ਵੇਦਾਂਤ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੇਦਾਂਤ ਦਰਸ਼ਨ : ਵੈਦਿਕ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਦਰਸ਼ਨ ਵੇਦਾਂਤ ਹੈ। ਇਸ ਦਾ ਅਰਥ ਹੈ, ਵੇਦ ਦਾ ਅੰਤ ਅਰਥਾਤ ਵੇਦਾਂ ਦਾ ਅੰਤਿਮ ਭਾਗ। ਵੇਦਾਂ ਦਾ ਅੰਤਿਮ ਭਾਗ ਉਪਨਿਸ਼ਦ ਹਨ ਅਤੇ ਉਪਨਿਸ਼ਦਾਂ ਦੇ ਦਰਸ਼ਨ ਵਿੱਚ ਪਰਮ ਤੱਤ ਦੀ ਵਿਆਖਿਆ ਹੀ ਵੇਦਾਂਤ ਦਾ ਆਧਾਰ ਹੈ। ਵਰਤਮਾਨ ਸਮੇਂ ਵਿੱਚ ਭਾਰਤੀ ਅਧਿਆਤਮ ਦਾ ਮੁਕਟ-ਮਣੀ ਵੇਦਾਂਤ ਹੀ ਹੈ।

 

     ਵੇਦਾਂਤ ਦਰਸ਼ਨ ਦੀ ਸ਼ੁਰੂਆਤ ਤਾਂ ਮਹਾਰਿਸ਼ੀ ਬਾਦਰਾਇਣ ਦੇ ਬ੍ਰਹਮ-ਸੂਤਰ ਤੋਂ ਮੰਨੀ ਜਾਣੀ ਚਾਹੀਦੀ ਹੈ। ਪਰੰਤੂ ਮਹਾਂਰਿਸ਼ੀ ਵਿਆਸ ਨੇ ਬ੍ਰਹਮ ਸੂਤਰ ਨੂੰ ਆਧਾਰ ਬਣਾ ਕੇ ਵੇਦਾਂਤ ਦਰਸ਼ਨ ਦੀ ਰਚਨਾ ਕੀਤੀ, ਜਿਸ ਵਿੱਚ ਅਧਿਆਇ ਅਤੇ 555 ਸੂਤਰ ਲਿਖੇ। ਇਸ ਦਰਸ਼ਨ ਦਾ ਉਦੇਸ਼ ਵੈਦਿਕ ਪਰਮ ਤੱਤ ਅਰਥਾਤ ਬ੍ਰਹਮ ਦਾ ਸੱਚਾ ਗਿਆਨ ਪ੍ਰਾਪਤ ਕਰ ਕੇ ਮੁਕਤੀ ਪਾਉਣਾ ਅਤੇ ਪਰਮ ਅਨੰਦ ਅਵਸਥਾ ਵਿੱਚ ਵਿਚਰਨਾ ਹੈ।

     ਵੇਦਾਂਤ ਵਿੱਚ ਤਿੰਨ ਵਿਸ਼ੇਸ਼ ਵਿਸ਼ਿਆਂ ਤੇ ਚਰਚਾ ਹੋਈ ਹੈ :

     1. ਬ੍ਰਹਮ : ਸੰਸਾਰ ਦੀ ਸਮੁੱਚੀ ਹੋਂਦ ਦਾ ਆਧਾਰ ਬ੍ਰਹਮ ਹੈ। ਬ੍ਰਹਮ ਦੀ ਸੱਤਾ ਅਤੇ ਸ਼ਕਤੀ ਨਾਲ ਮਾਇਆ ਦੁਆਰਾ ਸਭ ਕੁਝ ਬ੍ਰਹਮ ਤੋਂ ਉਪਜਦਾ ਹੈ। ਵੇਦਾਂ ਵਿੱਚ ਬ੍ਰਹਮ ਦੇ ਸ਼ੁੱਧ ਰੂਪ ਨੂੰ ‘ਨੇਤਿ-ਨੇਤਿ’ ਸ਼ਬਦਾਂ ਨਾਲ ਪ੍ਰਗਟ ਕੀਤਾ ਗਿਆ ਹੈ। ‘ਨੇਤਿ-ਨੇਤਿ’ ਦਾ ਅਰਥ ਹੈ ‘ਨਹੀਂ ਹੈ-ਨਹੀਂ ਹੈ’ ਅਰਥਾਤ ਬ੍ਰਹਮ ਇਹ ਨਹੀਂ, ਉਹ ਵੀ ਨਹੀਂ, ਉਹ ਤਾਂ ਸਭ ਕੁਝ ਹੈ। ਬ੍ਰਹਮ ਦਾ ਅਸਲ ਰੂਪ ਉਸ ਦੇ ਹਰ ਤੱਤ ਵਿੱਚ ਉਸੀ ਤਰ੍ਹਾਂ ਮੌਜੂਦ ਹੈ, ਜਿਵੇਂ ਅੱਗ ਹਰ ਚਿੰਗਾਰੀ ਵਿੱਚ ਮੌਜੂਦ ਰਹਿੰਦੀ ਹੈ।

