ੍ਰਕਾਰ ਦੀ ਸਮਾਨਤਾ ਹੈ ਜਿਹੜੀ ਉਨ੍ਹਾਂ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਸਾਮਾਨਯ ਨਿੱਤ ਹੈ। ਇਹ ਨਾ ਜਨਮ ਨਾਲ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਮਰਨ ਨਾਲ ਖ਼ਤਮ ਹੁੰਦਾ ਹੈ। 

ਵਿਸ਼ੇਸ਼ ਉਹ ਪਦਾਰਥ ਹੈ ਜਿਹੜਾ ਨਿੱਤ ਦ੍ਰਵਾਂ ਦੇ ਵਖਰੇਵੇਂ ਦਾ ਮੂਲ ਕਾਰਨ ਹੈ। ਵਸਤੂਆਂ ਦਾ ਆਪਸੀ ਅੰਤਰ ਉਨ੍ਹਾਂ ਦੇ ਗੁਣਾਂ ਅਤੇ ਉਪਕਰਣਾਂ ਉੱਤੇ ਨਿਰਭਰ ਕਰਦਾ ਹੈ। ਹਰੇਕ ਪ੍ਰਮਾਣੂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ। ਇਸੇ ਸਿਧਾਂਤ ਕਾਰਨ ਇਸ ਦਰਸ਼ਨ ਦਾ ਨਾਂ ਵੈਸ਼ੇਸ਼ਿਕ ਦਰਸ਼ਨ ਹੈ। 

ਵੈਸ਼ੇਸ਼ਿਕ ਦਰਸ਼ਨ ਦਾ ਅਗਲਾ ਪਦਾਰਥ ਸਮਵਾਯ ਹੈ ਜਿਸ ਦਾ ਅਰਥ ਹੈ ਸਥਾਈ ਜਾਂ ਨਿੱਤ ਸਬੰਧ ਦ੍ਰਵ ਨਾਲ ਗੁਣ ਜਾਂ ਕਰਮ ਦੇ ਸਦੀਵੀ ਸੰਬੰਧ ਨੂੰ ਸਮਵਾਯ ਦਾ ਨਾਂ ਦਿੱਤਾ ਜਾਂਦਾ ਹੈ। ਗੁਣ ਅਤੇ ਕਰਮ ਦੀ ਹੋਂਦ ਦ੍ਰਵ ਤੋਂ ਬਿਨਾਂ ਉਸੇ ਤਰ੍ਹਾਂ ਅਸੰਭਵ ਹੈ ਜਿਵੇਂ ਧਾਗੇ ਤੋਂ ਬਿਨਾਂ ਕੱਪੜਾ। ਇਸ ਲਈ ਗੁਣ ਅਤੇ ਕਰਮ ਦਾ ਦ੍ਰਵ ਨਾਲ ਸਮਵਾਯ ਸਬੰਧ ਹੈ। 

ਇਸ ਦਰਸ਼ਨ ਦਾ ਅਗਲਾ ਪਦਾਰਥ ਅਭਾਵ ਹੈ ਜਿਸ ਦਾ ਅਰਥ ਹੈ ਅਣਹੋਂਦ ਕਿਸੇ ਦ੍ਰਵਯ, ਗੁਣ ਕਰਮ ਆਦਿ ਪ੍ਰਤੀ ਨਾਂਹ ਕਹਿਣਾ ਹੀ ਅਭਾਵ ਦਾ ਸੂਚਕ ਹੈ। ਗਲਾਸ ਵਿਚ ਪਾਣੀ ਨਹੀਂ ਵਾਕ ਤੋਂ ਪਾਣੀ ਦੀ ਅਣਹੋਂਦ ਜਾਂ ਅਭਾਵ ਦਾ ਪ੍ਰਗਟਾਵਾ ਹੁੰਦਾ ਹੈ। ਅਭਾਵ ਦੋ ਤਰ੍ਹਾਂ ਦੇ ਹਨ ਅਨਯੋਨਯਾਭਾਵ ਅਤੇ ਸੰਸਰਾਗਾਭਾਵ, ਸੰਸਰਾਗਾਭਾਵ ਦੀਆਂ ਪ੍ਰਾਗਭਾਵ, ਧਵੰਸਾਭਾਵ ਅਤੇ ਅਤਿ ਅੰਤਾਭਾਵ, ਤਿੰਨ ਕਿਸਮਾਂ ਹਨ। 

ਵੈਸ਼ੇਸ਼ਿਕ ਦਰਸ਼ਨ ਈਸ਼ਵਰ ਦਾ ਜਕਾਤ ਦੇ ਕਰਤਾ ਰੂਪ ਵਿਚ ਕਿਧਰੇ ਵੀ ਸਪਸ਼ਟ ਉਲੇਖ ਨਹੀਂ ਕਰਦਾ ਪਰ ਵਿਦਵਾਨਾਂ ਨੇ ਬਾਅਦ ਵਿਚ ਆਤਮਾ ਨੂੰ ਦੋ-ਪੱਖੀ ਮੰਨਿਆ-ਜੀਵਾਤਮਾ ਅਤੇ ਪਰਮਾਤਮਾ, ਪਰਮਾਤਮਾ ਹੀ ਈਸ਼ਵਰ ਹੈ ਅਤੇ ਦੁੱਖ ਦਾ ਪੂਰਨ ਅਭਾਵ ਹੀ ਮੁਕਤੀ ਜਾਂ ਅਪਵਰਗ ਹੈ। ਇਸ ਦਾ ਮੰਤਵ ਆਤਮਾ ਦਾ ਸਰੀਰ ਅਤੇ ਇੰਦਰੀਆਂ ਦੇ ਬੰਧਨ ਤੋਂ ਮੁਕਤ ਹੋਣਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2455, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-58-39, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਐਨ. ਰਿ. ਐਥ.; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ

Savarg hai ta jingi


Sukhminder kaur, ( 2024/03/29 10:4613)

Shiat matlb shtia de gurua dia shtia


Sukhminder kaur, ( 2024/03/30 02:3519)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.