     2. ਜੀਵ : ਵੇਦਾਂਤ ਦੇ ਮੁਤਾਬਕ ਜੀਵ ਅਤੇ ਪ੍ਰਕਿਰਤੀ, ਦੋਵੇਂ ਬ੍ਰਹਮ ਦੇ ਅਧੀਨ ਹਨ। ਮਾਇਆ ਵਿੱਚ ਬ੍ਰਹਮ ਦੀ ਪਰਛਾਈਂ ਨਾਲ ਹੀ ਜੀਵ ਹੋਂਦ ਵਿੱਚ ਆਉਂਦਾ ਹੈ। ਸ਼ੁੱਧ ਮਾਇਆ ਵਿੱਚ ਬ੍ਰਹਮ ਦੀ ਪਰਛਾਈ ਈਸ਼ਵਰ ਨੂੰ ਅਤੇ ਮਲੀਨ ਮਾਇਆ ਵਿੱਚ ਬ੍ਰਹਮ ਦੀ ਪਰਛਾਈ ਜੀਵ ਨੂੰ ਰੂਪ ਦਿੰਦੀ ਹੈ। ਜੀਵ ਅਵਿਨਾਸ਼ੀ ਅਤੇ ਇੱਕ ਹੈ, ਸਰੀਰ ਭੇਦ ਦੇ ਕਾਰਨ ਅਲੱਗ-ਅਲੱਗ ਜਾਪਦਾ ਹੈ। ਸਰੀਰ ਭੇਦ ਮਿਟਣ ਉਪਰੰਤ ਜੀਵ ਦੀ ਬ੍ਰਹਮ ਨਾਲ ਅਭੇਦਤਾ ਹੁੰਦੀ ਹੈ। ਬ੍ਰਹਮ ਦੇ ਸੱਚੇ ਗਿਆਨ ਨਾਲ ਜਦ ਜੀਵ ਨੂੰ ਆਪਣੇ ਮੂਲ ਰੂਪ ਦੀ ਪਹਿਚਾਣ ਹੁੰਦੀ ਹੈ ਤਾਂ ਉਹ ਬ੍ਰਹਮ ਵਿੱਚ ਹੀ ਲੀਨ ਹੋ ਜਾਂਦਾ ਹੈ। ਇਹੀ ਮੁਕਤੀ ਹੈ। ਜੀਵ ਅਣੂ ਰੂਪ ਵਿੱਚ ਸਰੀਰ ਬਦਲਦਾ ਹੈ ਅਤੇ ਇਹ ਅਣੂ ਜਦੋਂ ਆਪਣੇ ਮੂਲ ਵਿੱਚ ਮਿਲ ਜਾਂਦਾ ਹੈ ਤਾਂ ਇਸ ਦੀ ਸਾਰੀ ਕਿਰਿਆਸ਼ੀਲਤਾ ਅਤੇ ਵਿਗਿਆਨਾਤਮਿਕ ਸਰੂਪ ਨਸ਼ਟ ਹੋ ਜਾਂਦਾ ਹੈ।

     3. ਪ੍ਰਕਿਰਤੀ : ਪ੍ਰਕਿਰਤੀ ਨੂੰ ਮਾਇਆ ਵੀ ਆਖਦੇ ਹਨ। ਇਹ ਜਗਤ ਦਾ ਉਪਾਦਾਨ ਕਾਰਨ (ਉਹ ਕਾਰਨ ਜੋ ਖ਼ੁਦ ਹੀ ਕਾਰਜ ਰੂਪ ਧਾਰਨ ਕਰਦਾ ਹੈ) ਹੈ। ਇਹ ਪ੍ਰਕਿਰਤੀ ਮਿਥਿਆ ਨਹੀਂ, ਇਸ ਦੀ ਆਪਣੀ ਅਲੱਗ ਸੱਤਾ ਹੈ। ਇਸ ਦੇ ਹੀ ਸ਼ੁੱਧ ਅਤੇ ਮਲੀਨ ਰੂਪ ਵਿੱਚ ਬ੍ਰਹਮ ਦੀ ਪਰਛਾਈ ਕ੍ਰਮਵਾਰ ਈਸ਼ਵਰ ਅਤੇ ਜੀਵ ਦਾ ਪ੍ਰਗਟਾਵਾ ਕਰਦੀ ਹੈ। ਸ਼ੰਕਰਾਚਾਰੀਆ ਇਸ ਨੂੰ ਮਿਥਿਆ ਮੰਨਦੇ ਹਨ ਪਰੰਤੂ ਇਹ ਵਿਵਾਦ ਦਾ ਵਿਸ਼ਾ ਹੈ।

     4. ਮੋਕਸ਼ : ਵੇਦਾਂਤ ਵਿੱਚ ਆਤਮਾ-ਪਰਮਾਤਮਾ ਜਾਂ ਜੀਵ ਤੇ ਬ੍ਰਹਮ ਦੇ ਮਿਲਨ ਨੂੰ ਹੀ ਮੋਕਸ਼ ਕਿਹਾ ਗਿਆ ਹੈ। ਉਪਰ ‘ਜੀਵ’ ਵਿੱਚ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ।

     ਬ੍ਰਹਮ ਨੂੰ ਪਰਮ ਤੱਤ ਮੰਨਣ ਵਾਲੇ ਇਸ ਸ਼ਾਸਤਰ ਦਾ ਆਰੰਭ, 'अथातो ब्रह्रा जिज्ञासा’ ਅਰਥਾਤ ਹੁਣ ਬ੍ਰਹਮ ਦੇ ਬਾਰੇ ਵਿਚਾਰ ਸ਼ੁਰੂ ਕੀਤਾ ਜਾਂਦਾ ਹੈ, ਕਹਿ ਕੇ ਕੀਤਾ ਗਿਆ ਹੈ। ਬ੍ਰਹਮ ਇੱਕ ਹੈ, ਇਹ ਪਰਮ ਸੱਤ, ਅਨਾਦਿ ਅਨੰਤ, ਸੰਪੂਰਨ, ਨਿਰਲੇਪ, ਸ਼ਾਸ਼ਵਤ (ਸਦੀਵੀ), ਸਰਬ ਗਿਆਨੀ, ਸੁਤੰਤਰ, ਕਿਸੀ ਭੀ ਬੰਧਨ ਤੋਂ ਮੁਕਤ ਅਤੇ ਵਿਵੇਕ ਰੂਪ ਹੈ। ਬ੍ਰਹਮ ਪਰਮ ਅਨੰਦ ਦਾ ਸਰੂਪ ਅਤੇ ਸਦੀਵੀ ਚੇਤਨ ਹੈ। ਬ੍ਰਹਮ ਸਾਰੀਆਂ ਚੇਤਨ-ਅਚੇਤਨ ਵਸਤਾਂ ਵਿੱਚ ਸਮਾਇਆ ਹੋਇਆ ਹੈ। ਆਤਮਾਵਾਂ ਜਾਂ ਜੀਵ ਬ੍ਰਹਮ ਦੇ ਅੰਸ਼ ਹਨ। ਜਿਸ ਪ੍ਰਕਾਰ ਅਗਨੀ ਦੀ ਚਿੰਗਾਰੀ ਅਗਨੀ ਹੀ ਹੁੰਦੀ ਹੈ, ਉਸੀ ਤਰ੍ਹਾਂ ਜੀਵ ਮੂਲ ਰੂਪ ਵਿੱਚ ਬ੍ਰਹਮ ਹੀ ਹਨ ਅਤੇ ਹਮੇਸ਼ਾਂ ਚੇਤਨ ਅਤੇ ਕਿਰਿਆਸ਼ੀਲ ਰਹਿੰਦੇ ਹਨ।

     ਅਚੇਤਨ ਪਦਾਰਥ ਓਦੋਂ ਹੀ ਕਿਰਿਆ ਕਰਦਾ ਹੈ, ਜਦੋਂ ਉਸ ਵਿੱਚ ਗਿਆਨ ਦੀ ਲੋ ਪ੍ਰਕਾਸ਼ ਕਰਦੀ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਜਗਤ ਦਾ ਕਾਰਨ ਚੇਤਨ ਯਥਾਰਥ ਹੈ। ਬ੍ਰਹਮ ਹੀ ਉਹ ਚੇਤਨ ਬੁੱਧੀ ਤੱਤ ਹੈ, ਜੋ ਸਭ ਵਿੱਚ ਵਰਤਦਾ ਅਤੇ ਸਭ ਨੂੰ ਕਿਰਿਆ ਪ੍ਰਦਾਨ ਕਰਦਾ ਹੈ।

     ਬਾਦਰਾਇਣ ਦੇ ਬ੍ਰਹਮ ਸੂਤਰ ਦੀ ਵਿਆਖਿਆ ਅਨੇਕ ਵਿਦਵਾਨਾਂ ਨੇ ਆਪਣੀ-ਆਪਣੀ ਸੋਚ ਅਤੇ ਮਾਨਤਾ ਦੇ ਮੁਤਾਬਕ ਕੀਤੀ ਹੈ। ਉਹਨਾਂ ਦੀ ਵਿਆਖਿਆ ਦੇ ਆਧਾਰ ਤੇ ਵੇਦਾਂਤ ਦੇ ਅਨੇਕ ਸਿਧਾਂਤ ਬਣ ਗਏ ਹਨ, ਜਿਵੇਂ :

          1. ਸ਼ੰਕਰਾਚਾਰੀਆ ਦਾ ‘ਅਦ੍ਵੈਤਵਾਦ’

          2. ਰਾਮਾਨੁਜ ਅਚਾਰੀਆ ਦਾ ‘ਵਿਸ਼ਿਸ਼ਟਾਦ੍ਵੈਤਵਾਦ’

          3. ਭਾਸਕਰ ਅਚਾਰੀਆ ਦਾ ‘ਭੇਦ ਅਭੇਦਵਾਦ’

          4. ਮਾਧਵ ਅਚਾਰੀਆ ਦਾ ‘ਦ੍ਵੈਤਵਾਦ’

          5. ਨਿੰਬਾਰਕ ਅਚਾਰੀਆ ਦਾ ‘ਦ੍ਵੈਤਾਦਵੈਤਵਾਦ’

          6. ਵੱਲਭ ਅਚਾਰੀਆ ਦਾ ‘ਸ਼ੁੱਧਾਦ੍ਵੈਤਵਾਦ’

     ਇਹਨਾਂ ਵਿੱਚੋਂ ਸ਼ੰਕਰ ਅਚਾਰੀਆ ਦਾ ਅਦ੍ਵੈਤਵਾਦ ਸਭ ਤੋਂ ਮਹੱਤਵਪੂਰਨ ਹੈ। ਸ਼ੰਕਰ ਦੇ ਮੁਤਾਬਕ ਬ੍ਰਹਮ ਹੀ ਸੱਚ ਹੈ, ਸਾਰਾ ਸੰਸਾਰ ਅਤੇ ਸੰਸਾਰ ਦੀ ਹਰ ਹੋਂਦ ਮਿਥਿਆ ਜਾਂ ਝੂਠ ਹੈ। ਇਹ ਮਿਥਿਆ ਹੀ ਮਾਇਆ ਹੈ। ਸ਼ੰਕਰ ਮਾਤਰ ਇੱਕ ਤੱਤਵਾਦੀ ਹੈ। ਬ੍ਰਹਮ ਅਤੇ ਜੀਵ ਵਿੱਚ ਇੱਕ ਹੀ ਤੱਤ ਦੀ ਪ੍ਰਧਾਨਤਾ ਹੋਣ ਕਾਰਨ ਇਹ ਦੋਵੇਂ ਇੱਕ ਹਨ, ਮਾਤਰ ਉਪਾਧਿ-ਭੇਦ ਕਾਰਨ ਅਲੱਗ ਭਾਸਦੇ ਹਨ। ਸੱਚਾ ਗਿਆਨ ਇਸ ਭੇਦ-ਭਾਵ ਨੂੰ ਮਿਟਾਉਂਦਾ ਹੈ ਅਤੇ ਦੋਹਾਂ ਦੀ ਏਕਤਾ ਦਾ ਕਾਰਨ ਬਣਦਾ ਹੈ। ਇਹੀ ਲੀਨਤਾ ਜਾਂ ਮੋਕਸ਼ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.